ਸੂਬੇ ਵਿਚ ਸੈਰ ਸਪਾਟੇ ਲਈ ਵਿਆਪਕ ਯੋਜਨਾਵਾਂ ਤਿਆਰ: ਠੰਡਲ
- ਨਸ਼ਾ ਮੁਕਤੀ ਲਈ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਹੋਵੇਗਾ ਸ਼ੁਰੂ
ਤਲਵਾੜਾ, 21 ਜੂਨ: ਸੂਬੇ ਵਿਚ ਸੈਰ ਸਪਾਟਾ ਸਨਅਤ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਵਿਆਪਕ ਯੋਜਨਾਵਾਂ ਤਿਆਰ ਕੀਤੀਆ ਗਈਆਂ ਹਨ ਅਤੇ ਅੰਮ੍ਰਤਸਰ, ਫਿਰੋਜਪੁਰ ਅਤੇ ਆਨੰਦਪੁਰ ਸਾਹਿਬ ਖੇਤਰਾਂ ਵਿਚ ਮੌਜੂਦ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਅਤੇ ਵਿਕਾਸ ਲਈ ਕਾਰਜ ਆਰੰਭ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਅੱਜ ਇੱਥੇ ਸ. ਸੋਹਨ ਸਿੰਘ ਠੰਡਲ ਸੈਰ ਸਪਾਟਾ, ਜੇਲ੍ਹਾਂ, ਸਟੇਸ਼ਨਰੀ ਤੇ ਛਪਾਈ ਮੰਤਰੀ ਪੰਜਾਬ ਨੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ੇ ਦੀ ਵਧ ਰਹੀ ਵਰਤੋਂ ਚਿੰਤਾਜਨਕ ਹੈ ਤੇ ਇਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸੂਬੇ 600 ਬੈੱਡ ਵਿਸ਼ੇਸ਼ ਨਸ਼ਾ ਮੁਕਤੀ ਕੇਂਦਰ ਕਾਇਮ ਕੇਤੇ ਜਾਣਗੇ ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਸ਼ੁਰੂ ਕੀਤਾ ਜਾਵੇਗਾ। ਸ. ਠੰਡਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਪੈਣ ਤੋਂ ਬਚਾਉਣ ਅਤੇ ਇਸ ਦਾ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ ਉਪਰਾਲੇ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਹੰਭਲਾ ਮਾਰਨਾ ਪਵੇਗਾ। ਜੇਲ੍ਹਾਂ ਸਬੰਧੀ ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਕੈਦੀ ਹਨ ਅਤੇ ਕਈ ਤਰਾਂ ਦੀਆਂ ਹੋਰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਜਿਨ੍ਹਾਂ ਦੇ ਹੱਲ ਲਈ ਮੌਜੂਦਾ ਜੇਲ੍ਹਾਂ ਦੀ ਸਮਰੱਥਾ ਵਿਚ ਵਾਧਾ, ਨਵੀਆਂ ਜੇਲ੍ਹਾਂ ਤੇ ਕਈ ਹੋਰ ਸੁਧਾਰਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਲ ਚਲਣ ਤੇ ਹੋਰ ਪਹਿਲੂਆਂ ਨੂੰ ਮੁੱਖੀ ਰੱਖ ਕੇ ਲੰਮੀ ਕੈਦ ਵਾਲੇ ਕੈਦੀਆਂ ਨੂੰ ਇੱਕ ਸਾਲ ਦੀ ਛੋਟ ਦੇਣ ਦੀ ਤਜਵੀਜ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸ. ਠੰਡਲ ਨੇ ਕਿਹਾ ਕਿ ਤਲਵਾੜਾ ਖੇਤਰ ਵਿਚ ਸੈਰ ਸਪਾਟੇ ਲਈ ਬੇਸ਼ੁਮਾਰ ਸੰਭਾਵਨਾਵਾਂ ਹਨ ਅਤੇ ਸ਼ਾਹ ਨਹਿਰ ਬੈਰਾਜ ਝੀਲ ਤੇ ਅਜਿਹੀਆਂ ਹੋਰ ਥਾਵਾਂ ਨੂੰ ਬਤੌਰ ਟੂਰਿਸਟ ਕੇਂਦਰ ਵਿਕਸਿਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਉਪਰੰਤ ਸ. ਠੰਡਲ ਵੱਲੋਂ ਸ਼ਾਹ ਨਹਿਰ ਬੈਰਾਜ ਦਾ ਦੌਰਾ ਕਰਦੇ ਝੀਲ ਦੀ ਖ਼ੂਬਸੂਰਤੀ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ ਦੀ ਅਗਵਾਈ ਹੇਠ ਸ. ਠੰਡਲ ਨੂੰ ਤਲਵਾੜਾ ਖੇਤਰ ਦੀਆਂ ਮੁਸ਼ਕਿਲਾਂ ਤੇ ਲੋੜਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਵੀ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ ਠੰਡਲ, ਰਣਬੀਰ ਸਿੰਘ ਰਾਣਾ, ਬਲਰਾਜ ਸਿੰਘ ਚੌਹਾਨ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਕੌਂਸਲ, ਅਮਰਪਾਲ ਜੌਹਰ, ਦਵਿੰਦਰਪਾਲ ਸਿੰਘ ਸੇਠੀ, ਜੋਗਿੰਦਰਪਾਲ ਛਿੰਦਾ, ਰਵਿੰਦਰ ਸਿੰਘ ਮਿਲਕਬਾਰ, ਕਰਮਵੀਰ ਸਿੰਘ ਘੁੰਮਣ, ਰਮਨ ਗੋਲਡੀ, ਸੁਖਦੇਵ ਰਜਵਾਲ, ਆਸ਼ੂ ਅਰੋੜਾ, ਪਰਮਿੰਦਰ ਸਿੰਘ ਟੀਨੂੰ, ਰਿੰਕੂ ਰਾਣਾ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ।
- ....ਤੇ ਸ਼ਾਹ ਨਹਿਰ ਬੈਰਾਜ ਦਾ ਦੌਰਾ
ਸ਼ਾਹ ਨਹਿਰ ਬੈਰਾਜ ਦੀ ਝੀਲ ਦੀ ਖ਼ੂਬਸੂਰਤੀ ਅਤੇ ਬੈਰਾਜ ਤੱਕ ਜਾਂਦੀ ਖਸਤਾਹਾਲ ਸੜਕ ਦਾ ਜਾਇਜਾ ਲੈਣ ਦੇ ਮੰਤਵ ਨਾਲ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਉਚੇਚੇ ਤੌਰ ਤੇ ਝੀਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਤਲਵਾੜਾ ਖੇਤਰ ਕੁਦਰਤੀ ਖ਼ੂਬਸੂਰਤੀ ਨਾਲ ਲਬਰੇਜ਼ ਹੈ ਅਤੇ ਇੱਥੇ ਵਧੀਆ ਸੈਲਾਨੀ ਕੇਂਦਰ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਅਤੇ ਹੋਰ ਕਮੀਆਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਇਸ ਸਥਾਨ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਜਰੂਰੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰਪਾਲ ਸਿੰਘ ਜੌਹਰ, ਅਸ਼ੋਕ ਸਭਰਵਾਲ, ਕਰਮਵੀਰ ਸਿੰਘ ਘੁੰਮਣ, ਦਵਿੰਦਰਪਾਲ ਸਿੰਘ ਸੇਠੀ ਆਦਿ ਸਮੇਤ ਕਈ ਹੋਰ ਸਰਗਰਮ ਆਗੂ ਹਾਜਰ ਸਨ।
No comments:
Post a Comment