ਗੀਤਕਾਰ ਕੁਲਵੰਤ ਦੇ ਗੀਤ 'ਮਾਂ' ਨੇ ਮਾਹੌਲ ਕੀਤਾ ਮਮਤਾਮਈ
ਤਲਵਾੜਾ, 22 ਫ਼ਰਵਰੀ : ਸੰਗੀਤ ਮਨੁੱਖ ਲਈ ਰੂਹ ਦੀ ਖ਼ੁਰਾਕ ਹੈ ਅਤੇ ਪ੍ਰਭੂ ਭਗਤੀ ਦਾ ਸਰਵੋਤਮ ਸਾਧਨ ਹੈ। ਇਹ ਪ੍ਰਗਟਾਵਾ ਇੱਥੇ ਉਸਤਾਦ ਸੰਗੀਤਕਾਰ ਜਨਾਬ ਬੀ. ਐੱਸ. ਨਾਰੰਗ ਨੇ ਆਪਣੇ ਸ਼ਾਗਿਰਦ ਅਨਿਲ ਮਾਹੀ ਦੇ ਗੀਤਾਂ ਦੇ ਵੀਡੀਓ ਰਿਲੀਜ਼ ਕਰਨ ਮੌਕੇ ਹਾਜਰ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਅਨਿਲ ਮਾਹੀ ਵੱਲੋਂ ਸੰਗੀਤ ਦੇ ਪਿੜ ਵਿਚ ਬੇਹੱਦ ਸ਼ਿੱਦਤ ਤੇ ਉਤਸ਼ਾਹ ਨਾਲ ਸਾਧਨਾ ਕੀਤੀ ਜਾ ਰਹੀ ਹੈ ਜਿਸ ਨਾਲ ਉਹ ਸਮਰੱਥ ਗਾਇਕਾਂ ਦੀ ਕਤਾਰ ਵਿਚ ਆ ਖਲੋਂਦਾ ਹੈ ਅਤੇ ਉਸ ਦੇ ਗਾਏ ਇਹ ਦੋ ਗੀਤ ਸਰੋਤਿਆਂ ਦੀ ਕਚਿਹਰੀ ਵਿਚ ਜਰੂਰ ਮਕਬੂਲ ਹੋਣਗੇ। ਜਿਕਰਯੋਗ ਹੈ ਕਿ ਐੱਚ. ਪੀ. ਐੱਸ. ਵਿਰਕ ਦੀ ਪ੍ਰਧਾਨਗੀ ਹੇਠ ਹੋਏ ਇਸ ਪ੍ਰੋਗਰਾਮ ਵਿਚ ਬਲਾਕ ਤਲਵਾੜਾ ਦੇ ਪਿੰਡ ਬਹਿਲੱਖਣ ਦੇ ਜੰਮਪਲ ਅਨਿਲ ਮਾਹੀ ਜੋ ਬੀ. ਬੀ. ਐੱਮ. ਬੀ. ਡੀ. ਏ. ਵੀ. ਸਕੂਲ ਤਲਵਾੜਾ ਵਿਚ ਸੰਗੀਤ ਅਧਿਆਪਕ ਹਨ, ਦੇ ਗੀਤਾਂ ਅਤੇ ਵੀਡੀਓ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਢੋਲ ਰਿਕਾਰਡ਼ ਕੰਪਨੀ ਵੱਲੋਂ ਤਿਆਰ ਇਸ ਐਲਬਮ ਵਿਚ ਕਿੱਟੂ ਨਾਰੰਗ ਦੇ ਸੰਗੀਤ ਹੇਠ ਗੀਤਕਾਰ ਰਾਮ ਦਾ ਗੀਤ 'ਮੁੰਡੇ ਹੋ ਗਏ ਮਲੰਗ' ਅਤੇ ਕੁਲਵੰਤ ਝੀਤਕਲਾਂ ਦਾ ਗੀਤ 'ਮਾਂ' ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਦੇ ਵੀਡੀਓ ਸ਼ੂਟ ਦਾ ਦੀਪ ਭੁੱਲਰ ਅਤੇ ਗੁਰਚੇਤ ਸੰਧੂ ਵੱਲੋਂ ਨਿਰਦੇਸ਼ਨ ਕੀਤਾ ਗਿਆ ਹੈ। ਇਸ ਪ੍ਰਭਾਵਸ਼ਾਲੀ ਰਿਲੀਜ਼ ਸਮਾਗਮ ਵਿਚ ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ, ਡਾ. ਵਿਸ਼ਾਲ ਧਰਵਾਲ, ਸੁਮਿਤ ਸਾਹੀ, ਐੱਮ. ਸੀ. ਭੱਟੀ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗੀਤ ਪ੍ਰੇਮੀ ਹਾਜ਼ਰ ਸਨ।
No comments:
Post a Comment