ਹੁਸ਼ਿਆਰਪੁਰ, 27 ਦਸੰਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ: ਦੀਪਇੰਦਰ ਸਿੰਘ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣ ਪ੍ਰਕ੍ਰਿਆ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਬੈਂਕਾਂ ਵਿੱਚ ਪੈਸੇ ਦੇ ਲੈਣ-ਦੇਣ ਦੇ ਸਖਤ ਨਜ਼ਰ ਰੱਖੀ ਜਾਵੇ ਤਾਂ ਜੋ ਚੋਣਾਂ ਦੌਰਾਨ ਪੈਸੇ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਅੱਜ ਮਿੰਨੀ ਸਕੱਤਰੇਤੇ ਦੇ ਮੀਟਿੰਗ ਹਾਲ ਵਿਖੇ ਸਮੂਹ ਬੈਂਕ ਅਧਿਕਾਰੀਆਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੁੰ ਇਹ ਵੀ ਹਦਾਇਤ ਕੀਤੀ ਕਿ ਇੱਕ ਲੱਖ ਰੁਪਏ ਤੱਕ ਦੀ ਸ਼ੱਕੀ ਰਾਸ਼ੀ ਕਢਵਾਉਣ ਵਾਲਿਆਂ ਸਬੰਧੀ ਜਾਣਕਾਰੀ ਰੋਜ਼ਾਨਾ ਜ਼ਿਲ੍ਹਾ ਲੀਡ ਬੈਂਕ ਅਫ਼ਸਰ ਸ੍ਰੀ ਆਰ ਪੀ ਸਿਨਹਾ ਨੂੰ ਦਿੱਤੀ ਜਾਵੇ ਜੋ ਰੋਜ਼ਾਨਾ ਜ਼ਿਲ੍ਹਾ ਚੋਣ ਅਫ਼ਸਰ ਨੂੰ ਇਸ ਸਬੰਧੀ ਪੂਰੀ ਰਿਪੋਰਟ ਦੇਵੇਗਾ। ਉਨ੍ਹਾਂ ਅਧਿਕਾਰੀਆਂ ਨੁੰ ਇਹ ਵੀ ਹਦਾਇਤ ਕੀਤੀ ਕਿ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਾਸ਼ੀ ਦਾ ਅਦਾਨ-ਪ੍ਰਦਾਨ ਕਰਨ ਸਬੰਧੀ ਵੀ ਸੂਚਨਾ ਰੋਜ਼ਾਨਾ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੀ ਜਾਵੇ ਤਾਂ ਕਿ ਇਸ ਸਬੰਧੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਜਾ ਸਕੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਬੈਂਕ ਖਾਤੇ ਪਹਿਲ ਦੇ ਆਧਾਰ ਤੇ ਖੋਲ੍ਹਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਨ੍ਹਾਂ ਖਾਤਿਆਂ ਵਿਚਲੇ ਲੈਣ-ਦੇਣ ਤੇ ਪੂਰੀ ਨਜ਼ਰ ਰੱਖੀ ਜਾਵੇ।
ਉਨ੍ਹਾਂ ਕਿਹਾ ਕਿ ਖਾਤਾਧਾਰੀਆਂ ਨੂੰ 20,000/- ਰੁਪਏ ਦੀ ਰਾਸ਼ੀ ਤੋਂ ਵੱਧ ਦਾ ਨਗਦ ਭੁਗਤਾਨ ਨਾ ਕੀਤਾ ਜਾਵੇ ।
ਉਨ੍ਹਾਂ ਦੱਸਿਆ ਕਿ ਚੋਣ ਖਰਚੇ, ਮਾਡਲ ਕੋਡ ਆਫ਼ ਕਨਡਕਟ ਦੀ ਉਲੰਘਣਾ ਜਾਂ ਚੋਣਾਂ ਨਾਲ ਸਬੰਧਤ ਹੋਰ ਕਿਸੇ ਕਿਸਮ ਦੀਆਂ ਸ਼ਿਕਾਇਤਾਂ ਦਰਜ਼ ਕਰਨ ਅਤੇ ਨਿਪਟਾਰੇ ਲਈ ਮਿੰਨੀ ਸਕੱਤਰੇਤੇ ਦੇ ਕਮਰਾ ਨੰਬਰ 103 ਵਿਖੇ ਐਕਸਪੈਂਡੀਚਰ ਮੋਨੀਟਰਿੰਗ ਕੰਟਰੋਲ ਰੂਮ ਅਤੇ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੈਲੀਫੋਨ ਨੰ: 01882-240242, 241242 ਤੇ 244242 ਹੈ। ਇਹ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ ਅਤੇ ਇਨ੍ਹਾਂ ਨੰਬਰਾਂ ਤੇ ਕਿਸੇ ਸਮੇਂ ਵੀ ਚੋਣਾਂ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਈ-ਮੇਲ complaintcellelc@gmail.com ਤੇ ਵੀ ਕਰ ਸਕਦਾ ਹੈ।
ਇਸ ਮੀਟਿੰਗ ਵਿੱਚ ਸਮੂਹ ਬੈਂਕਾਂ ਦੇ ਅਧਿਕਾਰੀਆਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਵਿਨੇ ਬੁਬਲਨੀ, ਆਰ ਪੀ ਸਿਨਹਾ ਚੀਫ ਲੀਡ ਬੈਕ ਮੈਨੇਜਰ, ਤਹਿਸੀਲਦਾਰ (ਚੋਣਾਂ) ਹਰਦੇਵ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।
No comments:
Post a Comment