ਹੁਸ਼ਿਆਰਪੁਰ, 14 ਦਸੰਬਰ: ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਈਕੋ ਰਿਕਸ਼ਾ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਈਕੋ ਰਿਕਸ਼ਾ ਮੁਹਿੰਮ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਚਲਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਸ੍ਰੀ ਹਰਮਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਚਲ ਰਹੇ ਆਟੋ ਰਿਕਸ਼ਾ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਨੂੰ ਘੱਟ ਕਰਨ ਲਈ ਅਤੇ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਜਾਣ ਲਈ ਆਧੁਨਿਕ ਕਿਸਮ ਦੇ ਈਕੋ ਰਿਸ਼ਕਾ ਚਲਾਏ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਤੰਗ ਬਾਜ਼ਾਰਾਂ ਵਿੱਚ ਜਾਣ ਲਈ ਆਸਾਨੀ ਹੋਵੇਗੀ ਅਤੇ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਘਟੇਗਾ। ਉਨ੍ਹਾਂ ਦੱਸਿਆ ਕਿ ਈਕੋ ਰਿਕਸ਼ਾ ਪੁਰਾਣੇ ਚਲਾਏ ਜਾ ਰਹੇ ਰਿਕਸ਼ਿਆਂ ਦੇ ਮੁਕਾਬਲੇ 20 ਕਿਲੋ ਘੱਟ ਵਜ਼ਨ ਦੇ ਹੋਣਗੇ। ਇਨ੍ਹਾਂ ਈਕੋ ਰਿਕਸ਼ਿਆਂ ਵਿੱਚ ਐਫ ਐਮ ਰੇਡੀਓ, ਫਸਟ ਏਡ ਬਾਕਸ, ਸ਼ਹਿਰ ਦਾ ਨਕਸ਼ਾ ਅਤੇ ਮੋਬਾਇਲ ਕਾਲ ਦੀ ਸੁਵਿਧਾ ਹੋਵੇਗੀ ਜਿਸ ਨਾਲ ਰਿਕਸ਼ਾ ਤੇ ਜਾਣ ਵਾਲੀ ਸਵਾਰੀ ਮੋਬਾਇਲ ਫੋਨ ਤੇ ਹੀ ਰਿਕਸ਼ਾ ਨੂੰ ਆਪਣੇ ਕੋਲ ਬੁਲਾ ਸਕੇਗੀ। ਉਨ੍ਹਾਂ ਕਿਹਾ ਕਿ ਈਕੋ ਰਿਕਸ਼ਾ ਦੀ ਕੀਮਤ ਲਗਭਗ 11256 ਰੁਪਏ ਹੋਵੇਗੀ ਅਤੇ ਰਿਕਸ਼ਾ ਚਾਲਕ ਵੱਲੋਂ 500 ਰੁਪਏ ਦੇ ਕੇ ਈਕੋ ਰਿਕਸ਼ਾ ਖਰੀਦਿਆ ਜਾਵੇਗਾ ਅਤੇ ਬਾਕੀ ਰਕਮ ਬੈਂਕਾਂ ਵੱਲੋਂ 4 ਪ੍ਰਤੀਸ਼ਤ ਵਿਆਜ ਤੇ ਕਰਜੇ ਵਜੋਂ ਦਿੱਤੀ ਜਾਵੇਗੀ ਜਿਸ ਨਾਲ ਰਿਕਸ਼ਾ ਚਾਲਕ ਈਕੋ ਰਿਕਸ਼ੇ ਨੂੰ ਆਸਾਨੀ ਨਾਲ ਖਰੀਦ ਸਕਣਗੇ। ਉਨ੍ਹਾਂ ਦੱਸਿਆ ਕਿ ਰਿਕਸ਼ਾ ਚਾਲਕ ਵੱਲੋਂ 50 ਰੁਪਏ ਸਾਲਾਨਾ ਦੇਣ ਤੇ ਉਸ ਦਾ ਇੱਕ ਲੱਖ ਰੁਪਏ ਦਾ ਬੀਮਾ ਵੀ ਕੀਤਾ ਜਾਵੇਗਾ। ਉਨ੍ਹਾਂ ਸਾਰੀਆਂ ਸਵੈਸੇਵੀ ਸੰਸਥਾਵਾਂ ਨੁੰ ਅਪੀਲ ਕੀਤੀ ਕਿ ਉਹ ਇਹ ਈਕੋ ਰਿਕਸ਼ਾ ਮੁਹਿੰਮ ਨੂੰ ਸ਼ਹਿਰ ਵਿੱਚ ਚਲਾਉਣ ਲਈ ਆਪਣੇ ਵੱਡਮੁਲਾ ਯੋਗਦਾਨ ਪਾਉਣ।
ਹੁਸ਼ਿਆਰਪੁਰ ਸੇਂਟ ਸਿਟੀ ਈਕੋ ਸੁਸਾਇਟੀ ਦੇ ਮੈਂਬਰ ਸ੍ਰੀਮਤੀ ਹੇਮਾ ਸ਼ਰਮਾ, ਡਾ. ਵਿਭਾ ਗੁਪਤਾ, ਅੰਕੁਸ਼ ਵਾਲੀਆ, ਅਸ਼ਵਨੀ ਕਪੂਰ, ਮਹਿੰਦਰ ਸਿੰਘ ਪਰਵਾਨਾ, ਪ੍ਰਦੀਪ ਗੁਪਤਾ ਨੇ ਇਸ ਮੌਕੇ ਤੇ ਸੁਝਾਅ ਦਿੱਤਾ ਕਿ ਸ਼ਹਿਰ ਵਿੱਚ ਈਕੋ ਰਿਕਸ਼ਾ ਸਬੰਧੀ ਰਿਕਸ਼ਾ ਚਾਲਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇਣ ਅਤੇ ਇਸ ਮਹੱਤਵ ਸਬੰਧੀ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਇਸ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਆਟੋ ਰਿਕਸ਼ਾ ਯੂਨੀਅਨ ਰਾਜੀਵ ਕੁਮਾਰ, ਇੰਸਪੈਕਟਰ ਨਗਰ ਕੌਂਸਲ ਜਸਬੀਰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਰਮੇਸ਼ ਕੁਮਾਰ ਥਿੰਦ, ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਬੇਅੰਤ ਸਿੰਘ, ਪੰਜਾਬ ਰੋਡਵੇਜ਼ ਤੋਂ ਇੰਜੀਨੀਅਰ ਟੀ ਕੇ ਸ਼ਰਮਾ, ਪੀ ਐਲ ਮਠਾਰੂ ਵੀ ਇਸ ਮੌਕੇ ਤੇ ਹਾਜ਼ਰ ਸਨ।
No comments:
Post a Comment