ਸੂਬੇ ਦੀਆਂ ਜੇਲ੍ਹਾਂ 'ਚ ਨਸ਼ਾ ਅਤੇ ਗੁੰਡਾਗਰਦੀ ਬਰਦਾਸ਼ਤ ਨਹੀਂ : ਜੇਲ੍ਹ ਮੰਤਰੀ


  • ਕਿਹਾ, ਦੋ ਕੰਪਨੀਆਂ ਦੇ 186 ਜਵਾਨਾਂ ਨੂੰ ਰਾਜ ਦੀਆਂ 6 ਜੇਲ੍ਹਾਂ 'ਚ ਕੀਤਾ ਜਾਵੇਗਾ ਤਾਇਨਾਤ
  • ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੀਆਂ ਕੋਆਪਰੇਟਿਵ ਸੁਸਾਇਟੀਆਂ 'ਚ ਬਹੁ-ਕਰੋੜੀ ਘੁਟਾਲਿਆਂ ਦੀ ਕਰਵਾਈ ਜਾਵੇਗੀ ਜਾਂਚ : ਰੰਧਾਵਾ

ਮੁਕੇਰੀਆਂ/ਹੁਸ਼ਿਆਰਪੁਰ, 4 ਮਈ:

                       ਸਹਿਕਾਰਤਾ ਅਤੇ ਜੇਲ੍ਹ ਮੰਤਰੀ ਪੰਜਾਬ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰਾਜ ਦੀਆਂ ਜੇਲ੍ਹਾਂ ਵਿੱਚ ਨਸ਼ਾ ਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਵਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਸਖਤੀ ਨਾਲ ਨਜਿੱਠਿਆ ਜਾਵੇਗਾ।  ਉਹ ਅੱਜ ਮੁਕੇਰੀਆਂ ਵਿਖੇ ਪਹੁੰਚੇ ਹੋਏ ਸਨ, ਜਿਥੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਐਮ.ਪੀ. ਗੁਰਦਾਸਪੁਰ ਸ੍ਰੀ ਸੁਨੀਲ ਕੁਮਾਰ ਜਾਖੜ, ਹਲਕਾ ਵਿਧਾਇਕ ਮੁਕੇਰੀਆਂ
ਸ੍ਰੀ ਰਜਨੀਸ਼ ਕੁਮਾਰ ਬੱਬੀ, ਹਲਕਾ ਵਿਧਾਇਕ ਗੁਰਦਾਸਪੁਰ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਅਤੇ ਐਸ.ਡੀ.ਐਮ. ਮੁਕੇਰੀਆਂ ਸ੍ਰੀ ਹਰਚਰਨ ਸਿੰਘ ਵੀ ਮੌਜੂਦ ਸਨ।


                       ਹਲਕਾ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਦੀ ਅਗਵਾਈ ਵਿੱਚ ਕਰਵਾਏ ਗਏ ਸਵਾਗਤੀ ਸਮਾਗਮ ਵਿੱਚ ਕੈਬਨਿਟ ਮੰਤਰੀ ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮਾਜ ਦੇ ਹਰੇਕ ਵਰਗ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਦੇ ਸਵਰਗਵਾਸੀ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਕੇਵਲ ਕ੍ਰਿਸ਼ਨ ਨੇ ਕਈ ਸਾਲ ਇਸ ਖੇਤਰ ਦੀ ਨੁਮਾਇੰਦਗੀ ਕੀਤੀ ਹੈ ਅਤੇ ਭਾਰੀ ਸੰਖਿਆ ਵਿੱਚ ਲੋਕਾਂ ਨੇ ਪਹੁੰਚ ਕੇ ਇਹ ਸਾਬਤ ਕੀਤਾ ਹੈ ਕਿ ਉਹ ਇਸ ਪਰਿਵਾਰ ਨਾਲ ਜ਼ਮੀਨੀ ਪੱਧਰ 'ਤੇ ਜੁੜੇ ਹੋਏ ਹਨ।

           ਇਸ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰ: ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਸੁਰੱਖਿਆ ਅਤੇ ਸੁਧਾਰ ਲਿਆਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ (ਸੀ.ਆਈ.ਐਸ.ਐਫ਼.)  ਵਲੋਂ ਸੁਰੱਖਿਆ ਦੇ ਮੱਦੇਨਜ਼ਰ ਦੋ ਕੰਪਨੀਆਂ ਦੇ 186 ਜਵਾਨਾਂ ਨੂੰ ਰਾਜ ਦੀਆਂ 6 ਜੇਲ੍ਹਾਂ ਵਿੱਚ ਬਣਾਏ ਸਕਿਉਰਟੀ ਜ਼ੋਨਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕਰਨ ਲਈ ਜੇਲ੍ਹ ਸੁਪਰਡੈਟਾਂ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸੇ ਕੜੀ ਦੇ ਮੱਦੇਨਜ਼ਰ ਬੀਤੇ ਦਿਨੀਂ ਗੁਰਦਾਸਪੁਰ ਜੇਲ੍ਹ ਅੰਦਰ ਅਣਗਹਿਲੀ ਕਾਰਨ 9 ਮੋਬਾਇਲ ਮਿਲਣ 'ਤੇ ਸੁਪਰਡਂੈਟ ਅਤੇ ਡਿਪਟੀ ਸੁਪਰਡੈਂਟ ਨੂੰ ਮੁਅੱਤਲ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੇ ਅੱਤਵਾਦ ਦੇ ਦੌਰ ਦੌਰਾਨ ਵੀ ਅੱਤਵਾਦੀਆਂ ਦਾ ਸਖਤੀ ਨਾਲ ਮੁਕਾਬਲਾ ਕੀਤਾ ਸੀ ਅਤੇ ਹੁਣ ਵੀ ਗੈਂਗਸਟਰਾਂ ਖਿਲਾਫ਼ ਸਖਤੀ ਨਾਲ ਨਜਿੱਠ ਕੇ ਰਾਜ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇਗਾ।

                       ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਖਾਸ ਤੇ ਹਰਦੋਖੁੰਦਪੁਰ ਸੁਸਾਇਟੀ ਵਿਖੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਕਤ ਸੁਸਾਇਟੀ ਨਾਲ ਸਬੰਧਤ ਦੋਸ਼ੀਆਂ ਖਿਲਾਫ਼ ਮਿਥੇ ਸਮੇਂ ਦੌਰਾਨ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 3590 ਕੋਆਪਰੇਟਿਵ ਸੁਸਾਇਟੀਆਂ ਹਨ, ਜਿਨ੍ਹਾਂ ਵਿੱਚੋਂ 1900 ਦੇ ਕਰੀਬ ਸੁਸਾਇਟੀਆਂ ਲਾਭ ਵਿੱਚ ਹਨ ਅਤੇ ਬਾਕੀ ਘਾਟੇ ਵਿੱਚ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਘਾਟੇ ਵਿੱਚ ਚੱਲ ਰਹੀਆਂ ਸੁਸਾਇਟੀਆਂ ਦੀ ਜਾਂਚ ਕੀਤੀ ਜਾਵੇਗੀ, ਉਥੇ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਹੋਏ ਬਹੁ-ਕਰੋੜੀ ਘੁਟਾਲਿਆਂ ਦੀ ਸੂਬਾ ਸਰਕਾਰ ਵਲੋਂ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਸੁਸਾਇਟੀਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਘੁਟਾਲੇ ਦਾ ਕੇਸ ਸਾਹਮਣੇ ਆਵੇਗਾ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

                       ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਐਮ.ਪੀ. ਗੁਰਦਾਸਪੁਰ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਰਾਜ ਨੂੰ ਬੇਹੱਦ ਪਿੱਛੇ ਧਕੇਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਪੈਰਾਂ ਸਿਰ ਕਰਨ ਲਈ ਅਜੇ ਕੁਝ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਰਾਜ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਲੋਕਾਂ ਦੁਆਰਾ ਚੁਣੀ ਗਈ ਕਾਂਗਰਸ ਸਰਕਾਰ ਲੋਕਾਂ ਲਈ ਕੰਮ ਕਰੇਗੀ ਅਤੇ ਰਾਜ ਦੀ ਮਜਬੂਤੀ ਅਤੇ ਬੇਹਤਰੀ ਲਈ ਸਭ ਧਿਰਾਂ ਨੂੰ ਨਾਲ ਲੈ ਕੇ ਅੱਗੇ ਵਧੇਗੀ। ਹਲਕਾ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਕੇਰੀਆਂ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਯੋਗ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੋਵੇਗੀ। ਇਸ ਮੌਕੇ ਕੈਬਨਿਟ ਮੰਤਰੀ ਨੂੰ ਵਧਾਈਆਂ ਦੇਣ ਲਈ ਭਾਰੀ ਸੰਖਿਆ ਵਿੱਚ ਹਲਕਾ ਨਿਵਾਸੀ ਪਹੁੰਚੇ ਹੋਏ ਸਨ।

ਕਿੱਤਾ ਮੁਖੀ ਸਿਖਲਾਈ ਕੋਰਸ 7 ਤੋਂ


ਹੁਸ਼ਿਆਰਪੁਰ, 4 ਮਈ:

                       ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਨਜ਼ਦੀਕ ਮਾਹਿਲਪੁਰ) ਹੁਸ਼ਿਆਰਪੁਰ ਵਿਖੇ 'ਸੂਰ ਪਾਲਣ' ਅਤੇ 'ਘਰੇਲੂ ਪੱਧਰ 'ਤੇ ਪੌਸ਼ਟਿਕ ਸਨੈਕਸ ਬਣਾਉਣ' ਸਬੰਧੀ ਕਿੱਤਾ ਮੁਖੀ ਸਿਖਲਾਈ ਕੋਰਸ 7 ਮਈ ਤੋਂ 11 ਮਈ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਿਪਟੀ ਡਾਇਰੈਕਟਰ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਸੂਰ ਪਾਲਣ ਸਿਖਲਾਈ ਕੋਰਸ ਵਿੱਚ ਸੂਰਾਂ ਦੀ ਸਾਂਭ-ਸੰਭਾਲ, ਬਿਮਾਰੀਆਂ ਤੋਂ ਬਚਾਅ, ਖੁਰਾਕ ਪ੍ਰਬੰਧਨ ਜਿਹੇ ਅਹਿਮ ਵਿਸ਼ਿਆਂ ਸਮੇਤ ਸੂਰ ਪਾਲਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੌਸ਼ਟਿਕ ਸਨੈਕਸ ਵਿੱਚ ਇਡਲੀ, ਪੋਹਾ, ਕੇਕ ਅਤੇ ਬਰੈਡ ਪੀਜਾ ਬਣਾਉਣ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਖਲਾਈ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਹਵਾਨ ਕਿਸਾਨ/ਕਿਸਾਨ ਬੀਬੀਆਂ 94647-26716, 99889-70061 ਅਤੇ 98157-51900 'ਤੇ ਸੰਪਰਕ ਕਰ ਸਕਦੇ ਹਨ

ਡਿਪਟੀ ਕਮਿਸ਼ਨਰ ਨੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ 6 ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ, 3 ਮਈ:

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿਚ 6 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਨੈਸ਼ਨਲ ਏਅਰ ਕੁਆਲਟੀ ਇੰਡੈਕਸ ਬਹੁਤ ਵੱਧ ਜਾਂਦਾ ਹੈ, ਜਿਸ ਨਾਲ ਮਨੁੱਖੀ ਸਿਹਤ 'ਤੇ ਭਾਰੀ ਅਸਰ ਪੈਂਦਾ ਹੈ ਅਤੇ ਸਾਹ ਤੇ ਫੇਫੜਿਆਂ ਸਬੰਧੀ ਗੰਭੀਰ ਬਿਮਾਰੀਆਂ ਵੀ ਹੋ ਜਾਂਦੀਆਂ ਹਨ।

                       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ
ਨੂੰ ਅੱਗ ਲਾਉਣ ਨਾਲ ਜਿਥੇ ਜਮੀਨ ਦੇ ਉਪਜਾਊ ਤੱਤ ਘੱਟ ਜਾਂਦੇ ਹਨ, ਉਥੇ ਮਿਤਰ ਕੀੜੇ ਵੀ ਖਤਮ ਹੋ ਜਾਂਦੇ ਹਨ, ਜਿਸ ਨਾਲ ਫ਼ਸਲ ਦੇ ਝਾੜ ਵਿੱਚ ਵੀ ਕਮੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ 6 ਜਾਗਰੂਕਤਾ ਵੈਨਾਂ ਚਲਾਈਆਂ ਜਾ ਰਹੀਆਂ ਹਨ। ਇਹ ਵੈਨਾਂ ਜ਼ਿਲ੍ਹੇ ਦੇ ਪਿੰਡਾਂ ਵਿੱਚ ਘੁੰਮ ਕੇ ਕਿਸਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਸੰਭਾਲਣ ਅਤੇ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨਗੀਆਂ।

                       ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਸਮੂਹ ਬਲਾਕਾਂ ਦੇ ਸਟਾਫ਼ ਮੈਂਬਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਸਿਖਲਾਈ ਕੈਂਪਾਂ, ਸਾਂਝੀਆਂ ਥਾਵਾਂ ਅਤੇ ਪਿੰਡਾਂ ਦੇ ਮੋਹਤਵਾਰ ਬੰਦਿਆਂ ਰਾਹੀਂ ਕਿਸਾਨਾਂ ਨੂੰ ਕਣਕ ਦਾ ਨਾੜ ਸਾੜਨ ਦੀ ਥਾਂ ਜ਼ਮੀਨ ਵਿੱਚ ਹੀ ਮਿਲਾਉਣ ਤੇ ਗਾਲਣ ਬਾਰੇ ਜਾਗਰੁਕ ਕਰਨ। ਇਸ ਨਾਲ ਮਿੱਟੀ ਵਿੱਚ ਹਰਾ ਮਾਦਾ ਵਧੇਗਾ ਅਤੇ ਇਸ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ ਅਤੇ ਫ਼ਸਲਾਂ ਦਾ ਝਾੜ ਵੱਧ ਪ੍ਰਾਪਤ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਬੰਧੀ ਬਲਾਕ ਪੱਧਰ 'ਤੇ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ।

                       ਇਸ ਦੌਰਾਨ ਮੁੱਖ ਖੇਤੀਬਾੜੀ ਡਾ. ਵਿਨੇ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ। ਇਨ੍ਹਾਂ ਤਕਨੀਕਾਂ ਨਾਲ ਜਿਥੇ ਕਿਸਾਨਾਂ ਦੇ ਪੈਸੇ ਬਚਦੇ ਹਨ, ਉਥੇ ਖੇਤ ਵਿੱਚ ਜੈਵਿਕ ਮਾਦਾ ਵੀ ਵੱਧਦਾ ਹੇ। ਉਨ੍ਹਾਂ ਕਿਹਾ ਕਿ ਇਸ ਨਾਲ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਖੇਤ ਵਿੱਚ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਵੀ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਵੀਆਂ ਵਿਕਸਿਤ ਕੀਤੀਆਂ ਮਸ਼ੀਨਾਂ 'ਤੇ ਵਿਭਾਗ ਵਲੋਂ 40 ਤੋਂ 50 ਪ੍ਰਤੀਸ਼ਤ ਸਬਸਿਡੀ ਦੀ ਰਕਮ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ, ਇਸ ਦਾ ਵੀ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਇੰਜੀਨੀਅਰ ਯਸ਼ਪਾਲ ਧੀਮਾਨ, ਡਾ. ਸੁਰਿੰਦਰ ਸਿੰਘ, ਡਾ. ਜਸਵੀਰ ਸਿੰਘ, ਸ੍ਰੀ ਅਵਤਾਰ ਸਿੰਘ ਟੈਕਨੀਸ਼ੀਅਨ, ਸ੍ਰੀ ਰਣਜੀਤ ਕੁਮਾਰ ਅਤੇ ਸ੍ਰੀ ਰਾਜੀਵ ਰੰਜਨ ਵੀ ਮੌਜੂਦ ਸਨ।

ਬਿਨ੍ਹਾਂ ਡਰ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਦਾ ਸਾਥ ਦੇਣ ਜ਼ਿਲ੍ਹਾ ਵਾਸੀ : ਡਿਪਟੀ ਕਮਿਸ਼ਨਰ


  • ਕਿਹਾ, ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਖਿਲਾਫ਼ ਲਿਆ ਜਾ ਰਿਹਾ ਹੈ ਗੰਭੀਰ ਨੋਟਿਸ
  • ਪ੍ਰੈਸ ਕਾਨਫਰੰਸ 'ਚ ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ  

ਹੁਸ਼ਿਆਰਪੁਰ, 3 ਮਈ:

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜਿਥੇ ਜ਼ਿਲ੍ਹਾ ਵਾਸੀਆਂ ਨੂੰ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਖਿਲਾਫ਼ ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਅਪੀਲ ਕੀਤੀ, ਉਥੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਦਾ ਸਾਥ ਦੇਣ ਲਈ ਵੀ ਕਿਹਾ, ਤਾਂ ਜੋ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹ ਅੱਜ ਮੀਜ਼ਲ-ਰੁਬੇਲਾ ਟੀਕਾਕਰਨ ਮੁਹਿੰਮ ਸਬੰਧੀ ਕੀਤੀ ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਮੀਜ਼ਲ-ਰੁਬੇਲਾ ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਅਨਸਰਾਂ ਵਿਰੁੱਧ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੀ ਵੱਡੀ ਮੁਹਿੰਮ ਚਲਾਈ ਜਾਂਦੀ ਹੈ, ਤਾਂ ਸੋਸ਼ਲ ਮੀਡੀਆ 'ਤੇ ਗਲਤ ਸੋਚ ਰੱਖਣ ਵਾਲਿਆਂ ਵਲੋਂ ਗੁੰਮਰਾਹ ਕਰਨ ਲਈ ਗਲਤ ਧਾਰਨਾਵਾਂ ਫੈਲਾਈਆਂ ਜਾਂਦੀਆਂ ਹਨ, ਜੋ ਕਿ ਸਰਸਰਾ ਗਲਤ ਹੈ।


           ਡਿਪਟੀ ਕਮਿਸ਼ਨਰ ਨੇ ਮੀਡੀਆ ਨੂੰ ਇਨ੍ਹਾਂ ਅਫਵਾਹਾਂ ਖਿਲਾਫ਼ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਕੀਤੀ ਜਾ ਰਹੀ ਇਹ ਵੈਕਸੀਨੇਸ਼ਨ ਬੇਹੱਦ ਸੁਰੱਖਿਅਤ ਹੈ ਅਤੇ ਇਸ ਨਾਲ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਸਿਹਤ ਪੱਖੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮੀਜ਼ਲ-ਰੁਬੇਲਾ ਤੋਂ ਬੱਚਿਆਂ ਨੂੰ ਬਚਾਉਣ ਲਈ ਵਿੱਢੀ ਗਈ ਇਹ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਟੀਕੇ ਦੀ ਕੀਮਤ 1500 ਤੋਂ 2000 ਦੇ ਕਰੀਬ ਹੈ, ਜਦਕਿ ਸਰਕਾਰ ਵਲੋਂ ਇਸ ਨੂੰ ਬਿਲਕੁੱਲ ਮੁਫ਼ਤ ਲਗਾਇਆ ਜਾ ਰਿਹਾ ਹੈ।

           ਸ੍ਰੀ ਵਿਪੁਲ ਉਜਵਲ ਨੇ ਆਮ ਜਨਤਾ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਵਿੱਚੋਂ ਪੋਲੀਓ ਦੀ ਬਿਮਾਰੀ ਨੂੰ ਜੜ੍ਹੋਂ ਪੁੱਟਿਆ ਗਿਆ ਹੈ, ਉਸੇ ਤਰ੍ਹਾਂ ਇਸ ਬਿਮਾਰੀ ਦੇ ਖਾਤਮੇ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਗੱਲ ਕਹੀ, ਤਾਂ ਜੋ ਲੋਕ ਗਲਤ ਅਫਵਾਹਾਂ ਵਿੱਚ ਨਾ ਆ ਕੇ ਆਪਣੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਮੁਕਤ ਰੱਖ ਸਕਣ। ਉਨ੍ਹਾਂ ਕਿਹਾ ਕਿ ਕੋਈ ਵੀ ਬੱਚਾ ਜਿਸ ਦਾ ਪਹਿਲਾਂ ਐਮ.ਆਰ. ਟੀਕਾਕਰਨ ਹੋ ਚੁੱਕਾ ਹੋਵੇ, ਉਸ ਨੂੰ ਵੀ ਦੁਬਾਰਾ ਇਹ ਟੀਕਾ ਲਗਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ 2020 ਤੱਕ ਦੇਸ਼ ਨੂੰ ਖਸਰਾ ਮੁਕਤ ਅਤੇ ਰੁਬੇਲਾ ਨਿਯੰਤਰਣ ਦੇਸ਼ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।

                       ਸਿਵਲ ਸਰਜਨ ਡਾ. ਰੇਨੂ ਸੂਦ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ ਕਰੀਬ 20 ਹਜ਼ਾਰ ਬੱਚਿਆਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਚੁੱਕਾ ਹੈ। ਬੱਚਿਆਂ ਦੇ ਮਾਹਿਰ ਅਤੇ ਇੰਡੀਅਨ ਮੈਡੀਕਲ ਐਸਸੀਏਸ਼ਨ ਦੀ ਸਕੱਤਰ ਡਾ. ਤਨੂ ਕਪੂਰ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਫੀਲਡ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦਿੱਤੀ ਜਾਂਦੀ ਮੀਜ਼ਲ-ਰੁਬੇਲਾ ਦੀ ਵੈਕਸੀਨ ਬੇਹੱਦ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਮੀਜ਼ਲ ਦੀ ਬਿਮਾਰੀ ਹੋਣ 'ਤੇ ਤੇਜ਼ ਬੁਖਾਰ, ਚੌਥੇ ਦਿਨ ਸਰੀਰ 'ਤੇ ਨਿੱਕੇ-ਨਿੱਕੇ ਲਾਲ ਰੰਗ ਦੇ ਦਾਣੇ ਅਤੇ ਦਿਮਾਗੀ ਬੁਖਾਰ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਰੁਬੇਲਾ ਨਾਲ ਨਿਮੋਨਿਆ, ਅੱਖਾਂ ਦੀ ਰੌਸ਼ਨੀ ਤੋਂ ਇਲਾਵਾ ਮਹਿਲਾਵਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਕਾਰਨ ਸਾਲ ਵਿੱਚ ਕਰੀਬ 50 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਇਨ੍ਹਾਂ ਦੋਨੇਂ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਸਰਕਾਰ ਵਲੋਂ ਮੁਫ਼ਤ ਵੈਕਸੀਨ ਕੀਤੀ ਜਾ ਰਹੀ ਹੈ, ਜੋ ਕਿ ਬੇਹੱਦ ਸ਼ਲਾਘਾਯੋਗ ਕਦਮ ਹੈ।

                       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੁਪਮ ਕਲੇਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਦੀਪ ਸਿੰਘ ਕਪੂਰ, ਕੋਆਰਡੀਨੇਟਰ ਐਮ. ਆਰ. ਕੰਪੇਨ ਡਾ. ਗੁਨਦੀਪ ਕੌਰ, ਵੱਖ-ਵੱਖ ਮੀਡੀਆ ਹਾਊਸ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

1 ਜਨਵਰੀ 1999 ਤੋਂ ਪਹਿਲਾਂ ਸ਼ਹੀਦ ਹੋਏ ਸੈਨਿਕਾਂ ਦੇ ਆਸ਼ਰਿਤਾਂ ਨੂੰ ਸ਼ਹੀਦ ਦਾ ਬਿਓਰਾ ਦੇਣ ਦੀ ਅਪੀਲ


ਹੁਸ਼ਿਆਰਪੁਰ, 2 ਮਈ:

                                  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਕਰਨਲ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1 ਜਨਵਰੀ 1999 ਤੋਂ ਪਹਿਲਾਂ ਮਿਲਟਰੀ ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਆਸ਼ਰਿਤਾਂ ਦੇ ਬਿਓਰੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ਹੀਦ ਦੇ ਜੋ ਵੀ ਆਸ਼ਰਿਤ ਹਨ, ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਹੀਦ ਦਾ ਨਾਮ, ਓਪਰੇਸ਼ਨ ਦਾ ਨਾਮ, ਸ਼ਹੀਦ ਦੇ ਆਸ਼ਰਿਤ ਦਾ ਨਾਮ ਅਤੇ ਉਮਰ, ਉਸ ਦੀ ਵਿੱਦਿਅਕ ਯੋਗਤਾ, ਮੋਬਾਇਲ ਨੰਬਰ ਅਤੇ ਸ਼ਹੀਦ ਦੀਆਂ ਦੋ ਪੋਸਟ ਕਾਰਡ ਸਾਈਜ਼ ਫੋਟੋਆਂ ਤੇ ਸਰਵਿਸ ਪਰਟੀਕੁਲਰ ਦੀ ਕਾਪੀ ਸਬੰਧੀ ਬਿਓਰਾ ਲਿਖਤੀ ਰੂਪ ਵਿੱਚ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਹੁਸ਼ਿਆਰਪੁਰ ਵਿਖੇ ਕਿਸੇ ਵੀ ਦਫ਼ਤਰੀ ਕੰਮਕਾਜ਼ ਵਾਲੇ ਦਿਨ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਸਾਰੇ ਦਸਤਾਵੇਜ਼ 9 ਮਈ 2018 ਤੱਕ ਇਸ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ਼ ਵਾਲੇ ਦਿਨ ਜਮ੍ਹਾਂ ਕਰਵਾਏ ਜਾਣ।

ਅੰਗਹੀਣ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਵਿਸ਼ੇਸ਼ ਕੈਂਪ 10 ਨੂੰ


ਲੋੜਵੰਦ ਵਿਅਕਤੀ 2 ਪਾਸਪੋਰਟ ਸਾਈਜ਼ ਫੋਟੋ, ਰਿਹਾਇਸ਼ੀ ਤੇ ਸ਼ਨਾਖਤੀ ਸਬੂਤ ਨਾਲ ਲਿਆਉਣ

ਹੁਸ਼ਿਆਰਪੁਰ, 2 ਮਈ:

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਅੰਗਹੀਣ ਵਿਅਕਤੀਆਂ ਦੇ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਇਕ ਵਿਸ਼ੇਸ਼ ਕੈਂਪ 10 ਮਈ 2018 ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਸਵੇਰੇ 9 ਵਜੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ  2 ਪਾਸਪੋਰਟ ਸਾਈਜ਼ ਫੋਟੋ, ਰਿਹਾਇਸ਼ੀ ਸਬੂਤ ਅਤੇ ਆਈ.ਡੀ. ਪਰੂਫ (ਅਸਲ ਤੇ ਫੋਟੋ ਕਾਪੀ) ਨਾਲ ਲਿਆਉਣ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੈਡੀਕਲ ਸਰਟੀਫਿਕੇਟ ਬਣਾਉਣ ਸਬੰਧੀ ਸਮੇਂ-ਸਮੇਂ 'ਤੇ ਕੈਂਪ ਲਗਾਉਣੇ ਯਕੀਨੀ ਬਣਾਏ ਜਾਣ, ਤਾਂ ਜੋ ਕੋਈ ਵੀ ਲੋੜਵੰਦ ਅੰਗਹੀਣ ਵਿਅਕਤੀ ਸਰਟੀਫਿਕੇਟ ਕਰਕੇ ਸਰਕਾਰੀ ਸਕੀਮਾਂ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਅੰਗਹੀਣ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਯੋਗ ਵਿਅਕਤੀ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਜਿਨ੍ਹਾਂ ਨੇ ਅਜੇ ਤੱਕ ਮੈਡੀਕਲ ਸਰਟੀਫਿਕੇਟ ਨਹੀਂ ਬਣਾਏ, ਉਹ ਪਹਿਲ ਦੇ ਆਧਾਰ 'ਤੇ ਇਹ ਸਰਟੀਫਿਕੇਟ ਬਣਾਉਣ ਨੂੰ ਤਰਜ਼ੀਹ ਦੇਣ।

ਮੰਡੀਆਂ 'ਚ ਲਿਫਟਿੰਗ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ


  • ਕਿਹਾ, ਕਣਕ ਖਰੀਦਣ ਲਈ ਨਿੱਜੀ ਮਿੱਲਾਂ ਨਾਲ ਵੀ ਕੀਤਾ ਜਾ ਰਿਹਾ ਹੈ ਸੰਪਰਕ
  • ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਹੁਸ਼ਿਆਰਪੁਰ, 1 ਮਈ:

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮੰਡੀਆਂ ਵਿੱਚ ਲਿਫਟਿੰਗ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕੁਝ ਨਿੱਜੀ ਮਿੱਲਾਂ ਨਾਲ ਵੀ ਸੰਪਰਕ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਕਣਕ ਦੀ ਖਰੀਦ ਕਰਨ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਹ ਅੱਜ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰ ਰਹੇ ਸਨ।

                       ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਦਾਣਾ ਮੰਡੀ ਵਿਖੇ ਕਿਹਾ ਕਿ ਇਸ ਮੰਡੀ ਵਿੱਚ ਪਿਛਲੇ ਸਾਲ ਅੱਜ ਦੇ ਦਿਨ ਤੱਕ 21 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ, ਜਦਕਿ ਇਸ ਸਾਲ ਹੁਣ ਤੱਕ 24 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 3 ਹਜ਼ਾਰ ਮੀਟ੍ਰਿਕ ਟਨ ਵਾਧੂ ਹੈ। ਇਸ ਨੂੰ ਦੇਖਦੇ ਹੋਏ ਇਸ ਮੰਡੀ ਵਿੱਚੋਂ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਲਈ ਪ੍ਰਾਈਵੇਟ ਆਟਾ ਮਿੱਲਾਂ ਨੂੰ ਵੀ ਕਣਕ ਦੀ ਖਰੀਦ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਹੱਲ ਹੋ ਸਕੇ।

                       ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਹਰ ਰੋਜ਼ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3 ਤੋਂ 4 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਵਿੱਚੋਂ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ ਹੈ ਅਤੇ ਤੈਅ ਕੀਤੇ ਗਏ ਮਾਪਦੰਡਾਂ ਅਨੁਸਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਮੰਡੀਆਂ ਵਿੱਚੋਂ ਚੁੱਕਿਆ ਜਾਵੇਗਾ।

                       ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਬੀਤੀ ਸ਼ਾਮ ਤੱਕ 2,59,095 ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ, ਜਦਕਿ 2,59,733 ਮੀਟਰਕ ਟਨ ਕਣਕ ਦੀ ਮੰਡੀਆਂ ਵਿਚ ਆਮਦ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 50,970 ਮੀਟਰਕ ਟਨ, ਮਾਰਕਫੈਡ ਵਲੋਂ 55,958 ਮੀਟਰਕ ਟਨ, ਪਨਸਪ ਵਲੋਂ 42,030 ਮੀਟਰਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 28,428 ਮੀਟਰਕ ਟਨ, ਪੰਜਾਬ ਐਗਰੋ ਵਲੋਂ 21430 ਮੀਟਰਕ ਟਨ, ਐਫ.ਸੀ.ਆਈ ਵਲੋਂ 58,525 ਮੀਟਰਕ ਟਨ, ਜਦਕਿ ਵਪਾਰੀਆਂ ਵਲੋਂ ਪ੍ਰਾਈਵੇਟ ਤੌਰ 'ਤੇ 1754 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ ਖਰੀਦੀ ਗਈ ਕਣਕ ਦੀ 332.84 ਕਰੋੜ ਰੁਪਏ ਦੀ ਅਦਾਇਗੀ ਵੀ ਆੜ੍ਹਤੀਆਂ ਨੂੰ ਹੋ ਗਈ ਹੈ।

                       ਇਸ ਮੌਕੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈਜ਼ ਸ੍ਰੀਮਤੀ ਰਜਨੀਸ਼ ਕੌਰ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਭਗਤ ਸਿੰਘ, ਸ੍ਰੀ ਅਨੀਸ਼ ਕੁਮਾਰ, ਪ੍ਰਧਾਨ ਆੜ੍ਹਤੀ ਆਸੋਸੀਏਸ਼ਨ ਸ੍ਰੀ ਸੁਧੀਰ ਸੂਦ, ਸਕੱਤਰ ਸ੍ਰੀ ਵਿਕਰਮਜੀਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)