ਹਾਜੀਪੁਰ, 27 ਮਈ: ਪੰਜਾਬ ਵਿੱਚ ਜ਼ਮੀਨਾਂ, ਜਾਇਦਾਦਾਂ ਦੇ ਰਿਕਾਰਡ ਦੇ ਕੰਪਿਉਟਰੀਕਰਨ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀ ਅਰੁਨੇਸ਼ ਸ਼ਾਕਰ ਜੰਗਲਾਤ, ਜੰਗਲੀ ਜੀਵ ਸੁਰਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਹਾਜ਼ੀਪੁਰ ਵਿੱਖੇ ਹਾਜੀਪੁਰ ਸਬ-ਤਹਿਸੀਲ ਦਾ ਉਦਘਾਟਨ ਕਰਨ ਉਪਰੰਤ ਇਕ ਭਾਰੀ ਜਨਤਕ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਸ਼੍ਰੀ ਸ਼ਾਕਰ ਨੇ ਕਿਹਾ ਕਿ ਪ੍ਰਬੰਧਕੀ ਪੱਖਾਂ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਹਾਜ਼ੀਪੁਰ ਵਿਖੇ ਸਬ-ਤਹਿਸੀਲ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬ-ਤਹਿਸੀਲ ਦੇ ਬਨਣ ਨਾਲ ਇਸ ਇਲਾਕੇ ਦੇ ਲੋਕਾਂ ਦੀ 50-60 ਸਾਲ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬ- ਤਹਿਸੀਲ ਨਾਲ ਇਲਾਕੇ ਦੇ 37 ਪਿੰਡਾਂ ਨੂੰ ਜੋੜਿਆ ਗਿਆ ਹੈ ਅਤੇ ਜਲਦੀ ਹੀ ਤਲਵਾੜਾ ਸਬ-ਤਹਿਸੀਲ ਦੇ ਵੀ ਕੁੱਝ ਪਿੰਡ ਇਸ ਸਬ-ਤਹਿਸੀਲ ਨਾਲ ਜੋੜ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਰਜਿਸਟਰੀਆਂ ਅਤੇ ਹੋਰ ਜ਼ਮੀਨਾਂ ਨਾਲ ਸਬੰਧਤ ਆਪਣੇ ਕੰਮ-ਕਾਰ ਕਰਵਾਉਣ ਲਈ 15 ਕਿਲੋਮੀਟਰ ਦੂਰ ਤਲਵਾੜੇ ਜਾਂ ਮੁਕੇਰੀਆਂ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਨਾਇਬ ਤਹਿਸੀਲਦਾਰ ਮੁਕੇਰੀਆਂ ਸ਼੍ਰੀ ਸੋਮ ਲਾਲ ਇਥੇ ਬੈਠ ਕੇ ਇਸ ਸਬ-ਤਹਿਸੀਲ ਦੇ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ, ਰਜਿਸਟਰੀਆਂ ਦੇ ਨਾਲ ਸਬੰਧਤ ਹੋਰ ਫੁਟਕਲ ਕੰਮ, ਜਮੀਨਾਂ ਦੇ ਇੰਤਕਾਲ, ਰਿਹਾਇਸ਼ੀ ਸਰਟੀਫੀਕੇਟ, ਹਰ ਤਰਾਂ ਦੇ ਸਰਟੀਫੀਕੇਟਾਂ ਦੇ ਕੰਮ ਜੋ ਤਹਿਸੀਲ ਦਫਤਰ ਮੁਕੇਰੀਆਂ ਵਿਖੇ ਹੁੰਦੇ ਸਨ, ਨਿਸ਼ਾਨਦੇਹੀਆਂ ਦੀਆਂ ਦਰਖਾਸਤਾਂ ਕਾਨੂੰਨਗੋ ਨੂੰ ਮਾਰਕ ਕਰਨਾ ਅਤੇ ਮਾਲ ਵਿਭਾਗ ਨਾਲ ਹੋਰ ਸਬੰਧਤ ਕੰਮ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਨੂੰ ਕਰਿਆ ਕਰਨਗੇ। ਸ਼੍ਰੀ ਸ਼ਾਕਰ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿਚ ਪੈਂਦੇ ਫਰਦ ਕੇਂਦਰਾਂ ਦੇ ਕੰਪਿਉਟਰੀਕਰਨ ਹੋਣ ਨਾਲ ਕੋਈ ਵੀ ਵਿਅਕਤੀ ਆਪਣੇ ਘਰ ਬੈਠ ਕੇ ਹੀ ਜ਼ਮੀਨ ਦੀ ਨਕਲ ਪ੍ਰਾਪਤ ਕਰ ਸਕਣਗੇ ਅਤੇ ਆਪਣੀ ਜ਼ਮੀਨ , ਜਾਇਦਾਦ ਦਾ ਰਿਕਾਰਡ ਦੇਖ ਸਕਣਗੇ ਅਤੇ ਜ਼ਮੀਨ ਖ੍ਰੀਦਣ ਉਪਰੰਤ ਇੰਤਕਾਲ ਕਰਵਾਉਣ ਲਈ ਪਟਵਾਰੀਆਂ ਦੇ ਪਿਛੇ ਘੁੰਮਣ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਜ਼ਮੀਨ ਦੀ ਰਜਿਸਟਰੀ ਉਪਰੰਤ 15 ਦਿਨ ਦੇ ਅੰਦਰ-ਅੰਦਰ ਜ਼ਮੀਨ ਦਾ ਇੰਤਕਾਲ ਕਰ ਦਿਤਾ ਜਾਇਆ ਕਰੇਗਾ।
ਸ਼੍ਰੀ ਸ਼ਾਕਰ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿਚ ਅਕਾਲੀ- ਭਾਜਪਾ ਸਰਕਾਰ ਬਣੀ ਹੈ, ਉਦੋਂ ਹੀ ਸੂਬੇ ਦਾ ਸਰਵ-ਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨੂੰ ਸਹਿਯੋਗ ਦੇਣ । ਉਨ੍ਹਾਂ ਨੇ ਇਸ ਮੌਕੇ ਤੇ ਪਿੰਡ ਸਿਬੋਚੱਕ ਦੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਦੀ ਸਰਾਂ ਲਈ ਇੱਕ ਲੱਖ ਰੁਪਏ ਦਾ ਚੈਕ ਦਿਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸ਼ੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਜਸਬੀਰ ਸਿੰਘ ਮਾਹੀ ਤਹਿਸੀਲਦਾਰ ਮੁਕੇਰੀਆਂ, ਸੋਮ ਲਾਲ ਨਾਇਬ ਤਹਿਸੀਲਦਾਰ ਮੁਕੇਰੀਆਂ, ਚਰਨ ਸਿੰਘ ਕੌਲਪੁਰ ਸੀਨੀਅਰ ਅਕਾਲੀ ਨੇਤਾ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜ਼ੀਪੁਰ, ਜਥੇਦਾਰ ਲਖਵਿੰਦਰ ਸਿੰਘ , ਪਵਨ ਕੁਮਾਰ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿਚ ਹਾਜ਼ਰ ਸਨ।
No comments:
Post a Comment