ਸ੍ਰ: ਕੋਹਾੜ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਸੂਬੇ ਦੀਆਂ ਸਮੂਹ ਤਹਿਸੀਲਾਂ ਅਤੇ ਸਬਤਹਿਸੀਲਾਂ ਦੀਆਂ ਇਮਾਰਤਾਂ ਦਾ ਨਵੀਨੀਕਰਨ ਆਧੁਨਿਕ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਜਮੀਨਾਂ ਜਾਇਦਾਦਾਂ ਦੇ ਰਿਕਾਰਡ ਨੂੰ ਆਨਲਾਈਨ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਇਮਾਰਤਾਂ ਨੂੰ ਨਵੀਨੀਕਰਨ ਦਾ ਕੰਮ ਇਸ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਬਤਹਿਸੀਲ ਮਾਹਿਲਪੁਰ ਦੀ ਇਮਾਰਤ ਦੀ ਉਸਾਰੀ ਦਾ ਕੰਮ 6 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਹਿਲਪੁਰ ਵਿਖੇ 72 ਲੱਖ ਰੁਪਏ ਦੀ ਲਾਗਤ ਨਾਲ ਪਟਵਾਰਖਾਨੇ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ।
ਸ੍ਰ: ਕੋਹਾੜ ਨੇ ਕਿਹਾ ਕਿ ਫਰਦ ਕੇਂਦਰਾਂ ਦੇ ਕੰਪਿਊਟਰਾਈਜ਼ ਹੋਣ ਨਾਲ ਲੋਕ ਆਪਣੀਆਂ ਜਮੀਨਾਂ ਅਤੇ ਜਾਇਦਾਦਾਂ ਨਾਲ ਸਬੰਧਤ ਨਕਲਾਂ ਸਰਕਾਰੀ ਫੀਸ ਦੇ ਕੇ 10 ਮਿੰਟ ਦੇ ਅੰਦਰ-ਅੰਦਰ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਪਟਵਾਰੀਆਂ ਤੇ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਪ੍ਰਵਾਸੀ ਭਾਰਤੀ ਅਤੇ ਆਮ ਲੋਕ ਆਪਣੇ ਘਰ ਬੈਠੇ ਹੀ ਕੰਪਿਊਟਰ ਰਾਹੀਂ ਆਪਣੀ ਜਮੀਨ ਜਾਇਦਾਦ ਦਾ ਰਿਕਾਰਡ ਚੈਕ ਕਰ ਸਕਦੇ ਹਨ। ਉਨ੍ਹਾਂ ਨੇ ਇਸ ਮੌਕੇ ਤੇ ਵਿਧਾਨ ਸਭਾ ਹਲਕਾ ਮਾਹਿਲਪੁਰ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਲਈ ਇੱਕ ਕਰੋੜ 34 ਲੱਖ ਰੁਪਏ ਦੇ ਚੈਕ ਅਤੇ 3 ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ 3 ਲੱਖ ਰੁਪਏ ਦੇ ਚੈਕ ਵੀ ਤਕਸੀਮ ਕੀਤੇ।
ਸ੍ਰ: ਸੋਹਨ ਸਿੰਘ ਠੰਡਲ ਹਲਕਾ ਵਿਧਾਇਕ ਮਾਹਿਲਪੁਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਮਾਹਿਲਪੁਰ ਦੇ ਸਮੂਹ ਪਿੰਡਾਂ ਤੇ ਕਸਬਿਆਂ ਤੇ ਕਰੋੜਾਂ ਰੁਪਏ ਖਰਚ ਕਰਕੇ ਸਰਵਪੱਖੀ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਇਲਾਕੇ ਲਈ 26 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਕੰਢੀ ਇਲਾਕੇ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦਾ ਸਰਵਪੱਖੀ ਵਿਕਾਸ ਉਦੋਂ ਹੀ ਤੇਜ਼ੀ ਨਾਲ ਹੋਇਆ ਹੈ ਜਦੋਂ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣੀ ਹੈ।
ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਕੁਲ 9 ਫਰਦ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 8 ਕੇਂਦਰਾਂ ਦਾ ਕੰਪਿਊਟਰੀਕਰਨ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮਹਿੰਦਰ ਪਾਲ ਮਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ, ਰਵਿੰਦਰ ਸਿੰਘ ਠੰਡਲ ਨੌਜਵਾਨ ਅਕਾਲੀ ਨੇਤਾ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਪੰਜਾਬ ਜੇਨਕੋ ਲਿਮਟਿਡ, ਇਕਬਾਲ ਸਿੰਘ ਖੇੜਾ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਪਰਮਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਰਣਜੀਤ ਕੌਰ ਐਸ ਡੀ ਐਮ ਗੜ•ਸ਼ੰਕਰ, ਨਿਰਮਲ ਸਿੰਘ ਡੀ ਐਸ ਪੀ, ਰਾਣਾ ਰਣਵੀਰ ਸਿੰਘ, ਮੱਖਣ ਸਿੰਘ ਕੋਠੀ, ਸਤਵਿੰਦਰ ਸਿੰਘ ਬਾਹੋਵਾਲ, ਰਿੰਕੂ ਬੇਦੀ, ਗੁਰਮਿੰਦਰ ਸਿੰਘ, ਹੋਰ ਪਤਵੰਤੇ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਹਾਜ਼ਰ ਸਨ।
No comments:
Post a Comment