ਸ੍ਰੀ ਤਰਨਾਚ ਨੇ ਮੀਟਿੰਗ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਨੂੰ ਰੋਕਣ, ਹੜ੍ਹ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਅਤੇ ਬਰਸਾਤ ਦੇ ਮੌਸਮ ਨਾਲ ਕਿਸੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ 213 ਪਿੰਡਾਂ ਦੀ ਸ਼ਨਾਖਤ ਕਰ ਲਈ ਗਈ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਪਹੁੰਚਾਉਣ ਲਈ ਟਰਾਂਸਪੋਰਟ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਦੇਣ ਲਈ 6 ਫਲੱਡ ਕੰਟਰੋਲ ਰੂਮ ਬਣਾਏ ਗਏ ਹਨ। ਜ਼ਿਲ੍ਹਾ ਫਲੱਡ ਕੰਟਰੋਲ ਰੂਮ ਸਥਾਨਕ ਮਿੰਨੀ ਸਕੱਤਰੇਤ ਵਿੱਖੇ ਬਣਾਇਆ ਗਿਆ ਹੈ। ਇਸ ਕੰਟਰੋਲ ਰੂਮ ਦਾ ਨੰਬਰ 01882-220412 ਹੈ। ਉਨ੍ਹਾਂ ਦੱਸਿਆ ਕਿ ਸਾਰੇ ਫਲੱਡ ਕੰਟਰੋਲ ਰੂਮ 15 ਅਕਤੂਬਰ 2011 ਤੱਕ 24 ਘੰਟੇ ਕੰਮ ਕਰਨਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ-ਆਪਣੇ ਵਿਭਾਗ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਨੂੰ ਮੁਕੰਮਲ ਕਰਕੇ ਜਲਦੀ ਰਿਪੋਰਟ ਕਰਨ ਅਤੇ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਡੈਮਾਂ, ਦਰਿਆਵਾਂ, ਨਹਿਰਾਂ ਅਤੇ ਚੋਆਂ ਦੇ ਪਾਣੀਆਂ ਦੇ ਪੱਧਰ ਦੀ ਰਿਪੋਰਟ ਰੋਜ਼ਾਨਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦੇਣ। ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਦਰਿਆਵਾਂ, ਨਹਿਰਾਂ, ਚੋਆਂ ਅਤੇ ਧੁੱਸੀ ਬੰਨਾਂ ਤੇ 24 ਘੰਟੇ ਪਹਿਰਾ ਦੇਣ ਲਈ ਆਪਣੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ।
ਸ੍ਰੀ ਤਰਨਾਚ ਨੇ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ 12 ਅਲੂਮੀਨੀਅਮ ਦੀਆਂ ਕਿਸ਼ਤੀਆਂ, 110 ਲਾਈਫ ਜੈਕਟਾਂ, ਟੈਂਟਾਂ, ਸਰਚ ਲਾਈਟਾਂ ਅਤੇ ਰੱਸਿਆਂ ਆਦਿ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ 54 ਮੈਡੀਕਲ ਟੀਮਾਂ ਅਤੇ 13 ਕੰਟਰੋਲ ਰੂਮ ਬਣਾਏ ਗਏ ਹਨ। ਇਸੇ ਤਰਾਂ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਦੀਆਂ ਬੀਮਾਰੀਆਂ ਦੇ ਇਲਾਜ ਲਈ 25 ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਬਰਸਾਤ ਦੇ ਮੌਸਮ ਦੌਰਾਨ ਹੈਡਕੁਆਟਰ ਨਹੀਂ ਛੱਡੇਗਾ ਅਤੇ ਆਪਣਾ ਮੋਬਾਇਲ ਚਾਲੂ ਹਾਲਤ ਵਿੱਚ ਰੱਖਣ।
ਐਸ ਐਸ ਪੀ ਹੁਸ਼ਿਆਰਪੁਰ ਸ਼੍ਰੀ ਰਾਕੇਸ਼ ਅਗਰਵਾਲ ਨੇ ਇਸ ਮੌਕੇ ਤੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਸੰਭਾਵਿਤ ਹੜ੍ਹਾਂ ਦੌਰਾਨ ਆਮ ਜਨਤਾ ਨੂੰ ਸਹਾਇਤਾ ਦੇਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਪੂਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਅਧਿਕਾਰੀਆਂ ਨੁੰ ਕਿਹਾ ਕਿ ਬਰਸਾਤ ਦੌਰਾਨ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ, ਚੋਆਂ ਆਦਿ ਦੀ ਸ਼ਨਾਖਤ ਕਰਕੇ ਦੇਣ ਤਾਂ ਜੋ ਇਨ੍ਹਾਂ ਥਾਵਾਂ ਤੇ ਪੁਲਿਸ ਦੇ ਜਵਾਨਾਂ ਨੂੰ ਮੌਕੇ ਤੇ ਲੋਕਾਂ ਨੂੰ ਸਹਾਇਤਾ ਦੇਣ ਲਈ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਹੜ੍ਹਾਂ ਸਬੰਧੀ ਜਾਣਕਾਰੀ ਦੇਣ ਅਤੇ ਸਹਾਇਤਾ ਸਬੰਧੀ ਜ਼ਿਲ੍ਹਾ ਹੈਡਕੁਆਟਰ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦੇ ਫੋਨ ਨੰ: 01882-247506 ਅਤੇ 01882-247508 ਹਨ। ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂਮ ਦੇ 100 ਨੰਬਰ ਤੋਂ ਵੀ ਸੂਚਨਾ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਨੇ ਕੰਢੀ ਨਹਿਰ ਦੀ ਬੁਰਜੀ 64108 ਮੀਟਰ ਤੇ ਬਣੇ ਐਕੁਅਡਕਟ ਦਾ ਦੌਰਾ ਕੀਤਾ । ਇਸ ਮੌਕੇ ਤੇ ਉਨ੍ਹਾਂ ਨਾਲ ਕਾਰਜਕਾਰੀ ਇੰਜੀਨੀਅਰ ਕੰਢੀ ਕੈਨਾਲ ਸ੍ਰੀ ਆਈ ਐਸ ਵਾਲੀਆ, ਕਾਰਜਕਾਰੀ ਇੰਜੀਨੀਅਰ ਡਰੇਨੇਜ਼ ਵਿਭਾਗ ਸ੍ਰੀ ਵੀ ਕੇ ਗੁਪਤਾ, ਉਪ ਮੰਡਲ ਅਫ਼ਸਰ ਐਸ ਐਸ ਕਲਸੀ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਨ ਸਿੰਘ, ਜੂਨੀਅਰ ਇੰਜੀਨੀਅਰ ਸ੍ਰੀ ਜਸਬੀਰ ਸਿੰਘ, ਪ੍ਰਧਾਨ ਨਗਰ ਕੌਂਸਲ ਸ੍ਰੀ ਸ਼ਿਵ ਸੂਦ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ 15 ਜੁਲਾਈ ਨੂੰ ਭੰਗੀ ਚੋਅ ਵਿੱਚ ਆਏ ਹੜ੍ਹ ਨਾਲ ਪ੍ਰਭਾਵਿਤ ਐਕੁਅਡਕਟ ਦੀ ਸਥਿਤੀ ਦਾ ਜਾਇਜ਼ਾ ਲਿਆ । ਕਾਰਜਕਾਰੀ ਇੰਜੀਨੀਅਰ ਕੰਢੀ ਕੈਨਾਲ ਸ੍ਰੀ ਆਈ ਐਸ ਵਾਲੀਆ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਐਕੁਅਡਕਟ ਦੇ ਡਾਊਨ ਸਟਰੀਮ ਤੇ ਕਿਉਨਿਟ ਨਾਂ ਹੋਣ ਕਾਰਨ ਪਾਣੀ ਦੀ ਨਿਕਾਸੀ ਲਈ ਰਾਹ ਨਹੀਂ ਮਿਲਿਆ ਜਿਸ ਕਾਰਨ ਪੂਰੇ ਸਟਰੱਕਚਰ ਵਿੱਚ ਰੇਤਾਂ ਅਤੇ ਮਿੱਟੀ ਜਮ੍ਹਾਂ ਹੋ ਗਈ ਹੈ ਅਤੇ ਕਾਫ਼ੀ ਟੋਹਲਾਂ ਬਿਲਕੁਲ ਬੰਦ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਟੋਹਲਾਂ ਸਾਫ਼ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮੁੱਖ ਇੰਜੀਨੀਅਰ ਕੰਢੀ ਕੈਨਾਲ ਸ੍ਰੀ ਹਰਵਿੰਦਰ ਸਿੰਘ ਨਾਲ ਵੀ ਫੋਨ ਤੇ ਗੱਲ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਡਾਊਨ ਸਟਰੀਮ ਸਾਈਡ ਤੇ ਕਿਊਨਿਟ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤ ਸਾਰੀਆਂ ਟੋਹਲਾਂ ਨੂੰ ਅਗਲੇ 4-5 ਦਿਨਾਂ ਵਿੱਚ ਜੰਗੀ ਪੱਧਰ ਤੇ ਕੰਮ ਕਰਕੇ ਸਾਫ਼ ਕਰ ਦਿੱਤਾ ਜਾਵੇਗਾ ਜਿਸ ਨਾਲ ਹੜ੍ਹ ਦੇ ਪਾਣੀ ਨੂੰ ਕੋਈ ਵੀ ਰੋਕਾਵਟ ਨਹੀਂ ਆਵੇਗੀ। ਡਿਪਟੀ ਕਮਿਸ਼ਨਰ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਦੇ ਪਾਣੀ ਨਾਲ ਭੰਗੀ ਚੋਅ ਦੇ ਪ੍ਰਭਾਵਿਤ ਹੋਏ ਏਰੀਏ ਵਿੱਚ ਸਾਫ਼-ਸਫ਼ਾਈ ਦਾ ਕੰਮ ਚਲ ਰਿਹਾ ਹੈ। ਇਸ ਲਈ ਸ਼ਹਿਰ ਨਿਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
No comments:
Post a Comment