ਕਾਲਜ ਟੀਚਰਾਂ ਵੱਲੋਂ ਇਕ ਦਿਨ ਹੜਤਾਲ

ਤਲਵਾੜਾ, 27 ਫਰਵਰੀ: ਇੱਥੇ ਸਰਕਾਰੀ ਕਾਲਜ ਤਲਵਾੜਾ ਅਧਿਆਪਕਾਂ ਨੇ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ਤੇ ਕਾਲਜ ਵਿਚ ਰਹਿੰਦਿਆਂ ਹੜਤਾਲ ਕੀਤੀ। ਉਹ ਮੰਗ ਕਰ ਰਹੇ ਸਨ ਕਿ ਕਾਲਜਾਂ ਵਿਚ ਅਧਿਆਪਕਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ, ਰਿਟਾਇਰਮੈਂਟ ਦੀ ਉਮਰ 64 ਸਾਲ ਕੀਤੀ ਜਾਵੇ, ਵਧੇ ਗਰੇਡਾਂ ਦੇ ਬਕਾਏ ਤੁਰੰਤ ਦਿੱਤੇ ਜਾਣ ਅਤੇ 20 ਸਾਲ ਦੀ ਨੌਕਰੀ ਵਾਲਿਆਂ ਨੂੰ ਸੇਵਾ ਮੁਕਤੀ ਦੇ ਸਾਰੇ ਲਾਭ ਦਿੱਤੇ ਜਾਣ। ਸਰਕਾਰੀ ਕਾਲਜ ਤਲਵਾੜਾ ਯੂਨਿਟ ਦੇ ਪ੍ਰਧਾਨ ਕਸ਼ਮੀਰੀ ਲਾਲ, ਸਕੱਤਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀਆਂ ਇਹਨਾਂ ਮੰਗਾਂ ਤੇ ਸਰਕਾਰ ਤੁਰੰਤ ਕਾਰਵਾਈ ਕਰੇ।

ਸਰਕਾਰੀ ਮਾਡਲ ਹਾਈ ਸਕੂਲ ਦੀ ਵਿਦਾਇਗੀ ਪਾਰਟੀ

ਤਲਵਾੜਾ, 25 ਫ਼ਰਵਰੀ: ਅੱਜ ਇੱਥੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਚ ਨੌਵੀਂ ਜਮਾਤ ਵੱਲੋਂ ਦਸਵੀਂ ਜਮਾਤ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਇਸ ਮੌਕੇ ਖ਼ੂਬਸੂਰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਵਿਚ ਸ਼ਬਦ ਕੀਰਤਨ ਤੋਂ ਉਪਰੰਤ ਬੱਚਿਆਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਸਕਿੱਟਾਂ ਰਾਹੀਂ ਸਮਾਜਿਕ ਬੁਰਾਈਆਂ ਤੇ ਤਿੱਖੀ ਟਕੋਰ ਕੀਤੀ ਗਈ ਤੇ ਗਿੱਧਾ ਅਤੇ ਅਨੇਕਾਂ ਹੋਰ ਮਨਮੋਹਕ ਵੰਨਗੀਆਂ ਨੇ ਹਾਜਰ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਇਸ ਮੌਕੇ ਸਕੂਲ ਦੇ ਸੀਨੀਅਰ ਅਧਿਆਪਕਾਂ ਰਸ਼ਪਾਲ ਰਾਣਾ, ਰਜਿੰਦਰ ਪ੍ਰਸਾਦ ਅਤੇ ਮਹਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਚੰਗੇਰੇ ਭਵਿੱਖ ਲਈ ਪ੍ਰੇਰਣਾ ਦਿੱਤੀ ਗਈ ਅਤੇ ਮੁੱਖ ਅਧਿਆਪਕਾ ਊਸ਼ਾ ਚੌਧਰੀ ਵੱਲੋਂ ਬੜੇ ਮੋਹ ਭਰੇ ਸ਼ਬਦਾਂ ਨਾਲ ਬੱਚਿਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਅਗਵਾਈ ਦਿੱਤੀ। ਇਸ ਮੌਕੇ ਉਨ੍ਹਾਂ ਨੌਵੀਂ ਦੇ ਇੰਚਾਰਚ ਮੁਲਖਾ ਸਿੰਘ ਅਤੇ ਰਾਕੇਸ਼ ਕੁਮਾਰ ਅਤੇ ਦਸਵੀਂ ਦੇ ਇੰਚਾਰਜ ਕਮਲੇਸ਼ ਕੁਮਾਰੀ ਅਤੇ ਸਵਿਤਾ ਸ਼ਰਮਾ ਦੇ ਉਪਰਾਲਿਆਂ ਅਤੇ ਪ੍ਰੋਗਰਾਮ ਦੀ ਤਿਆਰੀ ਲਈ ਨਵਕਿਰਨ, ਅਮਿਤਾ ਪਾਲ ਤੇ ਰਾਖੀ ਗਰਗ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅਖੀਰ ਵਿਚ ਦਸਵੀਂ ਜਮਾਤ ਵੱਲੋਂ ਬਰਜਿੰਦਰ ਕੌਰ ਵੱਲੋਂ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੀਤ ਕੌਰ, ਸੰਦੀਪ ਕਪਿਲ, ਰਾਜ ਕੁਮਾਰ, ਸੁਰੇਸ਼ ਮਹਿਤਾ, ਰਵੀ ਸ਼ਾਰਦਾ, ਕਾਂਤਾ ਦੇਵੀ, ਪੂਨਮ ਸ਼ਰਮਾ, ਸਮਰਜੀਤ ਸਿੰਘ ਸ਼ਮੀ, ਵਰਿੰਦਰ ਕੁਮਾਰ, ਚੰਦਰ ਸ਼ੇਖਰ, ਦਵਿੰਦਰਪਾਲ ਸਿੰਘ, ਤਰਸੇਮ ਸਿੰਘ, ਰਾਮ ਪ੍ਰਸ਼ਾਦ ਆਦਿ ਸਮੇਤ ਸਮੂਹ ਅਧਿਆਪਕ ਹਾਜਰ ਸਨ।

ਗੈਸਟ ਲੈਕਚਰਾਰ ਯੂਨੀਅਨ ਵੱਲੋਂ ਰੋਸ ਧਰਨਾ

ਤਲਵਾੜਾ, 24 ਫ਼ਰਵਰੀ: ਅੱਜ ਇੱਥੇ ਗੈਸਟ ਲੈਕਚਰਾਰ ਯੂਨੀਅਨ ਸਰਕਾਰੀ ਕਾਲਜ ਪੰਜਾਬ ਦੇ ਸੱਦੇ ਤੇ ਇੱਥੇ ਸਰਕਾਰੀ ਕਾਲਜ ਦੇ ਗੈਸਟ ਲੈਕਚਰਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਘੰਟੇ ਲਈ ਕਲਾਸਾਂ ਦਾ ਬਾਈਕਾਟ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਤਲਵਾੜਾ ਯੂਨਿਟ ਦੇ ਪ੍ਰਧਾਨ ਸ਼੍ਰੀਮਤੀ ਨੀਨਾ ਭਾਰਦਵਾਜ ਅਤੇ ਸਕੱਤਰ ਅਜੇ ਕੁਮਾਰ ਨੇ ਕਿਹਾ ਕਿ ਉਹ ਰੈਗੂਲਰ ਅਧਿਆਪਕਾਂ ਜਿੰਨੀ ਹੀ ਮਿਹਨਤ ਅਤੇ ਸਮਾਂ ਜਮਾਤਾਂ ਨੂੰ ਪੜ੍ਹਾਉਂਦੇ ਹਨ ਪਰੰਤੂ ਉਨ੍ਹਾਂ ਨੂੰ ਨਾਮਾਤਰ ਤਨਖਾਹ ਹੀ ਦਿੱਤੀ ਜਾਂਦੀ ਹੈ ਜੋ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪਾਰਟ ਟਾਈਮ ਲੈਕਚਰਾਰਾਂ ਵਾਂਗ ਤਨਖਾਹ ਮਿਲਣੀ ਚਾਹੀਦੀ ਹੈ ਅਤੇ ਸੇਵਾਵਾਂ ਨੂੰ ਵੀ ਉਨ੍ਹਾਂ ਵਾਂਗ ਰੈਗੂਲਰ ਰੱਖਿਆ ਜਾਣਾ ਚਾਹੀਦਾ ਹੈ। ਇਸ ਧਰਨੇ ਵਿਚ ਰੁਪਾਲੀ ਵਰਮਾ, ਜਸਮੀਤ ਕੌਰ, ਸੁਮਨ ਬਾਲਾ, ਰੀਨਾ ਰਾਣੀ, ਜਸਬੀਰ ਕੌਰ, ਨੀਤਿਕਾ, ਇਕਬਾਲ ਸਿੰਘ ਤੇ ਜਤਿੰਦਰਪਾਲ ਸਿੰਘ ਆਦਿ ਲੈਕਚਰਾਰਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ ਵੱਲੋਂ ਵੀ ਧਰਨਾਕਾਰੀ ਅਧਿਆਪਕਾਂ ਦੇ ਸਮਰਥਨ ਦਾ ਐਲਾਨ ਕੀਤਾ ਗਿਆ।

ਗੜ੍ਹੀ ਬਖਸ਼ਾ ਸਿੰਘ ਤੇ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ






ਤਲਵਾੜਾ, 22 ਫ਼ਰਵਰੀ: ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵਿਚ ਪ੍ਰਿੰਸੀਪਲ ਸੁਜਾਨ ਸਿੰਘ ਦੇ ੧੦੦ਵੇਂ ਜਨਮਦਿਨ ਨੂੰ ਸਮਰਪਿਤ ਕਰੲਵਾਏ ਵਿਸ਼ੇਸ਼ ਸਮਾਗਮ ਦੀਆਂ ਝਲਕਾਂ।

ਇਸ ਸਮਾਗਮ ਵਿਚ ਸ. ਲਾਲ ਸਿੰਘ ਦੀ ਨਵੀਂ ਪੁਸਤਕ 'ਗੜ੍ਹੀ ਬਖਸ਼ਾ ਸਿੰਘ' ਰਿਲੀਜ ਕਰਨ ਉਪਰੰਤ ਇਸ ਤੇ ਗੋਸ਼ਟੀ ਕਰਵਾਈ ਗਈ ਜਿਸ ਵਿਚ ਡਾ ਰਜਨੀਸ਼ ਬਹਾਦਰ ਅਤੇ ਅਨੁਪ ਸਿੰਘ ਨੇ ਪਰਚੇ ਪੜ੍ਹੇ। ਸਮਾਗਮ ਦੇ ਦੂਜੇ ਭਾਗ ਵਿਚ ਪੰਜਾਬੀ ਦੇ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।

5ਵੀਂ ਤੋਂ 12ਵੀਂ ਜਮਾਤਾਂ ਦੀ ਡੇਟਸ਼ੀਟ ਜਾਰੀ

ਪੰਜਵੀਂ ਜਮਾਤ ਦੀ ਡੇਟਸ਼ੀਟ
ਛੇਵੀਂ ਤੋਂ ਨੌਂਵੀਂ ਜਮਾਤ ਦੀ ਡੇਟਸ਼ੀਟ
ਪੰਜਾਬ ਸਕੂਲ ਸਿੱਖਿਆ ਬੋਰਡ PSEB Mohali ਵੱਲੋਂ ਸਾਲ 2010 ਲਈ ਜਾਰੀ 6th, 7th and 9th ਦੀ datesheet

ਡਾ. ਸੁਰਿੰਦਰ ਮੰਡ ਦੇ ਘਰ ਚੋਰੀ; ਸਾਢੇ ਛੱਬੀ ਤੋਲਾ ਸੋਨਾ ਲੈ ਉਡੇ

ਤਲਵਾੜਾ, 22 ਫ਼ਰਵਰੀ: ਅੱਜ ਇੱਥੇ ਉੱਘੇ ਨਿਬੰਧਕਾਰ ਤੇ ਚਿੰਤਕ ਡਾ. ਸੁਰਿੰਦਰ ਮੰਡ ਦੇ ਘਰ ਵਿਚ ਚੋਰੀ ਹੋਣ ਦਾ ਸਮਾਚਾਰ ਹੈ। ਇਸ ਘਟਨਾ ਸਬੰਧੀ ਡਾ. ਮੰਡ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕੱਲ੍ਹ ਬਟਾਲਾ ਵਿਖੇ ਪਰਿਵਾਰ ਸਮੇਤ ਇਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਏ ਸਨ ਅਤੇ ਉੱਥੇ ਕਰਫਿਊ ਕਾਰਨ ਉਹਨਾਂ ਨੂੰ ਉੱਥੇ ਹੀ ਰਾਤ ਰੁਕਣਾ ਪਿਆ। ਅੱਜ ਸਵੇਰੇ ਜਦੋਂ ਇੱਥੇ ਘਰ ਪੁੱਜੇ ਤਾਂ ਵੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਸਮਾਨ ਦੀ ਪੜਚੋਲ ਕਰਨ ਤੇ ਪਤਾ ਲੱਗਾ ਕਿ ਚੋਰਾਂ ਨੇ ਘਰ ਅੰਦਰ ਰੱਖਿਆ ਸਾਢੇ ਛੱਬੀ ਤੋਲੇ ਸੋਨਾ, ਪੰਜ ਹਜਾਰ ਰੁਪਏ ਨਗਦ ਅਤੇ ਦੋ ਘੜੀਆਂ ਚੁਰਾ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅੱਜ ਸਵੇਰੇ ਹੀ ਉਨ੍ਹਾਂ ਥਾਣਾ ਤਲਵਾੜਾ ਵਿਖੇ ਦਰਖਾਸਤ ਦੇ ਦਿੱਤੀ ਅਤੇ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਯਾਤਰਾ ਤੇ ਦੈਨਿਕ ਭੱਤਾ ਮੂਲ ਤਨਖਾਹ ਦੇ ਆਧਾਰ ਤੇ ਨਿਰਧਾਰਿਤ ਕਰੇ ਬੀ. ਬੀ. ਐਮ. ਬੀ. : ਰਵਿੰਦਰ ਰਵੀ

ਤਲਵਾੜਾ, 21 ਫ਼ਰਵਰੀ: ਬੀ. ਬੀ. ਐਮ. ਬੀ. ਵਰਕਰ ਯੂਨੀਅਨ ਇੰਟਕ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਬੀ. ਬੀ. ਐਮ. ਬੀ. ਪ੍ਰਸ਼ਾਸ਼ਨ ਵੱਲੋਂ ਹਾਲ ਹੀ ਵਿਚ ਲਾਗੂ ਕੀਤੇ ਯਾਤਰਾ ਅਤੇ ਦੈਨਿਕ ਭੱਤੇ ਦੇ ਨਵੇਂ ਰੇਟ ਗੈਰਵਾਜਿਬ ਹਨ ਅਤੇ ਕਿਉਂਕਿ ਇਸ ਵਿਚ ਕਰਮਚਾਰੀ ਦੀ ਨਿਊਨਤਮ ਡੇਲੀ ਕੇਵਲ 60 ਰੁਪਏ ਕਰਕੇ ਮੁਲਾਜਮਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘੱਟੋ ਘੱਟ ਡੇਲੀ 150 ਰੁਪਏ ਫਿਕਸ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਗਰੇਡ ਪੇ ਦੇ ਆਧਾਰ ਤੇ ਪੰਜ ਵਰਗਾਂ ਵਿਚ ਵੰਡਣਾ ਵੀ ਸਰਾਸਰ ਨਾਇਨਸਾਫ਼ੀ ਹੈ ਅਤੇ ਗਰੇਡ ਪੇ ਦੀ ਬਜਾਏ ਇਹ ਭੱਤਾ ਮੂਲ ਵੇਤਨ ਦੇ ਅਧਾਰ ਤੇ ਨਿਰਧਾਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਜਥੇਬੰਦਕ ਸੰਘਰਸ਼ ਛੇੜਨਾ ਪੈ ਸਕਦਾ ਹੈ। ਉਨ੍ਹਾਂ ਭਰਾਤਰੀ ਜਥੇਬੰਦੀਆਂ ਨੂੰ ਵੀ ਏਸ ਮਸਲੇ ਦੇ ਹੱਲ ਲਈ ਆਵਾਜ ਬੁਲੰਦ ਕਰਨ ਦੀ ਅਪੀਲ ਕੀਤੀ ਤਾ ਜੋ ਮੁਲਾਜਮ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।

ਬੀ. ਬੀ. ਐਮ. ਬੀ. ਕਰਮਚਾਰੀ ਦੀ ਲਾਸ਼ ਨਹਿਰ ਚੋਂ ਮਿਲੀ

ਤਲਵਾੜਾ, 21 ਫ਼ਰਵਰੀ: ਅੱਜ ਸਵੇਰੇ ਹਾਈਡਲ ਨਹਿਰ ਵਿਚੋਂ ਇੱਕ ਲਾਸ਼ ਮਿਲਣ ਦਾ ਸਮਾਚਾਰ ਹੈ ਜਿਸਦੀ ਪਹਿਚਾਣ ਜੈਵੀਰ ਸਿੰਘ ਪੁੱਤਰ ਵਤਨ ਸਿੰਘ ਵਾਸੀ ਸੈਕਟਰ ਇੱਕ ਤਲਵਾੜਾ ਵਜੋਂ ਕੀਤੀ ਗਈ ਹੈ। ਇਕੱਤਰ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਬੀ. ਬੀ. ਐਮ. ਬੀ. ਦੀ ਇਲੈਕਟ੍ਰੀਕਲ ਡਿਵੀਜ਼ਨ ਤਲਵਾੜਾ ਵਿਚ ਬਤੌਰ ਬੇਲਦਾਰ ਕੰਮ ਕਰਦਾ ਸੀ ਅਤੇ ਸੂਤਰਾਂ ਅਨੁਸਾਰ ਉਹ 12 ਫ਼ਰਵਰੀ ਤੋਂ ਹੀ ਲਾਪਤਾ ਦੱਸਿਆ ਜਾ ਰਿਹਾ ਸੀ। ਜਿਕਰਯੋਗ ਹੈ ਕਿ ਅੱਜ ਸਵੇਰੇ ਜਦੋਂ ਲੋਕਾਂ ਨੇ ਜਦੋਂ ਨਹਿਰ ਵਿਚ ਤੈਰਦੀ ਜਾ ਰਹੀ ਲਾਸ਼ ਵੇਖੀ ਤਾਂ ਤੁਰੰਤ ਫ਼ਾਇਰ ਬ੍ਰਿਗੇਡ ਤਲਵਾੜਾ ਨੂੰ ਸੂਚਿਤ ਕੀਤਾ ਤਾਂ ਜੋ ਉਹ ਲਾਸ਼ ਨੂੰ ਨਹਿਰ ਵਿਚੋਂ ਕੱਢ ਸਕਣ। ਪਰੰਤੂ ਹੈਰਾਨੀ ਦੀ ਗੱਲ ਇਹ ਰਹੀ ਕਿ ਫ਼ਾਇਰ ਬ੍ਰਿਗੇਡ ਵੱਲੋਂ ਇਸ ਮਾਮਲੇ ਵਿਚ ਕੋਈ ਰੁਚੀ ਨਾ ਵਿਖਾਉਂਦੇ ਹੋਏ ਕਥਿਤ ਤੌਰ ਤੇ ਚੁੱਪ ਵੱਟੀ ਰੱਖੀ ਅਤੇ ਆਖਿਰ ਕੁਝ ਘੰਟਿਆਂ ਬਾਦ ਲਾਸ਼ ਪਾਵਰ ਹਾਊਸ ਨੰਬਰ ਇੱਕ ਦੇ ਗੇਟਾਂ ਤੇ ਜਾ ਫ਼ਸੀ। ਜਿੱਥੇ ਮੌਜੂਦ ਕਰਮਚਾਰੀਆਂ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਤੁਰੰਤ ਉਸਦੀ ਪਹਿਚਾਣ ਕਰ ਲਈ ਗਈ ਅਤੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪਰੰਤੂ ਮੌਕੇ ਤੇ ਮੌਜੂਦ ਲੋਕਾਂ ਨੂੰ ਇੱਥੇ ਵੀ ਹੈਰਾਨੀ ਉਦੋਂ ਹੋਈ ਜਦੋਂ ਮੌਕੇ ਤੇ ਹਾਜਰ ਬੀ. ਬੀ. ਐਮ. ਬੀ. ਅਧਿਕਾਰੀ ਵੱਲੋਂ ਗੱਡੀ ਭੇਜਣ ਲਈ ਵਾਰ ਵਾਰ ਫ਼ੋਨ ਕਰਨ ਦੇ ਬਾਵਜੂਦ ਲਾਸ਼ ਚੁੱਕਣ ਲਈ ਕੋਈ ਗੱਡੀ ਨਾ ਪੁੱਜੀ ਤਾਂ ਅਖੀਰ ਢਾਈ ਘੰਟੇ ਬਾਅਦ ਮ੍ਰਿਤਕ ਜੈਵੀਰ ਸਿੰਘ ਦੇ ਸਾਥੀਆਂ ਵੱਲੋਂ ਆਪਣੇ ਪੱਧਰ ਤੇ ਹੀ ਆਟੋ ਰਿਕਸ਼ਾ ਮੰਗਵਾ ਕੇ ਲਾਸ਼ ਚੁੱਕੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇੱਥੇ ਜੇ. ਈ. ਦੀ ਲਾਸ਼ ਇਸੇ ਨਹਿਰ ਵਿਚੋਂ ਬਰਾਮਦ ਕਰਨ ਲਈ ਬੀ. ਬੀ. ਐਮ. ਬੀ. ਦਾ ਪੂਰਾ ਪ੍ਰਸ਼ਾਸ਼ਨ ਸਾਰੀ ਮਸ਼ੀਨਰੀ ਸਮੇਤ ਪੱਬਾਂ ਭਾਰ ਵਿਖਾਈ ਦਿੱਤਾ ਪਰੰਤੂ ਅੱਜ ਇਸ ਦੇ ਬਿਲਕੁਲ ਉਲਟ ਜਿਸ ਤਰਾਂ ਬੀ. ਬੀ. ਐਮ. ਬੀ. ਦੇ ਅਫ਼ਸਰਾਂ ਦਾ ਰਵੱਈਆ ਕਾਫ਼ੀ ਹੈਰਾਨੀਜਨਕ ਢੰਗ ਨਾਲ ਬੇਰੁਖੀ ਵਾਲਾ ਰਿਹਾ। ਇਸ ਸਬੰਧੀ ਮਹਿਕਮੇ ਦਾ ਪੱਖ ਜਾਨਣ ਲਈ ਅਨੇਕਾਂ ਯਤਨਾਂ ਦੇ ਬਾਵਜੂਦ ਕਿਸੇ ਸੀਨੀਅਰ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ। ਲੋਕਾਂ ਵਿਚ ਇਸ ਗੱਲ ਦੀ ਭਾਰੀ ਚਰਚਾ ਹੈ।

ਮਸ਼ਾਲ ਰੈਲੀ ਦਾ ਤਲਵਾੜਾ ਵਿਚ ਜੋਰਦਾਰ ਸਵਾਗਤ

ਤਲਵਾੜਾ, 21 ਫ਼ਰਵਰੀ: ਸਰਵ ਸਿੱਖਿਆ ਮੁਹਿੰਮ ਦੇ ਤਹਿਤ ਇੱਥੇ ਪੁੱਜੀ ਮਸ਼ਾਲ ਰੈਲੀ ਦਾ ਲੋਕਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਬਲਾਕ ਪ੍ਰਾਇਮਰੀ ਅਧਿਕਾਰੀ
ਸ਼੍ਰੀਮਤੀ ਭੂਪੇਸ਼ ਕੁਮਾਰੀ, ਨੋਡਲ ਅਫ਼ਸਰ ਪੂਨਮ ਪਾਂਧੀ, ਬੀ. ਐਮ. ਟੀ. ਸਤਵਿੰਦਰ ਸਿੰਘ ਤੇ ਬੀ. ਪੀ. ਸੀ. ਖੁਸ਼ਹਾਲ ਸਿੰਘ ਦੀ ਅਗਵਾਈ ਹੇਠ ਬਲਾਕ ਤਲਵਾੜਾ ਦੇ ਸਾਰੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਇਸ ਮੌਕੇ ਲੋਕਾਂ ਨੂੰ ਨਵੇਂ ਵਿੱਦਿਅਕ ਸ਼ੈਸ਼ਨ ਵਿਚ ਆਪਣੇ 6 ਤੋਂ 14 ਸਾਲ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦਾ ਸੁਨੇਹਾ ਦਿੱਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਸਕੂਲਾਂ ਵਿਚ ਮੁਫ਼ਤ ਤੇ ਵਧੀਆ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਕਿਤਾਬਾਂ, ਸਿੱਖਿਆ, ਵਿੱਦਿਅਕ ਟੂਰ, ਡਾਕਟਰੀ ਸਹੂਲਤਾਂ, ਦੁਪਿਹਰ ਦਾ ਖਾਣਾ, ਕੰਪਿਊਟਰ ਸਿੱਖਿਆ, ਅਨੁਸੂਚਿਤ ਤੇ ਪੱਛੜੀ ਜਾਤੀ ਬੱਚਿਆਂ ਲਈ ਵਜੀਫ਼ਾ, ਲਾਇਬਰੇਰੀ ਸਹੂਲਤਾਂ ਅਤੇ ਅੰਗਹੀਣਾਂ ਲਈ ਵਿਸ਼ੇਸ਼ ਸਹੂਲਤਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸਬਜ਼ੀ ਮੰਡੀ ਚੌਂਕ ਵਿਚ ਪ੍ਰਾਜੈਕਟਰ ਤੇ ਪ੍ਰੇਰਣਾਮਈ ਫ਼ਿਲਮਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

ਪੁਸਤਕ ਗੋਸ਼ਟੀ ਤੇ ਸਨਮਾਨ ਸਮਾਰੋਹ ੨੦ ਨੂੰ

ਤਲਵਾੜਾ, 8 ਫਰਵਰੀ: ਪੰਜਾਬੀ ਸਾਹਿਤ ਸਭਾ ਜੀ. ਟੀ. ਬੀ. ਬੀ. ਐਡ. ਕਾਲਜ ਦਸੂਹਾ ਅਤੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਲੋਂ ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸੁਜਾਨ ਸਿੰਘ ਦੇ ੧੦੦ਵੇਂ ਜਨਮ ਵਰ੍ਹੇ ਨੁੰ ਸਮਰਪਿਤ ਪੁਸਤਕ ਗੋਸ਼ਟੀ ਤੇ ਸਨਮਾਨ ਸਮਾਰੋਹ ਮਿਤੀ 20 ਫ਼ਰਵਰੀ ਨੂੰ ਸਵੇਰੇ 10 ਵਜੇ ਗੁਰੂ ਤੇਗ ਬਹਾਦੁਰ ਬੀ. ਐਡ. ਕਾਲਜ ਦਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਭਾ ਦੇ ਆਗੂ ਪ੍ਰੋਂ. ਬਲਦੇਵ ਸਿੰਘ ਬੱਲੀ, ਪ੍ਰੋ. ਅਨੂਪ ਸਿੰਘ ਨੇ ਦਿੰਦਿਆਂ ਕਿਹਾ ਕਿ ਏਸ ਸਮਾਰੋਹ ਵਿਚ ਮਾਸਟਰ ਲਾਲ ਸਿੰਘ ਦੀ ਕਹਾਣੀ ਪੁਸਤਕ ' ਗੜੀ ਬਖਸ਼ਾ ਸਿੰਘ ' ਤੇ ਸਮੀਖਿਆ ਪਰਚੇ ਡਾ. ਰਜਨੀਸ਼ ਬਹਾਦਰ ਸਿੰਘ ਤੇ ਡਾ. ਅਨੂਪ ਸਿੰਘ ਪੜ੍ਹਨਗੇ।

ਬੱਸ ਕਿਰਾਏ ਵਿਚ ਵਾਧੇ ਵਿਰੁੱਧ ਕੀਤਾ ਚੱਕਾ ਜਾਮ

ਤਲਵਾੜਾ, 3 ਫ਼ਰਵਰੀ: ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਅੱਜ ਇੱਥੇ ਆਈ. ਟੀ. ਆਈ. ਤੇ ਸਰਕਾਰੀ ਕਾਲਜ ਤਲਵਾੜਾ ਦੇ ਵਿਦਿਆਰਥੀਆਂ ਨੇ ਮੁੱਖ ਸੜਕ ਤੇ ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ। ਮੁਜਾਹਰਾਕਾਰੀ ਅਨੁਸਾਰ ਸਰਕਾਰ ਵੱਲੋਂ ਇੱਕ ਪਾਸੇ ਬੱਸ ਕਿਰਾਇਆ ਵਧਾ ਦਿੱਤਾ ਹੈ ਦੂਜੇ ਪਾਸੇ ਵਿਦਿਆਰਥੀਆਂ ਦੇ ਬੱਸ ਪਾਸ ਬਣਾਉਣੇ ਬੰਦ ਕਰ ਦਿੱਤੇ ਹਨ, ਜਿਸ ਨਾਲ ਰੋਜ਼ਾਨਾ ਪੜ੍ਹਨ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਤੋਂ ਇਲਾਵਾ ਪਾੜ੍ਹੇ ਅੱਧਾ ਕਿਰਾਇਆ ਦੇਣ ਲਈ ਤਿਆਰ ਹੁੰਦੇ ਹਨ ਤਾਂ ਵੀ ਕੰਡਕਟਰਾਂ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਅੱਡੇ ਤੇ ਉਤਾਰਨ ਦੀ ਥਾਂ ਅੱਗੇ ਪਿੱਛੇ ਬੱਸ ਰੋਕਦੇ ਹਨ ਜਿਸ ਨਾਲ ਖਾਸ ਕਰਕੇ ਲੜਕੀਆਂ ਨੂੰ ਬੇਹੱਦ ਤੰਗੀ ਹੁੰਦੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਜਿੱਥੇ ਕਿਰਾਏ ਵਿਚ ਵਾਧਾ ਵਾਪਸ ਲੈਣਾ ਚਾਹੀਦਾ ਹੈ ਉੱਥੇ ਬੱਸ ਪਾਸ ਉੱਤੇ ਪਹਿਲਾਂ ਮਿਲਦੀ ਅੱਧੇ ਕਿਰਾਏ ਦੀ ਸਹੂਲਤ ਵੀ ਬਹਾਲ ਕੀਤੀ ਜਾਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਕਰੀਬ ਡੇਢ ਘੰਟੇ ਤੱਕ ਸੜਕ ਤੇ ਚੱਕਾ ਜਾਮ ਕਾਰਨ ਗੱਡੀਆਂ ਦੀਆਂ ¦ਮੀਆਂ ਲਾਈਨਾਂ ਲੱਗ ਗਈਆਂ ਮਗਰੋਂ ਨਾਇਬ ਤਹਿਸੀਲਦਾਰ ਪ੍ਰੇਮ ਚੰਦ ਵੱਲੋਂ ਉਨ੍ਹਾਂ ਦੀਆਂ ਮੰਗਾਂ ਉੱਪਰ ਪਹੁੰਚਾਣ ਦੇ ਭਰੋਸੇ ਮਗਰੋਂ ਜਾਮ ਖੋਲ੍ਹ ਦਿੱਤਾ ਗਿਆ।

ਕੇਂਦਰ ਵੱਲੋਂ ਪੰਜਾਬ ਨਾਲ ਨਰੇਗਾ ਸਕੀਮ ਵਿਚ ਵੱਡਾ ਵਿਤਕਰਾ: ਸਾਹੀ

ਤਲਵਾੜਾ, 2 ਫ਼ਰਵਰੀ: ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਨੇ ਅੱਜ ਇੱਥੇ ਪੰਚਾਇਤ ਸੰਮਤੀ ਰੈਸਟ ਹਾਊਸ ਤਲਵਾੜਾ ਵਿਖੇ ਬਲਾਕ ਤਲਵਾੜਾ ਦੀਆਂ ਪੰਚਾਇਤਾਂ ਤੇ ਹੋਰ ਸੰਸਥਾਵਾਂ ਨੂੰ ਵੱਖ ਵੱਖ ਵਿਕਾਸ ਯੋਜਨਾਵਾਂ ਤਹਿਤ ਚੈ¤ਕ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸ. ਸਾਹੀ ਨੇ ਕਿਹਾ ਕਿ ਤਲਵਾੜਾ ਦੇ ਲੋਕਾਂ ਵੱਲੋਂ ਤਲਵਾੜਾ ਨੂੰ ਨੋਟੀਫ਼ਾਈਡ ਏਰੀਆ ਕਮੇਟੀ ਬਣਾਉਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਇੱਕ ਮਹੀਨੇ ਦੇ ਅੰਦਰ ਹੀ ਫ਼ੈਸਲਾ ਐਲਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਤਲਵਾੜਾ ਕਲੌਨੀ ਵਿਚ ਖਾਲੀ ਪਏ ਕਵਾਟਰਾਂ ਦਾ ਮਸਲਾ ਵੀ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਸ. ਸਾਹੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਨਰੇਗਾ ਸਕੀਮ ਵਿਚ ਭਾਰੀ ਵਿਤਕਰਾ ਕੀਤਾ ਗਿਆ ਹੈ ਅਤੇ 39 ਹਜਾਰ ਕਰੋੜ ਰੁਪਏ ਵਿਚੋਂ ਪੰਜਾਬ ਨੂੰ ਕੇਵਲ 60 ਕਰੋੜ ਰੁਪਿਆ ਹੀ ਦਿੱਤਾ ਗਿਆ ਜੋ ਕਿ ਸ਼ਰੇਆਮ ਬੇਇਨਸਾਫ਼ੀ ਹੈ ਤੇ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਸੰਚਾਲਨ ਕਰ ਰਹੀ ਕਾਂਗਰਸ ਪਾਰਟੀ ਨੂੰ ਪੰਜਾਬ ਨਾਲ ਕਿੰਨਾ ਕੁ ਹਿਤ ਹੈ। ਸ. ਸਾਹੀ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਪੰਜਾਬ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਗਈ ਸਗੋਂ ਗੁੰਡਾਗਰਦੀ ਤੇ ਫਿਰਕੂ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਤੇ ਹੀ ਜੋਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਕਦੇ ਦੇਸ਼ ਦਾ ਪਹਿਲੇ ਨੰਬਰ ਤੇ ਰਹਿਣ ਵਾਲਾ ਸੂਬਾ ਪੰਜਾਬ ਹੁਣ ਸੂਬਿਆਂ ਦੀ ਸੂਚੀ ਵਿਚ ਕਿਧਰੇ ਗੁਆਚ ਗਿਆ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੂਰੀ ਤਨਦੇਹੀ ਨਾਲ ਆਪਣੇ ਰਾਜ ਨਹੀਂ ਸੇਵਾ ਦੇ ਸੰਕਲਪ ਤੇ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਸਦਕਾ ਸੂਬੇ ਵਿਚ ਅਮਨ ਅਤੇ ਆਰਥਿਕਤਾ ਦੀ ਲੀਹੋਂ ਲੱਥੀ ਗੱਡੀ ਨੂੰ ਮੁੜ ਕਾਇਮ ਕਰਨ ਦੀ ਦਿਸ਼ਾ ਵਿਚ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ. ਐਸ. ਕੰਗ ਐਕਸੀਅਨ ਪਬਲਿਕ ਹੈਲਥ, ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ, ਦਲਜੀਤ ਜੀਤੂ ਚੇਅਰਮੈਨ ਸਮੇਤ ਕਈ ਹੋਰ ਸਰਗਰਮ ਭਾਜਪਾ ਆਗੂ, ਸਰਕਾਰੀ ਅਧਿਕਾਰੀ, ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।

ਅਧਿਆਪਕ ਆਗੂ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ

ਤਲਵਾੜਾ, 2 ਫ਼ਰਵਰੀ: ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਮਾਸਟਰ ਸ਼ਿਵ ਕੁਮਾਰ ਸ਼ਰਮਾ ਨੇ ਅੱਜ ਇੱਥੇ ਜਾਰੀ ਸ਼ੋਕ ਸੁਨੇਹੇ ਵਿਚ ਜਥੇਬੰਦੀ ਦੇ ਸਰਗਰਮ ਆਗੂ ਰਹੇ ਮਾਸਟਰ ਰਾਮ ਸਰੂਪ ਦੇ ਸਦੀਵੀ ਵਿਛੋੜੇ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਵ. ਰਾਮ ਸਰੂਪ ਨੇ 35 ਸਾਲ ਤੋਂ ਵੱਧ ਸਮਾਂ ਬਤੌਰ ਹਿੰਦੀ ਅਧਿਆਪਕ ਲੰਮੀ ਤੇ ਬੇਦਾਗ ਸੇਵਾ ਤੋਂ ਫ਼ਾਰਗ ਹੋਣ ਉਪਰੰਤ ਵੀ ਪੂਰੀ ਤਨਦੇਹੀ ਨਾਲ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਵਿਛੋੜੇ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਸ਼ਪਾਲ, ਨਰਦੇਵ ਸਿੰਘ, ਕੁਲਵੰਤ ਸਿੰਘ, ਮੁਲਖਾ ਸਿੰਘ, ਮੁਲਖ ਰਾਜ ਆਦਿ ਨੇ ਸ਼੍ਰੀ ਰਾਮ ਸਰੂਪ ਦੀ ਮੌਤ ਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਸਵ. ਰਾਮ ਸਰੂਪ ਨੇ ਲੰਮੇ ਸਮੇਂ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ੧ ਤਲਵਾੜਾ ਵਿਚ ਕੰਮ ਕੀਤਾ।

ਸਰਵਹਿੱਤਕਾਰੀ ਸਕੂਲ ਵੱਲੋ. ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ

ਤਲਵਾੜਾ, 2 ਫ਼ਰਵਰੀ: ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵੱਲੋਂ ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨਾਲੌਜੀ ਦੇ ਦਿਸ਼ਾ ਨਿਰਦੇਸ਼ਾਂ ਤੇ Climate Change ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਕਿਹਾ ਕਿ ਭਾਰਤੀ ਜੀਵਨ ਸ਼ੈਲੀ ਤੇ ਪਹਿਰਾ ਦੇ ਕੇ ਧਰਤੀ ਨੂੰ ਪ੍ਰਦੂਸ਼ਨ ਮੁਕਤ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਤੇ ਰਿਸ਼ੀਆਂ ਮੁਨੀਆਂ ਨੇ ਪੰਜ ਤੱਤਾਂ ਵਿੱਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਨੂੰ ਪੂਜਾ ਨਾਲ ਜੋੜਦੇ ਹੋਏ ਕੁਦਰਤ ਨੂੰ ਦੇਵੀ ਦੀ ਉਪਾਧੀ ਦੇ ਕੇ ਵਿਸ਼ਵ ਕਲਿਆਣ ਦਾ ਮੁੱਢ ਬੰਨਿ੍ਆ। ਲੇਖਕ ਤੇ ਬੁੱਧੀਜੀਵੀ ਸ਼੍ਰੀ ਧਰਮਪਾਲ ਸਾਹਿਲ ਨੇ ਕਿਹਾ ਕਿ ਘਰੇਲੂ ਕੂੜੇ ਕਰਕਟ ਦੇ ਸਹੀ ਪ੍ਰਬੰਧਾਂ ਨਾਲ ਵਾਤਾਵਰਨ ਸਾਫ਼ ਸੁਥਰਾ ਰੱਖਣ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਸਕਦਾ ਹੈ।
ਮੁੱਖ ਮਹਿਮਾਨ ਓ. ਪੀ. ਸ਼ਰਮਾ ਵਧੀਕ ਚੀਫ਼ ਇੰਜੀਨੀਅਰ ਬਿਆਸ ਡੈਮ ਨੇ ਸਕੂਲ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈ ਰੱਖਣ ਦੇ ਮੰਤਵ ਨਾਲ ਪੌਲੀਥੀਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ।

ਇਸ ਸੈਮੀਨਾਰ ਨੂੰ ਈਕੋ ਕਲੱਬ ਦੀ ਵਿਦਿਆਰਥੀ ਸੰਯੋਜਕ ਸ਼ਿਪਰਾ ਸ਼ਰਮਾ, ਇੰਚਾਰਜ ਮੁਨੀਸ਼ ਕਸ਼ਿਅਪ ਨੇ ਵਿਸ਼ੇ ਤੇ ਬਾਖੂਬੀ ਰੌਸ਼ਨੀ ਪਾਈ। ਇਸ ਮੌਕੇ ਵੱਡੀ ਗਿਣਤੀ ਵਿਚ ਬੁੱਧੀਜੀਵੀ, ਪਤਵੰਤੇ ਹਾਜਰ ਸਨ।

ਹੋਣਹਾਰ ਵਿਦਿਆਰਥੀ ਅਨਮੋਲ ਸ਼ਾਰਦਾ ਨੂੰ ਸਨਮਾਨਿਤ ਕੀਤਾ

ਤਲਵਾੜਾ, 1 ਫ਼ਰਵਰੀ : ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀ ਅਨਮੋਲ ਸ਼ਾਰਦਾ ਨੂੰ ਪੰਜਵੀਂ ਬੋਰਡ ੨੦੦੯ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਨਮੋਲ ਸ਼ਾਰਦਾ ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਪੂਰੇ ਖੇਤਰ ਦਾ ਨਾਂ ਰੌਸ਼ਨ ਕੀਤਾ।
ਅਨਮੋਲ ਸ਼ਾਰਦਾ ਨੂੰ ਸਨਮਾਨਿਤ ਕਰਦੇ ਹੋਏ ਡੀ. ਸੀ. ਹੁਸ਼ਿਆਰਪੁਰ ਮੇਘ ਰਾਜ, ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਤੇ ਹੋਰ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)