ਨਰੇਸ਼ ਗੁਪਤਾ ਨੇ ਦੁਬਾਰਾ ਸੰਭਾਲਿਆ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਵਜੋਂ ਕਾਰਜਭਾਰ


ਹੁਸ਼ਿਆਰਪੁਰ, 8 ਜਨਵਰੀ: ਸ੍ਰੀ ਨਰੇਸ਼ ਗੁਪਤਾ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਵਜੋਂ ਦੁਬਾਰਾ ਕਾਰਜਭਾਰ ਸੰਭਾਲ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਕ ਗੁੰਮਨਾਮ ਸ਼ਿਕਾਇਤ ਦੇ ਆਧਾਰ 'ਤੇ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਮਾਲ ਅਫ਼ਸਰ ਕੋਲੋਂ ਜਾਂਚ ਕਰਵਾਈ ਗਈ ਸੀ, ਜਿਸ ਵਿੱਚ ਲਗਾਏ ਗਏ ਸਾਰੇ ਐਲੀਗੇਸ਼ਨ ਬੇ-ਬੁਨਿਆਦ ਪਾਏ ਗਏ। ਉਨ੍ਹਾਂ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੀ ਹਦਾਇਤ ਅਨੁਸਾਰ ਉਨ੍ਹਾਂ ਨੇ ਦੁਬਾਰਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ।

                       ਜ਼ਿਕਰਯੋਗ ਹੈ ਕਿ 6 ਦਸੰਬਰ 2017 ਨੂੰ ਇਕ ਗੁੰਮਨਾਮ ਸ਼ਿਕਾਇਤ ਸਬੰਧੀ ਨੈਤਿਕਤਾ ਦੇ ਆਧਾਰ 'ਤੇ ਸ੍ਰੀ ਨਰੇਸ਼ ਗੁਪਤਾ ਨੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਜਾਂਚ ਦੌਰਾਨ ਰਿਲੀਵ ਕਰਨ ਦੀ ਬੇਨਤੀ ਕੀਤੀ ਸੀ, ਜਿਸ ਦੇ ਆਧਾਰ 'ਤੇ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਰਿਲੀਵ ਕਰਨ ਦੀ ਬੇਨਤੀ ਸਵੀਕਾਰ ਕਰਦੇ ਹੋਏ ਉਨ੍ਹਾਂ ਨੂੰ ਰਿਲੀਵ ਕਰਕੇ ਜਾਂਚ ਡੀ.ਆਰ.ਓ. ਨੂੰ ਸੌਂਪ ਦਿੱਤੀ ਗਈ ਸੀ।

ਸਖਤ ਮਿਹਨਤ ਨਾਲ ਹਰ ਮੁਕਾਮ ਹਾਸਲ ਕਰ ਸਕਦੀਆਂ ਨੇ ਲੜਕੀਆਂ : ਡਿਪਟੀ ਕਮਿਸ਼ਨਰ



  • ਮਾਪੇ ਲੜਕੀਆਂ ਨੂੰ ਬੋਝ ਨਾ ਸਮਝਦੇ ਹੋਏ ਵੱਧ ਤੋਂ ਵੱਧ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਨ : ਕਲੇਰ

  • ਵਧੀਕ ਡਿਪਟੀ ਕਮਿਸ਼ਨਰ ਨੇ ਸ਼ੁਰੂ ਕੀਤੀ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਨਿਵੇਕਲੀ ਪਹਿਲ

ਹੁਸ਼ਿਆਰਪੁਰ, 8 ਜਨਵਰੀ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਜਿਥੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਉਨ੍ਹਾਂ ਵਲੋਂ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਇਕ ਨਿਵੇਕਲੀ ਪਹਿਲ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲਾਂ ਦੀਆਂ ਲੜਕੀਆਂ ਨੂੰ ਏ.ਡੀ.ਸੀ. (ਜ) ਸ੍ਰੀਮਤੀ ਅਨੁਪਮ ਕਲੇਰ ਵਲੋਂ ਪੜ੍ਹਾਈ ਦੇ ਖੇਤਰ ਵਿੱਚ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਲੜਕੀਆਂ ਸਖਤ ਮਿਹਨਤ ਕਰਕੇ ਉਚ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਮਿਹਨਤ ਦਾ ਲੜ ਕਦੇ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਹੀ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਹੇਜ
ਅਤੇ ਲੜਕੀਆਂ ਨੂੰ ਕੁੱਖ ਵਿੱਚ ਮਾਰਨ ਵਰਗੀਆਂ ਸਮਾਜਿਕ ਬੁਰਾਈਆਂ ਖਿਲਾਫ਼ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਮੌਕੇ ਪ੍ਰਦਾਨ ਕਰਨ ਨਾਲ ਹੀ ਉਹ ਆਪਣੇ-ਆਪ ਨੂੰ ਸਿੱਧ ਕਰ ਸਕਦੀਆਂ ਹਨ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ।


                       ਉਧਰ ਅੱਜ ਪੀ.ਸੀ.ਐਸ. ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲੀ ਦੀਆਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੜਕੀਆਂ ਸਖਤ ਮਿਹਨਤ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਹਰ ਮੰਜ਼ਿਲ ਸਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੜਕੀਆਂ ਨੂੰ ਬੋਝ ਨਾ ਸਮਝਦੇ ਹੋਏ ਪੜ੍ਹਾਈ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਦਸਵੀਂ ਤੋਂ ਬਾਅਦ ਰੁਚੀ ਅਨੁਸਾਰ ਪੜ੍ਹਾਈ ਦਾ ਖੇਤਰ ਚੁਣ ਲੈਣਾ ਚਾਹੀਦਾ ਹੈ, ਤਾਂ ਜੋ ਉਸੇ ਖੇਤਰ ਵਿੱਚ ਸਿੱਖਿਆ ਹਾਸਲ ਕਰਕੇ ਸਫ਼ਲਤਾ ਪ੍ਰਾਪਤ ਕੀਤੀ ਜਾ ਸਕੇ।

                       ਸ੍ਰੀਮਤੀ ਅਨੁਪਮ ਕਲੇਰ ਨੇ ਕਿਹਾ ਕਿ ਆਈ.ਏ.ਐਸ., ਆਈ.ਪੀ.ਐਸ. ਅਤੇ ਪੀ.ਸੀ.ਐਸ. ਵਰਗੇ ਮੁਕਾਬਲਿਆਂ ਨੂੰ ਸਰ ਕਰਨ ਲਈ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਬਰੀਕੀ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਪੜ੍ਹਾਈ ਸਬੰਧੀ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਿਸੇ ਵੀ ਵੇਲੇ ਉਨ੍ਹਾਂ ਨਾਲ ਸੰਪਰਕ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਮੋਟੀਵੇਟ ਕਰਨ ਦੀ ਵਿੱਢੀ ਮੁਹਿੰਮ ਤਹਿਤ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਇਸੇ ਤਰ੍ਹਾਂ ਉਤਸ਼ਾਹਿਤ ਕਰਦੇ ਰਹਿਣਗੇ। ਇਸ ਮੌਕੇ ਵਿਦਿਆਰਥਣਾਂ ਨੇ ਵੀ ਬਿਨ੍ਹਾਂ ਕਿਸੇ ਹਿਚਕਚਾਹਟ ਏ.ਡੀ.ਸੀ. ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।  ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ ਵੀ ਹਾਜ਼ਰ ਸਨ।

ਸਿਹਤ ਸੰਭਾਲ ਲਈ ਖੇਡ ਅਤੇ ਸਰੀਰਕ ਗਤੀਵਿਧੀਆਂ ਅਤਿ ਜ਼ਰੂਰੀ : ਡਿਪਟੀ ਕਮਿਸ਼ਨਰ



  • ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਹਰੀ ਝੰਡੀ ਦਿਖਾ ਕੇ ਕੀਤਾ ਹਾਫ ਮੈਰਾਥਨ ਦੌੜ ਨੂੰ ਰਵਾਨਾ

  • ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਕਰਵਾਈ ਗਈ ਦੂਜੀ ਹਾਫ਼ ਮੈਰਾਥਨ ਦੌੜ ਵਿੱਚ ਲਿਆ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਹਿੱਸਾ

ਹੁਸ਼ਿਆਰਪੁਰ, 7 ਜਨਵਰੀ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਹੁਸ਼ਿਆਰਪੁਰ ਸਪੋਰਟਸ ਕਲੱਬ ਵਲੋਂ ਕਰਵਾਈ ਗਈ ਦੂਜੀ ਹੁਸ਼ਿਆਰਪੁਰ ਹਾਫ਼
ਮੈਰਾਥਨ ਦੌੜ ਨੂੰ ਸੰਯੁਕਤ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹਾਫ਼ ਮੈਰਾਥਨ ਦੌੜ ਵਿੱਚ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮ: ਤੋਂ ਸ੍ਰੀ ਜੇ.ਐਸ. ਚੌਹਾਨ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। 'ਰਨ ਫਾਰ ਹੈਲਥ' ਦਾ ਸੰਦੇਸ਼ ਦਿੰਦੀ ਹੋਈ ਇਹ ਦੌੜ ਸਰਵਿਸ ਕਲੱਬ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ, ਫਗਵਾੜਾ ਚੌਕ, ਘੰਟਾ ਘਰ ਚੌਕ, ਸ਼ਿਮਲਾ ਪਹਾੜੀ ਚੌਕ, ਬੁਲਾਂਵਾੜੀ ਚੌਕ, ਵਣ ਚੇਤਨਾ ਪਾਰਕ ਸਮੇਤ ਵੱਖ-ਵੱਖ ਰੂਟਾਂ 'ਤੇ ਰਵਾਨਾ ਹੁੰਦੀ ਹੋਈ ਵਾਪਸ ਸਰਵਿਸ ਕਲੱਬ ਵਿਖੇ ਸਮਾਪਤ ਹੋਈ। ਇਸ ਮੈਰਾਥਨ ਦੌੜ ਵਿੱਚ 5 ਸਾਲ ਦੇ ਬੱਚੇ ਤੋਂ ਲੈ ਕੇ 86 ਸਾਲ ਦੇ ਬਜ਼ੁਰਗਾਂ ਨੇ ਹਿੱਸਾ ਲੈ ਕੇ ਸਾਰਿਆਂ ਨੂੰ ਸਿਹਤ ਸੰਭਾਲ ਲਈ ਆਪਣੇ ਜੀਵਨ ਵਿੱਚ ਖੇਡ ਨੂੰ ਅਪਨਾਉਂਦੇ ਹੋਏ ਤੰਦਰੁਰਸਤ ਰਹਿਣ ਦਾ ਸੰਦੇਸ਼ ਦਿੱਤਾ। 


         ਇਸ ਦੌਰਾਨ ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨੁੱਖ ਨੂੰ ਸਿਹਤ ਸੰਭਾਲ ਲਈ ਕੁਝ ਨਾ ਕੁਝ ਸਰੀਰਕ ਗਤੀਵਿਧੀ ਜ਼ਰੂਰ ਕਰਨੀ ਚਾਹੀਦੀ ਹੈ। ਅੱਜ ਦੀ ਅਰਾਮਦਾਇਕ ਜੀਵਨ ਸ਼ੈਲੀ ਨਾਲ ਅਸੀਂ ਬੀਮਾਰੀਆਂ ਦੀ ਗ੍ਰਿਫਤ ਵਿੱਚ ਤੇਜ਼ੀ ਨਾਲ ਆ ਰਹੇ ਹਾਂ। ਸਰੀਰਕ ਗਤੀਵਿਧੀਆਂ ਨਾ ਕੇਵਲ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਬਲਕਿ ਗੰਭੀਰ ਬੀਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਉਨ੍ਹਾਂ ਨੇ ਹੁਸ਼ਿਆਰਪੁਰ

ਸਪੋਰਟਸ ਕਲੱਬ ਵਲੋਂ ਕੱਢੀ ਗਈ 'ਰਨ ਫਾਰ ਹੈਲਥ' ਦਾ ਸੰਦੇਸ਼ ਦਿੰਦੇ ਹੋਏ ਇਸ ਰੈਲੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸਿਹਤ ਸੰਭਾਲ ਲਈ ਰੋਜ਼ਾਨਾ ਕੋਈ ਨਾ ਕੋਈ ਖੇਡ ਅਪਨਾਉਣ ਦੀ ਅਪੀਲ ਕੀਤੀ।  ਇਸ ਉਪਰੰਤ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਵੀ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਅੱਗੇ ਵੱਧਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਦੀ ਸਿਹਤ ਵਧੀਆ ਹੈ, ਤਾਂ ਹੀ ਉਹ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਦਾ ਹੈ। ਸਾਨੂੰ ਸੰਤ, ਮਹਾਂਪੁਰਖਾਂ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਸਿਹਤ ਤੋਂ ਵੱਧ ਕੇ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਹੀਂ ਹੈ। ਇਸ ਲਈ ਸਾਨੂੰ ਆਪਣੀ ਸਿਹਤ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ।


         ਇਸ ਦੌਰਾਨ ਕਰਵਾਈ ਗਈ ਹਾਫ਼ ਮੈਰਾਥਨ ਦੌੜ ਵਿੱਚ 2 ਕਿਲੋਮੀਟਰ ਵਰਗ ਵਿੱਚ ਅਧੀਰਾਜ ਕੁਮਾਰ ਸੂਦ, 5 ਕਿਲੋਮੀਟਰ ਵਰਗ ਵਿੱਚ ਵਿਸ਼ਵ ਕੁਮਾਰ ਤੇ ਧੁਗ ਕੌਰ, 10 ਕਿਲੋਮੀਟਰ ਵਰਗ ਵਿੱਚ ਕੁਲਬੀਰ ਸਿੰਘ ਤੇ ਪੂਜਾ ਕੁਮਾਰੀ, 21 ਕਿਲੋਮੀਟਰ ਵਰਗ ਵਿੱਚ ਮਨਜਿੰਦਰ ਸਿੰਘ ਤੇ ਸੀਮਾ ਕੁਮਾਰੀ ਅਤੇ ਸੀਨੀਅਰ ਸਿਟੀਜਨ ਦੌੜ ਵਿੱਚ ਬਲਵੰਤ ਸਿੰਘ ਅਤੇ ਦਵਿੰਦਰ ਕੌਰ ਨੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਇਨਾਮ ਅਤੇ ਯਾਦਗਾਰੀ ਚਿੰਨ ਭੇਟ ਕੀਤੇ ਗਏ। ਇਸ ਮੌਕੇ 'ਤੇ ਹੁਸ਼ਿਆਰਪੁਰ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰੀ ਰਮਨ ਵਰਮਾ, ਵਾਈਸ ਪ੍ਰਧਾਨ ਸ੍ਰੀ ਅੰਕੁਰ ਸੂਦ ਤੋਂ ਇਲਾਵਾ ਸ੍ਰੀ ਰਣਦੀਪ ਸਿੰਘ, ਨਿਤਿਨ ਚਾਵਲਾ ਅਤੇ ਸ੍ਰੀ ਵਿਕਰਮ ਪਟਿਆਲ ਸਮੇਤ ਭਾਰੀ ਸੰਖਿਆ ਵਿੱਚ ਕਲੱਬ ਦੇ ਮੈਂਬਰ, ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਲ ਸਨ।

ਹਜ਼ਾਰਾਂ ਨਮ ਅੱਖਾਂ ਨੇ ਦਿੱਤੀ ਵਿਧਾਇਕ ਸੁੰਦਰ ਸ਼ਾਮ ਅਰੋੜਾ ਦੀ ਧਰਮਪਤਨੀ ਨੂੰ ਅੰਤਿਮ ਵਿਦਾਈ



  • ਹਰਿਆਣਾ ਰੋਡ ਸਥਿਤ ਸ਼ਿਵ ਪੁਰੀ ਵਿਖੇ ਹੋਇਆ ਅੰਤਿਮ ਸਸਕਾਰ

  • ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਦਿੱਤੀ ਸ਼ਰਧਾਂਜ਼ਲੀ

ਹੁਸ਼ਿਆਰਪੁਰ, 6 ਜਨਵਰੀ:ਹਲਕਾ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਅੱਜ
ਉਦੋਂ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸਿੰਪਲ ਅਰੋੜਾ ਦਾ ਸੰਖਪ ਬੀਮਾਰੀ ਪਿਛੋਂ ਅੱਜ ਦਿਹਾਂਤ ਹੋ ਗਿਆ। ਉਹ 55 ਸਾਲਾਂ ਦੇ ਸਨ ਅਤੇ ਉਹ ਆਪਣੇ ਪਿਛੇ ਪਤੀ ਸਮੇਤ ਚਾਰ ਬੇਟੀਆਂ ਅਤੇ ਇਕ ਬੇਟਾ ਛੱਡ ਗਏ ਹਨ। ਉਨ੍ਹਾਂ ਦਾ ਹਰਿਆਣਾ ਰੋਡ ਸਥਿਤ ਸ਼ਿਵ ਪੁਰੀ ਵਿਖੇ ਧਾਰਮਿਕ ਰੀਤੀ ਰਿਵਾਜਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਨੇ ਅੰਤਿਮ ਸਾਹ ਸ਼ਨੀਵਾਰ ਸਵੇਰੇ 5-50 ਵਜੇ ਇਲਾਜ ਦੌਰਾਨ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਲਏ।


                   ਪੰਜਾਬ ਸਰਕਾਰ ਵਲੋਂ ਅੰਤਿਮ ਸਸਕਾਰ ਵਿੱਚ ਬਿਜਲੀ ਤੇ ਸਿੰਚਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਸ੍ਰੀ ਮਹਿੰਦਰ ਸਿੰਘ ਕੇ.ਪੀ. ਤੋਂ ਇਲਾਵਾ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਵਿਧਾਇਕ ਹਲਕਾ ਟਾਂਡਾ ਸ੍ਰੀ ਸੰਗਤ ਸਿੰਘ ਗਿਲਜੀਆਂ, ਵਿਧਾਇਕ ਹਲਕਾ ਸ਼ਾਮਚੁਰਾਸੀ ਸ੍ਰੀ ਪਵਨ ਆਦੀਆ, ਵਿਧਾਇਕ ਹਲਕਾ ਚੱਬੇਵਾਲ ਡਾ. ਰਾਜ ਕੁਮਾਰ, ਸਾਬਕਾ ਮੰਤਰੀ ਪੰਜਾਬ ਸ੍ਰੀ ਨਰੇਸ਼ ਠਾਕੁਰ, ਸਾਬਕਾ ਸੰਸਦ ਮੈਂਬਰ ਅਤੇ ਵਾਈਸ ਚੇਅਰਮੈਨ ਭਾਰਤੀ ਰੈਡ ਕਰਾਸ ਸੁਸਾਇਟੀ ਸ੍ਰੀ ਅਵਿਨਾਸ਼ ਰਾਏ ਖੰਨਾ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ, ਸਾਬਕਾ ਵਿਧਾਇਕ ਹਲਕਾ ਗੜ੍ਹਸ਼ੰਕਰ ਸ੍ਰੀ ਲਵ ਕੁਮਾਰ ਗੋਲਡੀ, ਸਾਬਕਾ ਐਮ.ਪੀ. ਸ੍ਰੀ ਕਮਲ ਚੌਧਰੀ, ਚੇਅਰਮੈਨ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮ: ਸ੍ਰੀ ਅਮ੍ਰਿਤ ਸਾਗਰ ਮਿਤਲ, ਸਾਬਕਾ ਮੰਤਰੀ ਸ੍ਰੀ ਬਲਬੀਰ ਸਿੰਘ ਮਿਆਣੀ, ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼, ਵਰਿੰਦਰ ਸਿੰਘ ਬਾਜਵਾ, ਪਰਮਜੀਤ ਸਿੰਘ ਸਚਦੇਵਾ, ਡਾ. ਰਵਜੋਤ ਸਿੰਘ ਨੇ ਵੀ ਸਵਰਗਵਾਸੀ ਸਿੰਪਲ ਅਰੋੜਾ ਦੀ ਮ੍ਰਿਤਕ ਦੇਹ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਅੰਤਿਮ ਸਸਕਾਰ ਵਿੱਚ ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਵੀ ਮੌਜੂਦ ਸਨ।


         ਉਧਰ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਤੇਜਵੀਰ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ, ਵਿਧਾਇਕ ਹਲਕਾ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ, ਵਿਧਾਇਕ ਹਲਕਾ ਦਸੂਹਾ ਸ੍ਰੀ ਅਰੁਣ ਡੋਗਰਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿਤਲ, ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਜਿਤਾਇਆ ਹੈ।

ਸਵੇਰੇ 10 ਵਜੇ ਤੋਂ ਖੁੱਲ੍ਹਣਗੇ ਜ਼ਿਲ੍ਹੇ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ


ਹੁਸ਼ਿਆਰਪੁਰ, 5 ਜਨਵਰੀ:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਕੱਤਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਹੁਕਮ ਮਿਤੀ 4-1-2018 ਰਾਹੀਂ ਵੱਧ ਰਹੀ ਸਰਦੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 10-00 ਵਜੇ ਨਿਸ਼ਚਿਤ ਕੀਤਾ ਹੈ। ਇਸ ਲਈ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਹੀ ਹੋਵੇਗਾ।

'ਸਮਰਪਣ' ਨਾਲ ਜੁੜਿਆ ਹੁਸ਼ਿਆਰਪੁਰ ਦਾ ਮੀਡੀਆ



  • ਜਾਗਰੂਕਤਾ ਦੇ ਨਾਲ-ਨਾਲ ਨਿੱਜੀ ਯੋਗਦਾਨ ਪਾਉਂਦਿਆਂ ਜਨਤਾ ਨੂੰ 'ਸਮਰਪਣ' ਨਾਲ ਜੁੜਨ ਦਾ ਦਿੱਤਾ ਸੰਦੇਸ਼

  • ਵੱਖ-ਵੱਖ ਮੀਡੀਆ ਹਾਊਸ ਦੇ ਨੁਮਾਇੰਦਿਆਂ ਨੇ 365 ਰੁਪਏ ਦੀਆਂ 7 ਪਰਚੀਆਂ ਕਟਵਾ ਕੇ ਦਿੱਤਾ ਸਹਿਯੋਗ

ਹੁਸ਼ਿਆਰਪੁਰ, 5 ਜਨਵਰੀ : ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ੁਰੂ ਕੀਤੇ ਗਏ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ। ਇਸ ਪ੍ਰੋਜੈਕਟ ਲਈ ਜਿਥੇ ਵੱਖ-ਵੱਖ ਦਾਨੀ ਸੱਜਣਾਂ ਵਲੋਂ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਹੁਣ ਹੁਸ਼ਿਆਰਪੁਰ ਦਾ ਮੀਡੀਆ 'ਸਮਰਪਣ' ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਨਿੱਜੀ ਤੌਰ 'ਤੇ ਯੋਗਦਾਨ ਪਾਉਣ ਲਈ ਇਸ ਪ੍ਰੋਜੈਕਟ ਨਾਲ ਜੁੜ ਚੁੱਕਾ ਹੈ। ਅੱਜ ਵੱਖ-ਵੱਖ ਮੀਡੀਆ ਹਾਊਸ ਦੇ ਨੁਮਾਇੰਦਿਆਂ ਨੇ ਯੋਗਦਾਨ ਪਾ ਕੇ ਆਮ ਜਨਤਾ ਨੂੰ 'ਸਮਰਪਣ' ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ।

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ 'ਸਮਰਪਣ' ਪ੍ਰੋਜੈਕਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਭਾਰੀ ਗਿਣਤੀ ਵਿੱਚ 'ਸਮਰਪਣ' ਨਾਲ ਦਾਨੀ ਸੱਜਣਾਂ ਦਾ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਮੀਡੀਆ ਵਲੋਂ ਜਿਥੇ ਇਸ ਪ੍ਰੋਜੈਕਟ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਹੁਣ ਨਿੱਜੀ ਤੌਰ 'ਤੇ ਯੋਗਦਾਨ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ ਸਾਢੇ 7 ਹਜ਼ਾਰ ਤੋਂ ਵੱਧ ਦਾਨੀ-ਸੱਜਣ ਸਮਰਪਣ ਦੇ ਮੈਂਬਰ ਬਣ ਚੁੱਕੇ ਹਨ ਅਤੇ ਇਨ੍ਹਾਂ
ਦੇ ਯੋਗਦਾਨ ਸਦਕਾ ਲੱਖਾਂ ਰੁਪਏ ਦਾ ਫੰਡ ਵੀ ਇਕੱਤਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੁੱਧੀਜੀਵੀ ਵਿਅਕਤੀਆਂ ਨਾਲ ਕੀਤੇ ਵਿਚਾਰ-ਵਟਾਂਦਰੇ ਉਪਰੰਤ ਸਮਰਪਣ ਸਕੀਮ ਸ਼ੁਰੂ ਕੀਤੀ ਗਈ ਹੈ, ਤਾਂ ਜੋ ਸਰਕਾਰੀ ਸਕੂਲਾਂ ਨੂੰ ਇਕ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਕੱਤਰ ਸਿੱਖਿਆ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।


            ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ।

           ਉਧਰ ਅੱਜ ਪੱਤਰਕਾਰ ਸ੍ਰੀ ਇਕਬਾਲ ਸਿੰਘ ਘੁੰਮਣ ਨੇ ਆਪਣੇ ਅਤੇ ਆਪਣੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਸਮੇਤ ਬੇਟੀ ਡਾ. ਸੰਦੀਪ ਕੌਰ ਅਤੇ ਬੇਟੇ ਸ੍ਰੀ ਦਿਲਪ੍ਰੀਤ ਸਿੰਘ ਘੁੰਮਣ ਦੇ ਨਾਂ 'ਤੇ ਚਾਰ ਪਰਚੀਆਂ ਕਟਵਾਈਆਂ। ਇਨ੍ਹਾਂ ਤੋਂ ਇਲਾਵਾ ਪੱਤਰਕਾਰ ਸ੍ਰੀ ਉਦੈ ਭਾਸਕਰ, ਪੱਤਰਕਾਰ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ ਅਤੇ ਪੱਤਰਕਾਰ ਸ੍ਰੀ ਕੁਲਦੀਪ ਵੀ 365 ਰੁਪਏ ਦੀ ਪਰਚੀ ਕਟਵਾ ਕੇ 'ਸਮਰਪਣ' ਦੇ ਮੈਂਬਰ ਬਣੇ।  ਉਕਤ ਨੇ ਸਮਰਪਣ ਤਹਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਧੀਰਜ ਵਸ਼ਿਸ਼ਟ ਪਾਸੋਂ 7 ਪਰਚੀਆਂ ਕਟਵਾਈਆਂ, ਜਦਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਸ੍ਰੀ ਜਸਵਿੰਦਰ ਕੁਮਾਰ ਵਲੋਂ ਵੀ ਪਰਚੀ ਕਟਵਾ ਕੇ ਯੋਗਦਾਨ ਪਾਇਆ ਗਿਆ। ਇਸ ਮੌਕੇ ਸ੍ਰੀ ਧੀਰਜ ਵਸ਼ਿਸ਼ਟ ਨੇ ਸਮਰਪਣ ਮੈਂਬਰ ਬਣਨ 'ਤੇ ਉਕਤ ਦਾਨੀ ਸੱਜਣਾਂ ਨੂੰ ਵਾਹਨਾਂ 'ਤੇ ਲਗਾਉਣ ਲਈ ਸਮਰਪਣ ਸਟਿੱਕਰ ਵੀ ਸੌਂਪੇ।

13 ਜਨਵਰੀ ਤੱਕ ਜ਼ਿਲ੍ਹੇ 'ਚ ਬੰਦ ਰਹਿਣਗੇ ਸਾਰੇ ਪ੍ਰਾਇਮਰੀ ਸਕੂਲ




  • ਸੰਘਣੀ ਧੁੰਦ ਕਾਰਨ ਜ਼ਿਲ੍ਹਾ ਮੈਜਿਸਟਰੇਟ ਨੇ ਦਿੱਤੇ ਛੁੱਟੀਆਂ ਦੇ ਹੁਕਮ

ਹੁਸ਼ਿਆਰਪੁਰ, 4 ਜਨਵਰ:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸੰਘਣੀ ਧੁੰਦ ਦੇ ਮੱਦੇਨਜ਼ਰ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਪ੍ਰਾਈਵੇਟ ਸਕੂਲਾਂ ਵਿੱਚ ਸਕੂਲ ਦਾ ਸਮਾਂ ਸਵੇਰੇ 10-30 ਵਜੇ ਨਿਸ਼ਚਿਤ ਕਰਨ ਦਾ ਹੁਕਮ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਸੰਘਣੀ ਧੁੰਦ ਜ਼ਿਆਦਾ ਪੈਣ ਕਾਰਨ ਪਹਿਲਾਂ ਜਾਰੀ ਕੀਤੇ ਗਏ ਹੁਕਮ ਵਿੱਚ ਸੋਧ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਪ੍ਰਾਇਮਰੀ ਸਕੂਲ 13 ਜਨਵਰੀ 2018 ਤੱਕ ਬੰਦ ਰਹਿਣਗੇ। ਇਸ ਤੋਂ ਇਲਾਵਾ ਬਾਕੀ ਹੁਕਮ ਉਸੇ ਤਰ੍ਹਾਂ ਲਾਗੂ ਰਹੇਗਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)