ਹੁਸ਼ਿਆਰਪੁਰ, 12 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਅਤੇ ਐਸ ਐਸ ਪੀ ਸ਼੍ਰੀ ਰਾਕੇਸ਼ ਅਗਰਵਾਲ ਨੇ ਅੱਜ ਭੰਗੀ ਚੋਅ ਦੇ ਬੰਨ ਦਾ ਦੌਰਾ ਕੀਤਾ ਅਤੇ ਸੰਭਾਵੀਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਭੰਗੀ ਚੋਅ ਦੇ ਪੁੱਲ ਦੇ ਕਿਨਾਰਿਆਂ, ਬਹਾਦਰਪੁਰ ਅਤੇ ਪਿੰਡ ਬਸੀ ਗੁਲਾਮ ਹੁਸੈਨ ਨਾਲ ਲਗਦੇ ਚੋਅ ਦੀਆਂ ਨਾਜ਼ੁਕ ਥਾਵਾਂ ਦਾ ਨਿਰੀਖਣ ਕੀਤਾ ਅਤੇ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਡਰੇਨੇਜ ਬੀ ਪੀ ਐਸ ਬਰਾੜ ਨੂੰ ਸਖਤ ਹਦਾਇਤ ਕੀਤੀ ਕਿ ਉਹ ਇਨ੍ਹਾਂ ਨਾਜ਼ੁਕ ਥਾਵਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਜਿਨ੍ਹਾਂ ਕੰਮਾਂ ਲਈ ਪੰਜਾਬ ਸਰਕਾਰ ਤੋਂ ਫਲੱਡ ਪ੍ਰੋਟੈਕਸ਼ਨ ਲਈ ਪੈਸੇ ਆਉਣ ਤੋਂ ਬਾਅਦ ਟੈਂਡਰ ਫਲੋਟ ਕਰਕੇ ਅਪਰੂਵ ਕਰਵਾ ਲਏ ਹਨ, ਉਨ੍ਹਾਂ ਕੰਮਾਂ ਤੇ ਠੇਕੇਦਾਰਾਂ ਤੋਂ ਤੁਰੰਤ ਕੰਮ ਸ਼ੁਰੂ ਕਰਵਾ ਕੇ ਪੱਥਰ ਲਗਾ ਕੇ ਮਜ਼ਬੂਤ ਬੰਨ ਬਣਾੳਣ ਅਤੇ ਜਿਥੇ ਕਿਤੇ ਲੋੜ ਹੋਵੇ ਤਾਂ ਉਥੇ ਰੇਤ ਦੀਆਂ ਬੋਰੀਆਂ ਵੀ ਲਗਾਈਆਂ ਜਾਣ ਅਤੇ ਹਰ ਰੋਜ਼ ਇਨ੍ਹਾਂ ਕੰਮਾਂ ਦੀ ਪ੍ਰਗਤੀ ਰਿਪੋਰਟ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਭੇਜੀ ਜਾਵੇ। ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਨੂੰ ਇਹ ਹਦਾਇਤ ਕੀਤੀ ਕਿ ਉਹ ਭੰਗੀ ਚੋਅ ਪੁੱਲ ਨੇੜੇ ਚੋਅ ਦੀ ਥਾਂ ਵਿੱਚ ਬਣੀਆਂ ਨਜਾਇਜ਼ ਝੁੱਗੀ-ਝੌਂਪੜੀਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਬਰਸਾਤ ਦੌਰਾਨ ਉਨ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਤੇ ਪਾਣੀ ਦਾ ਵਹਾਓ ਠੀਕ ਚਲਦਾ ਰਹੇ। ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਨੂੰ ਵੀ ਹਦਾਇਤ ਕੀਤੀ ਕਿ ਉਹ ਭੰਗੀ ਚੋਅ ਪੁੱਲ ਦੇ ਦੋਨਾਂ ਕਿਨਾਰਿਆਂ ਦੀ ਤੁਰੰਤ ਸਫਾਈ ਕਰਾਈ ਜਾਵੇ ਤਾਂ ਜੋ ਬਰਸਾਤ ਦਾ ਪਾਣੀ ਪੁੱਲ ਦੇ ਹੇਠੋਂ ਆਸਾਨੀ ਨਾਲ ਚਲਦਾ ਰਹੇ। ਉਨ੍ਹਾਂ ਨੇ ਪਿੰਡ ਬੁਸੀ ਗੁਲਾਮ ਹੁਸੈਨ ਨਜ਼ਦੀਕ ਕੰਢੀ ਕੈਨਾਲ ਦੀ ਉਸਾਰੀ ਦੇ ਚਲ ਰਹੇ ਕੰਮ ਦਾ ਨਿਰੀਖਣ ਵੀ ਕੀਤਾ ਅਤੇ ਸ਼੍ਰੀ ਵਰਿੰਦਰ ਕੁਮਾਰ ਕਾਰਜਕਾਰੀ ਇੰਜੀਨੀਅਰ ਕੰਢੀ ਕੈਨਾਲ ਨੂੰ ਹਦਾਇਤ ਕੀਤੀ ਕਿ ਉਹ ਚਲ ਰਹੇ ਕੰਮ ਨੂੰ ਇਸ ਢੰਗ ਨਾਲ ਕਰਾਉਣ ਕਿ ਚੋਅ ਵਿੱਚੋਂ ਲੰਘਣ ਵਾਲੇ ਬਰਸਾਤੀ ਪਾਣੀ ਨਿਰਵਿਘਨ ਚਲਦਾ ਰਹੇ।
ਇਸ ਉਪਰੰਤ ਉਨ੍ਹਾਂ ਨੇ ਬੁਲੋਵਾਲ ਦੇ ਚੋਅ ਅਤੇ ਖਡਿਆਲਾ ਸੈਣੀਆਂ ਦੇ ਚੋਅ ਦੀਆਂ ਨਾਜ਼ੁਕ ਥਾਵਾਂ ਦਾ ਨਿਰੀਖਣ ਵੀ ਕੀਤਾ ਅਤੇ ਇਨ੍ਹਾਂ ਥਾਵਾਂ ਤੇ ਹੜ੍ਹ ਰੋਕਣ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬੁਲੋਵਾਲ ਚੋਅ ਦੀਆਂ ਥਾਵਾਂ ਤੇ ਗੁਜ਼ਰਾਂ ਵੱਲੋਂ ਬਣਾਈਆਂ ਗਈਆਂ ਨਜਾਇਜ਼ ਕੁਲੀਆਂ ਨੂੰ ਪਿੱਛੇ ਹਟਾਇਆ ਜਾਵੇ ਤਾਂ ਜੋ ਬਰਸਾਤ ਦੇ ਪਾਣੀ ਨਾਲ ਉਨ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ ਅਤੇ ਬਰਸਾਤ ਦਾ ਪਾਣੀ ਚੋਅ ਵਿੱਚ ਨਿਰਵਿਘਨ ਚਲਦਾ ਰਹੇ। ਉਨ੍ਹਾਂ ਨੇ ਡਰੇਨੇਜ਼ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਭਾਵੀਂ ਹੜ੍ਹਾਂ ਦੀ ਤੁਰੰਤ ਰੋਕਥਾਮ ਲਈ ਢੁਕਵੇਂ ਪ੍ਰਬੰਧ ਕਰਨ।
ਇਸ ਮੌਕੇ ਤੇ ਸਰਵਸ਼੍ਰੀ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਹੁਸ਼ਿਆਰਪੁਰ ਰਮੇਸ਼ ਕੁਮਾਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਉਨ੍ਹਾਂ ਦੇ ਨਾਲ ਸਨ।
No comments:
Post a Comment