ਪੰਜਾਬ ਸਰਕਾਰ ਨੇ ਵਿਕਾਸ ਦੇ ਖੇਤਰ ਵਿਚ ਨਵਾਂ ਇਨਕਲਾਬ ਲਿਆਂਦਾ : ਸੇਵਾ ਸਿੰਘ ਸੇਖਵਾਂ

ਤਲਵਾੜਾ,  31 ਜੁਲਾਈ: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਸੜਕਾਂ ਦੀ ਨਵ-ਉਸਾਰੀ ਅਤੇ ਬਿਜਲੀ ਦੇ ਖੇਤਰ ਵਿੱਚ ਚਾਰ ਥਰਮਲ ਪਲਾਂਟਾਂ ਦੀ ਉਸਾਰੀ ਦੇ ਕੰਮ ਸ਼ੁਰੂ ਕਰਵਾ ਕੇ ਵਿਕਾਸ ਦੇ ਖੇਤਰ ਵਿੱਚ ਇੱਕ ਨਵਾਂ ਇਨਕਲਾਬ ਲਿਆਂਦਾ ਗਿਆ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਸੜਕਾਂ ਦੀ ਨਵ ਉਸਾਰੀ ਅਤੇ ਮੁਰੰਮਤ ਤੇ 1100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਇਹ ਪ੍ਰਗਟਾਵਾ ਸ੍ਰ: ਸੇਵਾ ਸਿੰਘ ਸੇਖਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ  ਤਲਵਾੜਾ ਵਿਖੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ: ਸੇਖਵਾਂ ਤਲਵਾੜਾ ਵਿਖੇ ਸ੍ਰ: ਮਨਜੀਤ ਸਿੰਘ ਦਿਓਲ ਬੀ. ਬੀ. ਐਮ. ਬੀ.  ਪਾਵਰ ਵਿੰਗ ਦੀ ਸੇਵਾ ਮੁਕਤੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਥੇ ਆਏ ਸਨ।
        ਸ੍ਰ: ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਗਰਿੱਡ ਪ੍ਰਣਾਲੀ ਵਿੱਚ ਅਹਿਮ ਸੁਧਾਰ ਕਰਕੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਅਤੇ ਲੋਕਾਂ ਨੂੰ ਘਰੇਲੂ ਵਰਤੋਂ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਰਾਜ ਵਿੱਚ ਤਲਵੰਡੀ ਸਾਬੋ, ਰਾਜਪੁਰਾ, ਗਿੱਦੜਬਾਹਾ ਅਤੇ ਗੋਇੰਦਵਾਲ ਵਿਖੇ 4 ਥਰਮਲ ਪਲਾਂਟ ਲਗਾ ਕੇ ਉਨ੍ਹਾਂ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ ਜੋ ਤਿੰਨ ਸਾਲਾਂ ਵਿੱਚ ਬਿਜਲੀ ਦੀ ਪੈਦਾਵਾਰ ਕਰਨੀ ਸ਼ੁਰੂ ਕਰ ਦੇਣਗੇ।  ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਬਿਜਲੀ ਤਿਆਰ ਕਰਨ ਦੇ ਪ੍ਰੋਜੈਕਟ,  ਸੂਰਜੀ ਊਰਜਾ ਅਤੇ ਮਿੰਨੀ ਹਾਈਡਲ ਪ੍ਰੋਜੈਕਟ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੇ ਥਰਮਲ ਪਲਾਟਾਂ ਦੇ ਮੁਕੰਮਲ ਹੋਣ ਨਾਲ ਜਿਥੇ ਪੰਜਾਬ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਜਾਵੇਗਾ , ਉਥੇ ਦੂਸਰੇ ਸੂਬਿਆਂ ਨੂੰ  ਵਾਧੂ ਬਿਜਲੀ ਵੇਚਣ ਦੇ ਸਮਰੱਥ ਵੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਵਾਈ ਸੇਵਾਵਾਂ ਮੁਹੱਈਆ ਕਰਨ ਲਈ  ਰਾਜਾਸਾਂਸੀ  ਅੰਤਰ ਰਾਸ਼ਟਰੀ ਹਵਾਈ ਅੱਡਾ ਬਣਾਉਣ  ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ  ਮੁਹਾਲੀ ਅਤੇ ਲੁਧਿਆਣਾ ਵਿਖੇ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਿਆਸ ਦਰਿਆ ਦੇ ਧਨੋਆ ਪੱਤਣ ਵਿਖੇ ਪੱਕੇ ਪੁੱਲ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
        ਸ੍ਰ: ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ ਜੋ ਕਿ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਸਨ।  ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅਹਿਮ ਸੁਧਾਰ ਕੀਤੇ ਗਏ ਹਨ ਜਿਸ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧੀ ਹੈ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਆਰੀ ਤੇ ਆਧੁਨਿਕ ਸਿੱਖਿਆ ਦਿੱਤੀ ਜਾ ਰਹੀ ਹੈ।  ਉਹਨਾਂ ਕਿਹਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦਾ ਵੀ ਆਧੁਨਿਕੀਕਰਨ ਕੀਤਾ ਗਿਆ ਹੈ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਕੰਪਿਉਟਰ, ਫੋਟੋਸਟੈਟ, ਫੈਕਸ ਮਸ਼ੀਨਾਂ, ਕੈਮਰੇ ਅਤੇ ਵਧੀਆ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲਿਆਂ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਏ. ਸੀ. ਬਲੇਰੋ ਗੱਡੀਆਂ ਦਿੱਤੀਆਂ ਗਈਆਂ ਹਨ ਅਤੇ ਹੁਸ਼ਿਆਰਪੁਰ ਸਮੇਤ ਇਨ੍ਹਾਂ ਤਿੰਨ  ਜ਼ਿਲਿਆਂ ਨੂੰ ਵੀ  ਜਲਦੀ ਹੀ ਨਵੀਆਂ ਗੱਡੀਆਂ ਮੁਹੱਈਆ ਕਰ ਦਿੱਤੀਆਂ ਜਾਣਗੀਆਂ। 
        ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ: ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਕਰਾਡੀਸ਼ਨ  ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਪੰਜਾਬ ਦੀਆਂ ਸਮੂਹ ਅਖ਼ਬਾਰਾਂ ਦੇ ਚੀਫ ਬਿਓਰੋ, ਛੋਟੀਆਂ ਅਖਬਾਰਾਂ ਦੇ ਨੁਮਾਇੰਦੇ, ਪ੍ਰੈਸ ਫੋਟੋਗ੍ਰਾਫਰਾਂ, ਬਿਜਲੇਈ ਮੀਡੀਆ ਅਤੇ ਪੱਤਰਕਾਰਾਂ ਦੀਆਂ ਤਿੰਨ ਪ੍ਰਮੁੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ।  ਉਹਨਾਂ ਕਿਹਾ ਕਿ ਮੀਡੀਆ ਪਾਲਿਸੀ ਦਾ ਵੀ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਪਨ ਮੀਡੀਆ ਪਾਲਿਸੀ ਵੀ ਬਣਾਈ ਜਾ ਰਹੀ ਹੈ ਜੋ ਕਿ ਲੋਕ ਸੰਪਰਕ ਵਿਭਾਗ ਨਾਲ ਮਿਲ ਕੇ ਕੰਮ ਕਰੇਗੀ।
        ਉਹਨਾਂ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਵਿਤਕਰਾ ਕਰਦੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਜਿਣਸਾਂ ਦੇ ਸਹੀ ਮੁੱਲ ਨਹੀਂ ਦੇ ਰਹੀ ਹੈ।  ਉਹਨਾਂ ਕਿਹਾ ਕਿ ਰਿਪੇਰੀਅਨ ਐਕਟ ਅਨੁਸਾਰ ਪੰਜਾਬ ਨੂੰ  ਦਰਿਆਈ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਹੈ। ਉਹਨਾਂ ਦਾਅਵਾ ਕੀਤਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਬੇ-ਮਿਸਾਲ ਵਿਕਾਸ ਕਾਰਜਾਂ ਦੇ ਆਧਾਰ ਤੇ ਅਕਾਲੀ-ਭਾਜਪਾ ਚੋਣਾਂ ਲੜੇਗੀ ਅਤੇ ਅਗਲੀ ਸਰਕਾਰ ਵੀ ਅਕਾਲੀ-ਭਾਜਪਾ ਦੀ ਬਣੇਗੀ।  ਇਸ ਮੌਕੇ ਤੇ ਸ੍ਰ: ਸੇਖਵਾਂ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਇੱਕ ਪੌਦਾ ਲਗਾ ਕੇ ਵਣਮਹਾਂਉਤਸਵ ਦਾ ਆਰੰਭ ਵੀ ਕੀਤਾ ਅਤੇ ਸਕੂਲ ਦੇ ਵਿਕਾਸ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
        ਇਸ ਮੌਕੇ ਤੇ ਸ੍ਰ: ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦੀ ਉਸਾਰੀ ਤੇ 6 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 4 ਕਰੋੜ ਰੁਪਏ ਹੋਰ ਖਰਚ ਕਰਕੇ ਇਸ ਇਮਾਰਤ ਨੂੰ ਨਵੇਂ ਵਿਦਿਅਕ ਸੈਸ਼ਨ ਤੋਂ ਪਹਿਲਾਂ - ਪਹਿਲਾਂ ਮੁਕੰਮਲ ਕਰਕੇ ਕਾਲਜ ਦੀ ਸਿਲਵਰ ਜੁਬਲੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਮੌਜੂਦਗੀ ਵਿੱਚ ਮਨਾਈ ਜਾਵੇਗੀ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ: ਸਤਨਾਮ ਸਿੰਘ ਧਨੋਆ,  ਸਰਬਜੋਤ ਸਿੰਘ ਸਾਬੀ, ਸਰਦਾਰਾ ਸਿੰਘ ਹਾਜੀਪੁਰ, ਗੁਰਚਰਨ ਸਿੰਘ ਜੌਹਰ ਪ੍ਰਧਾਨ ਗੁਰਦੁਆਰਾ ਕਮੇਟੀ ਤਲਵਾੜਾ, ਅਮਰ ਪਾਲ ਜੌਹਰ, ਜਸਵਿੰਦਰ ਸਿੰਘ ਬਿਟੂ ਮੈਂਬਰ ਜਨਰਲ ਕੌਂਸਲ ਅਕਾਲੀ ਦਲ, ਈਸ਼ਰ ਸਿੰਘ ਮੰਝਪੁਰ, ਕ੍ਰਿਪਾਲ ਸਿੰਘ, ਏ. ਪੀ. ਐ¤ਸ. ਊਭੀ, ਪ੍ਰਿੰ. ਅਜੀਤ ਸਿੰਘ, ਉਮਰਾਓ ਸਿੰਘ, ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਯੂਥ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ, ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਰਾਜ ਕੁਮਾਰ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਖੜਕਾਂ ਵਿਖੇ 190ਵੀਂ ਪਾਸਿੰਗ ਆਉਟ ਪਰੇਡ

 ਹੁਸ਼ਿਆਰਪੁਰ  31 ਜੁਲਾਈ  :  ਸਹਾਇਕ  ਟ੍ਰੇਨਿੰਗ  ਸੈਟਰ  ਖੜਕਾਂ  ਵਿਖੇ  ਸੁਰੱਖਿਆ ਬਲ ਦੇ  ਬੈਚ ਨੰਬਰ  190ਵੀ. ਪਾਸਿੰਗ  ਆਉਟ  ਪ੍ਰੇਡ  ਦਾ ਆਯੋਜਨ ਕੀਤਾ ਗਿਆ  ਜਿਸ  ਵਿਚ  ਸ੍ਰੀ  ਹਿੰਮਤ  ਸਿੰਘ  ਆਈ  ਪੀ  ਐਸ  ਇੰਸਪੈਕਟਰ  ਜਨਰਲ  ਬੀ  ਐਸ  ਐਫ  ਪੰਜਾਬ  ਬਤੋਰ  ਮੁੱਖ ਮਹਿਮਾਨ  ਸ਼ਾਮਿਲ  ਹੋਏ  ਅਤੇ  ਟ੍ਰੇਨਿੰਗ  ਪ੍ਰਾਪਤ  ਕਰ  ਚੁੱਕੇ ਕਾਂਸਟੇਬਲਾਂ  ਦੀ  ਪ੍ਰੇਡ  ਦਾ  ਨਿਰੀਖਣ   ਕੀਤਾ ਤੇ  ਸਲਾਮੀ  ਲਈ ।  ਉਨਾਂ  ਇਸ ਮੋਕੇ  ਤੇ  144  ਟ੍ਰੇਨਿੰਗ  ਪ੍ਰਾਪਤ  ਕਰ  ਚੁੱਕੇ  ਕਾਂਸਟੇਬਲਾਂ  ਨੂੰ  ਸੰਹੁ  ਚੁਕਾਈ ।
        ਸ੍ਰੀ  ਹਿੰਮਤ  ਸਿੰਘ  ਆਈ  ਪੀ  ਐਸ  ਇੰਸਪੈਕਟਰ  ਜਨਰਲ  ਨੇ   ਇਸ ਮੋਕੇ   ਤੇ   ਟ੍ਰੇਨਿੰਗ  ਪ੍ਰਾਪਤ ਕਰ  ਚੁੱਕੇ  ਬੀ ਐਸ  ਐਫ  ਦੇ  ਜਵਾਨਾਂ  ਨੂੰ  ਸੰਬੋਧਨ  ਕਰਦਿਆਂ  ਦੱਸਿਆ  ਕੀ  ਇਸ  ਬੈਚ  ਵਿਚ  ਸਾਰੇ  ਜਵਾਨ   ਉਤਰ  ਪ੍ਰਦੇਸ਼  ਨਾਲ  ਸਬੰਧ  ਰੱਖਦੇ  ਹਨ  ।   ਉਨਾਂ  ਦੱਸਿਆ  ਕਿ  ਇਨਾਂ  ਕਾਂਸਟੇਬਲਾਂ ਨੂੰ  38 ਹਫਤਿਆਂ  ਦੀ  ਸਖਤ  ਬੁਨਿਆਦੀ  ਟ੍ਰੇਨਿੰਗ  ਦਿੱਤੀ  ਗਈ  ਹੈ  ।  ਅੱਜ ਦੇ  ਸੰਹੁ  ਚੁੱਕ  ਸਮਾਗਮ ਤੋ  ਬਾਅਦ  ਇਨਾਂ  ਨੂੰ  ਚਾਰ  ਹਫਤੇ  ਦੀ ਅਡਵਾਂਸ  ਕੰਬੇਟ  ਟ੍ਰੇਨਿੰਗ  ਵੀ ਦਿੱਤੀ  ਜਾਵੇਗੀ ।  ਉਨਾਂ  ਦੱਸਿਆ  ਕਿ  ਟ੍ਰੇਨਿੰਗ  ਦੋਰਾਨ  ਇਨਾਂ  ਨੂੰ  ਹਥਿਆਰ  ਚਲਾਉਣ , ਯੁੱਧ  ਕੌਸ਼ਲ , ਡਰਿੱਲ , ਕੁਦਰਤੀ  ਆਫਤਾਂ ,  ਲੜਾਈ ਦੇ ਮੈਦਾਨ  ਦੀ  ਸੁਰੱਖਿਆ ,  ਸੀਮਾ  ਦੀ  ਨਿਗਰਾਨੀ ,  ਫਿਕਸਿੰਗ  ਅਤੇ  ਮਾਨਵ  ਅਧਿਕਾਰ  ਆਦਿ ਦੀ  ਵੀ  ਸਿਖਲਾਈ  ਦਿੱਤੀ  ਗਈ ਹੈ ।  ਇਨਾਂ ਕਾਂਸਟੇਬਲਾਂ  ਨੂੰ  ਆਤਮ ਨਿਰਭਰ ,  ਅਨਸਾਸ਼ਨ  ਵਿਚ ਰਹਿਣ  ,  ਸਰੀਰਕ  ਅਤੇ  ਮਾਨਸਿਕ  ਤੋਰ ਤੇ  ਮਜ਼ਬੂਤ  ਬਨਾਉਣ  ਲਈ  ਇਸ  ਟ੍ਰੇਨਿੰਗ  ਦੋਰਾਨ ਪੂਰੀ  ਕੋਸ਼ਿਸ਼  ਕੀਤੀ ਗਈ  ਹੈ  ਤਾਂ  ਜੋ  ਕਿਸੇ  ਵੀ ਮੁਸੀਬਤ ਦਾ ਮੁਕਾਬਲਾ  ਪੂਰੀ  ਹਿੰਮਤ  ਨਾਲ  ਕਰ  ਸਕਣ  ।
        ਇਸ  ਮੋਕੇ ਤੇ  ਉਨਾਂ  ਨੇ  ਇਸ ਟ੍ਰੇਨਿੰਗ  ਦੋਰਾਨ  ਵੱਖ  ਵੱਖ  ਵਿਸ਼ਿਆਂ  ਵਿਚ  ਵਧੀਆ   ਮੁਹਾਰਤ   ਦਿਖਾਉਣ  ਵਾਲੇ  ਕਾਂਸਟੇਬਲਾਂ  ਨੂੰ  ਮੈਡਲ  ਦੇ  ਕੇ  ਸਨਮਾਨਿਤ  ਵੀ ਕੀਤਾ  ।   ਇਸ ਸਮਾਰੋਹ  ਵਿਚ  ਹੋਰਨਾਂ  ਤੋ  ਇਲਾਵਾ  ਸ੍ਰੀ  ਡੀ  ਐਸ  ਸਿੱਧੂ  ਡਿਪਟੀ  ਇੰਸਪੈਕਟਰ  ਜਨਰਲ ਵੀ  ਸ਼ਾਮਿਲ  ਸਨ  ।

ਬਰਾਡਬੈਂਡ ਤੋਂ ਘਟੀਆ ਕਾਰਗੁਜਾਰੀ ਤੋਂ ਲੋਕ ਪ੍ਰੇਸ਼ਾਨ

ਤਲਵਾੜਾ, 29 ਜੁਲਾਈ: ਭਾਰਤ ਸੰਚਾਰ ਨਿਗਮ ਲਿਮਟਡ ਦੇ ਬਰਾਡਬੈਂਡ ਇੰਨਰਨੈੱਟ ਦੀ ਬੇਹੱਦ ਘਟੀਆ ਕਾਰਗੁਜਾਰੀ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਜਿਕਰਯੋਗ ਹੈ ਕਿ ਇੱਕ ਮਹੀਨੇ ਤੋਂ ਵਧੇਰੇ ਸਮੇਂ ਤੋਂ ਅਸੀਮਤ ਪਲਾਨ ਵਾਲੇ ਗ੍ਰਾਹਕਾਂ ਵੱਲੋਂ ਲਗਾਤਾਰ ਮਹਿਕਮੇ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਹੈਰਾਨੀ ਦੀ ਗੱਲ ਹੈ ਕਿ ਮਹਿਕਮੇ ਦੇ ਸਬੰਧਤ ਆਲ੍ਹਾ ਅਫਸਰਾਂ ਨੇ ਵੀ ਲੋਕਾਂ ਦੇ ਫੋਨ ਤੱਕ ਸੁਣਨੇ ਬੰਦ ਕਰ ਦਿੱਤੇ ਹਨ ਜਿਸ ਦੀ ਮਿਸਾਲ ਜਿਲ੍ਹੇ ਦੇ ਸਬੰਧਤ ਬਰਾਡਬੈਂਡ ਅਧਿਕਾਰੀ ਦਾ 9463602200 ਨੰਬਰ ਹੈ ਅਤੇ 198 ਤੇ ਸ਼ਿਕਾਇਤ ਦਰਜ ਕਰਾਉਣ ਤੇ ਭਾਵੇਂ ਲੋਕਲ ਐਕਸਚੇਂਜ ਦੇ ਕਰਮਚਾਰੀ ਜੀਤੋੜ ਯਤਨ ਕਰਨ ਦਾ ਉਪਰਾਲਾ ਕਰਦੇ ਦਿਖਾਈ ਦਿੰਦੇ ਹਨ ਪਰੰਤੂ ਜਦੋਂ ਤੱਕ ਸੰਚਾਰ ਪ੍ਰਣਾਲੀ ਵਿਚ ਦਸੂਹਾ ਜਾਂ ਹੁਸ਼ਿਆਰਪੁਰ ਪੱਧਰ ਤੇ ਹੋ ਰਹੀ ਗੜਬੜ ਨੂੰ ਦੂਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਲੋਕਾਂ ਦੀ ਮੁਸ਼ਕਿਲ ਦਾ ਹੱਲ ਹੋਣਾ ਮੁਸ਼ਕਿਲ ਜਾਪਦਾ ਹੈ। ਬੇਹੱਦ ਭਰੋਸੇਯੋਗ ਸੂਤਰਾਂ ਅਨੁਸਾਰ ਬੀ. ਐਸ. ਐਨ. ਐਲ. ਵੱਲੋਂ ਬਰਾਡਬੈਂਡ ਸਹੂਲਤ ਦੇਣ ਲਈ ਮੈਦਾਨ ਵਿਚ ਆ ਰਹੀਆਂ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚ ਰਿਹਾ ਹੈ ਅਤੇ ਦੋ ਮਹੀਨੇ ਤੋਂ ਲਗਾਤਾਰ ਪ੍ਰੇਸ਼ਾਨ ਰਹਿਣ ਉਪਰੰਤ 750 ਪਲੱਸ ਅਸੀਮਿਤ ਪਲਾਨ ਵਾਲੇ ਗਾਹਕ ਤੇਜ਼ੀ ਨਾਲ ਕੁਨੈਕਸ਼ਨ ਕਟਵਾ ਕੇ ਦੂਸਰੇ ਪ੍ਰਬੰਧ ਕਰ ਰਹੇ ਹਨ। ਲੋਕਾਂ ਦੀ ਸੂਚਨਾ ਤੇ ਤਕਨੀਕੀ ਮੰਤਰੀ ਭਾਰਤ ਸੰਚਾਰ ਤੋਂ ਮੰਗ ਹੈ ਕਿ ਇਲਾਕੇ ਵਿਚ ਬਰਾਡਬੈਂਡ ਸੇਵਾ ਵਿਚ ਫੌਰੀ ਤੌਰ ਤੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ।

ਪ੍ਰਿੰ. ਗੁਰਪਾਲ ਸਿੰਘ ਨੇ ਅਹੁਦਾ ਸੰਭਾਲਿਆ

ਤਲਵਾੜਾ, 29 ਜੁਲਾਈ: ਸ. ਗੁਰਪਾਲ ਸਿੰਘ ਨੇ ਅੱਜ ਸਰਕਾਰੀ ਕਾਲਜ ਤਲਵਾੜਾ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ 1977 ਤੋਂ ਸਰਕਾਰੀ ਕਾਲਜਾਂ ਵਿਚ ਵੱਖ ਵੱਖ ਅਧਿਆਪਨ ਅਹੁਦਿਆਂ ਤੇ ਰਹੇ ਅਤੇ ਅਪ੍ਰੈਲ 1980 ਵਿਚ ਪ੍ਰਿੰਸੀਪਲ ਨਿਯੁਕਤ ਹੋਏ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਕਾਲਜ ਤਲਵਾੜਾ ਦੇ ਬਹੁਮੁਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ ਤਾ ਕਿ ਇਹ ਪੂਰੇ ਦੇਸ਼ ਵਿਚ ਬੇਹਰਰੀਨ ਕਾਲਜ ਵਜੋਂ ਜਾਣਿਆ ਜਾਵੇ। ਉਹ ਸਰਕਾਰੀ ਕਾਲਜ ਸਠਿਆਲਾ ਜਿਲ੍ਹਾ ਅਮ੍ਰਿਤਸਰ ਤੋਂ ਬਦਲ ਕੇ ਆਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਸੁਰਿੰਦਰ ਮੰਡ, ਪ੍ਰੋ. ਬਖਤਾਵਰ ਸਿੰਘ, ਪ੍ਰੋ. ਰਾਮ ਤੀਰਥ ਸਿੰਘ, ਪ੍ਰੋ. ਗੁਰਚਰਨ ਸਿੰਘ, ਪ੍ਰੋ. ਹਰਸ਼ ਮਹਿਤਾ, ਸ. ਕੁਲਦੀਪ ਸਿੰਘ ਟਾਂਡਾ ਅਤੇ ਯੂਥ ਅਕਾਲੀ ਨੇਤਾ ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ ਸਮੇਤ ਕਈ ਹੋਰ ਸ਼ਖਸ਼ੀਅਤਾਂ ਹਾਜਰ ਸਨ।

ਅਗਸਤ ਵਿਚ ਲੱਗਣਗੀਆਂ ਲੋਕ ਅਦਾਲਤਾਂ

ਹੁਸ਼ਿਆਰਪੁਰ, 30 ਜੁਲਾਈ:  ਮਾਨਯੋਗ ਜਸਟਿਸ ਮਹਿਤਾਬ ਸਿੰਘ ਗਿੱਲ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ਼ੈਸ਼ਨ ਜੱਜ ਹੁਸ਼ਿਆਰਪੁਰ ਸ਼੍ਰੀ ਜਸਪਾਲ ਸਿੰਘ ਭਾਟੀਆ ਦੀ ਅਗਵਾਈ ਵਿਚ    21 ਅਗਸਤ 2010 ਨੂੰ ਤਿਮਾਹੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਲੋਕ ਅਦਾਲਤਾਂ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਗੜ੍ਹਸੰਕਰ ਵਿਖੇ ਲਗਾਈਆਂ ਜਾਣਗੀਆਂ।
        ਇਸ ਲੋਕ ਅਦਾਲਤ ਵਿਚ ਵੱਖ-ਵੱਖ ਤਰਾਂ ਦੇ ਕੇਸ ਜਿਵੇਂ ਕਿ ਮੋਟਰ ਐਕਸੀਡੈਂਟ ਕਲੇਮ ਕੇਸ, ਹਿੰਦੂ ਮੈਰਿਜ ਐਕਟ ਦੇ ਕੇਸ, ਦੀਵਾਨੀ ਕੇਸ, ਦੀਵਾਨੀ ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, 125 ਸੀ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਰੈਂਟ ਦੇ ਦਾਵੇ ਅਤੇ  ਚੈਕਾਂ ਦੇ ਕੇਸ ਆਦਿ ਕੇਸਾਂ ਨੂੰ ਆਪਸੀ ਰਜਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਜਾਵੇਗਾ।
        ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਸ਼੍ਰੀ ਜਸਪਾਲ ਸਿੰਘ ਭਾਟੀਆ ਨੇ ਦਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੁਣ ਤਕ 149 ਤਿਮਾਹੀ ਲੋਕ ਅਦਾਲਤਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਹੁਣ ਤਕ ਕੁਲ 43501 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ। ਇਹਨਾਂ ਰਾਹੀਂ ਕੁਲ ਰਕਮ 100,82,57,000/- ਰੁਪਏ ਬਤੌਰ ਕਲੇਮ/ਅਵਾਰਡ ਪਿੰਡਾਂ ਨੂੰ ਦਿਵਾਏ ਜਾ ਚੁੱਕੇ ਹਨ। ਹੁਣ ਤਕ 2637 ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿਤੀ ਜਾ ਚੁੱਕੀ ਹੈ ਅਤੇ 206 ਕਾਨੂੰਨੀ ਸਾਖਰਤਾ ਕੈਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਲੋਕਾਂ ਨੂੰ ਕਾਨੂੰਨੀ ਤੌਰ ਤੇ ਸਾਖਰ ਕਰਨ ਲਈ ਕੀਤਾ ਜਾ ਚੁੱਕਾ ਹੈ।
        ਇਸ ਮੌਕੇ ਤੇ ਉਹਨਾਂ ਲੋਕਾਂ ਨੂੰ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਲਈ ਕਿਹਾ ਕਿਉਂਕਿ ਇਸ ਨਾਲ ਪੈਸੇ ਅਤੇ ਸਮੇ ਦੋਹਾਂ ਦੀ ਬਚੱਤ ਹੁੰਦੀ ਹੈ। ਇਸ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ । ਇਸ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਇਸ ਨਾਲ ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘੱਟਦੀ ਹੈ। ਉਹਨਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲਗਾਉਣ ਲਈ ਉਹਨਾਂ ਪਾਸ ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ-ਸੱਕਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ, ਵਧੀਕ ਸਿਵਲ ਜੱਜ ( ਸੀਨੀਅਰ ਡਵੀਜਨ) -ਸਹਿਤ-ਚੇਅਰਮੈਨ ਜਾਂ ਸਹਾਇਕ ਜਿਲ੍ਹਾ ਅਟਾਰਨੀ (ਕ ਸ )  ਹੁਸਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ।

ਪ. ਸ. ਸ. ਫ. ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ

ਤਲਵਾੜਾ, 27 ਜੁਲਾਈ:  ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵੱਲੋਂ ਸਟੇਟ ਕਮੇਟੀ ਦੇ ਸੱਦੇ ਤੇ ਸ਼੍ਰੀ ਗੁਰਦੇਵ ਰਾਣ ਦੀ ਅਗਵਾਈ ਹੇਠ ਵਿਸ਼ਾਲ ਰੋਸ ਰੈਲੀ ਤੇ ਰੋਸ ਮਾਰਚ ਕੱਢਿਆ ਜਿਸ ਵਿਚ ਬਲਾਕ ਤਲਵਾੜਾ ਅਤੇ ਹਾਜੀਪੁਰ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਰਾਜ ਸਰਕਾਰ ਆਪਣੇ ਮੁਲਾਜਮਾਂ ਨਾਲ ਕੀਤੇ ਵਾਅਦੇ, ਖਾਸ ਕਰਕੇ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਲੰਮਾਂ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਅਮਲੀ ਰੂਪ ਵਿਚ ਲਾਗੂ ਨਹੀਂ ਕਰ ਸਕੀ ਹੈ ਜਿਸ ਕਾਰਨ ਸਮੁੱਚੇ ਮੁਲਾਜਮ ਵਰਗ ਵਿਚ ਵਿਆਪਕ ਰੋਸ ਅਤੇ ਬੇਚੈਨੀ ਪੈਦਾ ਚੁੱਕੀ ਹੈ। ਉਨਾਂ ਕਿਹਾ ਕਿ ਮੁਲਾਜਮਾਂ ਦੀ ਗਰੇਡ ਦੁਹਰਾਈ ਦੇ ਬਕਾਏ ਦੇਣਾ, 4.9.14 ਸਕੀਮ ਮੁੜ ਜਾਰੀ ਕਰਨਾ, ਗਰੇਡ ਤਨਖਾਹ ਪੁਰਾਣੇ ਗਰੇਡ ਦੀ ਅੰਤਿਮ ਸਟੇਜ ਦਾ ਘੱਟੋ ਘੱਟ ਪੰਜਾਹ ਫੀਸਦੀ ਕਰਨਾ, ਸੇਵਾ ਮੁਕਤੀ ਤੇ ਪੈਂਨਸ਼ਨ ਲਈ 20 ਸਾਲ ਦੀ ਸੇਵਾ ਨੂੰ ਮੰਨਣਾ, ਅਧਿਆਪਕਾਂ / ਨਰਸਾਂ ਤੇ ਕੁਝ ਹੋਰ ਵਰਗਾਂ ਲਈ ਤਨਖਾਹ ਕਮਿਸ਼ਨ ਵੱਲੋਂ ਐਲਾਨੇ ਉਚੇਰੇ ਗਰੇਡ ਤੁਰੰਤ ਜਾਰੀ ਕਰਨਾ ਆਦਿ ਮੰਗਾਂ ਬਾਰੇ ਸਰਕਾਰ ਨੇ ਹੈਰਾਨੀਜਨਕ ਢੰਗ ਨਾਲ ਚੁੱਪ ਵੱਟ ਲਈ ਹੈ। ਉਨਾਂ ਕਿਹਾ ਕਿ ਰੋਜਗਾਰ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਉਪਰ ਲਾਠੀਚਾਰਜ ਆਦਿ ਵਰਗੀਆਂ ਦਮਨਕਾਰੀ ਨੀਤੀਆਂ ਤੁਰੰਤ ਬੰਦ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 15 ਅਗਸਤ ਤੱਕ ਜਥੇਬੰਦੀ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 19 ਅਗਸਤ ਨੂੰ ਚੰਡੀਗੜ੍ਹ ਵਿਖੇ ਰਾਜ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।
ਮੁਜਾਹਰੇ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਜੁਆਇੰਟ ਸਕੱਤਰ ਸ਼ਿਵ ਕੁਮਾਰ, ਬੀ. ਐ¤ਡ ਫਰੰਟ ਦੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ, ਜੀ. ਟੀ. ਯੂ. ਦੇ ਬਿਆਸ ਦੇਵ, ਨਰਦੇਵ ਸਿੰਘ, ਮੁਲਖ ਰਾਜ, ਬਿਕਰਮ ਕਟੋਚ, ਬਲਜੀਤ ਕੌਸ਼ਲ, ਜਸਵੰਤ ਸਿੰਘ, ਤਰਸੇਮ ਸਿੰਘ, ਵਰਿੰਦਰ ਵਿੱਕੀ, ਸੁੱਚਾ ਸਿੰਘ, ਅਨੰਦ ਕਿਸ਼ੋਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਛੱਪੜ ਪੂਰਨ ਤੇ ਪਾਬੰਦੀ

ਹੁਸ਼ਿਆਰਪੁਰ, 28 ਜੁਲਾਈ:  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਮੇਘ ਰਾਜ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਸਬੰਧਤ ਉਪ-ਮੰਡਲ  ਮੈਜਿਸਟਰੇਟ  ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ / ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ  ਬਹਾਓ ਨੂੰ ਲੈ ਕੇ ਪਿੰਡਾਂ ਵਿੱਚ  ਝੱਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਨੂੰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ।
        ਇਹ ਹੁਕਮ 3  ਅਕਤੂਬਰ 2010 ਤਕ ਲਾਗੂ ਰਹੇਗਾ।

ਪੂਰਨ ਸਵੱਛਤਾ ਪ੍ਰਾਜੈਕਟ ਜਿਲ੍ਹਾ ਹੁਸ਼ਿਆਰਪੁਰ ਦੀ ਨਵੀਂ ਪਹਿਲਕਦਮੀ: ਮੇਘ ਰਾਜ

ਤਲਵਾੜਾ, 27 ਜੁਲਾਈ: ਜ਼ਿਲ੍ਹਾ ਹੁਸ਼ਿਆਰਪੁਰ ਨੇ ਬਲਾਕ ਤਲਵਾੜਾ ਵਿੱਚ ਪੂਰਨ ਸਵੱਛਤਾ ਅਭਿਆਨ ਸ਼ੁਰੂ  ਕਰਕੇ  ਪੰਜਾਬ ਵਿਚ ਨਵੀਂ ਪਹਿਲ ਕਦਮੀ ਕੀਤੀ ਹੈ। ਇਹ ਪ੍ਰਗਟਾਵਾ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਨੇ ਅੱਜ ਪੂਰਨ ਸਵੱਛਤਾ ਸਕੀਮ  ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ  ਬਲਾਕ ਤਲਵਾੜਾ ਦੇ ਪਿੰਡ ਦਾਤਾਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੇਤਨਾ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਮੌਕੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ, ਮਹੰਤ ਰਾਮ ਪ੍ਰਕਾਸ਼ ਦਾਸ ਸਾਬਕਾ ਮੰਤਰੀ ਪੰਜਾਬ, ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਹੁਸ਼ਿਆਰਪੁਰ, ਸ਼੍ਰੀ ਐਨ ਕੇ ਧੀਰ ਸਟੇਟ ਕੋਆਰਡੀਨੇਟਰ,  ਕੈਪਟਨ ਜੇ ਐਸ ਪਠਾਨੀਆ ਵਧੀਕ ਡਿਪਟੀ ਕਮਿਸ਼ਨਰ ਊਨਾ, ਸ਼੍ਰੀ ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਪ੍ਰਿਤਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਸ਼੍ਰੀ ਇੰਦਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:), ਸ਼੍ਰੀ ਆਰ ਐਲ ਢਾਂਡਾ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਸ਼੍ਰੀ ਬੀ ਐਸ ਕੰਗ ਐਕਸੀਅਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਬਲਾਕ ਤਲਵਾੜਾ ਦੇ ਸਮੂਹ 92 ਪਿੰਡਾਂ ਅਤੇ ਕਸਬਿਆਂ ਵਿਚ ਲੋਕਾਂ ਨੂੰ ਸੰਪੂਰਨ ਸਵੱਛਤਾ ਸਬੰਧੀ ਜਾਗਰੂਕ ਕਰਨ ਲਈ ਸਰਪੰਚਾਂ,ਪੰਚਾਂ, ਸਵੈਸੇਵੀ ਜਥੇਬੰਦੀਆਂ, ਸਕੂਲਾਂ ਦੇ ਬੱਚਿਆਂ, ਨੌਜਵਾਨ ਕਲੱਬਾਂ, ਨਰੇਗਾ ਮੇਟਾਂ ਦੇ ਸ਼ਹਿਯੋਗ ਨਾਲ ਚੇਤਨਾ ਰੈਲੀਆਂ ਕੱਢੀਆਂ ਗਈਆਂ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਪਖਾਨੇ ਬਣਾ ਕੇ ਉਨ੍ਹਾਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਜ਼ਿਲ੍ਹਾ ਹੁਸ਼ਿਆਰਪੁਰ ਸਾਖਰਤਾ ਮੁਹਿੰਮ ਵਿਚ ਵੀ ਮੋਹਰੀ ਸੀ ਅਤੇ ਨਰੇਗਾ ਸਕੀਮ ਤਹਿਤ ਪਿਛਲੇ ਸਾਲ ਸਾਰੇ ਜ਼ਿਲ੍ਹਿਆਂ ਤੋਂ ਜ਼ਿਆਦਾ ਧੰਨ ਖਰਚ ਕਰਕੇ  ਪਹਿਲੇ ਨੰਬਰ ਤੇ ਆਇਆ ਹੈ ਅਤੇ ਇਸ ਸਾਲ ਵੀ ਹੁਣ ਤੱਕ  ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਲੋਂ ਨਰੇਗਾ ਸਕੀਮ ਤਹਿਤ ਕਰਾਏ ਗਏ ਕੰਮਾਂ, ਵਰਤੇ ਗਏ ਫੰਡਾਂ ਅਤੇ ਨਰੇਗਾ ਸਕੀਮ ਨੂੰ ਸਹੀ ਰੂਪ ਵਿਚ ਲਾਗੂ ਕਰਨ ਲਈ ਪਾਰਦਰਸ਼ਤਾ ਲਿਆਉਣ ਵਿਚ ਵੀ ਜ਼ਿਲ੍ਹਾ ਹੁਸ਼ਿਆਰਪੁਰ ਅੱਗੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ  ਮਿਤੀ 16 ਜੁਲਾਈ 2010 ਨੂੰ ਬਲਾਕ ਸੰਮਤੀ ਤਲਵਾੜਾ ਦੇ ਚੇਅਰਮੈਨ, ਸੰਮਤੀ ਮੈਂਬਰਾਂ, ਸਰਪੰਚਾਂ ਅਤੇ ਨਰੇਗਾ ਮੇਟਾਂ ਦੀ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ ਟਰੇਨਿੰਗ  ਸੈਸ਼ਨ ਤੋਂ ਬਾਅਦ ਪੂਰਨ ਸਵੱਛਤਾ ਸਕੀਮ  ਬਾਰੇ ਗਿਆਨ ਗੋਸ਼ਟੀ ਉਪਰੰਤ ਇਸ ਨੂੰ ਤਲਵਾੜਾ ਬਲਾਕ ਵਿੱਚ ਲਾਗੂ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਗਈ । ਟੋਟਲ ਸੈਨੀਟੇਸ਼ਨ ਸਕੀਮ ਤਹਿਤ ਹੁਸ਼ਿਆਰਪੁਰ ਜ਼ਿਲੇ ਨੂੰ ਕਵਰ ਕਰਨ ਲਈ ਪੰਜਾਬ ਸਰਕਾਰ ਵਲੋਂ  ਬਣਾਈ ਗਈ ਇਸ ਸਕੀਮ ਤਹਿਤ ਸਟੇਟ ਕੋਆਰਡੀਨੇਟਰ ਨਾਲ 19 ਜੁਲਾਈ 2010 ਨੂੰ ਜ਼ਿਲਾ ਟੋਟਲ ਸੈਨੀਟੇਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਫੈਸਲਾ ਕੀਤਾ ਗਿਆ ਕਿ ਪੂਰੇ ਜ਼ਿਲੇ ਦਾ ਅਤੇ ਬਲਾਕ ਵਾਈਜ਼ ਐਕਸਪ੍ਰ੍ਰੈਸਨ ਆਫ ਇਨਟਰਸਟ ਐਨ. ਜੀ. ਓਜ਼ ਤੋਂ ਲਏ ਜਾਣਗੇ।  ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ 27 ਜੁਲਾਈ ਨੂੰ ਬਲਾਕ ਤਲਵਾੜਾ ਦੇ ਸਾਰੇ ਪਿੰਡਾਂ ਵਿਚ  ਚੇਤਨਾ ਰੈਲੀਆਂ ਕੱਢੀਆਂ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਦਿਹਾਤੀ ਖੇਤਰਾਂ ਵਿਚ 2,59,709 ਘਰਾਂ ਵਿਚੋਂ 11320 ਗਰੀਬੀ ਰੇਖਾਂ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਅਤੇ 1,11,238 ਗਰੀਬੀ ਰੇਖਾਂ ਤੋਂ ਉਪਰ ਰਹਿ ਰਹੇ ਪ੍ਰੀਵਾਰਾਂ ਦੇ ਘਰਾਂ ਵਿਚ ਪਖਾਨੇ ਨਹੀਂ ਹਨ  ਅਤੇ ਇਸੇ ਤਰ੍ਹਾਂ ਹੀ ਤਲਵਾੜਾ ਬਲਾਕ ਦੇ 12710 ਪ੍ਰੀਵਾਰਾਂ ਦੇ ਘਰਾਂ ਵਿਚ ਪਖਾਨੇ ਨਹੀਂ ਹਨ। ਤਲਵਾੜਾ ਬਲਾਕ ਵਿੱਚ ਸੈਨੀਟੇਸ਼ਨ ਮੁਹਿੰਮ ਦਾ ਪ੍ਰੋਜੈਕਟ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ । ਪੇਂਡੂ ਖੇਤਰਾਂ ਵਿਚ ਰਹਿੰਦੇ ਗਰੀਬ ਪ੍ਰੀਵਾਰਾਂ ਦਾ ਜੀਵਨ ਮਿਆਰ ਉਚਾ ਚੁੱਕਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ  ਲਈ ਹਰੇਕ ਘਰ ਵਿਚ ਪਖਾਨਾ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਲਾਕ ਤਲਵਾੜਾ ਦੇ ਸਾਰੇ ਪਿੰਡਾਂ ਅਤੇ ਕਸਬਿਆਂ ਵਿਚ ਪੂਰਨ ਸਵੱਛਤਾ ਦੀ ਸਹੂਲਤ ਮੁਹਈਆ ਕਰਵਾ ਕੇ ਪ੍ਰਾਂਤ ਦਾ ਮਾਡਲ ਬਲਾਕ ਬਣਾਇਆ ਜਾਵੇਗਾ। ਇਹ ਸਕੀਮ ਬਲਾਕ ਹਾਜ਼ੀਪੁਰ ਤੇ ਦਸੂਹਾ ਵਿਚ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਸ਼ਿਆਰਪੁਰ ਵਲੋਂ ਇਸ ਸਕੀਮ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ  ਲਈ 18. 32 ਕਰੋੜ ਰੁਪਏ ਦੀ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ। ਜਿਸ ਵਿੱਚ ਜਾਗਰੂਕਤਾ ਉਤਪੰਨ ਕਰਨ ਲਈ 15 ਪ੍ਰਤੀਸ਼ਤ ਖਰਚਣ ਦੀ ਵਿਵਸਥਾ ਹੈ।  ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਕਸਬਾ ਕਮਾਹੀ ਦੇਵੀ ਅਤੇ ਤਲਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਵੀ ਟੋਟਲ ਸੈਨੀਟੇਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ  ਸੈਮੀਨਾਰਾਂ/ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨੇ ਵਿਕਾਸ ਤੇ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਤਿਆਰ ਕੀਤਾ ‘ਵਿਕਾਸ ਦੀ ਰਾਹ’ ਕਿਤਾਬਚਾ ਰਿਲੀਜ਼ ਕੀਤਾ।
        ਸ਼੍ਰੀ ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਆਉਂਦੇ 2 ਸਾਲਾਂ ਤੱਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈਆਂ ਗਈਆਂ ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਜ਼ਰੂਰ ਪਹੁੰਚਣਾ ਚਾਹੀਦਾ ਹੈ।
        ਮਹੰਤ ਰਾਮ ਪ੍ਰਕਾਸ਼ ਸਾਬਕਾ ਮੰਤਰੀ ਪੰਜਾਬ ਨੇ ਇਸ ਮੌਕੇ ਤੇ ਬੋਲਦਿਆਂ; ਕਿਹਾ ਕਿ ਸਾਨੂੰ ਆਪਣਾ ਬਾਹਰੀ ਵਾਤਾਵਰਣ ਸਾਫ਼-ਸੁਥਰਾ ਰੱਖਣ ਦੇ  ਨਾਲ-ਨਾਲ ਆਪਣਾ ਤਨ-ਮਨ ਵੀ ਸਾਫ਼ ਰੱਖਣਾ ਚਾਹੀਦਾ ਹੈ ਅਤੇ ਗਰੀਬ ਤੇ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੂਰਨ ਸਵੱਛਤਾ ਅਭਿਆਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਟੀਚਾ ਮਿਥਣਾ ਚਾਹੀਦਾ ਹੈ।
        ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਟੋਟਲ ਸੈਨੀਟੇਸ਼ਨ ਸਕੀਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਵਿਭਾਗ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।  ਸ਼੍ਰੀ ਐਨ ਕੇ ਧੀਰ ਸਟੇਟ ਕੋਆਰਡੀਨੇਟਰ ਨੇ ਇਸ ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਅਜੇ ਵੀ  12. 50 ਲੱਖ ਘਰਾਂ ਵਿੱਚ ਪਖਾਨੇ ਨਹੀਂ ਹਨ। ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਸੂਚਨਾ, ਸਿੱਖਿਆ ਤੇ ਸੰਚਾਰ ਰਾਹੀਂ  ਘਰਾਂ ਵਿੱਚ ਵੀ ਪਖਾਨੇ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਮੰਤਰੀ ਨੇ ਕੀਤਾ ਵਾਟਰ ਪਿਊਰੀਫਾਇਰ ਯੰਤਰ ਦਾ ਉਦਘਾਟਨ

ਹੁਸ਼ਿਆਰਪੁਰ, 26 ਜੁਲਾਈ: ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਦੀ ਯੋਗ ਅਗਵਾਈ ਹੇਠ ਐਚ ਡੀ ਐਫ ਸੀ ਬੈਂਕ ਵੱਲੋਂ ਜਨਤਕ ਥਾਵਾਂ, ਧਾਰਮਿਕ,  ਵਿਦਿਅਕ ਸੰਸਥਾਵਾਂ ਆਦਿ ਵਿੱਚ ਆਮ ਜਨਤਾ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵਾਟਰ ਪਿਉਰੀਫਾਇਰ ਸਿਸਟਮ ਲਗਾਏ ਜਾ ਰਹੇ ਹਨ। ਇਸੇ ਲੜੀ ਵਿੱਚ ਸਾਧੂ ਆਸ਼ਰਮ ਵਿਖੇ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਐਚ ਡੀ ਐਫ ਸੀ ਬੈਂਕ ਵੱਲੋਂ ਲਗਾਏ ਗਏ ਵਾਟਰ ਪਿਉਰੀਫਾਇਰ ਦਾ ਉਦਘਾਟਨ ਕੀਤਾ।  ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਾਧੂ ਆਸ਼ਰਮ ਵਿਖੇ ਪੁਰਾਤਨ ਵਸਤਾਂ ਦਾ ਮਿਉਜ਼ਿਅਮ,  ਸੈਰ ਸਪਾਟਾ ਕੰਪਲੈਕਸ ਅਤੇ ਸੰਸਕ੍ਰਿਤ ਯੂਨੀਵਰਸਿਟੀ ਹੋਣ ਕਾਰਨ ਸਾਰੇ ਭਾਰਤ ਤੋਂ ਸੈਲਾਨੀ , ਵਿਦਿਆਰਥੀ ਅਤੇ ਆਮ ਲੋਕ ਇਥੇ ਆਉਂਦੇ ਹਨ।  ਇਸ ਲਈ ਇਨ੍ਹਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਵਾਟਰ ਪਿਉਰੀਫਾਇਰ ਦੀ ਬਹੁਤ ਜ਼ਰੂਰਤ ਸੀ॥ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਾਟਰ ਪਿਉਰੀਫਾਇਰ  ਜਨਤਕ ਥਾਵਾਂ ਤੇ ਲਗਾਉਣ ਲਈ ਵੱਖ-ਵੱਖ ਸਵੈਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
        ਮੈਨੇਜਰ ਐਚ ਡੀ ਐਫ ਸੀ ਵਿਵੇਕ ਚਾਵਲਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਬੈਂਕ ਵੱਲੋਂ ਹੁਣ ਤੱਕ ਇਸ ਤਰ੍ਹਾਂ ਦੇ 15 ਵਾਟਰ ਪਿਉਰੀਫਾਇਰ ਵੱਖ-ਵੱਖ ਜਨਤਕ ਥਾਵਾਂ ਤੇ ਲਗਾਏ ਗਏ ਹਨ ਅਤੇ ਸਾਧੂ ਆਸ਼ਰਮ ਵਿੱਚ ਇਸ ਤਰ੍ਹਾਂ ਦਾ ਦੂਸਰਾ ਵਾਟਰ ਪਿੳਰੀਫਾਇਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੈਂਕ ਵੱਲੋਂ ਇਸ ਤਰਾਂ ਦੇ ਹੋਰ ਵਾਟਰ ਪਿਉਰੀਫਾਇਰ ਵੀ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮਿਲ ਸਕੇ ਅਤੇ ਉਹ  ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਰਹਿਤ ਰਹਿ ਸਕਣ।
        ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਮਹਾਂਮੰਤਰੀ ਭਾਜਪਾ ਕਮਲਜੀਤ ਸੇਤੀਆ, ਵਣ ਮੰਡਲ ਅਫ਼ਸਰ ਦੇਵ ਰਾਜ ਸ਼ਰਮਾ, ਰੇਂਜ ਅਫ਼ਸਰ ਕੁਲਰਾਜ ਸਿੰਘ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਐਮ ਈ ਪਵਨ ਸ਼ਰਮਾ, ਡਾ ਓ ਪੀ ਚੌਧਰੀ, ਲਾਲ ਅਮਰ ਨਾਥ ਐਮ ਸੀ,  ਪ੍ਰਿੰਸੀਪਲ ਸਾਧੂ ਆਸ਼ਰਮ ਸ਼੍ਰੀ ਓਨੀਆਲ, ਰੋਟਰੀ ਕਲੱਬ ਦੇ ਪ੍ਰਧਾਨ ਦਿਨੇਸ਼ ਨਾਗਪਾਲ, ਪ੍ਰੋਜੈਕਟ ਚੇਅਰਮੈਨ ਸ਼ੀਲ ਸੂਦ, ਸਕੱਤਰ ਸੁਰਿੰਦਰ ਵਿਜ,  ਇਨਰ ਵੀਲ ਕਲੱਬ ਦੇ ਚੇਅਰਮੈਨ ਸੰਪਤ ਡਾਵਰ, ਕਲੱਬ ਪ੍ਰਧਾਨ ਅਨੂਪ ਨਾਗਪਾਲ, ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਚਦੇਵਾ,  ਪ੍ਰੋ: ਬਹਾਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਲਾਠੀਚਾਰਜ ਦੀ ਨਿਖੇਧੀ

ਤਲਵਾੜਾ, 26 ਜੁਲਾਈ:  ਨੌਕਰੀਆਂ ਮੰਗ ਰਹੇ ਬੇਰੁਜਗਾਰ ਅਧਿਆਪਕਾਂ ਤੇ ਲਾਠੀਚਾਰਜ ਕਰਨਾ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਨਿੰਦਣਯੋਗ ਕਾਰਵਾਈ ਹੈ। ਇਹ ਵਿਚਾਰ ਇੱਥੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਨੇ ਪ੍ਰਗਟ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਪਰੰਤੂ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਅਜਿਹੇ ਕਾਰਨਾਮੇ ਕਿਸੇ ਤਰਾਂ ਵੀ ਜਾਇਜ਼ ਨਹੀਂ ਠਹਿਰਾਏ ਜਾ ਸਕਦੇ ਅਤੇ ਜੀ. ਟੀ. ਯੂ. ਵੱਲੋਂ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਮਾਸਟਰ ਬਿਆਸ ਦੇਵ, ਠਾਕੁਰ ਨਰਦੇਵ ਸਿੰਘ, ਕੁਲਵੰਤ ਸਿੰਘ, ਮੁਲਖਾ ਸਿੰਘ, ਯਸ਼ਪਾਲ ਸਮੇਤ ਕਈ ਹੋਰ ਆਗੂ ਹਾਜਰ ਸਨ।

ਬਲਾਕ ਮਾਹਿਲਪੁਰ ਚ ਲਾਇਆ ਕਾਨੂੰਨੀ ਸਾਖਰਤਾ ਕੈਂਪ

ਹੁਸ਼ਿਆਰਪੁਰ, 25 ਜੁਲਾਈ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਪਿੰਡ ਪੰਜੋੜ ਬਲਾਕ ਮਾਹਿਲਪੁਰ ਵਿਖੇ ਇੱਕ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ਼੍ਰੀ ਜਸਪਾਲ ਸਿੰਘ ਭਾਟੀਆ ਦੀ ਦੇਖ-ਰੇਖ ਹੇਠਾਂ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਚਰਨਜੀਤ ਸਿੰਘ, ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਨੇ ਕੀਤੀ। ਇਸ ਕੈਂਪ ਵਿੱਚ ਸ਼੍ਰੀ ਹਰਿੰਦਰ ਸਿੰਘ ਬਾਘਾ ਵਕੀਲ, ਸ਼੍ਰੀ ਜੋਗ ਰਾਜ ਵਕੀਲ, ਸ਼੍ਰੀ ਕੰਵਲਜੀਤ ਸਿੰਘ ਨੂਰੀ ਵਕੀਲ, ਸ਼੍ਰੀ ਅਜੇ ਗੁਪਤਾ ਵਕੀਲ, ਸ਼੍ਰੀ ਅਮਿਤ ਕੋਹਲੀ ਵਕੀਲ, ਸ਼੍ਰੀ ਪਰਮਜੀਤ ਸਿੰਘ ਚੇਅਰਮੈਨ ਪੰਚਾਇਤ ਸੰਮਤੀ ਮਾਹਿਲਪੁਰ ਅਤੇ ਸ਼੍ਰੀ ਕਮਲਜੀਤ ਸਿੰਘ ਸਰਪੰਚ ਪੰਜੋੜ ਖਾਸ ਤੌਰ ਤੇ ਬਤੌਰ ਟੀਮ ਹਾਜ਼ਰ ਸਨ।
        ਇਸ ਕੈਂਪ ਵਿੱਚ ਵੱਖ-ਵੱਖ ਵਿਸ਼ਿਆਂ ਤੇ ਅਤੇ ਕਾਨੂੰਨੀ ਨੁਕਤਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕੈਂਪ ਵਿੱਚ ਚਰਨਜੀਤ ਸਿੰਘ ਏ ਡੀ ਏ ਨੇ ਮੁਫ਼ਤ ਕਾਨੂੰਨੀ ਸਹਾਇਤਾ, ਆਉਣ ਵਾਲੀ  21 ਅਗਸਤ 2010 ਦੀ ਲੋਕ ਅਦਾਲਤ, ਘਰੇਲੂ ਹਿੰਸਾ ਕਾਨੁੰਨ, ਸੂਚਨਾ ਅਧਿਕਾਰ ਕਾਨੂੰਨ, ਭਰੂਣ ਹੱਤਿਆ ਖਿਲਾਫ਼ ਅਤੇ ਨਰੇਗਾ ਸਕੀਮ ਤੇ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਇਹ ਸਹਾਇਤਾ ਲੈਣ ਲਈ ਉਨ੍ਹਾਂ ਪਾਸ ਜਾਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਦਫ਼ਤਰ ਵਿੱਚ ਜਾਂ ਸਿਵਲ ਜੱਜ (ਸ. ਡ.) ਪਾਸ ਦਰਖਾਸਤ ਦੇ ਸਕਦੇ ਹਨ।
        ਕੈਂਪ ਵਿੱਚ ਆਪਣੇ ਵਿਚਾਰ ਰੱਖਦਿਆਂ ਸ਼੍ਰੀ ਜੋਗਰਾਜ ਵਕੀਲ , ਸ਼੍ਰੀ ਹਰਿੰਦਰ ਸਿੰਘ ਬਾਘਾ ਵਕੀਲ, ਸ਼੍ਰੀ ਅਮਿਤ ਕੋਹਲੀ ਵਕੀਲ ਆਦਿ ਨੇ ਲੋਕਾਂ ਨੂੰ ਹਿੰਦੂ ਮੈਰਿਜ ਐਕਟ, ਆਈ ਪੀ ਸੀ, ਸੀ ਆਰ ਪੀ ਸੀ, ਮੋਟਰ ਐਕਸੀਡੈਂਟਿ ਕਲੇਮ ਕੇਸਾਂ ਬਾਰੇ, ਪੁਲਿਸ ਅਤਿਆਚਾਰ ਦੇ ਖਿਲਾਫ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਅਤੇ ਹੋਰ ਛੋਟੇ-ਛੋਟੇ ਕਾਨੂੰਨੀ ਨੁਕਤਿਆਂ ਤੇ ਚਾਨਣਾ ਪਾਇਆ ਜਿਨ੍ਹਾਂ ਦੀ ਜਾਣਕਾਰੀ ਹਰ ਇਨਸਾਨ ਨੂੰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਨੂੰਨੀ ਸਾਖਰ ਹੋਣ ਲਈ ਪ੍ਰੇਰਿਤ ਵੀ ਕੀਤਾ।
        ਇਸ ਮੌਕੇ ਤੇ ਸ਼੍ਰੀ ਪਰਮਜੀਤ ਸਿੰਘ ਚੇਅਰਮੈਨ ਪੰਚਾਇਤ ਸੰਮਤੀ ਨੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਪਿੰਡ ਨੂੰ ਚੁਣਿਆ ਅਤੇ ਇਸ ਟੀਮ ਨੂੰ ਉਥੇ ਭੇਜਿਆ ਤਾਂ ਜੋ ਲੋਕ ਕਾਨੂੰਨੀ ਪੱਧਰ ਤੇ ਸਾਖਰ ਹੋ ਸਕਣ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਲੋਕਾਂ ਤੱਕ ਇਹ ਸੁਨੇਹਾ ਜ਼ਰੂਰ ਪਹੁੰਚਾਉਣਗੇ ਕਿ ਲੋਕਾਂ ਨੂੰ  ਜੇਕਰ ਲੋੜ ਪਵੇ ਤਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਦਾ ਲਾਭ ਉਠਾਉਣ। ਸ਼੍ਰੀ ਕਮਲਜੀਤ ਸਿਘ ਸਰਪੰਚ ਪਿੰਡ ਪੰਜੋੜ ਨੇ ਪਿੰਡ ਵਾਸੀਆਂ ਨੂੰ ਇਨ੍ਹਾਂ ਸਕੀਮਾਂ ਅਤੇ ਵਿਚਾਰਾਂ ਨੂੰ ਘਰੋਂ-ਘਰੀ ਪਹੁੰਚਾਉਣ ਲਈ ਪ੍ਰੇਰਿਤ ਕੀਤਾ  ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਪਿੰਡ ਚੌੜ ਦੇ ਸਰਪੰਚ ਸ਼੍ਰੀ ਦਲਜੀਤ ਸਿੰਘ, ਸ਼੍ਰੀ ਮਹਿੰਦਰ ਪਾਲ ਸਰਪੰਚ ਪੰਡੋਰੀ, ਗੰਗਾ ਸਿੰਘ, ਸ਼੍ਰੀ ਸਤਨਾਮ ਸਿੰਘ ਸਰਪੰਚ ਪਿੰਡ ਮਖਸੂਸਪੁਰ, ਸ਼੍ਰੀਮਤੀ ਹਰਜੀਤ ਕੌਰ ਸਰਪੰਚ ਅਲਾਵਲਪੁਰ, ਸ਼੍ਰੀ ਅਮਰੀਕ ਸਿੰਘ ਪੰਚਾਇਤ ਸਕੱਤਰ ਪੰਜੋੜ, ਸ਼੍ਰੀ ਰਣਜੀਤ ਸਿੰਘ ਪੰਚਾਇਤ ਸਕੱਤਰ ਈਸਪੁਰ, ਪ੍ਰਵੀਨ ਕੁਮਾਰ ਪੰਚਾਇਤ ਸਕੱਤਰ ਮਨੋਲੀਆ ਅਤੇ ਪਿੰਡ ਪੰਜੌੜ ਦੇ ਪੰਚ, ਸੋਸ਼ਲ ਵਰਕਰ, ਟੀਚਰ, ਆਂਗਣਵਾੜੀ ਮੈਂਬਰ, ਨੰਬਰਦਾਰ, ਬੈਂਕ ਮੈਨੇਜਰ ਸ਼੍ਰੀ ਜਸਵਿੰਦਰ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।
        ਕੈਂਪ ਦੌਰਾਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੁਫ਼ਤ ਪ੍ਰਚਾਰ ਸਮੱਗਰੀ ਅਤੇ ਨਰੇਗਾ ਸਕੀਮ ਦੇ ਮੁਫ਼ਤ ਪ੍ਰਚਾਰ ਬਾਰੇ ਸਮੱਗਰੀ ਵੰਡੀ ਗਈ ਤਾਂ ਜੋ ਲੋਕ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ

ਸੂਦ ਨੇ ਕੀਤਾ ਹਾਰਵੈਸਟਿੰਗ ਪਲਾਂਟ ਦਾ ਉਦਘਾਟਨ

ਹੁਸ਼ਿਆਰਪੁਰ, 25 ਜੁਲਾਈ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਬੀਤੀ ਸ਼ਾਮ ਸਥਾਨਿਕ ਸਵੀਮਿੰਗ ਪੂਲ ਵਿਖੇ  ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਵੱਲੋਂ 1,65,000/- ਰੁਪਏ ਦੀ ਲਾਗਤ ਨਾਲ ਬਣਾਏ ਗਏ ਹਾਰਵੈਸਟਿੰਗ ਪਲਾਂਟ ਦਾ ਉਦਘਾਟਨ ਕੀਤਾ।  ਇਸ ਮੌਕੇ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੂਦ ਨੇ ਕਿਹਾ ਕਿ  ਪੰਜਾਬ ਭਰ ਵਿੱਚ ਇਹ ਪਹਿਲਾ ਸਵੀਮਿੰਗ  ਪੂਲ  ਹੈ  ਜਿਸ ਤੇ ਇਸ ਤਰ੍ਹਾਂ ਦਾ ਹਾਰਵੈਸਿੰਟ ਪਲਾਂਟ ਲਗਾਇਆ ਗਿਆ ਹੈ।   ਉਨ੍ਹਾਂ ਕਿਹਾ ਕਿ  ਪਾਣੀ ਅੱਜ ਦੇ ਯੁੱਗ ਵਿੱਚ ਬਹੁਤ ਹੀ ਕੀਮਤੀ ਹੈ। ਇਸ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਸਵੀਮਿੰਗ ਪੂਲ ਦਾ ਪਾਣੀ ਪਹਿਲਾਂ ਸੀਵਰੇਜ਼ ਵਿੱਚ ਬੇ-ਕਾਰ ਹੀ ਚਲਾ ਜਾਂਦਾ ਸੀ । ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੇ ਭੂਮੀ ਸੰਸਥਾ ਦੇ ਸਹਿਯੋਗ ਨਾਲ ਇਸ ਪਾਣੀ ਨੂੰ ਬਚਾਉਣ ਲਈ ਹਾਰਵੈਸਟਿੰਗ ਪਲਾਂਟ ਲਗਾ ਕੇ ਸਵੀਮਿੰਗ ਪੂਲ ਦੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਧਰਤੀ ਵਿੱਚ ਰੀਚਾਰਜ ਕਰਨ ਲਈ ਜੋ ਪਲਾਂਟ ਲਗਾਇਆ ਹੈ। ਇਸ ਨਾਲ ਇੱਕ ਸਾਲ ਵਿੱਚ ਲਗਭਗ 4 ਕਰੋੜ ਲੀਟਰ ਪਾਣੀ ਬਚਾਇਆ ਜਾ ਸਕੇਗਾ। ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਵੀ ਅਜਿਹੇ ਹਾਰਵੈਸਟਿੰਗ ਪਲਾਂਟ ਲਗਾ ਕੇ ਬਰਸਾਤ ਦੇ ਪਾਣੀ ਨੂੰ ਧਰਤੀ ਵਿੱਚ ਰੀ-ਚਾਰਜ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਧਰਤੀ ਹੇਠਲੇ ਘੱਟ ਪਾਣੀ ਦੇ ਪੱਧਰ ਨੂੰ ਉਚਾ ਚੁਕਿਆ ਜਾ ਸਕੇ। 
        ਸ਼੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਕੰਢੀ ਏਰੀਏ ਵਿੱਚ ਚੋਆਂ ਉਪਰ ਛੋਟੇ-ਛੋਟੇ ਬੰਨ ਬਣਾ ਕੇ ਪਾਣੀ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਕੁਦਰਤੀ ਸੋਮਿਆਂ ਰਾਹੀਂ ਪਾਣੀ ਰੀਚਾਰਜ ਹੋ ਸਕੇ।  ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਵੀ ਪਾਣੀ ਦੀ ਵਰਤੋਂ ਸਬੰਧੀ ਕਈ ਅਹਿਮ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਵੇਂ ਖੇਤਾਂ ਵਿੱਚ ਤੁਪਕਾ /ਸਪਰਿੰਕਲਰ ਰਾਹੀਂ ਸਿੰਚਾਈ ਕਰਕੇ ਪਾਣੀ ਦੀ ਬਚੱਤ ਕਰਨ ਦੇ ਉਪਰਾਲੇ ਕੀਤੇ ਗਏ ਹਨ । ਇਨ੍ਹਾਂ ਸਕੀਮਾਂ ਤਹਿਤ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਭੂਮੀ ਸੰਸਥਾ ਵਲੋਂ ਪਾਣੀ ਨੂੰ ਬਚਾਉਣ ਸਬੰਧੀ ਜੋ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਰਾਹੀਂ ਵੀ ਪਾਣੀ ਦੀ ਕਾਫੀ ਬਚੱਤ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਮੰਤਰੀ ਸ਼੍ਰੀ ਸੂਦ ਨੇ ਭੂਮੀ ਸੰਸਥਾ ਅਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।
        ਪ੍ਰਧਾਨ ਤੈਰਾਕੀ ਐਸੋਸੀਏਸ਼ਨ ਪਰਮਜੀਤ ਸਚਦੇਵਾ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਇਸ ਸਸੰਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਸਵੀਮਿੰਗ ਪੂਲ ਵਿੱਚ ਬੱਚਿਆਂ ਦੀ ਗਿਣਤੀ ਵਧੀ ਹੈ । ਪਿਛਲੇ ਸਾਲਾਂ ਵਿੱਚ ਸਵੀਮਿੰਗ ਪੂਲ ਦੀ ਆਮਦਨ 25,000/- ਰੁਪਏ ਤੋਂ ਵੱਧ ਨਹੀਂ ਹੁੰਦੀ ਸੀ ਜਦਕਿ ਇਸ ਸਾਲ 1,00,000/- ਰੁਪਏ ਦੀ ਫੀਸ ਵਜੋਂ ਕੁਲੈਕਸ਼ਨ ਕੀਤੀ ਗਈ ਹੈ। ਇਸ ਨੂੰ ਸਵੀਮਿੰਗ ਪੂਲ ਦੇ ਵਿਕਾਸ ਤੇ ਹੀ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਵੀਮਿੰਗ ਪੂਲ ਵਿੱਚ ਬੱਚਿਆਂ ਦੇ ਚੇਜਿੰਗ ਰੂਮ ਅਤੇ ਸਮਾਨ ਰੱਖਣ ਲਈ ਲਾਕਰ ਬਣਾਏ ਜਾਣਗੇ।  ਮਹਾਂਮੰਤਰੀ ਭਾਜਪਾ ਸ਼੍ਰੀ ਕਮਲਜੀਤ ਸੇਤੀਆ, ਪ੍ਰਧਾਨ ਜ਼ਿਲ੍ਹਾ ਭਾਜਪਾ ਜਗਤਾਰ ਸਿੰਘ, ਡਿਪਟੀ ਡਾਇਰੈਕਟਰ ਖੇਡ ਵਿਭਾਗ ਅਤੇ ਜਨਰਲ ਸਕੱਤਰ ਤੈਰਾਕੀ ਐਸੋਸੀਏਸ਼ਨ ਕੰਵਰ ਹਰਪਾਲ ਸਿੰਘ ਅਤੇ ਭੂਮੀ ਸੰਸਥਾ ਦੇ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜਲ ਸੰਭਾਲ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਵਿਆਪਕ ਉਪਰਾਲੇ ਜਾਰੀ : ਜੋਸ਼

ਹੁਸ਼ਿਆਰਪੁਰ, 24 ਜੁਲਾਈ:  ਪੰਜਾਬ ਸਰਕਾਰ  ਵੱਲੋਂ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ  141 ਕਰੋੜ ਰੁਪਏ ਨਾਲ 331 ਸਕੂਲਾਂ ਵਿੱਚ ਸਾਇੰਸ ਸਿੱਖਿਆ ਪ੍ਰਣਾਲੀ ਤੇ ਹੋਰ  ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।  ਇਸ ਗੱਲ ਦਾ ਪ੍ਰਗਟਾਵਾ  ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼  ਨੇ ਪਿੰਡ ਸਹੋਤਾ ਵਿਖੇ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।  ਇਸ ਮੌਕੇ ਤੇ  ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ, ਐਸ ਐਚ ਓ ਬੁਲੋਵਾਲ ਪਰਮਜੀਤ ਸਿੰਘ,  ਬੀ ਡੀ ਪੀ ਓ ਮਹੇਸ਼ ਕੁਮਾਰ ਅਤੇ ਗੁਰਜੀਤ ਸਿੰਘ ਨੰਦਾਚੌਰ ਵੀ ਉਨ੍ਹਾਂ ਨਾਲ ਸਨ।
        ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬੇਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਅਤੇ  ਇਸ  ਹਲਕੇ  ਦੇ 188 ਪਿੰਡਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਵੀ ਪੀਣ ਵਾਲਾ ਪਾਣੀ  ਮੁਹੱਈਆ ਕਰਵਾਇਆ ਗਿਆ ਹੈ ਅਤੇ ਪਖਾਨੇ  ਵੀ ਬਣਾਏ ਗਏ ਹਨ।  ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਵੀ ਮਾਡਲ ਸਕੂਲਾਂ ਵਾਂਗ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਸਿੱਟੇ ਵਜੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਸਕੂਲਾਂ ਦੇ ਨਤੀਜੇ ਵੀ ਚੰਗੇ ਆ ਰਹੇ ਹਨ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ  ਪਿੰਡਾਂ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਯੂਥ ਕਲੱਬਾਂ  ਆਪਣੀ ਜਰੂਰਤ ਦੀਆਂ ਖੇਡ ਕਿੱਟਾਂ ਲੈਣ ਸਬੰਧੀ ਲਿਖ ਕੇ ਦੇਣ ਤਾਂ ਜੋ ਉਨ੍ਹਾਂ ਦੀ ਲੋੜ ਅਨੁਸਾਰ ਕਿੱਟਾਂ ਦਿੱਤੀਆਂ ਜਾ ਸਕਣ।  ਇਸ ਮੌਕੇ ਤੇ ਬੀਬੀ ਜੋਸ਼ ਨੇ ਵੱਖ-ਵੱਖ  ਪਿੰਡਾਂ ਦੇ ਸਕੂਲਾਂ ਨੂੰ ਵਿਕਾਸ ਦੇ ਕੰਮ ਕਰਾਉਣ ਅਤੇ ਚਾਰ ਦੀਵਾਰੀ ਬਣਾਉਣ ਲਈ 9 , 25, 647 /- ਰੁਪਏ ਦੇ ਚੈਕ ਵੰਡੇ ਜਿਨ੍ਹਾਂ ਵਿੱਚ ਪਿੰਡ ਸਹੋਤਾ ਦੇ ਸਕੂਲ ਲਈ 64, 618/- ਰੁਪਏ, ਮੱਛਰੀਵਾਲ ਲਈ 1,82,545/-, ਬਰਿਆਲ ਲਈ 56,540/-, ਬਡਾਲਾ ਪੱਕਾ ਲਈ 1,93,853/-, ਕਾਲੂਵਾਹਰ ਲਈ 2,42,316/-, ਸਰਹਾਲਾ ਲਈ 36,347/-, ਨੰਗਲ ਕਲਾਲਾਂ ਲਈ 1,49,428/- ਰੁਪਏ ਦੇ ਚੈਕ ਹਨ।  ਇਸ ਮੌਕੇ ਤੇ ਬੀਬੀ ਜੋਸ਼ ਨੇ ਵੱਖ-ਵੱਖ ਪਿੰਡਾਂ ਦੇ ਗਰੀਬ ਪ੍ਰੀਵਾਰਾਂ ਨੂੰ ਨੀਲੇ ਕਾਰਡ ਵੀ ਤਕਸੀਮ ਕੀਤੇ।
          ਇਸ ਮੌਕੇ ਤੇ ਪਿੰਡ ਸਹੋਤਾ ਦੀ ਸਰਪੰਚ ਮਨਜੀਤ ਕੌਰ ਨੇ  ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਪਿੰਡ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸਰਵਸ਼੍ਰੀ ਬਲਵੰਤ ਸਿੰਘ ਬਰਿਆਲ ਅਤੇ  ਤਰਸੇਮ ਸਿੰਘ ਸਰਪੰਚ ਖਾਨਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਉਪ ਮੰਡਲ ਇੰਜੀਨੀਅਰ  ਮਹਿੰਦਰ ਲਾਲ, ਜੇ. ਈ. ਅਮਰਜੀਤ ਸਿੰਘ , ਅਰਵਿੰਦ ਸੈਣੀ, ਰਾਜ ਕੁਮਾਰ, ਪੰਚ ਗੁਰਬਖਸ਼ ਕੌਰ , ਅਮਰੀਕ ਸਿੰਘ, ਲਕਸ਼ਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਕੁਲਵਰਨ ਸਿੰਘ, ਬਚਿੱਤਰ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ ਨੰਦਾਚੌਰ, ਮਹਿੰਗਾ ਸਿੰਘ ਸਰਪੰਚ ਜੰਡਿਆਲਾ, ਨਿਰਮਲ ਚੰਦ  ਪਿੰਡ ਬੁਰੇ, ਜਸਵਿੰਦਰ ਕੌਰ ਸਰਪੰਚ ਮੱਛਰੀਵਾਲ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਸਮਾਜਿਕ ਤਬਦੀਲੀ ਲਈ ਨੌਜਵਾਨ ਅੱਗੇ ਆਉਣ: ਅਮਿਤ ਬਜਾਜ

ਤਲਵਾੜਾ, 23 ਜੁਲਾਈ: ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਲੁੜੀਂਦੀ ਸਮਾਜਿਕ ਤਬਦੀਲੀ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਵਿਚਾਰ ਇੱਥੇ ਅਮਿਤ ਬਜਾਜ ਪ੍ਰਧਾਨ ਯੂਥ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਜਥੇਬੰਦੀ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਮਾਜ ਵਿਚ ਫੈਲੇ ਅਨੇਕਾਂ ਤਰਾਂ ਦੇ ਭ੍ਰਿਸ਼ਟਾਚਾਰ, ਕੁਰੀਤੀਆਂ ਅਤੇ ਕਮਜੋਰੀਆਂ ਦੇਸ਼ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਹਨ ਅਤੇ ਇਸ ਦੇ ਮੁਕਾਬਲੇ ਵਿਚ ਸਿਹਤਮੰਦ ਵਾਤਾਵਰਨ ਸਿਰਜਣ ਲਈ ਨੌਜਵਾਨ ਵਰਗ ਵੱਲੋਂ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਪ੍ਰਸਿੱਧ ਲੇਖਕ ਡਾ. ਸੁਰਿੰਦਰ ਮੰਡ ਨੇ ਹਾਜਰ ਨੌਜਵਾਨਾਂ ਨੂੰ ਚੇਤਨ ਹੋ ਕੇ ਆਪਣੇ ਅੰਦਰ ਛੁਪੀ ਅਸੀਮ ਪ੍ਰਤਿਭਾ ਨੂੰ ਪਹਿਚਾਨਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਰਾਜਨੀਤਿਕ ਜਾਂ ਸਮਾਜਿਕ ਹਾਲਾਤ ਸੁਧਾਰਨ ਲਈ ਚੰਗੇ ਵਿਚਾਰਾਂ ਨੂੰ ਮਜਬੂਤ ਕਰਨ ਦੀ ਲੋੜ ਹੈ। ਸੰਸਥਾ ਦੇ ਸਰਪ੍ਰਸਤ ਪ੍ਰੋ. ਜਸਵਿੰਦਰ ਦਿਲਾਵਰੀ ਨੇ ਦੱਸਿਆ ਕਿ ਸਮਾਜ ਸੁਧਾਰ ਤੇ ਚੇਤਨਾ ਦਾ ਬੀੜਾ ਚੁੱਕ ਕੇ ਯੂਥ ਵੈਲਫੇਅਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਪੰਜਾਬ ਭਰ ਵਿਚ 250 ਤੋਂ ਵਧੇਰੇ ਯੂਨਿਟ ਕਾਇਮ ਕੀਤੇ ਜਾ ਚੁੱਕੇ ਹਨ ਅਤੇ ਹੁਣ ਜਿਲ੍ਹਾ ਹੁਸ਼ਿਆਰਪੁਰ ਵਿਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਜਿਲ੍ਹਾ ਹੁਸ਼ਿਆਰਪੁਰ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਜਿਲ੍ਹਾ ਇਕਾਈ ਵਿਚ ਪੰਜਾਬੀ ਲੇਖਕ ਐਸ. ਐਸ. ਸ਼ਮੀ ਨੂੰ ਜਿਲ੍ਹਾ ਮੁੱਖ ਸਰਪ੍ਰਸਤ, ਗੁਰਪ੍ਰੀਤ ਸਿੰਘ ਪ੍ਰਧਾਨ, ਸਰਵਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਮਿਤ ਚੌਧਰੀ ਮੀਤ ਪ੍ਰਧਾਨ, ਰਵਿੰਦਰ ਸਿੰਘ ਜਨਰਲ ਸਕੱਤਰ ਅਤੇ ਨਵੀਨ ਕੁਮਾਰ ਵਰਮਾ ਨੂੰ ਜੁਆਇੰਟ ਸਕੱਤਰ ਬਣਾਇਆ ਗਿਆ ਹੈ। ਨਵ ਨਿਯੁਕਤ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਛੇਤੀ ਹੀ ਜਿਲ੍ਹੇ ਭਰ ਵਿਚ ਕਾਲਜ ਅਤੇ ਤਹਿਸੀਲ ਪੱਧਰ ਦੀਆਂ ਇਕਾਈਆਂ ਦਾ ਗਠਨ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਕਮਲ ਸਿੰਘ ਗਿੱਲ ਕੌਮੀ ਮੀਤ ਪ੍ਰਧਾਨ, ਰਾਜਵੀਰ ਸਿੰਘ ਰਾਣਾ ਕੌਮੀ ਮੀਤ ਪ੍ਰਧਾਨ, ਸ਼ਾਹਬਾਜ਼ ਸਿੰਘ ਕੌਮੀ ਜੁਆਇੰਟ ਸਕੱਤਰ, ਨਿਤਨ ਅਰੋੜਾ ਤੋਂ ਇਲਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕੌਮੀ ਜੁਆਇੰਟ ਸਕੱਤਰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ, ਲਵ ਇੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਯੂਥ ਆਗੂ ਤੇ ਸਮਾਜ ਸੇਵੀ ਹਾਜਰ ਸਨ।

ਇੱਕ ਦਿਨਾ ਕੌਮੀ ਸੇਵਾ ਯੋਜਨਾ ਕੈਂਪ ਲਾਇਆ

ਤਲਵਾੜਾ, 23 ਜੁਲਾਈ: ਇੱਥੇ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਸੈਕਟਰ ਤਿੰਨ ਵਿਖੇ ਪ੍ਰਿੰਸੀਪਲ ਸੁਰੇਸ਼ ਕੁਮਾਰੀ ਦੀ ਦੇਖ ਰੇਖ ਹੇਠ ਕੌਮੀ ਸੇਵਾ ਯੋਜਨਾ ਦੇ ਯੂਨਿਟ ਵੱਲੋਂ ਪ੍ਰੋਗਰਾਮ ਅਫਸਰ ਰਜਿੰਦਰ ਸ਼ਰਮਾ ਦੀ ਅਗਵਾਈ ਵਿਚ ਇੱਕ ਦਿਨਾ ਕੈਂਪ ਲਾਇਆ ਗਿਆ ਜਿਸ ਵਿਚ ਸਕੂਲ ਮੁਖੀ ਨੇ ਵਲੰਟਰੀਆਂ ਨੂੰ ਚੌਗਿਰਦੇ ਦੀ ਸਾਫ ਸਫਾਈ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਵਲੰਟੀਅਰ ਲੜਕੀਆਂ ਨੇ ਸਕੂਲ ਦੇ ਕੈਂਪਸ ਵਿਚ ਉੱਗੇ ਜੰਗਲੀ ਤੇ ਗਾਜਰ ਘਾਹ ਨੂੰ ਜੜ੍ਹੋਂ ਪੁੱਟ ਕੇ ਬੁਲੰਦ ਹੌਸਲੇ ਦਾ ਸਬੂਤ ਦਿੱਤਾ।

ਮੈਥ ਮਾਸਟਰਾਂ ਦਾ ਪੰਜ ਦਿਨਾਂ ਸੈਮੀਨਾਰ ਲਾਇਆ

ਤਲਵਾੜਾ, 23 ਜੁਲਾਈ: ਸਰਵ ਸਿੱਖਿਆ ਮੁਹਿੰਮ ਤਹਿਤ ਇੱਥੇ ਬਲਾਕ ਤਲਵਾੜਾ ਅਤੇ ਹਾਜੀਪੁਰ ਦੇ ਮੈਥ ਮਾਸਟਰਾਂ ਦਾ ਪੰਜ ਦਿਨਾਂ ਸੈਮੀਨਾਰ ਸਰਕਾਰੀ ਸੈਕੰਡਰੀ ਸਕੂਲ ਸੈਕਟਰ ਇੱਕ ਵਿਖੇ ਪ੍ਰਿੰ. ਦਵਿੰਦਰ ਸਿੰਘ ਅਤੇ ਕੁਆਰਡੀਨੇਟਰ ਵਿਨੋਦ ਕੁਮਾਰ ਦੀ ਦੇਖ ਰੇਖ ਹੇਠ ਸਫਲਤਾਪੂਰਵਕ ਲਗਾਇਆ ਗਿਆ। ਸੈਮੀਨਾਰ ਵਿਚ ਸਹਾਇਕ ਕੁਆਰਡੀਨੇਟਰ ਪ੍ਰਦੀਪ ਕੁਮਾਰ, ਮਾਸਟਰ ਟ੍ਰੇਨਰ ਠਾਕੁਰ ਨਰਦੇਵ ਸਿੰਘ, ਵਿਕਰਾਂਤ ਸਨੋਤਰਾ, ਅਜੇ ਕੁਮਾਰ ਨੇ ਅਧਿਆਪਕਾਂ ਨੂੰ ਕਿਰਿਆਵਾਂ ਦੇ ਮਹੱਤਵ ਤੇ ਜੋਰ ਦਿੰਦਿਆਂ ਗਣਿਤ ਵਿਸ਼ੇ ਨੂੰ ਵਧੇਰੇ ਰੌਚਕ ਬਣਾਉਣ ਸਬੰਧੀ ਭਰਪੂਰ ਚਾਨਣਾ ਪਾਇਆ। ਹੋਰਨਾਂ ਤੋਂ ਇਲਾਵਾ ਇਸ ਸੈਮੀਨਾਰ ਵਿਚ ਰਜਿੰਦਰ ਪ੍ਰਸਾਦ, ਮਦਨ ਲਾਲ, ਕੁਲਵੰਤ ਸਿੰਘ, ਮੈਡਮ ਮੁਕੇਸ਼, ਅਮਿਤਾ, ਠਾਕੁਰ ਜਤਿੰਦਰ ਕੰਵਰ ਅਤੇ ਮਿਸ ਅਭਿਲਾਸ਼ਾ ਸਮੇਤ ਬਲਾਕ ਹਾਜੀਪੁਰ ਅਤੇ ਤਲਵਾੜਾ ਤੋਂ 36 ਗਣਿਤ ਅਧਿਆਪਕਾਂ ਨੇ ਸਿਖਲਾਈ ਪ੍ਰਾਪਤ ਕੀਤੀ।

ਵਿੱਦਿਅਕ ਸੰਸਥਾਵਾਂ ਨੂੰ ਆਤਮ ਨਿਰਭਰ ਹੋਣ ਦੀ ਲੋੜ: ਮੰਝਪੁਰ

ਤਲਵਾੜਾ, 23 ਜੁਲਾਈ:  ਅਜੋਕੇ ਸਮੇਂ ਵਿਚ ਰਾਜਸੀ ਅਤੇ ਧਨਾਢ ਲੋਕਾਂ ਵੱਲੋਂ ਦਿੱਤੇ ਜਾਂਦੇ ਮਾਲੀ ਸਹਿਯੋਗ ਤੇ ਟੇਕ ਰੱਖਣ ਦੀ ਬਜਾਏ ਆਪਣੇ ਵਸੀਲਿਆਂ ਨੂੰ ਮਜਬੂਤ ਕਰਕੇ ਆਰਥਿਕ ਤੌਰ ਤੇ ਆਤਮ ਨਿਰਭਰ ਹੋਣ ਦੀ ਲੋੜ ਹੈ। ਇਹ ਵਿਚਾਰ ਇੱਥੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਲਬਿਕ ਸਕੂਲ ਸੈਕਟਰ 2 ਵਿਚ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜਨਮ ਦਿਵਸ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਵਿਚ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਵਿਚੋਂ ਪੜ੍ਹ ਲਿਖ ਕੇ ਮੁਕਾਮ ਤੇ ਪੁੱਜਣ ਵਾਲੇ ਵਿਦਿਆਰਥੀ ਜੇਕਰ ਆਪਣੀ ਕਮਾਈ ਦਾ ਕੁਝ ਹਿੱਸਾ ਜਾਂ ਪਹਿਲੀ ਤਨਖਾਹ ਆਪਣੇ ਸਕੂਲ ਨੂੰ ਦੇਣ ਤਾਂ ਸਕੂਲਾਂ ਨੂੰ ਸਵਾਰਥੀ ਤੱਤਾਂ ਪਿੱਛੇ ਖੱਜਲ ਖੁਆਰ ਦੀ ਕੋਈ ਲੋੜ ਹੀ ਨਹੀਂ ਰਹੇਗੀ। ਉਨ੍ਹਾਂ ਇਸ ਮੌਕੇ ਵਿੱਦਿਅਕ ਸ਼ੈਸ਼ਨ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਮਨੋਹਰ ਗੁਰਬਾਣੀ ਕੀਰਤਨ ਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ, ਏ. ਐ¤ਸ. ਉੱਭੀ, ਅਮਰਪਾਲ ਜੌਹਰ, ਹਰਦਿਆਲ ਸਿੰਘ, ਗੋਪਾਲ ਸਿੰਘ, ਅਜੀਤ ਸਿੰਘ, ਪ੍ਰਿੰ. ਗੁਰਿੰਦਰਜੀਤ ਕੌਰ, ਬੀ. ਐ¤ਸ. ਕੰਗ ਕਾਰਜਕਾਰੀ ਇੰਜੀਨੀਅਰ, ਸਤਨਾਮ ਸਿੰਘ, ਸੁਖਦੇਵ ਸਿੰਘ ਪੀ. ਐ¤ਨ. ਬੀ., ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਪ੍ਰੋ. ਬਲਬੀਰ ਸਿੰਘ, ਜੇ. ਐ¤ਸ. ਰਾਣਾ, ਮਿੱਤਰਮਾਨ ਸਿੰਘ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਜੋਸ਼ ਨੇ ਜੰਡਿਆਲਾ ਸਹੋਤਾ ਜਲ ਸਪਲਾਈ ਸਕੀਮ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 23 ਜੁਲਾਈ:  ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ 1390 ਪਿੰਡਾਂ ਵਿੱਚੋਂ 1348 ਪਿੰਡਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ 42 ਪਿੰਡਾਂ ਨੂੰ ਸਾਲ 2010-11 ਦੌਰਾਨ  ਇਹ ਸਹੂਲਤ ਮੁਹੱਈਆ  ਕਰਵਾ ਕੇ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕਰ ਲਿਆ ਜਾਵੇਗਾ। ਇਸ ਸਕੀਮ ਅਧੀਨ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਸਾਰੇ 188 ਪਿੰਡਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਇਥੋਂ 25 ਕਿਲੋਮੀਟਰ ਦੂਰ ਪਿੰਡ ਜੰਡਿਆਲਾ ਸਹੋਤਾ ਵਿਖੇ  48. 55  ਲੱਖ  ਰੁਪਏ ਦੀ ਲਾਗਤ ਨਾਲ ਉਸਾਰੀ ਗਈ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਦਿਆਂ ਕੀਤਾ।  ਇਸ ਸਕੀਮ ਦੇ ਚਾਲੂ ਹੋਣ ਨਾਲ ਚਾਰ ਪਿੰਡਾਂ ਖਾਨਪੁਰ, ਬੇਗਮਪੁਰ, ਸਹੋਤਾ ਅਤੇ ਜੰਡਿਆਲਾ  ਦੇ  ਲਗਭਗ 3000 ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ।
        ਬੀਬੀ ਜੋਸ਼ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣੀ ਹੈ , ਉਦੋਂ ਹੀ ਪੰਜਾਬ ਦਾ ਸਮੂਹਿਕ ਵਿਕਾਸ ਹੋਇਆ ਹੈ ਅਤੇ ਰਾਜ ਦੇ ਸਮੂਹ ਵਰਗਾਂ ਦੀ ਭਲਾਈ ਲਈ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ।  ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਖਤ ਅਲੋਚਨਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਝੁਠੇ ਲਾਰਿਆਂ ਦੇ ਸਵਾਏ ਕੁਝ ਨਹੀਂ ਕੀਤਾ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਸਹਿਯੋਗ ਦੇਣ ਤਾਂ ਜੋ ਪੰਜਾਬ ਦੇ ਵਿਕਾਸ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
        ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਆਰ ਐਲ ਢਾਂਡਾ ਦੀ ਯੋਗ ਅਗਵਾਈ ਹੇਠ ਚਲ ਰਹੀਆਂ ਪੇਂਡੂ ਜਲ ਸਪਲਾਈ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਇੰਜੀਨੀਅਰ ਸ਼੍ਰੀ ਮਹਿੰਦਰ ਲਾਲ ਨੇ ਦੱਸਿਆ ਕਿ ਇਸ ਸਕੀਮ  ਅਧੀਨ 158. 53 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਅਤੇ ਇੱਕ ਲੀਟਰ ਸਮਰੱਥਾ ਵਾਲੀ ਟੈਂਕੀ ਵੀ ਉਸਾਰੀ ਜਾ ਰਹੀ ਹੈ ਜਿਸ ਨਾਲ ਚਾਰ ਪਿੰਡਾਂ ਦੇ ਲਗਭਗ 3000 ਲੋਕਾਂ ਨੂੰ ਨਵੀਨਤਮ ਤਕਨੀਕੀ (ਸਿਲਵਰ ਆਈਓਨਾਈਜੇਸ਼ਨ)   ਨਾਲ  ਸਾਫ਼ ਸੁਥਰਾ ਪੀਣ ਵਾਲਾ ਕੀਟਾਣੂ ਰਹਿਤ ਪਾਣੀ 70 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾਵੇਗਾ।
        ਇਸ ਮੌਕੇ ਤੇ ਪਿੰਡ ਸਹੋਤਾ ਦੀ ਸਰਪੰਚ ਮਨਜੀਤ ਕੌਰ ਨੇ  ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਪਿੰਡ ਵਿੱਚ ਟਿਊਬਵੈਲ ਲਗਾਉਣ ਤੇ ਉਨ•ਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸਰਵਸ਼੍ਰੀ ਬਲਵੰਤ ਸਿੰਘ ਬਰਿਆਲ ਅਤੇ  ਤਰਸੇਮ ਸਿੰਘ ਸਰਪੰਚ ਖਾਨਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ  ਜ਼ਿਲ•ਾ ਸਿੱਖਿਆ ਅਫ਼ਸਰ ਅਫ਼ਸਰ (ਐਲੀ:) ਇੰਦਰਜੀਤ ਸਿੰਘ, ਬੀ ਡੀ ਪੀ ਓ ਮਹੇਸ਼ ਕੁਮਾਰ,  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ. ਈ. ਅਮਰਜੀਤ ਸਿੰਘ , ਅਰਵਿੰਦ ਸੈਣੀ, ਰਾਜ ਕੁਮਾਰ, ਪੰਚ ਗੁਰਬਖਸ਼ ਕੌਰ , ਅਮਰੀਕ ਸਿੰਘ, ਲਕਸ਼ਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਕੁਲਵਰਨ ਸਿੰਘ, ਬਚਿੱਤਰ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ ਨੰਦਾਚੌਰ, ਮਹਿੰਗਾ ਸਿੰਘ ਸਰਪੰਚ ਜੰਡਿਆਲਾ, ਨਿਰਮਲ ਚੰਦ  ਪਿੰਡ ਬੁਰੇ, ਜਸਵਿੰਦਰ ਕੌਰ ਸਰਪੰਚ ਮੱਛਰੀਵਾਲ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 31 ਜੁਲਾਈ ਤੱਕ ਹੋਵੇਗਾ

ਤਲਵਾੜਾ / ਹੁਸ਼ਿਆਰਪੁਰ, 21 ਜੁਲਾਈ:  ਯੋਗਤਾ ਮਿਤੀ  01 ਜਨਵਰੀ 2010 ਦੇ ਆਧਾਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ 16 ਜੁਲਾਈ ਤੋਂ  31 ਜੁਲਾਈ 2010 ਤੱਕ ਕੀਤਾ ਜਾ ਰਿਹਾ ਹੈ।  ਇਹ ਜਾਣਕਾਰੀ ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਥਾਨਿਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ,  ਨਗਰ ਪਾਲਿਕਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ  ਦੀ ਪ੍ਰਧਾਨਗੀ ਕਰਦਿਆਂ ਦਿੱਤੀ।   ਇਸ ਮੀਟਿੰਗ ਵਿਚ   ਕੈਪਟਨ ਕਰਨੈਲ ਸਿੰਘ  ਐਸ ਡੀ ਐਮ ਹੁਸ਼ਿਆਰਪੁਰ,   ਸ੍ਰੀ ਸੁਭਾਸ਼ ਚੰਦਰ  ਐਸ ਡੀ ਐਮ ਮੁਕੇਰੀਆਂ,  ਸ੍ਰੀ ਮੁਹੰਮਦ ਤਾਇਅਬ  ਐਸ ਡੀ ਐਮ ਦਸੂਹਾ, ਸ੍ਰੀ ਜਸਪਾਲ ਸਿੰਘ ਐਸ ਡੀ ਐਮ ਗੜਸ਼ੰਕਰ , ਸ੍ਰੀ ਬੀ ਐਸ ਧਾਲੀਵਾਲ ਜਿਲਾ ਟਰਾਂਸਪੋਰਟ ਅਫਸਰ, ਸ੍ਰੀ ਭੂਪਿੰਦਰ ਜੀਤ ਸਿੰਘ ਜਿਲਾ ਮਾਲ ਅਫਸਰ, ਸ੍ਰੀ ਲਖਵਿੰਦਰ ਸਿੰਘ  ਜਿਲਾ ਵਿਕਾਸ ਤੇ ਪੰਚਾਇਤ ਅਫਸਰ ਅਤੇ ਸਬੰਧਤ ਅਧਿਕਾਰੀ ਹਾਜਰ ਸਨ।
        ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾਂ   16 ਜੁਲਾਈ 2010 ਨੂੰ ਕਰ ਦਿੱਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੇ ਦਾਅਵੇ ਅਤੇ ਇਤਰਾਜ 31 ਜੁਲਾਈ 2010 ਤੱਕ ਲਏ ਜਾਣਗੇ ਅਤੇ ਇਨ੍ਹਾਂ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 9 ਅਗਸਤ 2010 ਤੱਕ ਕੀਤਾ ਜਾਵੇਗਾ।  ਵੋਟਰ ਸੂਚੀਆਂ ਦੀ ਅਪਡੇਸ਼ਨ ਅਤੇ ਮਾਸਟਰ ਸੈਟ ਦੀ ਛਪਾਈ 8 ਸਤੰਬਰ 2010 ਨੂੰ ਕੀਤੀ ਜਾਵੇਗੀ। ਵੋਟਰ ਸੂਚੀਆਂ ਦਾ ਏਕੀਕਰਨ ਅਤੇ ਕਾਪੀਆਂ ਦੀ ਪ੍ਰਿੰਟਿੰਗ 13 ਸਤੰਬਰ 2010 ਨੂੰ ਅਤੇ ਵੋਟਰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 15 ਸਤੰਬਰ 2010 ਨੂੰ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ 1 ਜਨਵਰੀ 2010 ਨੂੰ 18 ਸਾਲ ਦੇ ਹੋ ਗਏ ਹਨ, ਉਹ 31 ਜੁਲਾਈ 2010 ਤੱਕ ਫਾਰਮ ਨੰ: 6 ਭਰ ਕੇ ਆਪਣੀਆਂ ਵੋਟਾਂ ਬਣਾ ਸਕਦੇ ਹਨ ਅਤੇ ਨਾਲ ਹੀ ਫਾਰਮ ਨੰ: 001-ਏ ਭਰ ਕੇ ਦੇਣ ਤਾਂ ਜੋ ਨਾਲ ਹੀ ਉਨ੍ਹਾਂ ਦਾ ਵੋਟਰ ਸ਼ਨਾਖਤੀ ਕਾਰਡ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਵੋਟ ਤੇ ਕਿਸੇ ਵੀ ਵਿਅਕਤੀ ਨੂੰ ਇਤਰਾਜ ਹੋਵੇ ਤਾਂ ਉਹ ਫਾਰਮ ਨੰ: 7 ਭਰ ਕੇ ਵੋਟ ਕੱਟਣ ਲਈ ਬਿਨੈ ਪੱਤਰ ਦੇ ਸਕਦਾ ਹੈ।  ਜੇਕਰ ਕਿਸੇ ਵੋਟਰ ਦਾ ਨਾਂ / ਵੇਰਵਾ ਵੋਟਰ ਸੂਚੀ ਵਿੱਚ ਗਲਤ ਹੋਵੇ ਤਾਂ ਉਹ ਫਾਰਮ ਨੰ: 8 ਭਰ ਕੇ ਬੀ ਐਲ ਓਜ਼ ਨੂੰ ਦੇ ਸਕਦਾ ਹੈ। ਹਰੇਕ ਕਿਸਮ ਦੇ ਫਾਰਮ ਬੀ ਐਲ ਓਜ਼ ਪਾਸ ਉਪਲਬਧ ਹਨ।  ਉਨ੍ਹਾਂ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਬੂਥ ਲੈਵਲ ਏਜੰਟਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਹਿਯੋਗ ਦੇਣ ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਖੁੱਲ੍ਹਾ ਪ੍ਰਚਾਰ ਕਰਾਉਣ।
        ਇਸ ਉਪਰੰਤ ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਕੇਸਧਾਰੀ ਵੋਟਰਾਂ ਦੇ ਫਾਰਮ ਨੰ: 1 ਪ੍ਰਾਪਤ ਕਰਨ ਲਈ   14 ਅਗਸਤ 2010 ਤੱਕ ਦਾ ਵਾਧਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਹ ਫਾਰਮ ਪਿੰਡਾਂ ਦੀ ਸੂਰਤ ਵਿੱਚ ਪਟਵਾਰੀਆਂ ਅਤੇ ਸ਼ਹਿਰਾਂ ਦੀ ਸੂਰਤ ਵਿੱਚ ਕਾਰਜਸਾਧਕ ਅਫ਼ਸਰਾਂ ਦੇ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਵਾਰਡ ਵਾਈਜ਼ ਪ੍ਰਾਪਤ ਕੀਤੇ ਜਾ ਰਹੇ ਹਨ ।  ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 17950 ਫਾਰਮ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਮੋਹਤਬਾਰ ਵਿਅਕਤੀ  ਅਤੇ ਸਹੀ ਵੋਟਰ ਦੀ ਵੋਟ ਨਾ ਕਟੀ  ਜਾਵੇ ।

ਜਿਲ੍ਹਾ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਹੋਈ

ਤਲਵਾੜਾ / ਹੁਸ਼ਿਆਰਪੁਰ, 21 ਜੁਲਾਈ:  ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੈਨਸ਼ਨ ਸਕੀਮਾਂ ਤਹਿਤ 96, 719 ਲਾਭਪਾਤਰੀਆਂ ਨੂੰ  ਜੂਨ  2010 ਦੀਆਂ ਪੈਨਸ਼ਨਾਂ ਵੰਡਣ ਲਈ 2, 41, 79, 750/- ਰੁਪਏ ਦੀ ਰਾਸ਼ੀ ਜ਼ਿਲ੍ਰਾ ਸਮਾਜਿਕ ਸੁਰੱਖਿਆ ਵਿਭਾਗ ਹੁਸ਼ਿਆਰਪੁਰ ਨੂੰ ਪ੍ਰਾਪਤ ਹੋ ਗਈ ਹੈ ਜੋ ਕਿ ਇਸੇ ਹਫ਼ਤੇ ਲਾਭਪਾਤਰੀਆਂ ਨੂੰ ਵੰਡ ਦਿੱਤੀ ਜਾਵੇਗੀ।  ਇਹ ਜਾਣਕਾਰੀ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਨੇ  ਵੱਖ-ਵੱਖ਼ ਵਿਭਾਗਾਂ ਨਾਲ ਸਬੰਧਤ ਜ਼ਿਲ•ਾ ਸਲਾਹਕਾਰ ਕਮੇਟੀਆਂ ਦੀਆਂ  ਮੀਟਿੰਗਾਂ ਦੀ ਪ੍ਰਧਾਨਗੀ  ਕਰਦਿਆਂ ਦਿੱਤੀ।  ਇਨ੍ਹਾਂ ਮੀਟਿੰਗਾਂ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ, ਹਰਮਿੰਦਰ ਸਿੰਘ  ਵਧੀਕ ਡਿਪਟੀ ਕਮਿਸ਼ਨਰ (ਜ), ਦਰਸ਼ਨ ਕੁਮਾਰ ਸ਼ਰਮਾ ਐਸ ਪੀ (ਡੀ), ਡਾ ਰਵੀ ਪ੍ਰਕਾਸ਼ ਡੋਗਰਾ ਸਿਵਲ ਸਰਜਨ, ਅਮਰਜੀਤ ਸਿੰਘ ਗਿੱਲ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ, ਆਰ ਐਲ ਢਾਂਡਾ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ, ਰਛਪਾਲ ਸਿੰਘ ਐਕਸੀਅਨ ਕੰਢੀ ਕੈਨਾਲ, ਜਗਦੀਸ਼ ਮਿੱਤਰ  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਰਵਿੰਦਰ ਸਿੰਘ ਠੰਡਲ, ਇਕਬਾਲ ਸਿੰਘ ਜੌਹਲ,  ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਗੈਰ ਸਰਕਾਰੀ ਮੈਂਬਰ ਵੀ ਹਾਜ਼ਰ ਸਨ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ  ਪੰਜਾਬ ਰਾਜ ਟਿਊਬਵੈਲ ਕਾਰਪੋਰੇਸ਼ਨ ਵੱਲੋਂ ਸਿੰਚਾਈ ਲਈ 124 ਡੂੰਘੇ ਟਿਊਬਵੈਲ ਲਗਾਏ ਜਾ ਰਹੇ ਹਨ ਅਤੇ 45 ਪੁਰਾਣੇ ਡੂੰਘੇ ਟਿਊਬਵੈਲ ਜੋ ਖਰਾਬ ਹੋ ਗਏ ਹਨ, ਉਨ੍ਹਾਂ ਦੀ ਮੁਰੰਮਤ ਅਤੇ ਰੀਬੋਰ  ਕਰਾ ਕੇ ਉਨ੍ਹਾਂ ਨੂੰ ਵੀ ਚਾਲੂ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਡਰੇਨੇਜ਼ ਵਿਭਾਗ ਹੁਸ਼ਿਆਰਪੁਰ ਨੂੰ ਪੰਜਾਬ ਸਰਕਾਰ ਵੱਲੋਂ 97. 50 ਲੱਖ ਰੁਪਏ ਅਤੇ ਨਰੇਗਾ ਸਕੀਮ ਅਧੀਨ    27. 86 ਲੱਖ ਰੁਪਏ ਦਿੱਤੇ ਗਏ ਹਨ ਜਿਸ ਨਾਲ ਜ਼ਿਲ੍ਹੇ ਅੰਦਰ ਡਰੇਨਾਂ ਦੀ ਸਫ਼ਾਈ ਅਤੇ  ਸੰਭਾਵੀਂ ਹੜ੍ਹਾਂ ਦੇ ਰੋਕਥਾਮ ਦੇ  ਕੰਮ  ਜੰਗੀ ਪੱਧਰ ਤੇ ਚਲ ਰਹੇ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ 1390 ਪਿੰਡਾਂ ਵਿੱਚੋਂ 1348 ਪਿੰਡਾਂ ਨੂੰ ਪੀਣ ਵਾਲੇ ਪਾਣੀ ਸਪਲਾਈ ਮੁਹੱਈਆ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ 42 ਪਿੰਡਾਂ ਨੂੰ 2010-11 ਵਿੱਚ ਕਵਰ ਕਰ ਲਿਆ ਜਾਵੇਗਾ।  ਇਸ ਤਰਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਪਿੰਡਾਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦਾ ਮਿਥਿਆ ਟੀਚਾ ਜੋ  2011-12 ਵਿੱਚ ਪੂਰਾ ਹੋਣਾ ਸੀ, ਉਹ ਇਸੇ ਚਾਲੂ ਮਾਲੀ ਸਾਲ ਦੌਰਾਨ ਪੂਰਾ ਕਰ ਲਿਆ ਜਾਵੇਗਾ।  ਡਿਪਟੀ ਕਮਿਸ਼ਨਰ ਨੇ  ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਜੇ ਕੋਈ ਵਿਅਕਤੀ ਆਪਣਾ ਸਵੈ-ਰੋਜ਼ਗਾਰ ਦਾ ਧੰਦਾ ਸ਼ੁਰੂ ਕਰਨ ਲਈ ਕਰਜ਼ਾ ਲੈਣਾ ਚਾਹੁੰਦਾ ਹੈ , ਉਸ ਨੂੰ ਕਰਜੇ ਦੀ ਸਹੂਲਤ ਮੁਹੱਈਆ ਕੀਤੀ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਨਮ ਅਤੇ ਮੌਤ ਦੇ ਸਰਟੀਫਿਕੇਟ ਦੇਣ ਦੀ ਪ੍ਰਕ੍ਰਿਆ ਨੂੰ ਕੰਪਿਊਟਰਰਾਈਜ਼ ਕਰਨ ਤਾਂ ਜੋ ਲੋਕਾਂ ਨੂੰ ਇਹ ਸਰਟੀਫਿਕੇਟ ਸਮੇਂ ਸਿਰ ਮਿਲ ਸਕਣ।     
    ਡਿਪਟੀ ਕਮਿਸ਼ਨਰ ਨੇ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ  ਵੱਲੋਂ ਚਲਾਈ ਜਾ ਰਹੀ ਟੋਟਲ ਸੈਨੀਟੇਸ਼ਨ ਮੁਹਿੰਮ ਬਾਰੇ  ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸੰਪੂਰਨ ਸਵੱਛਤਾ ਅਭਿਆਨ ਵਿੱਚ ਵੀ ਮੋਹਰੀ  ਜ਼ਿਲ੍ਹਾ ਬਣਾਇਆ ਜਾ ਸਕੇ।  ਉਨ੍ਹਾਂ ਨੇ ਗੈਰ ਸਰਕਾਰੀ ਮੈਂਬਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਉਨ੍ਹਾਂ ਵੱਲੋਂ ਵਿਕਾਸ ਸਕੀਮਾਂ ਅਤੇ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। 
        ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਨੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ  ਮੈਂਬਰਾਂ  ਨੂੰ ਵਿਸ਼ਵਾਸ਼ ਦੁਆਇਆ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਉਚੀ ਆਵਾਜ ਵਿੱਚ ਹਾਰਨ ਵਜਾਉਣ ਵਾਲੀਆਂ ਬੱਸਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ ਅਤੇ  ਨੀਲੀਆਂ ਅਤੇ ਲਾਲ ਬੱਤੀਆਂ ਵਾਲੀਆਂ  ਗੱਡੀਆਂ ਉਪਰ ਨਜਾਇਜ਼ ਵਰਤੋਂ ਨੂੰ ਰੋਕਣ ਲਈ ਟੋਲ ਪਲਾਜ਼ਾ ਤੇ ਚੈਕਿੰਗ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਬੱਸ ਸਟੈਂਡ ਨੇੜੇ ਅਤੇ ਚੌਕਾਂ ਵਿੱਚ ਟਰੈਫਿਕ ਦੀ ਨਿਰਵਿਘਨ ਆਵਾਜਾਈ ਨੂੰ ਬਹਾਲ ਰੱਖਣ ਲਈ ਟੈਂਪੂਆਂ ਦੇ ਮਾਲਕਾਂ/ਚਾਲਕਾਂ  ਨੂੰ ਨਿਸ਼ਚਿਤ ਥਾਵਾਂ ਤੇ ਹੀ ਟੇਪੂਆਂ ਨੂੰ  ਖੜ੍ਹਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
        ਡਿਪਟੀ ਕਮਿਸ਼ਨਰ ਨੇ ਉਪਰੋਕਤ ਵਿਭਾਗਾਂ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਤੋਂ ਇਲਾਵਾ ਸਿੱਖਿਆ ਵਿਭਾਗ, ਆਬਕਾਰੀ ਤੇ ਕਰ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਮਾਲ ਵਿਭਾਗ, ਬਿਜਲੀ ਵਿਭਾਗ, ਅਤੇ ਬੁਨਿਆਦੀ ਢਾਂਚਾ ਅਤੇ ਮਿਉਂਪਸਲ ਅਮੈਨਟੀਜ਼ ਵਿਭਾਗ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਵੀ ਕੀਤੀਆਂ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਤੇ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਅਤੇ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੇ ਏਜੰਡੇ ਸੰਬੰਧਤ ਮੈਂਬਰਾਂ ਨੂੰ ਸੂਚਨਾ ਦੇ ਨਾਲ ਹੀ ਭੇਜੇ ਜਾਣ।

ਪੈਂਨਸ਼ਨਰਜ਼ ਵੈਲਫੇਅਰ ਐਸੋਸੀਸ਼ਨ ਦੀ ਬੈਠਕ ਹੋਈ

ਤਲਵਾੜਾ, 18 ਜੁਲਾਈ: ਇੱਥੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ: ਦੀ ਤਹਿਸੀਲ ਪੱਧਰੀ ਮੀਟਿੰਗ ਸ਼੍ਰੀ ਸਮਸ਼ੇਰ ਸਿੰਘ ਦੀ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਜਥੇਬੰਦੀ ਦੇ ਜਨਰਲ ਸਕੱਤਰ ਕਰਤਾਰ ਸਿੰਘ ਪਲਿਆਲ ਨੇ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ ਦੀ ਤਲਵਾੜਾ ਸ਼ਾਖਾ ਵੱਲੋਂ ਪੰਜਾਬ ਸਰਕਾਰ ਵੱਲੋਂ ਦੁਹਰਾਈ ਨੋਟੀਫਿਕੇਸ਼ਨ ਦੀ ਪਾਲਣਾ ਕਰਨ ਵਿਚ ਲਾਪਰਵਾਹੀ ਵਰਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 31 ਦਸੰਬਰ 2005 ਤੋਂ ਪਹਿਲੇ ਪੈਨਸ਼ਨਰਾਂ ਨੂੰ ਦੁਹਰਾਈ ਪੈਂਸ਼ਨ 1 ਅਗਸਤ 2009 ਤੋਂ ਅਦਾ ਕੀਤੀ ਜਾਣੀ ਸੀ ਅਤੇ ਇਸਦਾ ਬਣਦਾ ਬਕਾਇਆ ਫੌਰੀ ਤੌਰ ਤੇ ਅਦਾ ਕੀਤਾ ਜਾਣਾ ਸੀ ਪਰੰਤੂ ਬੈਂਕ ਫਰਵਰੀ 2010 ਵਿਚ ਦੁਹਰਾਈ ਕਰਕੇ ਬਣਦੇ ਲਾਭ ਦੇ ਦਿੱਤੇ ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਸਗੋਂ ਮੈਡੀਕਲ ਭੱਤਾ, ਐਲ. ਟੀ. ਸੀ. ਅਤੇ ਬੁਢਾਪਾ ਭੱਤਾ ਵੀ ਸੋਧੀਆਂ ਦਰਾਂ ਦੇ ਨਹੀਂ ਦਿੱਤਾ ਜਾ ਰਿਹਾ। ਕਈ ਕੇਸਾਂ ਵਿਚ ਤਾਂ ਕਟੌਤੀ ਸਮਾਂ ਪੂਰਾ ਹੋਣ ਦੇ ਬਾਦ ਵੀ ਬਹਾਲੀ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਭੇਜੇ ਵਫਦ ਵੀ ਮੈਨੇਜਰ ਨੂੰ ਮਿਲ ਚੁੱਕੇ ਹਨ ਪਰੰਤੂ ਇਸ ਦਾ ਕੋਈ ਅਸਰ ਨਹੀਂ ਹੋਇਆ ਜਿਸ ਦੀ ਨਿਖੇਧੀ ਕਰਦੇ ਹੋਏ ਐਸੋਸੀਏਸ਼ਨ ਵੱਲੋਂ ਬੈਂਕ ਵਿਰੁੱਧ ਬਕਾਇਦਾ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਹੈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ 5 ਅਗਸਤ ਨੂੰ ਬੈਂਕ ਵਿਰੁੱਧ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿਚ ਕੇਸਰ ਸਿੰਘ ਬੰਸੀਆ ਸੂਬਾ ਪ੍ਰੈੱਸ ਸਕੱਤਰ ਨੇ ਕਿਹਾ ਕਿ ਜਿਲ੍ਹਾ ਯੂਨਿਟ ਅਤੇ ਹੋਰ ਤਹਿਸੀਲ ਯੂਨਿਟਾਂ ਵੱਲੋਂ ਵੀ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਖਦੇਵ ਸਿੰਘ, ਉੱਤਮ ਸਿੰਘ, ਵੀਰ ਸਿੰਘ, ਉਂਕਾਰ ਸਿੰਘ, ਯੁਗਰਾਜ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

ਚੰਗੜਵਾਂ ਦੇ ਮੇਲੇ ਸ਼ੁਰੂ

ਤਲਵਾੜਾ, 18 ਜੁਲਾਈ : ਸਾਵਣ ਮਹੀਨੇ ਹਰ ਐਤਵਾਰ ਲੱਗਣ ਵਾਲਾ ਪ੍ਰਸਿੱਧ ਨਾਗ ਦੇਵਤਾ ਮੇਲਾ ਚੰਗੜਵਾਂ ਦੇ ਪਹਿਲੇ ਦਿਨ ਖ਼ੂਬ ਰੌਣਕਾਂ ਰਹੀਆਂ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਲੇ ਵਿਚ ਪਵਿੱਤਰ ਮੰਦਰ ਵਿਖੇ ਮੱਥਾ ਟੇਕਿਆ। ਜਿਕਰਯੋਗ ਹੈ ਕਿ ਇਸ ਪ੍ਰਾਚੀਨ ਮੰਦਰ ਵਿਚ ਨਾਗ ਦੇਵਤਾ ਦੀ ਪੂਜਾ ਹੁੰਦੀ ਹੈ ਅਤੇ ਦਰਿਆ ਕਿਨਾਰੇ ਬਣੇ ਇਸ ਮੰਦਰ ਵਿਚ ਹਰ ਸਾਲ ਹਜ਼ਾਰਾਂ ਸ਼ਰਧਾਲੂ ਇੱਥੇ ਆਪਣੀ ਆਸਥਾ ਦਾ ਸਬੂਤ ਦੇਣ ਲਈ ਇਕੱਤਰ ਹੁੰਦੇ ਹਨ।

ਥਾਣੇ ਅੱਗੇ ਰੋਸ ਧਰਨਾ; ਪੁਲਿਸ ਤੇ ਪੱਖਪਾਤ ਦਾ ਦੋਸ਼

ਤਲਵਾੜਾ, 18 ਜੁਲਾਈ: ਇੱਥੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਤਹਿਸੀਲ ਇਕਾਈ ਦੀ ਮੁਖੀ ਸ਼੍ਰੀਮਤੀ ਸਵਿੱਤਰੀ ਦੇਵੀ ਦੀ ਅਗਵਾਈ ਵਿਚ ਪੁਲਿਸ ਵਿਰੁੱਧ ਰੋਸ ਧਰਨਾ ਲਾਇਆ ਗਿਆ। ਇਸ ਸਬੰਧੀ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਸਰਬਜੀਤ ਕੌਰ ਪਤਨੀ ਮਦਨ ਲਾਲ ਪਿੰਡ ਪੱਲੀ ਦੇ ਵਿਰੁੱਧ ਚਾਨਣ ਰਾਮ ਪੁਤਰ ਮੋਤੀ ਰਾਮ ਪਿੰਡ ਪੱਲੀ ਵਿਚ ਜਮੀਨ ਨੂੰ ਲੈ ਕੇ ਝਗੜਾ ਚਲ ਰਿਹਾ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਥਿਤ ਤੌਰ ਤੇ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਸਰਬਜੀਤ ਕੌਰ ਵੱਲੋਂ ਵਾਰ ਵਾਰ ਪੁਲਿਸ ਦੇ ਧੱਕੇਸ਼ਾਹੀ ਦਾ ਮਾਮਲਾ ਲਿਆਉਣ ਦੇ ਬਾਵਜੂਦ ਅਜੇ ਤੱਕ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਇਸ ਮਸਲੇ ਵਿਰੁੱਧ ਆਵਾਜ ਬੁ¦ਦ ਕਰਨ ਲਈ ਇੱਥੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਧਰਨੇ ਨੂੰ ਕਾਮਰੇਡ ਸੰਤੋਖ ਸਿੰਘ ਧਨੋਤਾ ਤਹਿਸੀਲ ਸਕੱਤਰ, ਪੰਜਾਬ ਕਿਸਾਨ ਸਭਾ ਮੁਕੇਰੀਆਂ ਦੇ ਆਗੂ ਧਿਆਨ ਸਿੰਘ, ਸ਼ੇਰ ਸਿੰਘ, ਨਾਜ਼ਰ ਸਿੰਘ, ਮੰਗੂ ਰਾਮ ਨੇ ਵੀ ਸੰਬੋਧਨ ਕੀਤਾ ਅਤੇ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਪੂਰਨ ਸਵੱਛਤਾ ਯੋਜਨਾ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ: ਮੇਘ ਰਾਜ

ਤਲਵਾੜਾ, 16 ਜੁਲਾਈ: ਬਲਾਕ ਤਲਵਾੜਾ ਵਿਚ ਸ਼ੁਰੂ ਹੋ ਰਹੀ ਪੂਰਨ ਸਵੱਛਤਾ ਯੋਜਨਾ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਦੇ ਮੰਤਵ ਨਾਲ 27 ਜੁਲਾਈ ਨੂੰ ਚੇਤਨਾ ਰੈਲੀਆਂ ਕੱਢੀਆਂ ਜਾਣਗੀਆਂ। ਇਹ ਪ੍ਰਗਟਾਵਾ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਕੇਸਰੀ ਹੋਟਲ ਤਲਵਾੜਾ ਵਿਖੇ ਸ਼ਹਿਰੀ ਤੇ ਪੇਂਡੂ ਸਥਾਨਕ ਸਵੈ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਅਨੁਸਾਰ ਕਾਨੂੰਨ, ਨਿਯਮਾਂ, ਕੰਮਕਾਰ ਦੀ ਵਿਧੀ, ਅਧਿਕਾਰਾਂ, ਜਿੰਮੇਵਾਰੀਆਂ ਅਤੇ ਨਰੇਗਾ ਸਬੰਧੀ ਆਯੋਜਿਤ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਕੀਤਾ।
    ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ 2, 59, 709 ਪੇਂਡੂ ਘਰਾਂ  ਵਿਚੋਂ 11, 320 ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਅਤੇ 1, 11, 238 ਗਰੀਬੀ ਰੇਖਾ ਤੋਂ ਉਪਰ ਰਹਿ ਰਹੇ ਪਰਿਵਾਰਾਂ ਦੇ ਘਰਾਂ ਵਿਚ ਪਾਖਾਨੇ ਨਹੀਂ ਹਨ ਅਤੇ ਏਸੇ ਤਰਾਂ ਹੀ ਤਲਵਾੜਾ ਬਲਾਕ ਦੇ 12, 500 ਪਰਿਵਾਰਾਂ ਦੇ ਘਰਾਂ ਵਿਚ ਪਾਖਾਨੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਰਹਿੰਦੇ ਗਰੀਬ ਪਰਿਵਾਰਾਂ ਦਾ ਜੀਵਨ ਮਿਆਰ ਉੱਚਾ ਚੁੱਕਣ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਇਹ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਲਵਾੜਾ ਬਲਾਕ ਦੇ ਸਾਰੇ ਪਿੰਡਾਂ ਅਤੇ ਕਸਬਿਆਂ ਵਿਚ ਪੂਰਨ ਸਵੱਛਤਾ ਦੀ ਸਹੂਲਤ ਮੁਹੱਈਆ ਕਰਕੇ ਇਸ ਬਲਾਕ ਨੂੰ ਮਾਡਲ ਬਲਾਕ ਬਣਾਇਆ ਜਾਵੇਗਾ।  ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਵੈ ਸੇਵੀ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਕੀਮ ਬਲਾਕ ਹਾਜੀਪੁਰ ਤੇ ਦਸੂਹਾ ਵਿਚ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
    ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿਚ ਰਹਿੰਦੇ ਆਮ ਲੋਕਾਂ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇੋਸ਼ ਕਿਤਾਬਚਾ ਛਪਵਾਇਆ ਜਾ ਰਿਹਾ ਹੈ ਅਤੇ ਇਹ ਕਿਤਾਬਚਾ ਪਿੰਡਾਂ ਦੇ ਸਰਪੰਚਾਂ, ਪੰਚਾਂ , ਬਲਾਕ ਸੰਮਤੀਆਂ ਦੇ ਚੇਅਰਮੈਨਾਂ ਤੇ ਮੈਂਬਰਾਂ, ਨੰਬਰਦਾਰਾਂ ਅਤੇ ਸਵੈ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੰਡਿਆ ਜਾਵੇਗਾ ਤਾ ਜੋ ਉਹ ਆਮ ਲੋਕਾਂ ਨੂੰ ਸਰਕਾਰ ਵੱਲੋਂ ਬਣਾਈਆਂ ਗਈਆਂ ਭਲਾਈ ਤੇ ਵਿਕਾਸ ਸਕੀਮਾਂ ਬਾਰੇ ਜਾਣਕਾਰੀ ਦੇ ਸਕਣ ਅਤੇ ਲੋਕ ਇਹਨਾਂ ਯੋਜਨਾਵਾਂ ਤੋਂ ਲਾਭ ਉਠਾ ਸਕਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਨਰੇਗਾ ਸਕੀਮ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਸਿਨਹਾ ਜਿਲ੍ਹਾ ਲੀਡ ਬੈਂਕ ਮੈਨੇਜਰ ਹੁਸ਼ਿਆਰਪੁਰ ਨੇ ਇਸ ਮੌਕੇ ਦੱਸਿਆ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਨੂੰ ਪਾਖਾਨੇ ਬਣਾਉਣ ਵਾਸਤੇ ਪੰਦਰਾਂ ਹਜਾਰ ਰੁਪਏ ਦਾ ਕਰਜ਼ਾ 4 ਫੀਸਦੀ ਵਿਆਜ਼ ਦਰ ਤੇ ਵੀ ਦਿੱਤਾ ਜਾਂਦਾ ਹੈ।
    ਸ. ਪਰਕਾਸ਼ ਸਿੰਘ ਡਿਪਟੀ ਡਾਇਰੈਕਟਰ (ਰਿਟਾ) ਰਿਸੋਰਸ ਪਰਸਨ ਨੇ ਇਸ ਮੌਕੇ ਨਰੇਗਾ, ਪੰਚਾਇਤੀ ਰਾਜ ਐਕਟ 1994 ਅਨੁਸਾਰ ਪੰਚਾਇਤ ਦੀ ਰੂਪਰੇਖਾ, ਕੰਮ ਅਤੇ ਮੀਟਿੰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸੁਭਾਸ਼ ਚੰਦਰ ਐਸ. ਡੀ. ਐਮ. ਮੁਕੇਰੀਆਂ, ਡਾ. ਰਵੀ ਡੋਗਰਾ ਸਿਵਲ ਸਰਜਨ ਹੁਸ਼ਿਆਰਪੁਰ, ਲਖਵਿੰਦਰ ਸਿੰਘ ਧਾਲੀਵਾਲ ਡੀ. ਡੀ. ਪੀ. ਓ, ਆਰ. ਐ¤ਲ. ਢਾਂਡਾ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ, ਸੁਰਜੀਤ ਸਿੰਘ ਜਿਲ੍ਹਾ ਕੁਆਰਡੀਨੇਟਰ ਮਹਾਤਮਾ ਗਾਂਧੀ ਲੋਕ ਪ੍ਰਸ਼ਾਸ਼ਨ ਸੰਸਥਾਨ ਜਿਲ੍ਹਾ ਸੈਂਟਰ ਹੁਸ਼ਿਆਰਪੁਰ, ਪ੍ਰਿਤਪਾਲ ਸਿੰਘ ਵਾਲੀਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਅਤੇ ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ ਨੇ ਵੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬਲਾਕ ਤਲਵਾੜਾ ਦੇ ਜਿਲ੍ਹਾ ਪ੍ਰੀਸ਼ਦ ਮੈਂਬਰ, ਸੰਮਤੀ ਮੈਂਬਰ,
ਸਰਪੰਚ, ਪੰਚ, ਪੰਚਾਇਤ ਸਕੱਤਰ, ਮੇਟ ਅਤੇ ਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

ਕੇਂਦਰ ਪੰਜਾਬ ਨੂੰ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦੇਵੇ - ਐਡਵੋਕੇਟ ਸਿੱਧੂ

ਤਲਵਾੜਾ 13 ਜੁਲਾਈ : ਪੰਜਾਬ ਦੇ ਕੁੱਝ ਜਿਲਿਆਂ ਵਿੱਚ ਲੋਕਾਂ ਨੂੰ ਕੁਦਰਤੀ ਕਰੋਪੀ ਕਾਰਨ ਆਏ ਹੜਾਂ ਕਰਕੇ ਭਾਰੀ ਮਾਤਰਾ ਵਿਚ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲਾਂ ਦਾ ਖਾਸ ਤੌਰ ਤੇ ਬਹੁਤ ਹੀ ਜ਼ਿਅਦਾ ਨੁਕਸਾਨ ਹੋਇਆ ਹੈ। ਇਹ ਵਿਚਾਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕੌਮੀ ਜਾਇੰਟ ਸਕੱਤਰ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਸਾਂਝੇ ਕੀਤੇ। ਉਨਾਂ ਕਿਹਾ ਕਿ ਕੇਂਦਰ ਵਿੱਚ ਮੌਜੂਦਾ ਕਾਂਗਰਸ ਸਰਕਾਰ ਨੇ ਹਮੇਸ਼ਾਂ ਪੰਜਾਬ ਨਾਲ ਵਿਤਕਰਾ ਕੀਤਾ ਹੈ। ਪੰਜਾਬ ਨੇ ਹਮੇਸ਼ਾਂ ਦੇਸ਼ ਦੇ ਕੇਂਦਰੀ ਅੰਨ ਭੰਡਾਰ ਵਿਚ ਸਭ ਤੋਂ ਜ਼ਿਆਦਾ ਹਿੱਸਾ ਪਾਉਂਦਾ ਹੈ ਪਰ ਫਿਰ ਵੀ ਇਸ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਹੀ ਹੁੰਦਾ ਆਇਆ ਹੈ। ਇਸ ਸਮੇਂ ਹੜਾਂ ਨਾਲ ਪੰਜਾਬ ਦੀ ਕਿਸਾਨੀ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਜਿਸ ਨਾਲ ਪਹਿਲਾਂ ਤੋਂ ਹੀ ਮਾੜੇ ਹਾਲਤਾਂ ਵਿਚੋਂ ¦ਘ ਰਹੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਜਿਆਦਾ ਭਾਰੀ ਮੁਸ਼ਕਿਲਾਂ ਆ ਗਈਆਂ ਹਨ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਹਨ। ਇਸ ਸਮੇਂ ਕੇਂਦਰ ਨੂੰ ਆਪਣੀ ਸਪੇਸ਼ਲ ਟੀਮ ਪੰਜਾਬ ਦੇ ਹੜਪੀੜਤ ਇਲਾਕਿਆਂ ਦੇ ਸਰਵੇਖਣ ਵਾਸਤੇ ਭੇਜਣੀ ਚਾਹੀਦੀ ਹੈ ਤਾਂ ਜੋ ਲੋਕਾਂ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲਿਆ ਜਾ ਸਕੇ ਅਤੇ ਰਾਹਤ ਵੱਜੋਂ ਛੇਤੀ ਤੋਂ ਛੇਤੀ ਸਪੈਸ਼ਲ ਪੈਕੇਜ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੂੰ ਪੰਜਾਬ ਲਈ ਭੇਜ ਦੇਣਾ ਚਾਹੀਦਾ  ਹੈ। ਇਸ ਮੌਕੇ ਸਰਬਜੀਤ ਡਡਵਾਲ, ਰਮੇਸ਼ ਕੁਮਾਰ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਮਨੋਜ, ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ ਆਦਿ ਹਾਜਰ ਸਨ।

ਰੇਤਾ ਚੋਰੀ ਕਰਕੇ ਲਿਜਾਂਦੇ ਪੰਜ ਟ੍ਰੈਕਟਰ ਟਰਾਲੀਆਂ ਫੜੇ

ਹੁਸ਼ਿਆਰਪੁਰ, 12 ਜੁਲਾਈ: ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਅਤੇ ਐਸ ਐਸ ਪੀ ਸ਼੍ਰੀ ਰਾਕੇਸ਼ ਅਗਰਵਾਲ ਨੇ ਅੱਜ ਭੰਗੀ ਚੋਅ  ਦੇ ਬੰਨ ਦਾ ਦੌਰਾ ਕੀਤਾ  ਅਤੇ ਸੰਭਾਵੀਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਭੰਗੀ ਚੋਅ ਵਿੱਚੋਂ  ਰੇਤ ਚੋਰੀ ਕਰਕੇ ਲਿਜਾਂਦੀਆਂ 5 ਟਰੈਕਟਰ-ਟਰਾਲੀਆਂ ਨੂੰ ਮੌਕੇ ਤੇ ਪਕੜਿਆ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਨੂੰ ਹਦਾਇਤ ਕੀਤੀ ਕਿ ਉਹ ਇਹਨਾਂ ਟਰੈਕਟਰ-ਟਰਾਲੀਆਂ ਦੇ ਮਾਲਕਾਂ ਵਿਰੁੱਧ  ਨਿਯਮਾਂ ਅਨੁਸਾਰ ਪਰਚੇ ਦਰਜ਼  ਕਰਾਉਣ ਜਾਂ ਬਣਦਾ ਜ਼ੁਰਮਾਨਾ ਵਸੂਲ ਕਰਨ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਚੋਆਂ ਵਿੱਚੋਂ ਰੇਤ ਚੋਰੀ ਨਾ ਕਰੇ। ਇਸ ਉਪਰੰਤ ਬੁਲੋਵਾਲ ਅਤੇ ਲਾਂਬੜਾ ਚੋਅ ਵਿੱਚੋਂ ਵੀ ਰੇਤ ਚੋਰੀ ਕਰਦੇ ਇੱਕ ਟਰੱਕ ਅਤੇ ਟਰੈਕਟਰ ਟਰਾਲੀ ਨੂੰ ਵੀ ਮੌਕੇ ਤੇ ਪਕੜਿਆ ਅਤੇ ਉਹਨਾਂ ਵਿਰੁੱਧ ਵੀ  ਨਿਯਮਾਂ ਅਨੁਸਾਰ ਪਰਚਾ ਦਰਜ਼ ਕਰਨ ਜਾਂ ਜ਼ੁਰਮਾਨਾ ਕਰਨ ਦੀ ਜ਼ਿਲ੍ਹਾ ਉਦਯੋਗ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਨੂੰ ਹਦਾਇਤ ਕੀਤੀ।
  ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਕਸੀਅਨ ਡਰੇਨੇਜ਼ ਬੀ ਪੀ ਐਸ ਬਰਾੜ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਉਨ੍ਹਾਂ ਨਾਲ ਸਨ।

ਜਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 12 ਜੁਲਾਈ :    ਜਿਲ੍ਹਾ ਸੜਕ ਸੁਰੱਖਿਆ ਸਬੰਧੀ ਗਠਨ ਕੀਤੀ ਗਈ ਕਮੇਟੀ ਦੀ ਮੀਟਿੰਗ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ  ਗਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ  ਹੁਸ਼ਿਆਰਪੁਰ ਸ੍ਰੀ ਮੇਘ ਰਾਜ  ਨੇ ਕੀਤੀ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ    ( ਜ)  ਸ੍ਰੀ  ਹਰਮਿੰਦਰ ਸਿੰਘ, ਜਿਲਾ ਟਰਾਂਸਪੋਰਟ ਅਫਸਰ ਸ੍ਰੀ ਬੀ   ਐਸ  ਧਾਲੀਵਾਲ, ਸਹਾਇਕ ਜਿਲਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ,  ਡੀ ਐਸ ਪੀ ਮਹਿੰਦਰ ਸਿੰਘ,  ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਸਿੰਘ, ਐਕਸੀਅਨ ਲੋਕ ਨਿਰਮਾਣ ਆਰ ਐਸ ਬੈਂਸ ਅਤੇ ਕਮੇਟੀ ਦੇ ਸਰਕਾਰੀ ਤੇ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਦੱਸਿਆ ਕਿ ਸੜਕ ਸੁਰੱਖਿਆ ਸਬੰਧੀ ਬੱਚਿਆਂ ਅਤੇ ਆਮ ਲੋਕਾਂ ਵਿੱਚ ਟ੍ਰੈਫ਼ਿਕ ਨਿਯਮਾਂ ਸਬੰਧੀ  ਜਾਗ੍ਰਿਤੀ ਪੈਦਾ ਕੀਤੀ ਜਾਣੀ ਚਾਹੀਦੀ ਹੈ।  ਜਿਹੜੇ ਬੱਚਿਆਂ ਕੋਲ  ਡਰਾਈਵਿੰਗ ਲਾਇਸੰਸ ਨਹੀਂ ਹਨ, ਉਨ੍ਹਾਂ ਨੂੰ ਕੋਈ ਵੀ ਵਹੀਕਲ ਨਹੀਂ ਚਲਾਉਣਾ ਚਾਹੀਦਾ । ਉਨ੍ਹਾਂ ਦੱਸਿਆ ਕਿ ਕਰਾਈਮ ਦੇ ਮੁਕਾਬਲੇ ਸੜਕੀ ਦੁਰਘਟਨਾਵਾਂ ਵਿੱਚ  ਮੌਤਾਂ ਜ਼ਿਆਦਾ ਹੁੰਦੀਆਂ ਹਨ। ਇਸ ਲਈ ਆਮ ਲੋਕਾਂ ਦਾ ਸੜਕੀ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।  ਉਨ੍ਹਾਂ ਦੱਸਿਆ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ।  ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ/ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਮੀਨਾਰ ਕਰਾਉਣੇ ਚਾਹੀਦੇ ਹਨ।  ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਟਰਾਂਸਪੋਰਟ ਅਫਸਰ ਨੂੰ ਹਦਾਇਤ ਕੀਤੀ ਕਿ ਲਾਇਸੰਸ ਦੇਣ ਤੋਂ ਪਹਿਲਾਂ ਇਹ ਵੇਖਿਆ ਜਾਵੇ ਕੀ ਸਬੰਧਤ ਵਿਅਕਤੀ ਨੇ ਕਿਸੇ ਤਸਦੀਕਸ਼ੁਦਾ ਟਰੇਨਿੰਗ ਸੈਂਟਰ ਤੋਂ ਸਿੰਖਲਾਈ ਲਈ ਹੋਈ ਹੈ।  
ਮੀਟਿੰਗ ਦੌਰਾਨ ਕਮੇਟੀ ਮੈਂਬਰ ਨੇ ਸੁਝਾਅ ਦਿੱਤਾ ਕਿ ਜਿਸ ਬੱਚੇ ਕੋਲ ਡਰਾਈਵਿੰਗ ਲਾਈਸੰਸ ਨਾ ਹੋਵੇ, ਉਸ ਨੂੰ ਉਸ ਦੇ ਮਾਪਿਆਂ ਦੇ ਪਹੁੰਚਣ ਤੱਕ ਨਾ ਛੱਡਿਆ ਜਾਵੇ।  ਮੈਂਬਰਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਉਚੀ ਅਵਾਜ਼ ਵਿੱਚ ਕੋਈ ਵਹੀਕਲ ਪ੍ਰੈਸ਼ਰ ਹਾਰਨ ਜਾਂ ਮਿਉਜ਼ਿਕ ਦੀ ਵਰਤੋਂ ਨਾ ਕੀਤੀ ਜਾਵੇ।   ਆਮ ਵੇਖਣ ਵਿੱਚ ਆਇਆ ਹੈ ਕਿ ਲੋਕ ਖਰਾਬ ਵਹੀਕਲ ਅਤੇ ਟਰਾਲੀਆਂ ਸੜਕ ਦਰਮਿਆਨ ਹੀ ਖੜੀਆਂ ਕਰ ਦਿੰਦੇ  ਹਨ ਜਿਨ੍ਹਾਂ ਤੇ ਕੋਈ ਰਿਫਲੈਕਟਰ ਵੀ ਨਹੀਂ ਲਗਾ ਹੁੰਦਾ ਜੋ  ਕਿ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।  ਉਨ੍ਹਾਂ ਨੇ ਟਰੈਕਟਰ ਟਰਾਲੀਆਂ ਨੂੰ ਰਿਫਲੈਕਟਰ ਲਗਾਉਣ ਲਈ ਸੁਝਾਅ ਦਿੱਤਾ।
ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ ਨੇ ਕਿਹਾ ਕਿ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ  ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਪੰਚਾਇਤਾਂ ਅਤੇ  ਸਵੈਸੇਵੀ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ।
ਹੁਸ਼ਿਆਰਪੁਰ, 12 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਅਤੇ ਐਸ ਐਸ ਪੀ ਸ਼੍ਰੀ ਰਾਕੇਸ਼ ਅਗਰਵਾਲ ਨੇ ਅੱਜ ਭੰਗੀ ਚੋਅ  ਦੇ ਬੰਨ ਦਾ ਦੌਰਾ ਕੀਤਾ  ਅਤੇ ਸੰਭਾਵੀਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਭੰਗੀ ਚੋਅ ਦੇ ਪੁੱਲ ਦੇ ਕਿਨਾਰਿਆਂ, ਬਹਾਦਰਪੁਰ ਅਤੇ ਪਿੰਡ ਬਸੀ ਗੁਲਾਮ ਹੁਸੈਨ ਨਾਲ ਲਗਦੇ ਚੋਅ ਦੀਆਂ ਨਾਜ਼ੁਕ  ਥਾਵਾਂ ਦਾ ਨਿਰੀਖਣ ਕੀਤਾ ਅਤੇ  ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਡਰੇਨੇਜ ਬੀ ਪੀ ਐਸ ਬਰਾੜ ਨੂੰ ਸਖਤ ਹਦਾਇਤ ਕੀਤੀ ਕਿ ਉਹ ਇਨ੍ਹਾਂ ਨਾਜ਼ੁਕ ਥਾਵਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਜਿਨ੍ਹਾਂ ਕੰਮਾਂ ਲਈ ਪੰਜਾਬ ਸਰਕਾਰ ਤੋਂ ਫਲੱਡ ਪ੍ਰੋਟੈਕਸ਼ਨ ਲਈ ਪੈਸੇ ਆਉਣ ਤੋਂ ਬਾਅਦ ਟੈਂਡਰ ਫਲੋਟ ਕਰਕੇ ਅਪਰੂਵ ਕਰਵਾ ਲਏ ਹਨ, ਉਨ੍ਹਾਂ ਕੰਮਾਂ ਤੇ ਠੇਕੇਦਾਰਾਂ ਤੋਂ   ਤੁਰੰਤ  ਕੰਮ  ਸ਼ੁਰੂ ਕਰਵਾ ਕੇ ਪੱਥਰ ਲਗਾ ਕੇ ਮਜ਼ਬੂਤ ਬੰਨ ਬਣਾੳਣ ਅਤੇ ਜਿਥੇ ਕਿਤੇ ਲੋੜ ਹੋਵੇ ਤਾਂ ਉਥੇ ਰੇਤ ਦੀਆਂ ਬੋਰੀਆਂ ਵੀ ਲਗਾਈਆਂ ਜਾਣ ਅਤੇ ਹਰ ਰੋਜ਼ ਇਨ੍ਹਾਂ ਕੰਮਾਂ ਦੀ ਪ੍ਰਗਤੀ ਰਿਪੋਰਟ  ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਭੇਜੀ ਜਾਵੇ।  ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਨੂੰ ਇਹ ਹਦਾਇਤ ਕੀਤੀ ਕਿ ਉਹ ਭੰਗੀ ਚੋਅ ਪੁੱਲ ਨੇੜੇ ਚੋਅ ਦੀ ਥਾਂ ਵਿੱਚ ਬਣੀਆਂ ਨਜਾਇਜ਼  ਝੁੱਗੀ-ਝੌਂਪੜੀਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ  ਬਰਸਾਤ ਦੌਰਾਨ ਉਨ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਤੇ ਪਾਣੀ ਦਾ ਵਹਾਓ ਠੀਕ ਚਲਦਾ ਰਹੇ।  ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਨੂੰ ਵੀ ਹਦਾਇਤ ਕੀਤੀ ਕਿ ਉਹ ਭੰਗੀ ਚੋਅ ਪੁੱਲ ਦੇ ਦੋਨਾਂ ਕਿਨਾਰਿਆਂ ਦੀ ਤੁਰੰਤ ਸਫਾਈ ਕਰਾਈ ਜਾਵੇ ਤਾਂ ਜੋ ਬਰਸਾਤ ਦਾ ਪਾਣੀ ਪੁੱਲ ਦੇ ਹੇਠੋਂ ਆਸਾਨੀ ਨਾਲ ਚਲਦਾ ਰਹੇ।  ਉਨ੍ਹਾਂ ਨੇ ਪਿੰਡ ਬੁਸੀ ਗੁਲਾਮ ਹੁਸੈਨ ਨਜ਼ਦੀਕ ਕੰਢੀ ਕੈਨਾਲ ਦੀ ਉਸਾਰੀ ਦੇ ਚਲ ਰਹੇ ਕੰਮ ਦਾ ਨਿਰੀਖਣ  ਵੀ ਕੀਤਾ ਅਤੇ ਸ਼੍ਰੀ ਵਰਿੰਦਰ ਕੁਮਾਰ ਕਾਰਜਕਾਰੀ ਇੰਜੀਨੀਅਰ  ਕੰਢੀ ਕੈਨਾਲ ਨੂੰ ਹਦਾਇਤ ਕੀਤੀ ਕਿ ਉਹ ਚਲ ਰਹੇ ਕੰਮ ਨੂੰ ਇਸ ਢੰਗ ਨਾਲ ਕਰਾਉਣ ਕਿ ਚੋਅ ਵਿੱਚੋਂ ਲੰਘਣ ਵਾਲੇ ਬਰਸਾਤੀ ਪਾਣੀ ਨਿਰਵਿਘਨ ਚਲਦਾ ਰਹੇ।
  ਇਸ ਉਪਰੰਤ ਉਨ੍ਹਾਂ ਨੇ  ਬੁਲੋਵਾਲ  ਦੇ ਚੋਅ ਅਤੇ ਖਡਿਆਲਾ ਸੈਣੀਆਂ ਦੇ ਚੋਅ ਦੀਆਂ ਨਾਜ਼ੁਕ ਥਾਵਾਂ ਦਾ ਨਿਰੀਖਣ ਵੀ ਕੀਤਾ ਅਤੇ ਇਨ੍ਹਾਂ ਥਾਵਾਂ ਤੇ ਹੜ੍ਹ  ਰੋਕਣ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਾਰਜਕਾਰੀ ਇੰਜੀਨੀਅਰ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਬੁਲੋਵਾਲ ਚੋਅ ਦੀਆਂ ਥਾਵਾਂ ਤੇ ਗੁਜ਼ਰਾਂ ਵੱਲੋਂ ਬਣਾਈਆਂ ਗਈਆਂ ਨਜਾਇਜ਼ ਕੁਲੀਆਂ ਨੂੰ ਪਿੱਛੇ ਹਟਾਇਆ ਜਾਵੇ ਤਾਂ ਜੋ  ਬਰਸਾਤ ਦੇ ਪਾਣੀ ਨਾਲ ਉਨ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ ਅਤੇ ਬਰਸਾਤ ਦਾ ਪਾਣੀ ਚੋਅ ਵਿੱਚ  ਨਿਰਵਿਘਨ ਚਲਦਾ ਰਹੇ।  ਉਨ੍ਹਾਂ ਨੇ ਡਰੇਨੇਜ਼ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਭਾਵੀਂ ਹੜ੍ਹਾਂ ਦੀ ਤੁਰੰਤ ਰੋਕਥਾਮ ਲਈ ਢੁਕਵੇਂ ਪ੍ਰਬੰਧ ਕਰਨ।
ਇਸ ਮੌਕੇ ਤੇ ਸਰਵਸ਼੍ਰੀ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਕਾਰਜਸਾਧਕ ਅਫ਼ਸਰ ਨਗਰ ਕੌਂਸਲ  ਹੁਸ਼ਿਆਰਪੁਰ ਰਮੇਸ਼ ਕੁਮਾਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਉਨ੍ਹਾਂ ਦੇ ਨਾਲ ਸਨ।

ਜਿਲ੍ਹੇ ਵਿਚ 20838 ਬੇਰੁਜਗਾਰ !

ਹੁਸ਼ਿਆਰਪੁਰ, 12 ਜੁਲਾਈ: ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀਮਤੀ ਸੁਨੀਤਾ ਕਲਿਆਣ ਨੇ ਦੱਸਿਆ ਕਿ ਮਹੀਨਾ ਜੂਨ 2010 ਦੌਰਾਨ 38 ਉਮੀਦਵਾਰਾਂ ਨੂੰ 23165/- ਰੁਪਏ ਦੀ ਰਾਸ਼ੀ ਬੇ-ਕਾਰੀ ਭੱਤੇ ਵਜੋਂ ਵੰਡੀ ਗਈ । ਉਨ੍ਹਾਂ ਹੋਰ ਦੱਸਿਆ ਕਿ ਇਸੇ ਮਹੀਨੇ ਦੌਰਾਨ ਰੋਜ਼ਗਾਰ ਪ੍ਰਾਪਤ ਕਰਨ ਲਈ 370 ਉਮੀਦਵਾਰਾਂ ਵੱਲੋਂ ਨਾਂ ਦਰਜ਼ ਕਰਵਾਏ ਗਏ ਜਿਨ੍ਹਾਂ ਵਿੱਚ 278 ਮਰਦ ਅਤੇ 92 ਇਸਤਰੀਆਂ ਹਨ। ਇਸੇ ਤਰਾਂ 41 ਪਲੇਸਿੰਗ ਹੋਈਆਂ ਅਤੇ 80 ਅਧਿਸੂਚਿਤ  ਆਸਾਮੀਆਂ ਤਹਿਤ ਨਾਂ ਦਰਜ ਕੀਤੇ ਗਏ। ਇਸ ਤਰਾਂ ਲਾਈਵ ਰਜਿਸਟਰ ਵਿੱਚ 20838 ਨਾਂ ਦਰਜ ਹੋਏ ਜਿਨ੍ਹਾਂ ਵਿੱਚ 14742 ਮਰਦ ਅਤੇ 6096 ਇਸਤਰੀਆਂ ਹਨ।

ਵਿਸ਼ਵ ਅਬਾਦੀ ਦਿਵਸ ਮਨਾਇਆ

ਹੁਸ਼ਿਆਰਪੁਰ, 11 ਜੁਲਾਈ: ਅੱਜ 24ਵੇਂ ਵਿਸ਼ਵ ਆਬਾਦੀ ਦਿਹਾੜੇ ਦੇ ਮੌਕੇ ਤੇ ਸਿਹਤ ਵਿਭਾਗ, ਵੱਖ-ਵੱਖ  ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਅਤੇ ਵਰਧਮਾਨ ਧਾਗਾ ਮਿਲਜ਼ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ  ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਡਾ. ਰਵੀ ਪ੍ਰਕਾਸ਼ ਡੋਗਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
  ਇਸ ਮੌਕੇ ਤੇ ਸਿਵਲ ਸਰਜਨ ਡਾ ਰਵੀ ਪ੍ਰਕਾਸ਼ ਡੋਗਰਾ ਨੇ ਇਸ ਸਾਲ ਦੇ ਵਿਸ਼ਵ ਆਬਾਦੀ ਦਿਹਾੜੇ ਦੇ ਥੀਮ *ਐਵਰੀ ਵਨ ਕਾਉਂਟਸ-ਹਰ ਇੱਕ ਦੀ ਅਹਿਮੀਅਤ* ਤੇ ਚਰਚਾ ਕਰਦਿਆਂ ਆਖਿਆ ਕਿ ਵਿਕਾਸ ਲਈ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਵਿੱਚ ਆਂਕੜਿਆਂ ਦੀ ਬਹੁਤ ਅਹਿਮੀਅਤ ਹੈ। ਸਹੀ ਆਂਕੜਿਆਂ ਦੇ ਆਧਾਰ ਤੇ ਬਣਾਈਆਂ ਸਿਹਤ ਯੋਜਨਾਵਾਂ ਲੋਕਾਂ ਲਈ ਲਾਹੇਵੰਦ ਹੁੰਦੀਆਂ ਹਨ। ਸਿਵਲ ਸਰਜਨ ਨੇ ਅਪੀਲ ਕੀਤੀ ਕਿ ਵਿਆਹ ਕਰਾਉਣ ਵਿੱਚ ਅਤੇ ਪਹਿਲਾ ਬੱਚਾ ਪੈਦਾ ਕਰਨ ਵਿੱਚ ਜਲਦੀ ਨਹੀਂ ਕਰਨਾ ਚਾਹੀਦੀ ਅਤੇ ਜਣੇਪਾ ਹਮੇਸ਼ਾਂ ਹਸਪਤਾਲਾਂ ਵਿੱਚ ਹੀ ਕਰਾਉਣਾ ਚਾਹੀਦਾ ਹੈ।
ਸਮਾਗਮ ਵਿੱਚ ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ ਚਮਨ ਲਾਲ ਸਮਰਾ, ਐਸ ਐਮ ਓ ਡਾ ਨੀਲਮ ਸਿੱਧੂ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ, ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਪ੍ਰਧਾਨ ਡਾ. ਧਰਮਬੀਰ ਕਪੂਰ, ਇੰਤਜਾਮੀਆ ਕਮੇਟੀ ਦੇ ਮਾਸਟਰ ਮੁਹੰਮਦ ਸ਼ਰੀਫ਼ , ਸ਼੍ਰੀ ਸੁਰੇਸ਼ ਕੰਵਰ ਵਰਧਮਾਨ ਧਾਗਾ ਮਿੱਲ, ਬਲੱਡ ਬੈਂਕ ਦੇ ਭੁਪਿੰਦਰ ਸਿੰਘ ਪਾਵਾ, ਇੱਕ ਜੋਤ ਮਾਨਵ ਸੇਵਾ ਸੰਮਤੀ ਦੇ ਸ਼੍ਰੀ ਅਸ਼ਵਨੀ ਤਿਵਾੜੀ, ਗੁਰਬਚਨ ਸਿੰਘ, ਕਸੂਰਵਾਲਾ ਨੇ ਵੱਧਦੀ ਆਬਾਦੀ ਦੇ ਵੱਖ-ਵੱਖ ਕਾਰਨਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜ਼ਿਕਰ ਕੀਤਾ। ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ ਨੇ ਆਖਿਆ ਕਿ 11 ਜੁਲਾਈ ਤੋਂ 17 ਜੁਲਾਈ 2010 ਤੱਕ ਜ਼ਿਲ੍ਹੇ ਭਰ ਵਿੱਚ ਪ੍ਰੀਵਾਰ ਨਿਯੋਜਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਐਸ ਐਮ ਓ ਡਾ. ਅਜੇ ਬੱਗਾ ਨੇ ਅਗਿਆਨਤਾ, ਗਰੀਬੀ, ਅਨਪੜ੍ਹਤਾ ਨੂੰ ਮੁੱਖ ਤੌਰ ਤੇ ਵੱਧਦੀ ਆਬਾਦੀ ਲਈ ਜਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਕੋਈ ਵੀ ਧਰਮ ਵੱਧਦੀ ਦੀ ਆਬਾਦੀ ਦੇ ਹੱਕ ਵਿੱਚ ਨਹੀਂ ਹੈ ਕਿਉਂਕਿ ਪਾਣੀ ਦੀ ਘਾਟ, ਵੱਧਦਾ ਪ੍ਰਦੂਸ਼ਣ, ਸੜਕਾਂ ਤੇ ਟਰੈਫਿਕ ਜ਼ਾਮ ਆਦਿ ਵੱਧਦੀ ਦੇ ਆਬਾਦੀ ਦੇ ਕਾਰਨ ਹੀ ਹਨ।  ਡਾ. ਬੱਗਾ ਨੇ ਕਿਹਾ ਕਿ ਇੰਡੋਨੇਸ਼ੀਆ, ਬੰਗਲਾ ਦੇਸ਼, ਈਰਾਨ, ਤੁਰਕੀ ਵਰਗੇ ਮੁਸਲਿਮ ਆਬਾਦੀ ਵਾਲੇ ਦੇਸ਼ਾਂ, ਰੋਮਨ ਕੈਥੋਲਿਕ ਮੁਲਕ ਇਟਲੀ ਅਤੇ ਅਸਟ੍ਰੇਲੀਆ, ਜਪਾਨ ਵਰਗੇ ਮੁਲਕਾਂ ਵਿੱਚ ਜਨਮ ਦਰ ਭਾਰਤ ਨਾਲੋਂ ਘੱਟ ਹੈ। ਇਸ ਮੌਕੇ ਤੇ ਡਾ. ਜਮੀਲ ਬਾਲੀ ਨੇ ਅਗਿਆਨਤਾ ਦੂਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਤੇ ਜ਼ੋਰ ਦਿੱਤਾ।
ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਇਸ ਮੌਕੇ ਤੇ ਵੱਧਦੀ ਆਬਾਦੀ ਦੇ ਦੁਸਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਐਸ.ਐਮ.ਓ. ਨੀਲਮ ਸਿੱਧੂ, ਸਰੋਜ ਨੱਕੜਾ ਅਤੇ ਬਿੰਦੂ ਅਰਸੀ ਸਮਾਜ ਸੇਵਿਕਾ ਨੇ ਕੀਤਾ।

ਬੀਬੀ ਜੋਸ਼ ਨੇ ਕੀਤਾ ਸਿੰਗੜੀਵਾਲਾ ਚ ਪੇਂਡੂ ਜਲ ਸਪਲਾਈ ਯੋਜਨਾ ਦਾ ਉਦਘਾਟਨ

ਹੁਸ਼ਿਆਰਪੁਰ, 11 ਜੁਲਾਈ: ਸਿੱਖਿਆ ਵਿਭਾਗ ਪੰਜਾਬ ਵੱਲੋਂ ਹੁਣ ਤੱਕ 19000 ਸਕੂਲਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਅਤੇ ਪਖਾਨਾ ਸਹੂਲਤਾਂ ਦਿੱਤੀਆਂ  ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਮੁੱਖ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਸਿੰਗੜੀਵਾਲਾ ਵਿਖੇ 36. 71 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਪੇਂਡੂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਮੌਕੇ ਦਿੱਤੀ।  ਉਨ੍ਹਾਂ ਦੱਸਿਆ ਕਿ ਪਿੰਡ ਸਿੰਗੜੀਵਾਲਾ ਅਤੇ ਹੈਦਰੋਵਾਲ ਦੇ ਵਸਨੀਕਾਂ  ਵੱਲੋਂ  ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਪੇਂਡੂ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਗਈ ਹੈ।
ਬੀਬੀ ਜੋਸ਼ ਨੇ ਕਿਹਾ ਕਿ ਇਸ ਪੇਂਡੂ ਜਲ ਸਪਲਾਈ ਸਕੀਮ ਤੋਂ ਦੋਨਾਂ ਪਿੰਡਾਂ ਦੇ ਲਗਭਗ  2400 ਵਸਨੀਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਸਪਲਾਈ ਕੀਤਾ ਜਾਵੇਗਾ।  ਉਨ੍ਹਾਂ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ 188 ਪਿੰਡਾਂ ਵਿੱਚੋਂ 185 ਪਿੰਡਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਜਲਦੀ ਹੀ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ  ਚੋਣਾਂ ਸਮੇਂ ਕੀਤੇ ਗਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ । ਇਸ ਲਈ ਮੈਂ ਉਨ੍ਹਾਂ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਅਤੇ  ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਹੀ ਸਾਰੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਪ ਮੰਡਲ ਇੰਜੀ:  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮਹਿੰਦਰ ਲਾਲ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਸ਼੍ਰੀ ਆਰ ਐਲ ਢਾਂਡਾ ਦੀ ਯੋਗ ਅਗਵਾਈ ਹੇਠ ਬਣਾਈ ਗਈ ਇਸ ਪੇਂਡੂ ਜਲ ਸਪਲਾਈ ਸਕੀਮ ਅਧੀਨ 167 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ, 3366 ਮੀਟਰ ਲੰਬੀਆਂ ਪਾਈਪਾਂ ਵਿਛਾਈਆਂ ਗਈਆਂ ਹਨ ਅਤੇ ਇੱਕ ਲੱਖ ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਵੀ ਬਣਾਈ ਜਾ ਰਹੀ ਹੈ ਜਿਸ ਰਾਹੀਂ ਪਿੰਡ ਸਿੰਗੜੀਵਾਲ ਅਤੇ ਹੈਦਰੋਵਾਲ ਦੇ ਲਗਭਗ  2400 ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ  70 ਲੀਟਰ ਪ੍ਰਤੀ ਦਿਨ ਪ੍ਰਤੀ ਜੀਅ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਨਵੀਨਤਮ ਤਕਨੀਕੀ (ਸਿਲਵਰ ਆਈਓਨਾਈਜੇਸ਼ਨ ) ਨਾਲ ਸਾਫ਼ ਕਰਕੇ 100 ਫੀਸਦੀ ਸਾਫ਼-ਸੁਥਰਾ ਕੀਟਾਣੂ ਰਹਿਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਲੋਕਾਂ ਦੀ ਸਿਹਤ ਤੇ ਚੰਗਾ ਪ੍ਰਭਾਵ ਪਵੇਗਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਜੇ ਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਰਵਿੰਦ ਸੈਣੀ, ਜੇ ਈ ਅਮਰਜੀਤ, ਰਾਜ ਕੁਮਾਰ, ਠੇਕੇਦਾਰ ਭੁਪਿੰਦਰ ਸਿੰਘ, ਸਰਪੰਚ ਸਿੰਗੜੀਵਾਲਾ ਸਿੰਗਾਰਾ ਸਿੰਘ, ਪੰਚ ਸਤਨਾਮ ਸਿੰਘ, ਗੁਰਦੇਵ ਸਿੰਘ, ਰਵੀ ਕੁਮਾਰ, ਰਾਜ ਰਾਣੀ, ਮਹਿੰਦਰ ਪਾਲ ਕੌਰ, ਤਰਸੇਮ ਸਿੰਘ , ਸਾਬਕਾ ਸਰਪੰਚ ਚਰਨ ਵਰਿੰਦਰ ਸਿੰਘ, ਕੁਲਵੰਤ ਸਿੰਘ ਧਾਮੀ ਐਨ ਆਰ ਆਈ , ਮਾਸਟਰ ਸ਼ਮਸ਼ੇਰ ਸਿੰਘ, ਮਾਸਟਰ ਸਤਨਾਮ ਸਿੰਘ, ਜਸਵੀਰ ਕੌਰ, ਮੇਹਰ ਚੰਦ, ਕੇਵਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

2012 ਤੱਕ ਸਾਰੀਆਂ ਪੇਂਡੂ ਅਬਾਦੀਆਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲੇਗਾ: ਮਹਿੰਦਰ ਕੌਰ ਜੋਸ਼

ਹੁਸ਼ਿਆਰਪੁਰ, 10 ਜੁਲਾਈ: ਪੰਜਾਬ ਸਰਕਾਰ ਵੱਲੋਂ 264 ਕਰੋੜ ਰੁਪਏ ਦੀ ਲਾਗਤ ਨਾਲ ਸਾਲ 2012 ਤੱਕ ਸਾਰੀਆਂ ਪੇਂਡੂ ਆਬਾਦੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ।  ਇਸ ਗੱਲ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਮੜੂਲੀ ਬ੍ਰਾਹਮਣਾਂ ਵਿਖੇ  47. 96 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੇਂਡੂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਬੀਬੀ ਜੋਸ਼ ਨੇ ਦੱਸਿਆ ਕਿ ਪਿੰਡ  ਮੜੂਲੀ ਬ੍ਰਾਹਮਣਾ ਅਤੇ ਬਸੀ ਦੌਲਤ ਖਾਂ ਦੇ ਪਿੰਡ ਨਿਵਾਸੀਆਂ  ਨੂੰ ਪਾਣੀ ਦਾ ਪੱਧਰ  ਨੀਵਾਂ ਹੋਣ ਅਤੇ ਪਾਣੀ ਪੀਣਯੋਗ ਨਾ ਹੋਣ ਕਾਰਨ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਸੀ। ਇਨ੍ਹਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਇਹ ਵਾਟਰ ਸਪਲਾਈ ਸਕੀਮ  ਸ਼ੁਰੂ ਕੀਤੀ ਗਈ ਸੀ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਇਸ  ਸਕੀਮ ਦੇ ਸ਼ੁਰੂ ਹੋਣ ਨਾਲ ਦੋਨਾਂ ਪਿੰਡਾਂ ਦੇ ਲਗਭਗ 4000 ਵਿਅਕਤੀਆਂ ਨੂੰ 70 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਦੇ ਹਿਸਾਬ ਨਾਲ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।  ਉਨ੍ਹਾਂ ਹੋਰ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਆਪਣੇ ਕਾਰਜਕਾਲ ਵਿੱਚ ਪਿੰਡਾਂ  ਅਤੇ ਸ਼ਹਿਰਾਂ ਵਿੱਚ ਸਰਵਪੱਖੀ ਵਿਕਾਸ ਕਰਾਉਂਦੀ ਹੈ।  ਪੰਜਾਬ ਸਰਕਾਰ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ।  ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਚੇਰੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਨ ਲਈ ਰਾਜ ਅੰਦਰ 13 ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ ਅਤੇ ਹਰ ਇੱਕ ਕਾਲਜ ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ  ਕਿਉਂਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹੇ ਲਿਖੇ ਅਤੇ ਤਜ਼ਰਬੇਕਾਰ ਅਧਿਆਪਕ ਨਿਯੂਕਤ ਕੀਤੇ ਗਏ ਹਨ।
ਇਸ ਮੌਕੇ ਤੇ ਐਸ ਡੀ ਓ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱ੍ਯਸਿਆ ਕਿ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਸ਼ਿਆਰਪੁਰ ਸ਼੍ਰੀ ਆਰ ਐਲ ਢਾਂਡਾ ਦੀ ਯੋਗਵਾਈ ਵਿੱਚ ਚਲਾਈਆਂ ਜਾ ਰਹੀਆਂ ਵਾਟਰ ਸਪਲਾਈ  ਸਕੀਮਾਂ ਤੇ  ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।  ਇਸ ਵਾਟਰ ਸਪਲਾਈ ਸਕੀਮ ਵਿੱਚ 197 ਮੀਟਰ ਡੂੰਘਾ ਟਿਊਬਵੈਲ ਲਗਾਇਆ ਗਿਆ ਹੈ ਅਤੇ 1. 5 ਲੱਖ ਲੀਟਰ ਦੀ ਸਮੱਰਥਾ ਵਾਲੀ ਪਾਣੀ ਦੀ ਟੈਂਕੀ  ਵੀ ਬਣਾਈ ਗਈ ਹੈ ਜਿਸ ਨਾਲ ਨਵੀਨਤਮ ਤਕਨੀਕ (ਸਿਲਵਰ ਆਇਓਨਾਈਜੇਸ਼ਨ) ਨਾਲ ਸਾਫ਼ ਕਰਕੇ 100 ਫੀਸਦੀ ਸਾਫ਼ ਸੁਥਰਾ ਕੀਟਾਣੂ ਰਹਿਤ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।  ਸ਼੍ਰੀ ਸੇਵਾ ਸਿੰਘ ਜੇ ਈ, ਅਰਵਿੰਦ ਕੁਮਾਰ ਸੈਣੀ ਜੇ ਈ , ਮੜੂਲੀ ਬ੍ਰਾਹਮਣਾ ਦੇ ਸਰਪੰਚ ਰਾਮ ਜੀ ਦਾਸ, ਬਲਾਕ ਸੰਮਤੀ ਮੈਂਬਰ ਮਹਿੰਦਰ  ਸਿੰਘ, ਪੰਚ ਬੱਠੀਆਂ ਸੁਭਾਸ਼ ਚੰਦਰ, ਮਾਸਟਰ ਕੁਲਵਿੰਦਰ ਸਿੰਘ,  ਨੰਬਰਦਾਰ ਬੱਠੀਆਂ ਦਵਿੰਦਰ ਕੁਮਾਰ, ਮੈਂਬਰ ਸੁਨੀਲ ਕੁਮਾਰ, ਸ਼ੀਤਲ ਲਾਲ, ਸੰਜੀਵ ਕੁਮਾਰ, ਮਹਿੰਦਰ ਸਿੰਘ,  ਸਰਪੰਚ ਬਸੀ ਦੌਲਤ ਖਾਂ ਸੀਤਾ ਦੇਵੀ , ਪੰਚ ਅਸ਼ੋਕ ਕੁਮਾਰ, ਜਥੇ: ਹੰਸ ਰਾਜ ਅਤੇ ਹੋਰ ਪਿੰਡ ਦੇ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

ਪਰਿਵਾਰਕ ਸਲਾਹਕਾਰ ਕੇਂਦਰ ਨੇ 133 ਮਾਮਲੇ ਸੁਲਝਾਏ

ਹੁਸ਼ਿਆਰਪੁਰ, 8 ਜੁਲਾਈ: ਚੇਅਰਪਰਸਨ ਪ੍ਰੀਵਾਰਕ ਸਲਾਹਕਾਰ ਕੇਂਦਰ ਹੁਸ਼ਿਆਰਪੁਰ ਸ਼੍ਰੀਮਤੀ ਸਨੇਹ ਲਤਾ ਧਰਮਪਤਨੀ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਇਸ ਸੰਸਥਾ ਵੱਲੋਂ 133 ਕੇਸ ਸੁਲਝਾਏ ਗਏ ਹਨ।  ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਫਾਰ ਸੋਸ਼ਲ ਹੈਲਥ ਇੰਨ ਇੰਡੀਆ ਦੀ ਜ਼ਿਲ੍ਹਾ ਸ਼ਾਖਾ ਹੁਸ਼ਿਆਰਪੁਰ ਆਪਣੇ ਅਧੀਨ ਰੈਡ ਕਰਾਸ ਬਿਲਡਿੰਗ ਹੁਸ਼ਿਆਰਪੁਰ ਵਿਖੇ ਇਹ ਪ੍ਰੀਵਾਰਕ ਸਲਾਹਕਾਰ ਕੇਂਦਰ ਚਲਾ ਰਹੀ ਹੈ । ਇਹ ਸੈਂਟਰ ਹਰ ਤਰਾਂ ਦੇ ਪ੍ਰੀਵਾਰਕ ਝਗੜੇ ਸੁਲਝਾਉਣ ਵਿੱਚ ਯਤਨਸ਼ੀਲ ਰਹਿੰਦੀ ਹੈ। ਇਹ ਸੈਂਟਰ 1989 ਤੋਂ ਚਲ ਰਿਹਾ ਹੈ । ਇਸ ਸੰਸਥਾ ਵਿੱਚ ਆ ਰਹੇ ਜਿਆਦਾਤਰ ਪ੍ਰੀਵਾਰਕ ਝਗੜਿਆਂ ਦਾ ਕਾਰਨ ਮਾਂ-ਬਾਪ ਦੀ ਦਖਲਅੰਦਾਜ਼ੀ, ਗੰਭੀਰ ਰੂਪ ਵਿੱਚ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਤੋਂ ਪ੍ਰੇਸ਼ਾਨ ਉਨ੍ਹਾਂ ਦੀਆਂ ਪਤਨੀਆਂ, ਪਤੀ ਜਾਂ ਪਤਨੀ ਦੇ ਵਿਵਾਹਤ ਹੋਣ ਦੇ ਬਾਵਜੂਦ ਨਜਾਇਜ਼ ਸਬੰਧ, ਦਹੇਜ ਕਾਰਨ,  ਮਾਨਸਿਕ ਤੇ  ਸਰੀਰਕ ਯਾਤਨਾਵਾਂ ਦੀ ਸ਼ਿਕਾਰ ਔਰਤਾਂ ਤੇ ਮਾਨਸਿਕ ਤੌਰ ਤੇ ਬੀਮਾਰ ਵਿਅਕਤੀ ਹਨ।
ਚੇਅਰਪਰਸਨ ਪ੍ਰੀਵਾਰਕ ਸਲਾਹਕਾਰ ਕੇਂਦਰ ਹੁਸ਼ਿਆਰਪੁਰ ਨੇ ਹੋਰ ਦੱਸਿਆ ਕਿ ਪ੍ਰੀਵਾਰਕ ਝਗੜਿਆਂ ਦੇ ਕੇਸਾਂ ਨੂੰ ਉਨ੍ਹਾਂ ਵੱਲੋਂ ਕਾਰਜਕਾਰੀ ਮੈਂਬਰਾਂ ਦੀ ਹਾਜ਼ਰੀ ਵਿੱਚ ਸੁਣਿਆ ਜਾਂਦਾ ਹੈ। ਇਸ ਵਿੱਚ ਪਹਿਲਾਂ ਦੋਹਾਂ ਧਿਰਾਂ ਨੂੰ ਇਕੱਠੇ ਅਤੇ ਅਲੱਗ-ਅਲੱਗ ਸੁਣਿਆ ਜਾਂਦਾ ਹੈ। ਇਨ੍ਹਾਂ ਝਗੜਿਆਂ ਨੂੰ ਸੁਲਝਾਉਣ ਲਈ ਯੋਗ  ਅਤੇ ਤਜਰਬੇਕਾਰ ਕੌਂਸਲਰ ਹਨ। ਉਨ੍ਹਾਂ ਦੱਸਿਆ ਕਿ ਕੇਸਾਂ ਨੂੰ ਸੁਲਝਾਉਣ ਵਾਸਤੇ ਲੋੜ ਪੈਣ ਤੇ ਪਿੰਡ ਦੀਆਂ ਪੰਚਾਇਤਾਂ ਅਤੇ ਹੋਰ ਉਘੇ ਵਿਅਕਤੀਆਂ ਦੀ ਮੱਦਦ ਵੀ ਲਈ ਜਾਂਦੀ ਹੈ। ਕਾਰਜਕਾਰਨੀ ਮੈਂਬਰਾਂ ਦੇ ਯਤਨਾਂ ਸਦਕਾ ਬਹੁਤ ਸਾਰੇ ਉਲਝੇ ਹੋਏ ਕੇਸ ਸੰਸਥਾ ਵੱਲੋਂ ਹੱਲ ਕੀਤੇ ਗਏ ਹਨ ਜੋ ਕਿ ਹੁਣ ਵਧੀਆ ਢੰਗ ਨਾਲ ਪ੍ਰੀਵਾਰਕ ਜੀਵਨ ਬਤੀਤ ਕਰ ਰਹੇ ਹਨ।  ਚੇਅਰਪਰਸਨ ਨੇ ਹੋਰ ਦੱਸਿਆ ਕਿ ਕੁਝ ਅਜਿਹੇ ਵਿਅਕਤੀ ਜੋ ਪਹਿਲਾਂ ਵਿਆਹ ਕਰਵਾ ਕੇ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਤੇ ਉਥੇ ਜਾ ਕੇ ਵਿਆਹ ਕਰਵਾ ਲੈਂਦੇ ਹਨ ਅਤੇ ਉਹ ਪਹਿਲੀ ਪਤਨੀ ਨੂੰ ਕੋਈ ਖਰਚਾ ਵੀ ਨਹੀਂ ਦਿੰਦੇ ਅਤੇ ਨਾ ਹੀ ਕੋਈ ਪੱਤਰ ਵਿਵਹਾਰ ਕਰਦੇ ਹਨ। ਇਸ ਤਰ੍ਹਾਂ ਵਿਦੇਸ਼ਾਂ ਵਿੱਚ ਰਹਿ ਰਹੇ ਪਤੀਆਂ ਦੇ ਧੋਖੇ ਦੀਆਂ ਸ਼ਿਕਾਰ ਔਰਤਾਂ ਦੇ ਕੇਸ ਵੀ ਇਸ ਸੰਸਥਾ ਵਿੱਚ ਸੁਣੇ ਜਾਂਦੇ ਹਨ ਅਤੇ ਇਸ ਸੰਸਥਾ ਇਸ ਤਰਾਂ ਦੇ ਕੇਸ ਸੁਲਝਾਉਣ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਰਹੀ ਹੈ।

ਬੂਥਗੜ੍ਹ ਵਿਚ ਇੱਕ ਦਿਨਾ ਹੈਂਡੀਕਰਾਫਟ ਵਰਕਸ਼ਾਪ

ਹੁਸ਼ਿਆਰਪੁਰ, 7 ਜੁਲਾਈ: ਵੂਡਨ ਹੈਂਡੀਕਰਾਫ਼ਟ ਸੈਂਟਰ ਬੂਥਗੜ੍ਹ ਵਿਖੇ ਹਾਥੀ ਦੰਦ ਅਤੇ ਲੱਕੜੀ ਉਤੇ ਖਰਾਦ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਦਿਨ ਦੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਚੇਅਰਮੈਨ ਨਾਬਾਰਡ ਸ਼੍ਰੀ ਯੂ ਸੀ ਸਾਰੰਗੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।  ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਡੀ ਜੀ ਐਮ ਨਾਬਾਰਡ  ਵੀ ਸੀ ਸ਼ਰਮਾ  ਅਤੇ  ਖਾਦੀ ਗਰਾਮ ਉਦਯੋਗ (ਆਈ ਓ) ਦੇ ਵਿਕਾਸ ਅਧਿਕਾਰੀ ਵਿਨੋਦ ਕੁਮਾਰ ਇਸ ਮੌਕੇ ਤੇ ਉਨ੍ਹਾਂ ਨਾਲ ਸਨ।
ਚੇਅਰਮੈਨ ਨਾਬਾਰਡ ਨੇ ਇਸ ਮੌਕੇ ਤੇ ਪਿੰਡ ਬੂਥਗੜ੍ਹ ਦੇ ਵੂਡਨ ਹੈਂਡੀਕਰਾਫ਼ਟ ਸੈਂਟਰ ਵਿਖੇ ਕਾਰੀਗਰਾਂ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਵਸਤੂਆਂ  ਨੂੰ ਬੜੇ ਗਹੁ ਨਾਲ ਦੇਖਿਆ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਉਨ੍ਹਾਂ ਕਾਰੀਗਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪੁਰਾਤਨ ਕਲਾ ਨੂੰ ਹੋਰ ਉਚਾ ਚੁਕਣ ਲਈ ਇਸ ਸੈਂਟਰ ਵਿੱਚੋਂ ਨਵੀਨਤਮ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਨਵੀਨਤਮ ਤਕਨੀਕ ਅਪਨਾ ਕੇ ਨੌਜਵਾਨਾਂ ਨੂੰ ਇਸ ਪ੍ਰੰਪਰਾਗਤ ਕਲਾ ਨੂੰ ਜਿਉਦਾ ਰੱਖਣਾ ਚਾਹੀਦਾ ਹੈ।   ਇਸ ਲਈ ਜਿਸ ਤਰਾਂ ਦੀ ਵੀ ਮਦਦ ਦੀ ਲੋੜ ਹੋਵੇਗੀ, ਉਹ ਦਿੱਤੀ ਜਾਵੇਗੀ।  ਉਨ੍ਹਾਂ ਨੇ ਹੈਂਡੀਕਰਾਫ਼ਟ ਦੇ ਕਾਰੀਗਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਉਚ ਕੁਆਲਟੀ ਦੀਆਂ ਵਸਤੂਆਂ ਬਣਾਉਣ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਸਕੇ।  ਇਸ ਮੌਕੇ ਤੇ ਚੇਅਰਮੈਨ ਨੇ ਵੂਡਨ ਹੈਂਡੀਕਰਾਫ਼ਟ ਦੇ ਕਾਰੀਗਰਾਂ ਨਾਲ ਵਿਚਾਰ-ਵਟਾਂਦਰਾ ਕੀਤਾ,  ਨਾਬਾਰਡ ਵੱਲੋਂ  ਚਲਾਏ ਜਾ ਰਹੇ ਸਵੈਮ ਸਹਾਇਤਾ ਸਮੂਹਾਂ ਦੇ ਮੈਂਬਰਾਂ ਅਤੇ ਵੂਡਨ ਹੈਂਡੀਕਰਾਫ਼ਟ ਦੇ ਕਾਰੀਗਰਾਂ  ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ  ਵੂਡਨ ਹੈਂਡੀਕਰਾਫ਼ਟ ਸੈਂਟਰ ਬੂਥਗੜ੍ਹ ਵਿਖੇ ਪੌਦੇ ਵੀ ਲਗਾਏ ਅਤੇ ਇਸ ਸੈਂਟਰ  ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਵਾਅਦਾ ਕੀਤਾ।
ਵੂਡਨ ਹੈਂਡੀਕਰਾਫ਼ਟ ਬੂਥਗੜ੍ਹ ਦੇ ਇੰਚਾਰਜ ਸ਼੍ਰੀਮਤੀ ਰਜਨੀ ਲਾਂਬਾ ਨੇ ਮੁੱਖ ਮਹਿਮਾਨ ਦਾ ਇਸ ਸੈਂਟਰ ਵਿੱਚ ਆਉਣ ਤੇ ਧੰਨਵਾਦ ਕੀਤਾ ਅਤੇ ਇਸ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਹੜ੍ਹ ਕੰਟਰੋਲ ਪ੍ਰਬੰਧ ਮੁਕੰਮਲ

ਹੁਸ਼ਿਆਰਪੁਰ, 7 ਜੁਲਾਈ: ਸੰਭਾਵਿਤ ਹੜ੍ਹਾਂ ਨੂੰ  ਰੋਕਣ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਅਤੇ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਨਾਲ ਕਿਸੇ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ  ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸੰਭਾਵਿਤ ਹੜ੍ਹਾਂ ਨੂੰ ਰੋਕਣ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ   ਸਰਵਸ਼੍ਰੀ ਮੁਹੰਮਦ ਤਾਇਅਬ ਐਸ ਡੀ ਐਮ ਦਸੂਹਾ,  ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਭੁਪਿੰਦਰ ਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਇੰਜੀ: ਜਤਿੰਦਰ ਮੋਹਨ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਦੇਣ ਲਈ ਜ਼ਿਲ੍ਹੇ ਅੰਦਰ 6 ਫਲੱਡ ਕੰਟਰੋਲ ਰੂਮ ਬਣਾਏ ਗਏ ਹਨ। ਜ਼ਿਲ੍ਹਾ ਫਲੱਡ ਕੰਟਰੋਲ ਰੂਮ ਸਥਾਨਕ ਮਿੰਨੀ ਸਕੱਤਰੇਤ ਵਿਖੇ ਡੀ.ਸੀ. ਦਫ਼ਤਰ ਵਿਖੇ ਬਣਾਇਆ ਗਿਆ ਹੈ ਜਿਸ ਦੇ ਇੰਚਾਰਜ ਜ਼ਿਲ੍ਹਾ ਮਾਲ ਅਫ਼ਸਰ ਹੋਣਗੇ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ  01882-220412 ਹੈ।  ਇਸੇ ਤਰਾਂ ਫਲੱਡ ਕੰਟਰੋਲ ਰੂਮ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਬਣਾਇਆ ਗਿਆ ਹੈ ਜਿਸ ਦਾ  ਇੰਚਾਰਜ  ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01882-252733 ਹੈ। ਤਹਿਸੀਲ ਫਲੱਡ ਕੰਟਰੋਲ ਰੂਮ  ਤਹਿਸੀਲ ਦਫਤਰ ਹੁਸ਼ਿਆਰਪੁਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਹੁਸ਼ਿਆਰਪੁਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01882-220796 ਹੈ। ਗੜ੍ਹਸ਼ੰਕਰ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਖੇ ਬਣਾਇਆ ਗਿਆ ਹੈ  ਜਿਸ ਦਾ ਇੰਚਾਰਜ ਤਹਿਸੀਲਦਾਰ ਗੜ੍ਹਸ਼ੰਕਰ ਹੋਵੇਗਾ ਅਤੇ ਇਸ ਕੰਟਰੋਲ ਰੂਮ  ਦਾ ਟੈਲੀਫੋਨ ਨੰਬਰ 01884-282026 ਹੈ। ਦਸੂਹਾ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਦਸੂਹਾ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਦਸੂਹਾ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01883-285024 ਹੈ ਅਤੇ ਮੁਕੇਰੀਆਂ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਮੁਕੇਰੀਆਂ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਮੁਕੇਰੀਆਂ ਹੋਵੇਗਾ ਅਤੇ ਇਸ ਕੰਟਰੋਲ ਰੂਮ  ਦਾ ਟੈਲੀਫੋਨ ਨੰ: 01883-244813 ਹੈ।  ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਫਲੱਡ ਕੰਟਰੋਲ ਰੂਮ  30 ਸਤੰਬਰ 2010 ਤੱਕ 24 ਘੰਟੇ ਕੰਮ ਕਰਨਗੇ । ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਇਨ੍ਹਾਂ ਨੰਬਰਾਂ ਤੇ ਦੇਣ ਅਤੇ  ਡੈਮਾਂ, ਦਰਿਆਵਾਂ , ਨਹਿਰਾਂ ਅਤੇ  ਚੋਆਂ ਦੇ ਪਾਣੀਆਂ ਦੇ ਪੱਧਰ  ਦੀ ਰਿਪੋਰਟ ਰੋਜ਼ਾਨਾ ਦੇਣ।  ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਰਿਆਵਾਂ, ਨਹਿਰਾਂ  ਅਤੇ ਚੋਆਂ ਦੇ ਧੁੱਸੀ ਬੰਨਾਂ  ਤੇ 24 ਘੰਟੇ ਪਹਿਰਾ ਦੇਣ ਲਈ ਆਪਣੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ।
  ਉਨ੍ਹਾਂ ਨੇ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ, ਰੈਡ ਕਰਾਸ,  ਨਗਰ ਕੌਂਸਲਾਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਰੱਖਣ।  ਸਿਹਤ ਵਿਭਾਗ ਦੇ  ਅਧਿਕਾਰੀ ਨੇ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਹੜ੍ਹਾਂ ਦੌਰਾਨ ਸਿਹਤ ਸੇਵਾਵਾਂ ਦੇਣ ਲਈ  54 ਮੈਡੀਕਲ ਟੀਮਾਂ ਅਤੇ 13 ਕੰਟਰੋਲ ਰੂਮ ਬਣਾਏ ਗਏ ਹਨ ਅਤੇ ਦਵਾਈਆਂ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ  ਕਿ ਪਸ਼ੂਆਂ ਦੀਆਂ ਬੀਮਾਰੀਆਂ ਦੇ ਇਲਾਜ ਲਈ 25 ਟੀਮਾਂ ਬਣਾ ਦਿੱਤੀਆਂ ਗਈਆਂ ਅਤੇ  3 ਲੱਖ 43 ਹਜ਼ਾਰ ਪਸ਼ੂਆਂ ਨੂੰ ਬਰਸਾਤ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਟੀਕੇ ਲਗਾ ਦਿੱਤੇ ਗਏ ਹਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਰੇ ਚਾਰੇ ਤੇ ਤੂੜੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਡਰੇਨੇਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ  ਹੜ੍ਹ ਰੋਕੂ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਲਈ 50 ਹਜ਼ਾਰ ਰੇਤ ਦੀਆਂ ਬੋਰੀਆਂ ਦਾ ਪ੍ਰਬੰਧ  ਵੀ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਅਧਿਕਾਰੀ ਹੈਡ ਕੁਆਟਰ ਨਹੀਂ ਛੱਡੇਗਾ ਅਤੇ ਆਪਣਾ ਮੋਬਾਇਲ ਹਰ ਵੇਲੇ ਚਾਲੂ ਹਾਲਤ ਵਿੱਚ ਰੱਖਣ।  ਉਨ੍ਹਾਂ ਨੇ  ਮਾਲ ਵਿਭਾਗ ਅਤੇ ਹੜ੍ਹਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ  ਕਿਸਤੀਆਂ, ਮੋਟਰ ਬੋਟਾਂ ਅਤੇ ਲਾਈਫ ਜੈਕਟਾਂ  ਨੂੰ ਚਾਲੂ ਹਾਲਤ ਵਿੱਚ ਰੱਖਣ ਅਤੇ ਟੈਂਟਾਂ ਦਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
  ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੱਜ 69. 8 ਐਮ. ਐਮ. ਵਰਖਾ ਰਿਕਾਰਡ ਕੀਤੀ ਗਈ । ਸਬ ਡਵੀਜ਼ਨ ਹੁਸ਼ਿਆਰਪੁਰ ਵਿੱਚ 20 ਐਮ.ਐਮ, ਦਸੂਹਾ ਵਿੱਚ 20 ਐਮ. ਐਮ., ਗੜ•ਸ਼ੰਕਰ ਵਿੱਚ 21 ਐਮ. ਐਮ. ਅਤੇ ਸਬ ਡਵੀਜ਼ਨ ਮੁਕੇਰੀਆਂ ਵਿਖੇ 8. 8 ਐਮ. ਐਮ. ਵਰਖਾ ਰਿਕਾਰਡ ਕੀਤੀ ਗਈ।

ਭਾਰਤ ਬੰਦ ਨੂੰ ਭਰਪੂਰ ਹੁੰਗਾਰਾ: ਤਲਵਾੜਾ ਪੂਰਨ ਬੰਦ ਰਿਹਾ

ਤਲਵਾੜਾ, 5 ਜੁਲਾਈ: ਮਹਿੰਗਾਈ ਵਿਰੁੱਧ ਅੱਜ ਭਾਰਤ ਬੰਦ ਦੇ ਸੱਦੇ ਤੇ ਸਾਰੇ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਪੂਰੀ ਤਰਾਂ ਬੰਦ ਰਹੇ। ਅਕਾਲੀ ਭਾਜਪਾ ਆਗੂਆਂ ਦੀ ਅਗਵਾਈ ਚ ਅੱਜ ਇੱਥੇ ਸਬਜ਼ੀ ਮੰਡੀ ਚੌਕ ਵਿਖੇ ਰੋਸ ਮੁਜਾਹਰਾ ਕੀਤਾ ਗਿਆ ਜਿਸਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਕੌਮੀ ਜੁਆਇੰਟ ਸਕੱਤਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਭਾਜਪਾ ਦੇ ਬਲਾਕ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਨੇ ਕਿਹਾ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਨੇ ਆਮ ਆਦਮੀ ਦਾ ਜੀਉਣਾ ਦੁਸ਼ਵਾਰ ਕਰ ਦਿੱਤਾ ਹੈ ਅਤੇ ਕੇਂਦਰ ਵਿਚ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਨੇ ਪੈਟਰੋਲ ਆਦਿ ਦੀਆਂ ਕੀਮਤਾਂ ਦਾ ਕੰਟਰੋਲ ਖ਼ਤਮ ਕਰਕੇ ਦੇਸ਼ ਦੀ ਜਨਤਾ ਨਾਲ ਵੱਡਾ ਵਿਸ਼ਵਾਸ਼ਘਾਤ ਕੀਤਾ ਹੈ ਅਤੇ ਹੁਣ ਲੋਕਾਂ ਨੂੰ ਹਰ ਰੋਜ ਮੁਨਾਫ਼ਾਖੋਰ ਤੇਲ ਕੰਪਨੀਆਂ ਦੇ ਰਹਿਮੋਕਰਮ ਦੇ ਛੱਡ ਦਿੱਤਾ ਗਿਆ ਹੈ। ਉਹਨਾਂ ਇਸ ਮੌਕੇ ਲੋਕਾਂ ਨੂੰ ਸ਼ਾਂਤਮਈ ਬੰਦ ਕਾਮਯਾਬ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਦੇਸ਼ ਕਾਂਗਰਸ ਵਰਗੀ ਲੋਟੂ ਪਾਰਟੀ ਤੋਂ ਕਿਨਾਰਾ ਕਰਨ ਲਈ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ, ਮਨਜੀਤ ਸਿੰਘ, ਸਰਬਜੀਤ ਡਡਵਾਲ, ਨਰੇਸ਼ ਠਾਕੁਰ ਬਲਾਕ ਸੰਮਤੀ ਮੈਂਬਰ, ਕਮਲਜੀਤ ਬਿੱਟਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਕਾਰਕੁੰਨ ਹਾਜਰ ਸਨ। ਇਸ ਦੌਰਾਨ ਸਥਾਨਕ ਬਜਾਰ ਬੰਦ ਰਿਹਾ ਹਾਲਾਕਿ ਸਰਕਾਰੀ ਸਕੂਲ, ਦਫਤਰ ਆਦਿ ਆਮ ਵਾਂਗ ਹੀ ਲੱਗੇ।

ਜਿਲ੍ਹਾ ਵਿਕਾਸ ਰਿਪੋਰਟ

ਹੁਸ਼ਿਆਰਪੁਰ, 5 ਜੁਲਾਈ: ਪੰਜਾਬ ਸਰਕਾਰ ਵੱਲੋਂ  ਵੱਖ-ਵੱਖ ਪੈਨਸ਼ਨ ਸਕੀਮਾਂ, ਬੁਢਾਪਾ ਪੈਨਸ਼ਨ, ਵਿਧਵਾ, ਨਿਆਸਰਿਤ ਔਰਤਾਂ,  ਆਸਰਿਤ ਬੱਚਿਆਂ  ਅਤੇ ਅਪੰਗ ਵਿਅਕਤੀਆਂ ਨੂੰ  ਵਿੱਤੀ ਸਹਾਇਤਾ  ਦੇਣ ਲਈ ਸਾਲ 2007-08 ਤੋਂ 31 ਮਈ 2010 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ 362342  ਲਾਭਪਾਤਰੀਆਂ ਨੂੰ  842006500 ਰੁਪਏ ਦੀ ਰਾਸ਼ੀ ਵੰਡੀ ਗਈ।  ਇਹ ਜਾਣਕਾਰੀ   ਸ਼੍ਰੀ ਜਗਦੀਸ਼ ਮਿੱਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ  ਦਿੰਦਿਆਂ ਦੱਸਿਆ ਕਿ  ਸਾਲ 2007-08 ਦੌਰਾਨ ਬੁਢਾਪਾ ਪੈਨਸ਼ਨ  ਸਕੀਮ ਅਧੀਨ 53631 ਲਾਭਪਾਤਰੀਆਂ ਨੂੰ 161106000 ਰੁਪਏ ਦੀ ਰਾਸ਼ੀ ਵੰਡੀ ਗਈ ਅਤੇ  13896 ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ 041207750 ਰੁਪਏ ਦੀ ਰਾਸ਼ੀ ਵਿਤੀ ਸਹਾਇਤਾ ਵਜੋਂ ਅਤੇ 8975 ਆਸਰਿਤ ਬੱਚਿਆਂ ਨੂੰ 027095500 ਰੁਪਏ ਦੀ ਰਾਸ਼ੀ ਵਿਤੀ ਸਹਾਇਤਾ, 7932 ਅਪੰਗ ਵਿਅਕਤੀਆਂ ਨੂੰ 02380500 ਰੁਪਏ ਦੀ ਵਿਤੀ ਸਹਾਇਤਾ ਦਿਤੀ ਗਈ।
ਜ਼ਿਲ੍ਹਾ ਸਮਾਜਿਕ ਸੁਰਖਿਆ ਅਫ਼ਸਰ ਨੇ ਦਸਿਆ ਕਿ ਸਾਲ 2008-09 ਦੌਰਾਨ ਬੁਢਾਪਾ ਪੈਨਸ਼ਨ ਸਕੀਮ ਅਧੀਨ 55337 ਲਾਭਪਾਤਰੀਆਂ ਨੂੰ 169497750 ਰੁਪਏ ਦੀ ਰਾਸ਼ੀ ਵੰਡੀ ਗਈ ਅਤੇ 14903 ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ 043985500 ਰੁਪਏ ਦੀ ਵਿਤੀ ਸਹਾਇਤਾ, 9564 ਆਸ਼ਰਿਤ ਬੱਚਿਆਂ  ਨੂੰ  028422500 ਰੁਪਏ ਦੀ ਵਿੱਤੀ ਸਹਾਇਤਾ ਅਤੇ  8598  ਅਪੰਗ  ਵਿਅਕਤੀਆਂ  ਨੂੰ 025416500 ਰੁਪਏ  ਦੀ ਵਿੱਤੀ ਸਹਾਇਤਾ  ਦਿੱਤੀ ਗਈ ।
ਉਨਾਂ  ਦੱਸਿਆ ਕਿ  ਸਾਲ 2009-10  ਦੋਰਾਨ  ਬੁਢਾਪਾ ਪੈਨਸ਼ਨ ਸਕੀਮ  ਅਧੀਨ 57601 ਲਾਭਪਾਤਰੀਆਂ  ਨੂੰ  156263750  ਰੁਪਏ  ਦੀ  ਰਾਸ਼ੀ ਵੰਡੀ  ਗਈ ਅਤੇ  15911 ਵਿਧਵਾ  ਤੇ  ਨਿਆਸ਼ਰਿਤ  ਔਰਤਾਂ  ਨੂੰ  043143250  ਰੁਪਏ  ਦੀ ਵਿੱਤੀ ਸਹਾਇਤਾ , 10264  ਆਸ਼ਰਿਤ  ਬੱਚਿਆਂ  ਨੂੰ 027227000 ਰੁਪਏ ਦੀ  ਵਿੱਤੀ  ਸਹਾਇਤਾ ਅਤੇ 9010 ਅਪੰਗ  ਵਿਅਕਤੀਆਂ  ਨੂੰ 024122250  ਰੁਪਏ  ਦੀ  ਵਿੱਤੀ  ਸਹਾਇਤਾ  ਦਿੱਤੀ ਗਈ ।  ਉਨਾਂ  ਦੱਸਿਆ ਕਿ  ਸਾਲ 2010-11  ਦੋਰਾਨ  ਬੁਢਾਪਾ ਪੈਨਸ਼ਨ ਸਕੀਮ  ਅਧੀਨ 31 ਮਈ 2010 ਤਕ 60020 ਲਾਭਪਾਤੀਆਂ ਨੂੰ 43851000  ਰੁਪਏ  ਦੀ  ਰਾਸ਼ੀ ਵੰਡੀ  ਗਈ ਹੈ ਅਤੇ  16741 ਵਿਧਵਾ  ਤੇ  ਨਿਆਸ਼ਰਿਤ  ਔਰਤਾਂ  ਨੂੰ  12201500  ਰੁਪਏ  ਦੀ ਵਿੱਤੀ ਸਹਾਇਤਾ , 10614  ਆਸ਼ਰਿਤ  ਬੱਚਿਆਂ  ਨੂੰ 07790000 ਰੁਪਏ ਦੀ  ਵਿੱਤੀ  ਸਹਾਇਤਾ ਅਤੇ  9344  ਅਪੰਗ  ਵਿਅਕਤੀਆਂ  ਨੂੰ 06871250  ਰੁਪਏ  ਦੀ  ਵਿੱਤੀ  ਸਹਾਇਤਾ  ਦਿੱਤੀ ਗਈ ਹੈ   ।  ਉਨਾਂ  ਦੱਸਿਆ ਕਿ  ਇਸ ਤੋ  ਇਲਾਵਾ  2007-08 ਦੌਰਾਨ ਵੱਖ-ਵੱਖ ਨੈਸ਼ਨਲ ਪੈਨਸ਼ਨ ਸਕੀਮਾਂ ਅਧੀਨ, ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ ਅਤੇ  ਨੈਸ਼ਨਲ ਫੈਮਲੀ ਬੈਨੀਫਿੱਟ ਸਕੀਮ  ਤਹਿਤ 2859 ਲਾਭਪਾਤਰੀਆਂ ਨੂੰ 7885600 ਰੁਪਏ ਵੰਡੇ ਗਏ ਹਨ। ਸਾਲ 2008-09 ਦੌਰਾਨ ਨੈਸ਼ਨਲ  ਪੈਨਸ਼ਨ ਸਕੀਮਾਂ ਤਹਿਤ ਬੁਢਾਪਾ ਪੈਨਸ਼ਨ ਸਕੀਮ ਲਈ 5478 ਲਾਭਪਾਤਰੀਆ ਨੂੰ 9884800 ਰੁਪਏ ਅਤੇ ਨੈਸ਼ਨਲ ਫੈਮਲੀ ਬੈਨੀਫਿੱਟ ਸਕੀਮ ਲਈ 59 ਲਾਭਪਾਤਰੀਆਂ ਨੂੰ 0590000 ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਹਨਾਂ ਦਸਿਆ ਕਿ ਸਾਲ 2009-10 ਦੌਰਾਨ ਨੈਸ਼ਨਲ ਸਕੀਮਾਂ ਤਹਿਤ  ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮਾਂ ਲਈ 9478 ਲਾਭਪਾਤਰੀਆਂ ਨੂੰ 17529600 ਰੁਪਏ ਅਤੇ 280 ਲਾਭਪਾਤਰੀਆਂ ਨੂੰ ਨੈਸ਼ਨਲ ਫੈਮਲੀ ਬੈਨੀਫਿੱਟ ਸਕੀਮ ਤਹਿਤ 2800000  ਰੁਪਏ ਦੀ ਰਾਸ਼ੀ ਵੰਡੀ ਗਈ। ਉਹਨਾਂ ਦਸਿਆ ਕਿ ਉਪਰੋਕਤ ਸਕੀਮਾਂ ਤੋਂ ਇਲਾਵਾ ਜ਼ਿਲਾ ਸਮਾਜਿਕ ਸੁਰਖਿਆ ਵਿਭਾਗ ਹੁਸ਼ਿਆਰਪੁਰ ਵਲੋਂ ਸੀਨੀਅਰ ਸਿਟੀਜ਼ਨ ਕਾਰਡ ਅਤੇ ਅੰਗਹੀਣ ਵਿਅਕਤੀਆਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ।

ਸ਼ੰਕਰ ਜਾਦੂਗਰ ਨੇ ਹੁਸ਼ਿਆਰਪੁਰੀਏ ਕੀਲੇ

ਹੁਸ਼ਿਆਰਪੁਰ, 3 ਜੁਲਾਈ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਸਹਾਇਤਾ ਲਈ ਜਾਦੂਗਰ ਸਮਰਾਟ ਸ਼ੰਕਰ ਵੱਲੋਂ ਜੋ ਜਾਦੂ ਦੇ ਸ਼ੋਅ ਦਿਖਾਏ ਜਾ ਰਹੇ ਹਨ, ਉਹ ਬਹੁਤ ਹੀ ਪ੍ਰਸੰਸਾਯੋਗ ਹਨ।  ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਬੀਤੀ ਸ਼ਾਮ  ਹੁਸ਼ਿਆਰਪੁਰ ਵਿਖੇ ਜਾਦੂਗਰ ਸਮਰਾਟ ਸ਼ੰਕਰ ਦੇ ਪਹਿਲੇ ਸ਼ੋਅ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕਰਨ ਉਪਰੰਤ  ਦਰਸ਼ਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਦੀਨ-ਦੁੱਖੀਆਂ, ਗਰੀਬਾਂ  ਅਤੇ  ਲੋੜਵੰਦਾਂ ਦੀ ਸਹਾਇਤਾ ਕਰਦੀ ਹੈ । ਇਸ ਲਈ ਰੈਡ ਕਰਾਸ ਫੰਡ ਵਿੱਚ ਸਾਨੂੰ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਦੂਗਰ ਸਮਰਾਟ ਵੱਲੋਂ ਰੈਡ ਕਰਾਸ ਦੀ ਸਹਾਇਤਾ  ਕਰਨ ਦੇ ਨਾਲ-ਨਾਲ ਸੁਨਾਮੀ ਪੀੜਤਾਂ, ਮੁੱਖ ਮੰਤਰੀ ਰਲੀਫ਼ ਫੰਡ, ਪ੍ਰਧਾਨ ਮੰਤਰੀ ਰਲੀਫ਼ ਫੰਡ ਅਤੇ ਹੋਰ ਐਨ. ਜੀ. ਓਜ਼ ਦੀ ਸਹਾਇਤਾ ਲਈ ਵੀ ਇਸ ਤਰਾਂ ਦੇ ਸ਼ੋਅ ਕਰਵਾਏ ਜਾਂਦੇ ਹਨ  ਜੋ ਕਿ ਮਾਨਵਤਾ ਦੀ ਇੱਕ ਬਹੁਤ ਹੀ ਵੱਡੀ ਸੇਵਾ ਹੈ।  ਉਨਾਂ ਕਿਹਾ ਕਿ ਹੋਰ ਸਮਾਜਿਕ ਜਥੇਬੰਦੀਆਂ ਨੂੰ ਵੀ ਇਸ ਤੋਂ ਸੇਧ ਲੈ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।  ਇਸ ਮੌਕੇ ਤੇ ਜਾਦੂਗਰ ਸਮਰਾਟ ਸ਼ੰਕਰ ਨੇ ਸ਼੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਦਾ ਸਨਮਾਨ ਵੀ ਕੀਤਾ।
ਸ਼ੰਕਰ ਮੈਜਿਕ ਕੰਪਨੀ ਦੇ ਮੈਨੇਜਰ ਸ਼੍ਰੀ ਵਾਈ. ਪੀ. ਸ਼ਰਮਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿੱਚ  ਕੁਲ 70 ਲੜਕੇ,  ਲੜਕੀਆਂ ਅਤੇ ਸਟਾਫ਼ ਦੇ ਮੈਂਬਰ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਦੇ ਸ਼ੋਅ  ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਦਿਖਾਏ ਜਾ ਚੁੱਕੇ ਹਨ। ਵਿਦੇਸ਼ਾਂ ਵਿੱਚ  ਵੀ ਜਾਦੂਗਰ  ਸਮਰਾਟ ਸ਼ੰਕਰ ਦੇ ਸ਼ੋਅ ਨੂੰ ਬਹੁਤ ਪਸੰਦ ਕੀਤਾ ਗਿਆ ਹੈ।  ਮੈਜਿਕ ਕੰਪਨੀ ਦੇ ਪੀ.ਆਰ.ਓ. ਮਦਨ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂਗਰ ਸਮਰਾਟ ਸ਼ੰਕਰ ਦੇ ਦੇਸ਼-ਵਿਦੇਸ਼ਾਂ ਵਿੱਚ ਹੁਣ ਤੱਕ 28000 ਸ਼ੋਅ ਦਿਖਾਏ ਜਾ ਚੁੱਕੇ ਹਨ ਜਿਨਾਂ ਵਿੱਚੋਂ 23000  ਚੈਰਟੀ ਸ਼ੋਅ ਵਜੋਂ ਦਿਖਾਏ ਗਏ ਹਨ। ਉਨਾਂ ਹੋਰ ਦੱਸਿਆ ਕਿ ਇਸ ਕੰਪਨੀ ਵੱਲੋਂ ਜਲਦੀ ਹੀ ਇੱਕ ਮੈਜਿਕ ਅਕੈਡਮੀ ਖੋਲ੍ਹੀ ਜਾ ਰਹੀ ਹੈ ਜਿਸ ਵਿੱਚ ਨੌਜਵਾਨਾਂ ਨੂੰ ਯੋਗਾ ਅਤੇ ਜਾਦੂ ਦੇ ਕਰਤੱਬ ਸਿਖਾਏ ਜਾਣਗੇ।
        ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ਼੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ਼੍ਰੀ ਤੀਕਸ਼ਨ ਸੂਦ, ਪ੍ਰਧਾਨ ਨਗਰ ਕੌਸਲ ਸ਼ਿਵ ਸੂਦ, ਰਮੇਸ਼ ਜਾਲਮ, ਪ੍ਰਧਾਨ ਮੈਡੀਕਲ ਸੈਲ ਡਾ ਇੰਦਰਜੀਤ ਸਿੰਘ, ਪ੍ਰਧਾਨ ਸ਼ਹਿਰੀ ਮੰਡਲ ਭਾਜਪਾ ਅਸ਼ਵਨੀ ਓਹਰੀ, ਪ੍ਰਧਾਨ ਟਰਾਂਸਪੋਰਟ ਸੈਲ ਵਿਨੋਦ ਪਰਮਾਰ, ਹੋਰ ਉਘੇ ਆਗੂ  ਅਤੇ ਸ਼ਹਿਰੀ ਹਾਜ਼ਰ ਸਨ।

ਵਿਕਾਸ ਕਹਾਣੀ : ਭੁਮੀ ਰੱਖਿਆ ਤੇ ਜਲ ਸੰਭਾਲ ਵਿਭਾਗ

ਹੁਸ਼ਿਆਰਪੁਰ, 2 ਜੁਲਾਈ: ਭੂਮੀ ਅਤੇ ਪਾਣੀ ਕੁਦਰਤੀ ਸਾਧਨ ਹਨ ਜਿਨ੍ਹਾਂ ਦੀ ਸਹੀ ਵਰਤੋਂ ਸਮੇਂ ਦੀ ਮੁੱਖ ਲੋੜ ਹੈ। ਫ਼ਸਲ ਉਤਪਾਦਨ ਦੀ ਸਫ਼ਲਤਾ ਇਸ ਤੇ ਨਿਰਭਰ ਕਰਦੀ ਹੈ ਕਿ ਭੂਮੀ ਅਤੇ ਪਾਣੀ ਦੀ ਵਰਤੋਂ ਕਿੰਨੇ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ। ਵੱਧ ਰਹੀ ਆਬਾਦੀ ਦੀਆਂ ਸਮਾਜਿਕ ਲੋੜਾਂ ਭੋਜਨ, ਕੱਪੜਾ ਅਤੇ ਬਾਲਣ ਉਪਰੋਕਤ ਕੁਦਰਤੀ ਸਾਧਨਾਂ ਤੇ ਨਿਰਭਰ ਕਰਦੀਆਂ ਹਨ। ਕੰਢੀ ਖੇਤਰ ਵਿੱਚ ਬਰਸਾਤਾਂ ਵਿੱਚ ਭਾਰੀ ਬਾਰਸ਼ ਹੋਣ ਦੇ ਬਾਵਜੂਦ ਵੀ ਔੜ ਦੇ ਸਮੇਂ ਫ਼ਸਲਾਂ ਲਈ ਸਿੰਚਾਈ ਸਹੂਲਤਾਂ ਦੀ ਘਾਟ ਰਹਿੰਦੀ ਹੈ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਖ-ਵੱਖ ਸਕੀਮਾਂ ਅਧੀਨ ਕੰਢੀ / ਗੈਰ ਕੰਢੀ ਰਕਬੇ ਵਿੱਚ ਸਿੰਚਾਈ ਸਹੂਲਤਾਂ ਮੁਹੱਈਆ ਕਰਨ ਲਈ ਭੂਮੀ ਅਤੇ ਜਲ ਸਪਲਾਈ ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ-ਵੱਖ ਵਿਕਾਸ ਦੇ ਕੰਮ ਕੀਤੇ ਗਏ ਹਨ। ਇਹ ਜਾਣਕਾਰੀ ਭੂਮੀ ਅਤੇ ਜਲ ਸੰਭਾਲ ਵਿਭਾਗ ਹੁਸ਼ਿਆਰਪੁਰ ਦੇ ਇੱਕ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਨੈਸ਼ਨਲ ਵਾਟਰ ਸੈਡ ਪ੍ਰੋਗਰਾਮ ਅਧੀਨ ਸਾਲ 2007-08 ਤੋਂ 2009-10 ਤੱਕ 409 ਲੱਖ ਰੁਪਏ ਖਰਚ ਕਰਕੇ 9 ਵਾਟਰ ਸੈਡਾਂ ਦੀ ਉਸਾਰੀ ਕਰਕੇ 55 ਪਿੰਡ ਕਵਰ ਕੀਤੇ ਗਏ ਹਨ ਅਤੇ 5200 ਹੈਕਟੇਅਰ ਰਕਬੇ ਨੂੰ ਇਸ ਸਕੀਮ ਅਧੀਨ ਲਿਆ ਕੇ 7000 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਇਨਟੈਗਰੇਟਿਡ ਵਾਟਰ ਸੈਡ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਬਲਾਕ ਮਾਹਿਲਪੁਰ ਅਤ ਹਾਜੀਪੁਰ ਦੇ 46 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਅਤੇ 226. 90 ਲੱਖ ਰੁਪਏ ਵੱਖ-ਵੱਖ ਵਿਕਾਸ ਕੰਮਾਂ ਤੇ ਖਰਚ ਕਰਕੇ 3770 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਇਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਇਨਟੈਗਰੇਟਿਡ ਵਾਟਰ ਸ਼ੈਡ ਮੈਨੇਜਮੈਂਟ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ, ਭੂੰਗਾ ਅਤੇ ਦਸੂਹਾ ਬਲਾਕਾਂ ਵਿੱਚ ਭੂਮੀ ਰੱਖਿਆ ਦੇ ਕੰਮ ਕਰਾਉਣ ਲਈ 140 ਲੱਖ ਰੁਪਏ ਖਰਚ ਕਰਕੇ ਵੱਖ-ਵੱਖ ਪਿੰਡਾਂ ਵਿੱਚ ਆਬਾਦੀ ਪ੍ਰੋਟੈਕਸ਼ਨ ਵਰਕ, ਫਲੱਡ ਪ੍ਰੋਟੈਕਸ਼ਨ ਵਰਕ, ਜ਼ਮੀਨ ਦੋਜ਼ ਪਾਈਪਾਂ ਰਾਹੀਂ ਪਿੰਡ ਦੇ ਫਾਲਤੂ ਪਾਣੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਰੇਟ ਫਾਇਰ ਸਟਰੱਕਚਰ, ਰਿਟੇਨਿੰਗ ਵਾਲ, ਟੋਭਿਆਂ ਦੀ ਮੁਰੰਮਤ (ਪਾਣੀ ਦੀ ਰੀਚਾਰਜਿੰਗ ਵਾਸਤੇ) ਪਸ਼ੂਆਂ ਦੇ ਪੀਣ ਵਾਲੇ ਪਾਣੀ ਲਈ ਖੁਰਲੀਆਂ ਬਣਾਉਣ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਕਿਸਾਨਾਂ ਨੂੰ ਮਾਈਕਰੋ ਸਪਰਿੰਕਲਰ ਸਿਸਟਮ ਆਦਿ ਲਗਾਉਣ ਲਈ 100 ਪ੍ਰਤੀਸ਼ ਉਪਦਾਨ ਦਿੱਤਾ ਜਾਂਦਾ ਹੈ ਅਤੇ ਇੱਕ ਲਾਭਪਾਤਰ ਘੱਟੋ-ਘੱਟ ਇੱਕ ਏਕੜ ਅਤੇ ਵੱਧ ਤੋਂ ਵੱਧ ਸਾਢੇ 12 ਏਕੜ ਜ਼ਮੀਨ ਵਿੱਚ ਕੰਮ ਕਰਵਾ ਸਕਦਾ ਹੈ ਜਦ ਕਿ 5 ਏਕੜ ਵਿੱਚ ਡਰਿੱਪ ਸਿਸਟਮ ਲਗਾਉਣ ਅਤੇ 2. 5 ਏਕੜ ਜਮੀਨ ਵਿੱਚ ਸਬਜੀਆਂ ਦੀ ਕਾਸ਼ਤ ਲਈ ਮਾਈਕਰੋ ਸਪਰਿੰਕਲਰ ਇਰੀਗੇਸ਼ਨ ਸਿਸਟਮ ਲਗਾਉਣ ਵਾਲੇ ਲਾਭਪਾਤਰੀ ਨੂੰ ਬਿਜਲੀ ਕੁਨੈਕਸ਼ਨ ਪਹਿਲ ਦੇ ਆਧਾਰ ਤੇ ਦੇਣ ਲਈ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ 2007-08 ਦੌਰਾਨ ਪੰਜਾਬ ਸਰਕਾਰ ਵੱਲੋਂ 193 ਲੱਖ ਰੁਪਏ ਖਰਚ ਕਰਕੇ 865 ਹੈਕਟੇਅਰ ਰਕਬਾ ਕਵਰ ਕਰਕੇ 288 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ। ਇਸੇ ਤਰਾਂ ਹੀ 2008-09 ਦੌਰਾਨ 132. 88 ਲੱਖ ਰੁਪਏ ਖਰਚ ਕਰਕੇ 345 ਹੈਕਟੇਅਰ ਰਕਬਾ ਕਵਰ ਕਰਕੇ 170 ਲਾਭਪਾਤਰੀਆਂ ਨੂੰ ਅਤੇ 2009-10 ਦੌਰਾਨ 199. 89 ਲੱਖ ਰੁਪਏ ਖਰਚ ਕਰਕੇ 520 ਹੈਕਟੇਅਰ ਰਕਬਾ ਕਵਰ ਕਰਕੇ 230 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਰੇਨ ਵਾਟਰ ਹਾਰਵੈਸਟਿੰਗ ਸਕੀਮ ਤਹਿਤ ਬਾਰਸ਼ ਦੇ ਪਾਣੀ ਦੇ ਚੈਕ ਡੈਮ ਬਣਾ ਕੇ ਪਾਣੀ ਦੀ ਸੰਭਾਲ ਕੀਤੀ ਜਾਂਦੀ ਹੈ ਅਤੇ ਇਸ ਪਾਣੀ ਦੀ ਸੰਭਾਲ ਲਈ ਵਾਟਰ ਹਾਰਵੈਸਟਿੰਗ-ਕਮ-ਰਿਚਾਰਜਿੰਗ ਸਟਰੱਕਚਰ ਆਦਿ ਦੀ ਵੀ ਉਸਾਰੀ ਕੀਤੀ ਜਾਂਦੀ ਹੈ। ਇਕੱਠਾ ਕੀਤਾ ਪਾਣੀ ਪਾਈਪਾਂ ਰਾਹੀਂ ਖੇਤਾਂ ਨੂੰ ਦਿੱਤਾ ਜਾਂਦਾ ਹੈ। ਸਾਲ 2008-09 ਅਤੇ 2009-10 ਦੌਰਾਨ 140 ਲੱਖ ਰੁਪਏ ਖਰਚ ਕਰਕੇ 12,000 ਹੈਕਟੇਅਰ ਰਕਬਾ ਇਸ ਸਕੀਮ ਅਧੀਨ ਕਵਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਰਾਸ਼ਟਰੀ ਸਮ ਵਿਕਾਸ ਯੋਜਨਾ ਤਹਿਤ 464 ਲੱਖ ਰੁਪਏ ਖਰਚ ਕਰਕੇ 17 ਹਜ਼ਾਰ ਹੈਕਟੇਅਰ ਰਕਬੇ ਨੂੰ ਇਨ੍ਹਾਂ ਸਕੀਮਾਂ ਤਹਿਤ ਕਵਰ ਕਰਕੇ ਜਮੀਨਦੋਜ਼ ਨਾਲੇ ਰਾਹੀਂ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਰੇਗਾ ਸਕੀਮ ਤਹਿਤ ਹੜ੍ਹਾਂ ਤੋਂ ਬਚਾਓ ਲਈ ਆਰ. ਓ. ਸੀ. , ਰਿਟੇਨਿੰਗ ਵਾਲ, ਪੁਰਾਣੇ ਬਣੇ ਡੈਮਾਂ ਦੀ ਰਿਪੇਅਰ, ਵਾਟਰ ਰਿਚਾਰਜਿੰਗ ਸਟਰੱਕਚਰ, ਟੋਭਿਆਂ ਦੀ ਰੈਨੋਵੇਸ਼ਨ ਆਦਿ ਦੇ ਕੰਮ ਕੀਤੇ ਗਏ ਹਨ ਅਤੇ ਸਾਲ 2007-08 ਅਤੇ 2009-10 ਦੌਰਾਨ 272. 20 ਲੱਖ ਰੁਪਏ ਖਰਚ ਕਰਕੇ ਉਪਰੋਕਤ ਕੰਮਾਂ ਅਤੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਲਈ ਜਾਬ ਕਾਰਡ ਹੋਲਡਰਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਗਿਆ ਹੈ।

ਭਾਰਤੀ ਸਟੇਟ ਬੈਂਕ ਤਲਵਾੜਾ ਬਰਾਂਚ ਤੋਂ ਗਾਹਕ ਪ੍ਰੇਸ਼ਾਨ

ਤਲਵਾੜਾ, 29 ਜੂਨ: ਭਾਰਤੀ ਸਟੇਟ ਬੈਂਕ ਦੀ ਤਲਵਾੜਾ ਬਰਾਂਚ ਦੇ  ਰਵੱਈਏ ਨਾਲ ਲੋਕਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਬੈਂਕ ਦੇ ਗ੍ਰਾਹਕਾਂ ਦੀ ਸ਼ਿਕਾਇਤ ਤੇ ਜਦੋਂ ਅਜੀਤ ਦੀ ਟੀਮ ਨੇ ਬੈਂਕ ਦਾ ਦੌਰਾ ਕੀਤਾ ਤਾਂ ਮੁਲਾਜਮਾਂ ਦੀਆਂ ਖਾਲੀ ਪਈਆਂ ਕੁਰਸੀਆਂ ਅਤੇ ਬੈਂਕ ਵਿਚ ਨਿੱਕੇ ਮੋਟੇ ਕੰਮਾਂ ਲਈ ਆਏ ਗ੍ਰਾਹਕਾਂ ਦੀਆਂ ਲਾਈਨਾਂ ਬੈਂਕ ਦੀ ਬਦਹਾਲੀ ਆਪ ਮੁਹਾਰੇ ਬਿਆਨ ਕਰ ਰਹੀਆਂ ਸਨ। ਬੈਂਕ ਵਿਚ ਦਾਖਲ ਹੁੰਦਿਆਂ ਹੀ ਇੰਜ ਮਹਸਿੂਸ ਹੁੰਦਾ ਹੈ ਜਿਵੇਂ ਭੱਠੇ ਅੰਦਰ ਕਿਸੇ ਨੇ ਭਾਂਬੜ ਬਾਲ ਰੱਖੇ ਹੋਣ ਕਿਉਂਕਿ ਬੈਂਕ ਵਿਚ ਲੱਗੇ ਅਨੇਕਾਂ ਏ. ਸੀ. ਯੂਨਿਂਟ ਠੱਪ ਪਏ ਸਨ ਅਤੇ ਏ. ਸੀ. ਲਈ ਸੀਲਬੰਦ ਕੀਤੇ ਕਮਰਿਆਂ ਵਿਚ ਛੱਤ ਤੇ ਟੰਗੇ ਪੱਖਿਆਂ ਦੀ ਕਮੀ ਦੇ ਮਾਹੌਲ ਵਿਚ ਕੇਵਲ ਬੈਂਕ ਮੈਨੇਜਰ ਦੇ ਕਮਰੇ ਅੰਦਰ ਹੀ ਇਕਲੌਤਾ ਏ. ਸੀ. ਕੰਮ ਕਰ ਰਿਹਾ ਸੀ। ਅੱਤ ਦੀ ਗਰਮੀ ਵਿਚ ਤਲਵਾੜਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਪੁੱਜੇ ਗਾਹਕਾਂ ਨੂੰ ਨਿਰਾਸ਼ ਮੁੜਨਾ ਪੈ ਰਿਹਾ ਸੀ ਜਾਂ ਫਿਰ ਆਪਣੀ ਵਾਰੀ ਦੀ ਉਡੀਕ ਵਿਚ ਔਖੇ ਸੌਖੇ ਹੋ ਕੇ ਉੱਥੇ ਖਲੋਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਬੈਂਕ ਵਿਚ ਗਾਹਕਾਂ ਦੇ ਬੈਠਣ ਜਾਂ ਪੱਖਾ, ਪਾਣੀ ਆਦਿ ਦੇ ਢੁਕਵੇਂ ਪ੍ਰਬੰਧ ਦੀ ਅਣਹੋਂਦ ਅਤੇ ਸਟਾਫ ਦੀ ਘਾਟ ਦਾ ਸ਼ਿਕਾਰ ਬਣੇ ਬੇਬਸ ਗਾਹਕਾਂ ਲਈ ਸਥਿਤੀ ਉਦੋਂ ਹੋਰ ਵੀ ਤਰਸਯੋਗ ਬਣਦੀ ਵੇਖੀ ਗਈ ਜਦੋਂ ਉਹਨਾਂ ਨੂੰ ਕੁਝ ਕਰਮਚਾਰੀਆਂ ਦੀ ਦੇ ਰੁੱਖੇ ਵਤੀਰੇ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਸੀ। ਪੈਸੇ ਜਮ੍ਹਾਂ ਕਰਾਉਣ, ਡਰਾਫਟ ਬਣਾਉਣ ਜਾਂ ਕਢਵਾਉਣ ਵਰਗੇ ਕੰਮਾਂ ਲਈ ਖੱਜਲਖੁਆਰ ਹੋਣ ਵਾਲੇ ਗਾਹਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਬਰਾਂਚ ਵਿਚ ਜਿਆਦਾਤਰ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ, ਬਜੁਰਗਾਂ ਦੀਆਂ ਪੈਨਸ਼ਨ ਆਦਿ ਸਬੰਧੀ ਖਾਤੇ ਹਨ ਅਤੇ ਬੈਂਕ ਵਾਲਿਆਂ ਦਾ ਵਿਹਾਰ ਰੁੱਖਾ ਹੋਣਾ ਅਤੇ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਲੋਕਾਂ ਲਈ ਵੱਡੀ ਸਿਰਦਰਦੀ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦਾ ਏ. ਟੀ. ਐਮ. ਵੀ ਜਿਆਦਾਤਰ ਖ਼ਰਾਬ ਰਹਿੰਦਾ ਹੈ ਅਤੇ ਜੇਕਰ ਚਲਦਾ ਹੋਵੇ ਤਾਂ ਵੀ ਪੈਸੇ ਕਢਵਾਉਣ ਲਈ ਪੰਜ ਜਾਂ ਦਸ ਹਜਾਰ ਰੁਪਏ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ।  ਜਿਕਰਯੋਗ ਹੈ ਕਿ ਅੱਜ ਮੌਕੇ ਉੱਤੇ ਵੀ ਬੈਂਕ ਵਿਚ ਲੱਗੇ ਦੋਵੇਂ ਏ. ਟੀ. ਐਮ. ਬੰਦ ਪਏ ਸਨ। ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਪੁਰਜੋਰ ਮੰਗ ਹੈ ਕਿ ਬੈਂਕ ਵਿਚ ਗਾਹਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਲਈ ਜਰੂਰੀ ਸੁਧਾਰ ਕੀਤੇ ਜਾਣ।

ਮਹਿੰਗਾਈ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਤਲਵਾੜਾ, 28 ਜੂਨ: ਤਲਵਾੜਾ ਦੇ ਨਜ਼ਦੀਕ ਪਿੰਡ ਬਰਿੰਗਲੀ ਵਿਖੇ ਸਰਕਲ ਤਲਵਾੜਾ ਦੇ ਪ੍ਰਧਾਨ ਅਸ਼ੋਕ ਸਭਰਵਾਲ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਵਧਦੀ ਹੋਈ ਮਹਿੰਗਾਈ ਤੋਂ ਖਫ਼ਾ ਹੋ ਕੇ ਯੂ.ਪੀ.ਏ ਸਰਕਾਰ ਦਾ ਪੂਤਲਾ ਫੂਕ ਕੇ ਆਪਣੇ ਗੁੱਸੇ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰੀਬ ਅੱਧਾ ਘੰਟਾ ਆਵਾਜਾਈ ਵੀ ਠੱਪ ਰਹੀ। ਆਪਣੇ ਭਾਸ਼ਣ ਦੌਰਾਨ ਸ਼੍ਰੀ ਸਭਰਵਾਲ ਨੇ ਕਿਹਾ ਕਿ ਜਿੱਥੇ ਇਕ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਰਿਹਾ ਹੈ ਉਥੇ ਕੇਂਦਰ ਸਰਕਾਰ ਖਾਦ ਪਦਾਰਥਾਂ ਵਿਚ ਲਗਾਤਾਰ ਵਾਧਾ ਕਰਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਸਰਕਾਰ ਮਹਿੰਗਾਈ ਕੰਟਰੋਲ ਕਰਨ ਵਿਚ ਫੇਲ੍ਹ ਸਾਬਤ ਹੋ ਰਹੀ ਹੈ। ਮਨਮੋਹਨ ਆਮ ਜਨਤਾ ਦੀ ਹਿਤੈਸ਼ੀ ਹੈ। ਉਨਾ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਂਦਿਆ ਕਿਹਾ ਕਿ ਵੋਟ ਇੱਕਠੇ ਕਰਨ ਵਾਲੀ ਕਾਂਗਰਸ ਪਾਰਟੀ ਆਮ ਜਨਤਾ ਦਾ ਸਾਥ ਨਾ ਦੇ ਕੇ ਹੁਣ ਲੋਕਾਂ ਦਾ ਗਲ਼ਾ ਘੁੱਟਣ ਵਿੱਚ ਲੱਗੀ ਹੈ। ਨਾ ਰਹਿਣਗੇ ਗਰੀਬ ਅਤੇ ਨਾ ਰਹੇਗੀ ਮਹਿੰਗਾਈ। ਹੋਰਨਾਂ ਤੋਂ ਇਲਾਵਾ ਰਮਨ ਕੌਲ, ਸ਼੍ਰੀ ਰਾਮ ਪੱਲੀ, ਮਨੋਜ ਰਾਣਾ, ਅਨਿਲ ਮਿਨਹਾਸ, ਕੈਪਟਨ ਸੁਰੇਸ਼, ਕੁਲਦੀਪ ਪੰਚ, ਕੁਲਦੀਪ ਬਹਿਲ, ਸ਼ਮਸੇਰ ਰਜਵਾਲ ਵੱਡੀ ਗਿਣਤੀ ਵਿਚ ਵਰਕਰ ਅਤੇ ਲੋ ਕ ਸ਼ਾਮਲ ਸਨ।

ਰਾਜ ਭਾਸ਼ਾ ਐਕਟ ਸਬੰਧੀ ਮੀਟਿੰਗ ਹੋਈ

ਹੁਸ਼ਿਆਰਪੁਰ, 28 ਜੂਨ : ਸਥਾਨਕ ਪੁਲਿਸ  ਲਾਈਨ ਦੇ ਮੀਟਿੰਗ ਹਾਲ ਵਿਖੇ ਰਾਜ ਭਾਸ਼ਾ (ਤਰਮੀਮ) ਐਕਟ 2008
 ਨੂੰ ਸੰਪੂਰਨ ਰੂਪ ਵਿਚ ਲਾਗੂ ਕਰਨ ਲਈ ਜ਼ਿਲਾ ਪੱਧਰੀ ਅਧਿਕਾਰਤ  ਗਠਿਤ ਕਮੇਟੀ ਦੀ ਮੀਟਿੰਗ ਸ਼੍ਰੀ ਤੀਕਸ਼ਨ ਸੁਦ ਜੰਗਲਾਤ, ਜੰਗਲੀ ਜੀਵ ਸੁਰਖਿਆ, ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਡੀ ਆਰ ਭਗਤ, ਜ਼ਿਲਾ ਭਾਸ਼ਾ ਅਫ਼ਸਰ ਅਮਰਜੀਤ ਕੌਰ, ਪ੍ਰਧਾਨ ਨਗਰ ਕੋਸਲ ਸ਼ਿਵ ਸੂਦ, ਜ਼ਿਲਾ ਪ੍ਰਧਾਨ ਭਾਜਪਾ ਸ਼੍ਰੀ ਜਗਤਾਰ ਸਿੰਘ, ਰਘਬੀਰ ਸਿੰਘ ਟੇਰਕਿਆਣਾ,  ਸਰਕਾਰੀ ਤੇ ਗੈਰ ਸਰਕਾਰੀ ਮੈਂਬਰਾਂ ਨੇ ਹਿੱਸਾ ਲਿਆ।
            ਸ਼੍ਰੀ ਸੂਦ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਸੰਪੂਰਨ ਰੂਪ ਵਿਚ ਲਾਗੂ ਕਰਨ ਲਈ ਜ਼ਿਲਾ ਪੱਧਰੀ ਅਧਿਕਾਰਤ ਕਮੇਟੀ ਜੂਨ 2009 ਵਿਚ ਬਣਾਈ ਗਈ ਸੀ ਜਿਸ ਵਲੋਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕੀਤੇ ਗਏ  ਉਪਰਾਲਿਆਂ ਦੇ  ਸਾਰਥਿਕਤ ਨਤੀਜੇ ਸਾਹਮਣੇ ਆਏ ਹਨ ਅਤੇ ਕਾਫੀ ਸੁਧਾਰ ਹੋਇਆ ਹੈ। ਉਹਨਾਂ ਕਿਹਾ ਕਿ  ਪੰਜਾਬੀ ਭਾਸ਼ਾ  ਨੂੰ ਸੰਪੂਰਨ  ਰੂਪ  ਵਿਚ  ਲਾਗੂ  ਕਰਨ ਲਈ    ਲੋਕਾਂ,  ਪੰਜਾਬੀ ਲਿਖਾਰੀਆਂ  ਅਤੇ ਸਵੈਸੇਵੀ ਜੱਥੇਬੰਦੀਆਂ ਦਾ  ਪੂਰਾ ਸਹਿਯੋਗ  ਲਿਆ  ਜਾਵੇਗਾ  ਅਤੇ  ਵੱਖ  ਵੱਖ  ਥਾਵਾਂ  ਤੇ  ਪੰਜਾਬੀ ਭਾਸ਼ਾ  ਸਬੰਧੀ ਸੈਮੀਨਾਰ ,  ਕਵੀ  ਦਰਬਾਰ , ਗੋਸ਼ਟੀਆਂ  ਅਤੇ  ਪੇਟਿੰਗ  ਮੁਕਾਬਲੇ  ਕਰਵਾਏ  ਜਾਣਗੇ  ਅਤੇ  ਪੰਜਾਬੀ  ਸਾਹਿਤ  ਵੰਡਿਆ  ਜਾਵੇਗਾ  ।  ਉਨਾਂ  ਕਿਹਾ ਕਿ  ਪ੍ਰਮੁੱਖ  ਥਾਵਾਂ  ਅਤੇ  ਸੜਕਾਂ  ਉਪਰ  ਲੱਗੇ  ਸਾਈਨ  ਬੋਰਡ  ਪੰਜਾਬੀ  ਵਿਚ ਠੀਕ  ਲਿਖੇ  ਹੋਣ  ਨੂੰ  ਯਕੀਨੀ  ਬਣਾਇਆ  ਜਾਵੇ  ।   ਉਨਾਂ  ਨੇ  ਅਧਿਕਾਰੀਆਂ  ਨੂੰ  ਕਿਹਾ  ਕਿ  ਉਹ  ਪੰਜਾਬੀ  ਭਾਸ਼ਾ  ਐਕਟ  ਨੂੰ  ਪੂਰੀ  ਤਰਾਂ  ਲਾਗੂ  ਕਰਨ ਲਈ  ਗੰਭੀਰ  ਹੋਣ  ਅਤੇ   ਦਫਤਰਾਂ  ਵਿਚ ਕੰਮ ਕਾਜ  ਪੰਜਾਬੀ  ਵਿਚ  ਕਰਨ ਨੂੰ ਯਕੀਨੀ  ਬਨਾਉਣ ।
            ਡਿਪਟੀ ਕਮਿਸ਼ਨਰ  ਸ੍ਰੀ  ਮੇਘ ਰਾਜ  ਨੇ  ਮੰਤਰੀ ਜੀ  ਨੁੰ  ਵਿਸ਼ਵਾਸ਼ ਦਿਵਾਇਆ  ਕਿ  ਰਾਜ ਭਾਸ਼ਾ  ਐਕਟ  ਨੂੰ  ਸੰਪੂਰਨ  ਰੂਪ  ਵਿਚ  ਲਾਗੂ  ਕਰਨ ਲਈ  ਹਰ  ਸੰਭਵ  ਕੋਸ਼ਿਸ਼  ਕੀਤੀ ਜਾਵੇਗੀ ।   ਉਨਾਂ  ਕਿਹਾ  ਕਿ ਡਿਪਟੀ  ਕਮਿਸ਼ਨਰ ਦਫਤਰ  ਵਲੋ  ਜਾਰੀ  ਕੀਤੇ  ਜਾਂਦੇ  ਪੱਤਰ ਵਿਵਹਾਰ  ਅਤੇ  ਹੁਕਮ  ਪੰਜਾਬੀ ਭਾਸ਼ਾ  ਵਿਚ  ਹੁੰਦੇ  ਹਨ । ਸ੍ਰੀ  ਸ਼ਿਵ ਸੂਦ  ਪ੍ਰਧਾਨ  ਨਗਰ  ਕੋਸਲ  ਨੇ ਇਸ ਮੋਕੇ ਤੇ  ਦੱਸਿਆ  ਕਿ  ਦਫਤਰ  ਦਾ  ਕੰਮ ਕਾਜ  ਪੰਜਾਬੀ  ਵਿਚ ਹੀ ਕੀਤਾ  ਜਾਂਦਾ  ਹੈ  ।   ਸ੍ਰੀਮਤੀ  ਅਮਰਜੀਤ  ਕੌਰ  ਜਿਲਾ  ਭਾਸ਼ਾ  ਅਫਸਰ  ਨੇ  ਪਿਛਲੇ  ਸਾਲ  ਦੋਰਾਨ  ਅਧਿਕਾਰਤ  ਗਠਿਤ  ਕਮੇਟੀ  ਵਲੋ  ਪੰਜਾਬੀ  ਭਾਸ਼ਾ  ਨੂੰ  ਲਾਗੂ  ਕਰਨ  ਲਈ  ਕੀਤੇ  ਗਏ  ਉਪਰਾਲਿਆ  ਅਤੇ  ਪ੍ਰਾਪਤੀਆਂ ਦੀ  ਵਿਸਥਾਰ  ਪੂਰਵਕ  ਜਾਣਕਾਰੀ  ਦਿੱਤੀ  ਅਤੇ ਮੈਂਬਰਾਂ ਵੱਲੋਂ ਰਾਜ ਭਾਸ਼ਾ ਐਕਟ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਸੁਝਾਅ ਵੀ ਦਿੱਤੇ ਗਏ।

ਕੈਬਨਿਟ ਮੰਤਰੀ ਤੀਕਸ਼ਨ ਸੂਦ ਸਨਮਾਨ ਸਮਾਰੋਹ ਕਰਵਾਇਆ

ਹੁਸ਼ਿਆਰਪੁਰ, 28 ਜੂਨ: ਨਗਰ ਕੌਸਲ ਹੁਸ਼ਿਆਰਪੁਰ ਦੇ ਵਾਰਡ ਨੰ: 3 ਦੇ ਮੁਹੱਲਾ ਨਿਵਾਸੀਆਂ , ਨਰਾਇਣ ਨਗਰ ਦੀ ਵੈਲਫੇਅਰ ਸੁਸਾਇਟੀ ਅਤੇ ਸੂਰਜ ਨਗਰ ਦੇ ਨਿਵਾਸੀਆਂ ਵੱਲੋਂ ਸਰਸਵਤੀ ਮਾਡਲ ਸਕੂਲ ਵਿਖੇ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਨੂੰ ਸਨਮਾਨਿਤ ਕਰਨ ਸਬੰਧੀ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ।  ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਦੇ ਭਾਰੀ   ਇਕੱਠ  ਨੂੰ ਸੰਬੋਧਨ ਕਰਦਿਆਂ ਸ਼੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਦੱਸਿਆ ਕਿ  ਵਾਰਡ ਨੰ: 3 ਦੇ ਮੁਹੱਲਾ ਨਰਾਇਣ ਨਗਰ ਵਿੱਚ ਨਵੀਆਂ ਸੜਕਾਂ ਬਣਾਉਣ, ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਸੁਵਿਧਾ ਦੇਣ ਲਈ 22 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਵੀ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਹਿਰਾਂ ਦੇ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸ਼ਹਿਰਾਂ ਵਿੱਚ 100 ਫੀਸਦੀ ਸਾਫ਼-ਸੁਥਰਾ ਪੀਣ ਵਾਲਾ ਪਾਣੀ ਦੇਣ ਲਈ ਨਵੇਂ ਟਿਉਬਵੈਲ ਲਗਾਏ ਜਾ ਰਹੇ ਹਨ ਅਤੇ ਪੁਰਾਣੇ ਟਿਊਬਵੈਲ ਰੀਬੋਰ ਕੀਤੇ ਜਾ ਰਹੇ ਹਨ।
          ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ਹਿਰ ਵਿੱਚ 5 ਹੋਰ ਨਵੇਂ ਟਿਊਬਵੈਲ ਲਗਾਉਣ ਲਈ ਜਲਦੀ ਹੀ 75 ਲੱਖ ਰੁਪਏ ਦਿੱਤੇ ਜਾ ਰਹੇ ਹਨ।  ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ  ਚੰਡੀਗੜ ਰੋਡ  ਤੇ  50 ਲੱਖ ਰੁਪਏ ਦੀ ਲਾਗਤ ਨਾਲ ਨਾਲਾ ਬਣਾਇਆ ਜਾ ਰਿਹਾ ਹੈ ਅਤੇ  ਬਹਾਦਰਪੁਰ ਵਿਖੇ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ।  ਸ਼੍ਰੀ ਸੂਦ ਨੇ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਇਸ ਵਾਰਡ ਵਿੱਚ ਦੋ ਵਾਰ ਆ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਇਸ ਵਾਰਡ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਉਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।  ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਵੱਲੋਂ ਕੈਬਨਿਟ  ਮੰਤਰੀ ਸ਼੍ਰੀ ਤੀਕਸ਼ਨ ਸੂਦ ਦਾ ਸਨਮਾਨ ਕੀਤਾ ਗਿਆ।
        ਪ੍ਰਧਾਨ ਨਗਰ ਕੌਂਸਲ ਸ਼੍ਰੀ ਸ਼ਿਵ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਹੁਸ਼ਿਆਰਪੁਰ ਦੇ 31 ਵਾਰਡਾਂ ਵਿੱਚ 3 ਕਰੋੜ ਰੁਪਏ ਖਰਚ ਕਰਕੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰ ਵਿੱਚ ਸੀਵਰੇਜ਼ ਦੀ ਸਫ਼ਾਈ ਲਈ 32 ਲੱਖ ਰੁਪਏ ਦੀ ਲਾਗਤ ਨਾਲ ਜੈਟਿੰਗ ਮਸ਼ੀਨ ਖਰੀਦ ਕੀਤੀ ਗਈ ਹੈ ਅਤੇ ਸ਼ਹਿਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ 9 ਟਿਉਬਵੈਲ ਨਵੇਂ ਲਗਾਏ ਗਏ ਹਨ ਅਤੇ 7 ਟਿਊਬਵੈਲ ਰੀਬੋਰ ਕੀਤੇ ਗਏ ਹਨ।  ਪ੍ਰਧਾਨ ਨਗਰ ਕੌਂਸਲ ਨੇ ਦੱਸਿਆ ਕਿ ਨਰਾਇਣ ਨਗਰ ਦੇ ਵਿਕਾਸ ਲਈ 35 ਲੱਖ ਰੁਪਏ ਦੇ ਟੈਂਡਰ ਲਗਾਏ ਗਏ ਹਨ ਅਤੇ ਇਹ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ।
        ਨਰਾਇਣ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬ੍ਰਿਜ ਮੋਹਨ ਨੇ ਇਸ ਮੌਕੇ ਤੇ ਦੱਸਿਆ ਕਿ ਸ਼੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਇਸ ਵਾਰਡ ਦੀ ਮਿਉਂਸਪਲ ਕੌਂਸਲਰ  ਸ਼੍ਰੀਮਤੀ ਸੁਸ਼ਮਾ ਸੇਤੀਆ ਅਤੇ ਮੀਡੀਆ ਇੰਚਾਰਜ਼ ਭਾਜਪਾ ਕਮਲਜੀਤ ਸੇਤੀਆ ਦੇ ਯਤਨਾਂ ਸਦਕਾ ਇਸ ਮੁਹੱਲੇ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਜਿਸ ਕਾਰਨ ਨਰਾਇਣ ਨਗਰ ਅਤੇ ਵਾਰਡ ਨੰ: 3 ਦੇ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ ਹੈ।
        ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਅਤੇ ਮੀਡੀਆ ਇੰਚਾਰਜ ਭਾਜਪਾ ਕਮਲਜੀਤ ਸੇਤੀਆ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਸਹਾਇਕ ਮਿਉਂਪਸਲ ਇੰਜੀਨੀਅਰ ਹਰਪ੍ਰੀਤ ਸਿੰਘ, ਨਰਾਇਣ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰ,  ਕੁਮਾਰ ਮਿਨਹਾਸ, ਹੇਮ ਰਾਜ, ਧੰਨੀ ਰਾਮ, ਅਸ਼ੀਸ਼ ਭਾਰਦਵਾਜ, ਮੁਨੀਸ਼ ਚੱਢਾ, ਹਰਭਜਨ ਪਿੰਟਾ, ਵਰਿੰਦਰ ਬਿੰਦੂ, ਟੋਨੂ ਸੇਠੀ, ਦੀਪਕ ਕੁਮਾਰ, ਬਲਵਿੰਦਰ ਕੁਮਾਰ ਅਤੇ ਮੁਹੱਲਾ ਨਿਵਾਸੀ ਇਸ ਮੌਕੇ ਤੇ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)