ਤਲਵਾੜਾ, 14 ਮਈ: ਤਲਵਾੜਾ ਖੇਤਰ ਵਿਚ ਲੋਕਾਂ ਨੂੰ ਮੁਫ਼ਤ ਤੇ ਮਿਆਰੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ: ਵੱਲੋਂ ਅੱਜ ਉੱਘੇ ਸਮਾਜ ਸੇਵੀ ਸ. ਐੱਸ. ਪੀ. ਸਿੰਘ ਓਬਰਾਏ ਨੇ ਸੈਕਟਰ 2 ਵਿਖੇ ਮੁਫ਼ਤ ਹੋਮਿਓਪੈਥੀ ਡਿਸਪੈਂਸਰੀ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਇਲਾਕੇ ਵਿਚ ਸਿਹਤ ਸਹੂਲਤਾਂ ਦੀ ਭਾਰੀ ਕਮੀ ਹੈ ਅਤੇ ਗਰੀਬ ਲੋਕਾਂ ਲਈ ਤਾਂ ਇਲਾਜ ਬੜੀ ਦੂਰ ਦੀ ਗੱਲ ਹੈ। ਇੱਥੇ ਡਾ. ਗੁਰਮੇਲ ਸਿੰਘ ਵੈਦ ਵੱਲੋਂ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਵਧੀਆ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਡਿਸਪੈਂਸਰੀ ਵਿਚ ਸਾਰੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ ਜਿਸ ਸਦਕਾ ਇਹ ਡਿਸਪੈਂਸਰੀ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਬੀ. ਬੀ. ਐੱਮ. ਬੀ. ਹਸਪਤਾਲ ਵਿਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪਹਿਲਕਦਮੀ ਕੀਤੀ ਜਾ ਸਕਦੀ ਹੈ ਅਤੇ ਜੇਕਰ ਬੀ. ਬੀ. ਐੱਮ. ਬੀ. ਇਸ ਤਜਵੀਜ ਉੱਪਰ ਗੌਰ ਕਰੇ ਤਾਂ ਇਸ ਸਮਝੌਤੇ ਨਾਲ ਪੂਰੇ ਖੇਤਰ ਵਿਚ ਬੇਹੱਤ ਉੱਚ ਕੋਟੀ ਦੀਆਂ ਮਿਆਰੀ ਸਿਹਤ ਸਹੂਲਤਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਸ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵੱਲੋਂ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਦੀਆਂ ਦੋਵੇਂ ਵਿਦਿਆਰਥਣਾਂ ਪੂਜਾ ਅਤੇ ਸਾਕਸ਼ੀ ਦੀ ਉਚੇਰੀ ਪੜ੍ਹਾਈ ਦਾ ਸਾਰਾ ਖਰਚ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪਿਛਲੇ ਸਾਲ ਮੈਰਿਟ ਵਿਚ ਆਈਆਂ ਇਸੇ ਸਕੂਲ ਦੀਆਂ 4 ਵਿਦਿਆਰਥਣਾਂ ਦੀ ਪੜ੍ਹਾਈ ਦਾ ਸਾਰਾ ਖਰਚ ਪਹਿਲਾਂ ਹੀ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਟਰੱਸਟ ਵੱਲੋਂ ਪੂਰੇ ਪੰਜਾਬ ਵਿਚ ਸੱਤ ਹਜ਼ਾਰ ਲੋੜਵੰਦ ਵਿਧਵਾਵਾਂ ਨੂੰ 750 ਰੁਪਏ ਤੋਂ ਇੱਕ ਹਜਾਰ ਰੁਪਏ ਮਹੀਨਾ ਪੈਂਨਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸੜਕੀ ਹਾਦਸਿਆਂ ਨੂੰ ਟਾਲਣ ਲਈ ਸੜਕਾਂ ਅਤੇ ਗੱਡੀਆਂ ਤੇ ਪੰਜਾਬ ਭਰ ਵਿਚ ਹੁਣ ਤੱਕ 20 ਲੱਖ ਰਿਫਲੈਕਟਰ ਲਗਾਏ ਜਾ ਚੁੱਕੇ ਹਨ ਅਤੇ 30 ਲੱਖ ਰਿਫ਼ਲੈਕਟਰ ਹੋਰ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਤਲਵਾੜਾ ਵਿਚ ਵਾਹਨਾਂ ਆਦਿ ਤੇ ਲਗਾਉਣ ਲਈ ਪੰਜ ਹਜਾਰ ਰਿਫਲੈਕਟਰ ਲਿਆਂਦਾ ਗਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਵਿਚ ਲਾਇਬ੍ਰੇਰੀਆਂ, ਕੰਪਿਊਟਰ ਸਿੱਖਿਆ ਆਦਿ ਸਮੇਤ ਵੱਡੀ ਗਿਣਤੀ ਵਿਚ ਹੋਰ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਡਾ. ਗੁਰਮੇਲ ਸਿੰਘ, ਰਾਜਿੰਦਰ ਸਿੰਘ, ਹਰਵਿੰਦਰ ਸਿੰਘ ਕੁੱਕੂ, ਟੀ. ਪੀ. ਐੱਸ. ਫੁੱਲ, ਏ. ਪੀ. ਐੱਸ ਉੱਭੀ, ਗੁਰਚਰਨ ਸਿੰਘ ਜੌਹਰ, ਪੂਰਨ ਸਿੰਘ, ਭਾਈ ਜਾਗੀਰ ਸਿੰਘ, ਵਿਜੇ ਕੁਮਾਰ, ਸਤਨਾਮ ਸਿੰਘ ਸੈਣੀ, ਹਰੀਸ਼ ਚਾਵਲਾ, ਮਨਪ੍ਰੀਤ ਸਿੰਘ ਪ੍ਰਧਾਨ ਸਿੱਖ ਵੈਲਫੇਅਰ ਸੁਸਾਇਟੀ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਦਿਆਲ ਸਿੰਘ, ਬਿਕਰਮਜੀਤ ਸਿੰਘ, ਡਾ. ਰਾਮ ਕਿਸ਼ਨ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
ਤਲਵਾੜਾ, 12 ਮਈ:ਇੱਥੇ ਵਿਸ਼ਵ ਮਾਂ ਦਿਵਸ ਮੌਕੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਵੱਲੋਂ ਵਿਸ਼ੇਸ਼ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਮੁਸ਼ਾਇਰੇ ਦੀ ਸ਼ੁਰੂਆਤ ਮਦਨ ਲਾਲ ਵਸ਼ਿਸ਼ਟ ਵੱਲੋਂ ਵੰਝਲੀ ਦੀ ਧੁਨ ਨਾਲ ਕੀਤੀ ਗਈ ਅਤੇ ਫ਼ਿਰ ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ ਵੱਲੋਂ ਕੰਨਿਆ ਭਰੂਣ ਹੱਤਿਆ ਤੇ ਅਧਾਰਿਤ ਗੀਤ 'ਕਲੀ ਕੋਮਲ' ਪੇਸ਼ ਕੀਤਾ ਗਿਆ। ਅਨੁਰਾਧਾ ਸ਼ਰਮਾ ਨੇ 'ਮਾਂ ਦੀ ਮਮਤਾ' ਅਤੇ 'ਪਿਤਾ' ਆਦਿ ਰਚਨਾਵਾਂ ਨਾਲ ਪਰਿਵਾਰਕ ਰਿਸ਼ਤਿਆਂ ਦੀ ਗੱਲ ਛੋਹੀ ਜਦਕਿ ਪ੍ਰਿੰ. ਨੀਲਮ ਸ਼ਰਮਾ ਨੇ ਪਹਾੜੀ ਰੰਗ ਦੀਆਂ ਬੇਹੱਦ ਰੌਚਕ ਰਚਨਾਵਾਂ 'ਕਿਸਮਤ' ਅਤੇ 'ਦਿੱਤੂ ਵੈਦ' ਆਦਿ ਨਾਲ ਖ਼ੂਬ ਰੰਗ ਬੰਨ੍ਹਿਆ। ਜਸਵੀਰ ਕੌਰ ਜੱਸ ਵੱਲੋਂ 'ਵਿਛੋੜਾ', ਕੈਲਾਸ਼ ਰਾਣੀ ਵੱਲੋਂ 'ਮਾਂ ਦਾ ਪਿਆਰ' ਅਤੇ 'ਜੀ ਆਇਆਂ ਨੂੰ' ਰਚਨਾਵਾਂ ਨਾਲ ਪ੍ਰਭਾਵਸ਼ਾਲੀ ਹਾਜ਼ਰੀ ਲਗਵਾਈ ਅਤੇ ਪ੍ਰੋ. ਅੰਜੂ ਬਾਲਾ 'ਬੇਨੂਰ ਪਰਛਾਵੇਂ' ਨਾਲ ਸਰੋਤਿਆਂ ਅੰਤਰਮਨ ਦੇ ਸਰੋਕਾਰਾਂ ਨੂੰ ਬਾਖੂਬੀ ਪੇਸ਼ ਕੀਤਾ। ਸਮਰਜੀਤ ਸਿੰਘ ਸ਼ਮੀ ਅਤੇ ਰਾਜਿੰਦਰ ਮਹਿਤਾ ਵੱਲੋਂ ਪੇਸ਼ ਕਾਵਿ ਰਚਨਾਵਾਂ ਨੂੰ ਖ਼ੂਬ ਪਸੰਦ ਕੀਤਾ ਗਿਆ। ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੇ ਹੋਏ ਜਯੰਤਿਕਾ, ਜਯੋਤਿਕਾ, ਆਰੋਹੀ ਸ਼ਰਮਾ ਅਤੇ ਪਲਕ ਵੱਲੋਂ ਪ੍ਰਭਾਵਸ਼ਾਲੀ ਅੰਦਾਜ਼ ਵਿਚ 'ਮਾਂ' ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਜਨੀ ਸ਼ਰਮਾ, ਸ਼ੀਤਲ ਸ਼ਰਮਾ, ਹੇਮੰਤ ਸ਼ਰਮਾ, ਜਯੋਤਿਕਾ ਆਦਿ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਹਾਜਰ ਸਨ।
- ਸਵੇਰ ਦੀ ਪ੍ਰਾਥਨਾ ਸਭਾ ਵਿਚ ਬੇਸੁਧ ਹੋਏ ਕਈ ਬੱਚੇ
- ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ: ਬੀਬੀ ਸਾਹੀ
ਤਲਵਾੜਾ, 9 ਮਈ : ਅੱਜ ਸਵੇਰੇ ਇੱਥੇ ਸ਼ਹਿਰ ਵਿਚ ਮਾਹੌਲ ਉਦੋਂ ਕਾਫ਼ੀ ਅਫ਼ਰਾ ਤਫ਼ਰੀ ਵਾਲਾ ਬਣ ਗਿਆ ਜਦੋਂ ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਸੈਕਟਰ 2 ਦੀ ਸਵੇਰ ਦੀ ਸਭਾ ਮੌਕੇ ਇੱਕ ਇੱਕ ਕਰਕੇ ਵਿਦਿਆਰਥੀ ਬੇਹੋਸ਼ ਹੋਣੇ ਸ਼ੁਰੂ ਹੋ ਗਏ।
ਸਕੂਲ ਦੀ ਪ੍ਰਿੰਸੀਪਲ ਅਰਚਨਾ ਕੁਲਸ਼੍ਰੇਸ਼ਠਾ ਅਨੁਸਾਰ ਅੱਜ ਸਵੇਰੇ ਰੋਜਾਨਾਂ ਵਾਂਗ ਹੀ ਸਵੇਰ ਦੀ ਸਭਾ ਸ਼ੁਰੂ ਹੋਈ ਜੋ ਆਮ ਤੌਰ ਤੇ ਕਰੀਬ ਸਵਾ ਅੱਠ ਵਜੇ ਖ਼ਤਮ ਹੋ ਜਾਂਦੀ ਹੈ ਪ੍ਰੰਤੂ ਅੱਜ ਇਸ ਸਭਾ 8.25 ਤੇ ਖ਼ਤਮ ਹੋਈ। ਇਸ ਦੌਰਾਨ ਅਚਾਨਕ ਤਿੰਨ ਚਾਰ ਵਿਦਿਆਰਥੀ ਬੇਹੋਸ਼ ਹੋ ਕੇ ਡਿੱਗ ਪਏ ਜਿਨ੍ਹਾਂ ਨੂੰ ਤੁਰੰਤ ਬੀ. ਬੀ. ਐਮ. ਬੀ. ਹਸਪਤਾਲ ਮੁਢਲੀ ਸਹਾਇਤਾ ਲਈ ਭੇਜ ਦਿੱਤਾ ਗਿਆ। ਪਰੰਤੂ ਬਾਅਦ ਵਿਚ ਕਲਾਸਾਂ ਵਿੱਚੋਂ ਵੀ ਬੱਚਿਆਂ ਦੇ ਬੇਸੁੱਧ ਹੋਣ ਦੀ ਸੂਚਨਾ ਮਿਲੀ ਤੇ ਉਨ੍ਹਾਂ ਨੂੰ ਵੀ ਫ਼ੌਰੀ ਤੌਰ ਤੇ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 30-35 ਵਿਦਿਆਰਥੀਆਂ ਦੇ ਇੰਝ ਅਚਾਨਕ ਬੇਹੋਸ਼ ਹੋਣ ਦਾ ਪਤਾ ਲੱਗਿਆ। ਸ਼੍ਰੀਮਤੀ ਅਰਚਨਾ ਨੇ ਦੱਸਿਆ ਕਿ ਅਸਲ ਵਿਚ ਜਿਆਦਾਤਾਰ ਬੱਚੇ ਸਵੇਰੇ ਬਿਨਾਂ ਕੋਈ ਨਾਸ਼ਤਾ ਆਦਿ ਕਰਕੇ ਸਿੱਧੇ ਸਕੂਲ ਆ ਜਾਂਦੇ ਹਨ ਅਤੇ ਉਹ ਲਗਾਤਾਰ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦੇ ਰਹਿੰਦੇ ਹਨ ਕਿ ਬੱਚਿਆਂ ਨੂੰ ਬਕਾਇਦਾ ਪੇਟ ਭਰਪੂਰ ਨਾਸ਼ਤਾ ਕਰਵਾ ਕੇ ਸਕੂਲ ਭੇਜਿਆ ਜਾਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਸਕੂਲ ਵਿਚ ਹੋਈ ਇਸ ਖਲਬਲੀ ਕਾਰਨ ਸਕੂਲ ਦੇ ਇੱਕ ਅਧਿਆਪਕ ਕੁਲਦੀਪ ਖੰਨਾ ਵੀ ਤਨਾਓ ਕਾਰਨ ਬੇਹੋਸ਼ ਹੋ ਗਏ। ਓਧਰ ਜੰਗਲ ਦੀ ਅੱਗ ਵਾਂਗ ਬੱਚਿਆਂ ਦੇ ਬੇਹੋਸ਼ ਹੋਣ ਦੀਆਂ ਖ਼ਬਰਾਂ ਨਾਲ ਮਾਪਿਆਂ ਵਿਚ ਵੀ ਬੇਚੈਨੀ ਫ਼ੈਲ ਗਈ ਅਤੇ ਸਕੂਲ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ। ਲੋਕਾਂ ਵਿਚ ਇਹ ਅਫ਼ਵਾਹ ਫ਼ੈਲ ਗਈ ਕਿ ਬੱਚਿਆਂ ਦੀ ਬੇਹੋਸ਼ੀ ਦਾ ਕਾਰਨ ਪੀਣ ਵਾਲੇ ਪਾਣੀ ਵਿਚ ਕਥਿਤ ਤੌਰ ਤੇ ਸੱਪ ਜਾਂ ਜਹਿਰੀਲੀ ਚੀਜ਼ ਹੋਣ ਕਾਰਨ ਬੱਚੇ ਬੇਹੋਸ਼ ਹੋਏ ਹਨ । ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸ਼ਨ ਵੱਲੋਂ ਐੱਸ. ਡੀ. ਐੱਮ. ਰਾਹੁਲ ਚਾਬਾ ਮੌਕੇ ਤੇ ਹਸਪਤਾਲ ਪੁੱਜੇ। ਬੀ. ਬੀ. ਐਮ. ਬੀ. ਹਸਪਤਾਲ ਵਿਚ ਐਮਰਜੈਂਸੀ ਡਿਉਟੀ ਦੇ ਤਾਇਨਾਤ ਸੀਨੀਅਰ ਮੈਡੀਕਲ ਅਧਿਕਾਰੀ ਡਾ. ਅਮਰਜੀਤ ਸਿੰਘ ਨੇ ਬੱਚਿਆਂ ਦੇ ਇਸ ਤਰਾਂ ਅਚਾਨਕ ਬੇਹੋਸ਼ ਹੋਣ ਦਾ ਕਾਰਨ ਤੇਜ਼ ਗਰਮੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿਸੇ ਵੀ ਬੱਚੇ ਨੂੰ ਉਲਟੀਆਂ ਜਾਂ ਦਸਤ ਆਦਿ ਦੀ ਸਮੱਸਿਆ ਨਹੀਂ ਸੀ ਅਤੇ ਜਹਿਰੀਲੇ ਪਾਣੀ ਆਦਿ ਦਾ ਕੋਈ ਸਵਾਲ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਾਰੇ ਹੀ ਬੱਚੇ ਖਤਰੇ ਤੋਂ ਬਾਹਰ ਅਤੇ ਠੀਕ ਹਨ। ਬਹੁਤੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ ਕੇਵਲ ਇੱਕ ਵਿਦਿਆਰਥੀ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਜਾਂਚ ਲਈ ਭੇਜਿਆ ਗਿਆ। ਸ਼੍ਰੀ ਰਾਹੁਲ ਚਾਬਾ ਐੱਸ. ਡੀ. ਐੱਮ. ਮੁਕੇਰੀਆਂ ਦੀ ਹਦਾਇਤ ਤੇ ਸਿਵਲ ਹਸਪਤਾਲ ਮੁਕੇਰੀਆਂ ਤੋਂ ਬੱਚਿਆਂ ਦੇ ਮਾਹਿਰ ਡਾ. ਦਲਬੀਰ ਸਿੰਘ ਨੂੰ ਬੱਚਿਆਂ ਦੀ ਜਾਂਚ ਤੇ ਇਲਾਜ ਲਈ ਬੁਲਾਇਆ ਗਿਆ।ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਬੇਹੱਦ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜਿੰਦਗੀ ਬੇਹੱਦ ਅਨਮੋਲ ਹੈ ਅਤੇ ਡੀ. ਸੀ. ਹੁਸ਼ਿਆਰਪੁਰ ਨੂੰ ਇੰਨੀ ਵੱਡੀ ਗਿਣਤੀ ਵਿਚ ਬੱਚਿਆਂ ਦੇ ਬੇਹੋਸ਼ ਹੋਣ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਪਾਣੀ ਦੀ ਸੈਂਪਲਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਪੱਧਰ ਤੇ ਹੋਈ ਅਣਗਹਿਲੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਡਾ. ਹਰਸਿਮਰਤ ਸਿੰਘ ਸਾਹੀ ਭਾਜਪਾ ਆਗੂ ਨੇ ਹਸਪਤਾਲ ਵਿਚ ਜੇਰੇ ਇਲਾਜ ਬੱਚਿਆਂ ਦਾ ਹਾਲ ਚਾਲ ਪੁੱਛਿਆ ਅਤੇ ਕਿਹਾ ਕਿ ਦੇਸ਼ ਦਾ ਭਵਿੱਖ ਬਣਨ ਵਾਲੇ ਇਨ੍ਹਾਂ ਮਾਸੂਮ ਵਿਦਿਆਰਥੀਆਂ ਦਾ ਇੰਨੇ ਵੱਡੇ ਪੱਧਰ ਤੇ ਬੇਹੋਸ਼ ਹੋਣਾ ਸਕੂਲ ਪ੍ਰਬੰਧਾਂ ਤੇ ਸਵਾਲੀਆ ਚਿੰਨ੍ਹ ਲਗਾਉਂਦਾ ਹੈ।
ਹੁਸ਼ਿਆਰਪੁਰ, 10 ਮਈ:
ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਲਈ 549 ਅਧਿਕਾਰੀ / ਕਰਮਚਾਰੀ ਡਿਊਟੀ ਤੇ ਲਗਾਏ ਗਏ ਹਨ ਜਿਨ੍ਹਾਂ ਵਿੱਚ 183 ਕਾਉਂਟਿੰਗ ਸੁਪਰਵਾਈਜਰ, 183 ਕਾਉਂਟਿੰਗ ਸਹਾਇਕ ਅਤੇ 183 ਮਾਈਕਰੋ ਆਬਜਰਵਰ ਸ਼ਾਮਲ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਲੋਕ ਸਭਾ ਦੀਆਂ ਪਈਆਂ ਵੋਟਾਂ ਦੀ ਗਿਣਤੀ ਸਬੰਧੀ ਅੱਜ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਾਉਂਟਿੰਗ ਸਟਾਫ਼ ਦੀ ਰਿਹਸਲ ਮੌਕੇ ਦਿੱਤੀ। ਉਨ੍ਹਾਂ ਨੇ ਸਾਰੇ ਕਾਉਂਟਿੰਗ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਗਿਣਤੀ ਕਰਨ ਸਬੰਧੀ ਦੱਸਦਿਆਂ ਕਿਹਾ ਕਿ ਉਹ 16 ਮਈ ਨੂੰ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ। ਮਾਸਟਰ ਟਰੇਨਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਅਤੇ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਨੇ ਇਸ ਮੌਕੇ ਤੇ ਵੀਡੀਓ ਪ੍ਰੋਜੈਕਟਰ ਰਾਹੀਂ ਸਮੂਹ ਕਾਉਂਟਿੰਗ ਸਟਾਫ਼ ਨੂੰ ਕੰਟਰੋਲ ਯੂਨਿਟ ਖੋਲ੍ਹਣ ਅਤੇ ਵੋਟਾਂ ਦੀ ਗਿਣਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਟਾਂਡਾ-ਕਮ-ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਦਰਬਾਰਾ ਸਿੰਘ ਰੰਧਾਵਾ, ਤਹਿਸੀਲਦਾਰ ਚੋਣਾਂ ਰਾਜ ਕੁਮਾਰ ਤਾਂਗੜੀ ਅਤੇ ਨੇਡਲ ਅਫ਼ਸਰ ਟਰੇਨਿੰਗ ਮੈਨੇਜਮੈਂਟ ਮੋਹਨ ਸਿੰਘ ਲੇਹਲ, ਚੋਣ ਕਾਨੂੰਗੋ ਹਰਮਿੰਦਰ ਸਿੰਘ, ਲਾਲ ਚੰਦ, ਰਣਜੀਤ ਸਿੰਘ ਅਤੇ ਸਬੰਧਤ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ।
ਹੁਸ਼ਿਆਰਪੁਰ 10 ਮਈ: ਜ਼ਿਲ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਦੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕਾਉਂਟਿੰਗ ਸੈਂਟਰਾਂ ਦੇ 13 ਮਈ ਦੀ ਸਵੇਰ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ 9 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋਵੇਗੀ ਜਿਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਰਿਆਤ ਬਾਹਰਾ ਕਾਲਜ ਵਿਖੇ ਅਤੇ 3 ਵਿਧਾਨ ਸਭਾ ਹਲਕਿਆਂ 08-ਸ੍ਰੀ ਹਰਗੋਬਿੰਦਪੁਰ, 29-ਫਗਵਾੜਾ ਅਤੇ 26-ਭੁਲੱਥ ਦੀ ਗਿਣਤੀ ਅਤੇ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਜੇ ਆਰ ਪੌਲੀਟੈਕਨਿਕ ਕਾਲਜ ਵਿਖੇ ਹੋਵੇਗੀ। ਭਾਰਤ ਚੋਣ ਕਮਿਸ਼ਨ ਵੱਲੋਂ ਸਮੂਚੀ ਕਾਉਂਟਿੰਗ ਪ੍ਰਕ੍ਰਿਆ ਤੇ ਨਜ਼ਰ ਰੱਖਣ ਲਈ 3 ਕਾਉਂਟਿੰਗ ਆਬਜਰਵਰ ਲਗਾਏ ਗਏ ਹਨ ਜਿਨ੍ਹਾਂ ਵਿੱਚ ਸ੍ਰੀ ਸੁਮੰਤ ਸਿੰਘ ਵਿਧਾਨ ਸਭਾ ਹਲਕਾ 08-ਸ੍ਰੀ ਹਰਗੋਬਿੰਦਪੁਰ, 26-ਭੁਲੱਥ ਅਤੇ 29-ਫਗਵਾੜਾ ਦੇ ਕਾਉਂਟਿੰਗ ਸੈਂਟਰਾਂ ਦੀ ਬਤੌਰ ਆਬਜਰਵਰ ਨਿਗਰਾਨੀ ਕਰਨਗੇ। ਇਸੇ ਤਰਾਂ ਸ੍ਰੀ ਰਾਕੇਸ਼ ਚੰਦ ਸ਼ਰਮਾ ਵਿਧਾਨ ਸਭਾ ਹਲਕਾ 39-ਮੁਕੇਰੀਆਂ, 40-ਦਸੂਹਾ ਅਤੇ 41- ਉੜਮੁੜ ਦੇ ਕਾਉਂਟਿੰਗ ਸੈਂਟਰਾਂ ਦੇ ਆਬਜਰਵਰ ਹੋਣਗੇ ਅਤੇ ਸ੍ਰੀ ਨਾਰਾਵੇਕਰ ਆਰ.ਜੇ. ਵਿਧਾਨ ਸਭਾ ਹਲਕਾ 42-ਸ਼ਾਮਚੁਰਾਸੀ, 43-ਹੁਸ਼ਿਆਰਪੁਰ ਅਤੇ 44-ਚੱਬੇਵਾਲ ਦੇ ਆਬਜਰਵਰ ਹੋਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਸੈਂਟਰਾਂ ਵਿੱਚ ਕਾਊਂਟਿੰਗ ਟੇਬਲਾਂ ਤੇ ਪੋਲਿੰਗ ਏਜੰਟਾਂ ਦੇ ਬੈਠਣ ਦਾ ਪ੍ਰਬੰਧ ਅਤੇ ਵੋਟਾਂ ਦੀ ਗਿਣਤੀ ਦੇ ਹਰ ਰਾਉਂਡ ਦੀ ਸਮੇਂ ਸਿਰ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਣ ਲਈ 3 ਮੀਡੀਆ ਸੈਂਟਰ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਦੋ ਮੀਡੀਆ ਸੈਂਟਰ ਰਿਆਤ ਬਾਹਰਾ ਕਾਲਜ ਅਤੇ ਇੱਕ ਮੀਡੀਆ ਸੈਂਟਰ ਜੇ ਆਰ ਪੌਲੀਟੈਕਨਿਕ ਕਾਲਜ ਵਿਖੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਕਾਊਂਟਿੰਗ ਏਜੰਟਾਂ ਦੀਆਂ 2-2 ਫੋਟੋਆਂ ਸਮੇਤ ਫਾਰਮ ਨੰਬਰ 18 ਭਰ ਕੇ 13 ਮਈ ਸ਼ਾਮ 5-00 ਵਜੇ ਤੱਕ ਦੇਣ ਲਈ ਕਿਹਾ ਗਿਆ ਹੈ ਅਤੇ ਕਾਉਂਟਿੰਗ ਹਾਲ ਵਿੱਚ ਕੇਵਲ ਉਨ੍ਹਾਂ ਕਾਉਂਟਿੰਗ ਏਜੰਟਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ ਵੋਟਾਂ ਦੀ ਗਿਣਤੀ ਸਬੰਧੀ ਨਿਰਧਾਰਤ ਫੋਟੋ ਸ਼ਨਾਖਤੀ ਕਾਰਡ ਹੋਵੇਗਾ।
ਉਨ੍ਹਾਂ ਸਮੂਹ ਏ ਆਰ ਓਜ਼ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਅਮਲ ਵਾਂਗ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਵੀ ਸੁਚੱਜੇ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜਿਆ ਜਾਵੇ ਅਤੇ ਸਾਰੇ ਗਿਣਤੀ ਕੇਂਦਰਾਂ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ, ਗਿਣਤੀ ਸਟਾਫ਼ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸਬੰਧਤ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
ਹੁਸ਼ਿਆਰਪੁਰ 9 ਮਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਤਨੂ ਕਸ਼ਯਪ ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।

ਜ਼ਿਲ੍ਰਾ ਮੈਜਿਸਟਰੇਟ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ / ਡੀ ਜੇ / ਸੰਗੀਤਕ ਯੰਤਰ / ਐਡਰੈਸ ਸਿਸਟਮ ਆਦਿ ਦੀ ਆਵਾਜ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਤੋਂ 10 ਡੀ ਬੀ ਏ ਜਾਂ 75 ਡੀ ਬੀ ਏ (ਦੋਨਾਂ ਵਿੱਚੋਂ ਜਿਹੜਾ ਘੱਟ ਹੋਵੇ) ਤੋਂ ਵੱਧ ਨਹੀਂ ਹੋਵੇਗੀ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ। ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਵੀ ਪ੍ਰਕ੍ਰਿਆ ਅਪਨਾਈ ਜਾਵੇਗੀ ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ। ਇਹ ਪਾਬੰਦੀ ਇਸ ਕਰਕੇ ਲਗਾਈ ਜਾਂਦੀ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਹਰੇ ਅੰਬ ਦੇ ਦਰੱਖਤਾਂ ਨੂੰ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਹੈ। ਇਨ੍ਹਾਂ ਵੱਡੇ ਦਰੱਖਤਾਂ ਤੇ ਜੰਗਲੀ ਜੀਵਾਂ ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਹੁੰਦਾ ਹੈ। ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੰਛੀਆਂ ਦੇ ਕੁਦਰਤੀ ਰੈਣ ਬਸੇਰੇ ਤੇ ਵੀ ਪ੍ਰਤੀਕੂਲ ਅਸਰ ਪੈਂਦਾ ਹੈ ਜਿਸ ਕਰਕੇ ਪੰਛੀਆਂ ਦੀਆਂ ਕਈ ਪ੍ਰਜਾਤੀਆ ਲੁਪਤ ਹੋ ਰਹੀਆਂ ਹਨ। ਇਸ ਲਈ ਹਰੇ ਅੰਬਾਂ ਦੇ ਦਰੱਖਤਾਂ ਦੀ ਕਟਾਈ ਤੇ ਰੋਕ ਲਗਾਈ ਗਈ ਹੈ। ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਧਾਰਾ 144 ਅਧੀਨ ਫਸਲਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ ਡਿਪੂ ਉਚੀ ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ ਬਾਹਰਲੀ ਚਾਰ-ਦੀਵਾਰੀ ਦੇ 1000 ਗਜ਼ ਦੇ ਘੇਰੇ ਅੰਦਰ ਆਮ ਲੋਕਾਂ ਵਲੋਂ ਕਿਸੇ ਵੀ ਤਰਾਂ ਦੀ ਉਸਾਰੀ (ਸਿਵਾਏ ਸਰਕਾਰੀ ਉਸਾਰੀ ) ਕਰਨ ਤੇ ਪੂਰਨ ਤੌਰ ਤੇ ਵੀ ਪਾਬੰਦੀ ਲਗਾ ਦਿਤੀ ਗਈ ਹੈ। ਉਪਰੋਕਤ ਸਾਰੇ ਪਾਬੰਦੀ ਦੇ ਹੁਕਮ 1 ਅਗਸਤ 2014 ਤੱਕ ਲਾਗੂ ਰਹਿਣਗੇ।