ਖਣਿਜਾਂ ਦੀ ਨਜਾਇਜ਼ ਖੁਦਾਈ ਵਿਰੁੱਧ ਸਖਤੀ ਕੀਤੀ ਜਾਵੇਗੀ: ਡੀ. ਸੀ.

ਹੁਸ਼ਿਆਰਪੁਰ, 30 ਅਗਸਤ:  ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਖੱਡਾਂ ਵਿੱਚੋਂ ਮਾਈਨਰ ਮਿਨਰਲ ਦੀ ਨਿਕਾਸੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ  ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਤੌਰ ਤੇ ਖੱਡਾ ਦੀ ਖੁਦਾਈ ਸਬੰਧੀ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ।  ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈ ਕੋਰਟ ਨੇ 17 ਅਗਸਤ 2012 ਨੂੰ ਹੁਕਮ ਜਾਰੀ ਕੀਤੇ ਹਨ ਕਿ 5 ਹੈਕਟੇਅਰ ਤੋਂ ਘੱਟ ਰਕਬੇ ਦੀਆਂ ਠੇਕੇ ਤੇ ਚੱਲ ਰਹੀਆਂ ਖਾਨਾ ਵਾਸਤੇ ਵੀ ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਭਾਰਤ ਸਰਕਾਰ ਪਾਸੋਂ ਵਾਤਾਵਰਣ ਕਲੀਅਰੈਂਸ ਲੈਣੀ ਜ਼ਰੂਰੀ ਹੈ। ਜ਼ਿਲ੍ਹੇ ਦੀਆਂ 10 ਖਾਣਾਂ ਜਿਨ੍ਹਾਂ ਦਾ ਰਕਬਾ 5 ਹੈਕਟੇਅਰ ਤੋਂ ਘੱਟ ਸੀ, ਨੂੰ ਜੁਲਾਈ 2011 ਤੋਂ 30 ਜੂਨ 2014 ਤੱਕ ਠੇਕੇ ਤੇ ਚੜਾਇਆ ਗਿਆ ਸੀ, ਇਨ੍ਹਾਂ ਕੋਲ ਕਲੀਅਰੈਂਸ ਨਾ ਹੋਣ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੇਤਾ ਅਤੇ ਗਰੈਵਲ ਦੀ ਨਿਕਾਸੀ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਦਯੋਗ ਵਿਭਾਗ ਦੇ ਮਾਈਨਿੰਗ ਅਧਿਕਾਰੀ ਵੱਲੋਂ ਖੱਡਾ ਦੇ ਸਬੰਧਤ ਠੇਕੇਦਾਰਾਂ ਨੂੰ ਮਾਈਨਰ ਮਿਨਰਲ ਦੀ ਨਿਕਾਸੀ ਬੰਦ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।  ਉਨ੍ਹਾਂ ਮੀਟਿੰਗ ਵਿੱਚ ਹਾਜਰ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
        ਇਸ ਮੌਕੇ ਤੇ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਬਲਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਮਾਈਨਰ ਮਿਨਰਲ ਦੀ ਨਿਕਾਸੀ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਤੱਕ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਵੱਖ-ਵੱਖ ਥਾਵਾਂ ਦੇ ਛਾਪੇ ਮਾਰੇ ਗਏ ਹਨ ਅਤੇ 18 ਐਫ.ਆਈ.ਆਰ. ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਵਾਈਆਂ ਗਈਆਂ ਹਨ।
        ਮੀਟਿੰਗ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।

ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜ਼ਾ ’ ਰਿਲੀਜ਼

ਹੁਸ਼ਿਆਰਪੁਰ,  25 ਅਗਸਤ :  ਸੱਜਰੀ ਸਵੇਰ ਲਿਖਾਰੀ ਸਭਾ ਹੁਸ਼ਿਆਰਪੁਰ ਵਲੋ ਸੁਰ ਸੰਗਮ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਸਹਿਯੋਗ ਨਾਲ  ਸਥਾਨਿਕ ਇੱਕ ਨਿੱਜੀ ਰੈਸਟੋਰੈਟ ਵਿੱਚ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕ ਅਤੇ ਪੰਜਾਬੀ ਦੀ ਰੋਜਾਨਾ ਅਖਬਾਰ ‘ਦਾ ਟਾਈਮਜ਼ ਆਫ ਪੰਜਾਬ’ ਦੇ ਮੁੱਖ ਸੰਪਾਦਕ ਸ਼ਰਨਜੀਤ ਸਿੰਘ ਬੈਸ ਦੀ ਪੁਸਤਕ ‘ਸਤਨਾਜਾ‘ ਰਿਲੀਜ ਕੀਤੀ ਗਈ।  ਸਭਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਸੰਧੂ , ਪ੍ਰਧਾਨ ਸ਼ਿਵ ਕੁਮਾਰ ਬਾਵਾ ਅਤੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਪੁਸਤਕ ਰਿਲੀਜ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਕਹਾਣੀਕਾਰ ਪ੍ਰੀਤ ਨੀਤਪੁਰ ਨੇ ਆਖਿਆ ਕਿ ਸ਼ਰਨਜੀਤ ਸਿੰਘ ਬੈਸ ਦੀ ਦੂਸਰੀ ਪੁਸਤਕ ਪੜ੍ਹਕੇ ਉਸ ਅੰਦਰ ਪੰਜਾਬ ਵਿੱਚ ਵਾਪਰਦੀਆਂ ਰੋਜਾਨਾਂ ਘਟਨਾਵਾਂ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਤੜਪ ਹੈ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਲੇਖਕ ਪੰਜਾਬ ਤੋ ਦੂਰ ਅਮਰੀਕਾ ਵਿੱਚ ਵਸਕੇ ਵੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਸਤਨਾਜਾ ਵਿੱਚ ਛਾਪੇ ਗਏ ਸਾਰੇ ਲੇਖ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਪੱਤਰਕਾਰੀ ਵਰਗੇ ਨਿਰਪੱਖ ਕਾਰਜ ਨਾਲ ਵੀ ਆਪਣੀਆਂ ਲਿਖਤਾ ਵਿੱਚ ਨਿਰਪੱਖਤਾ, ਡੂੰਘਾ ਅਤੇ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ।
                    ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਆਖਿਆ ਕਿ ਸ਼ਰਨਜੀਤ ਬੈਸ ਵਲੋ ਇਸ ਪੁਸਤਕ ਤੋ ਪਹਿਲਾਂ ਪੰਜਾਬੀ ਦੇ ਉਘੇ ਗਾਇਕਾਂ ਬਾਰੇ ਪੁਸਤਕ ‘ਫਨਕਾਰ ਪੰਜ ਆਬ ਦੇ’ ਛਾਪਕੇ ਆਪਣੀ ਲੇਖਣੀ ਦੀ ਧਾਂਕ ਦੇਸ਼ਾਂ ਵਿਦੇਸ਼ਾਂ ਵਿੱਚ ਬਣਾ ਲਈ ਸੀ । ਉਸ ਪੁਸਤਕ ਨੂੰ ਪਾਠਕਾਂ ਵਲੋ ਭਰਵਾਂ ਹੂੰਗਾਰਾ ਮਿਲਿਆ ਸੀ ਤੇ ਹੁਣ ਉਸਦੀ ਦੂਸਰੀ ਪੁਸਤਕ ਸਤਨਾਜਾ ਹਰਇੱਕ ਪੰਜਾਬੀ ਲਈ ਸਾਂਭਣ ਵਾਲਾ ਖਜ਼ਾਨਾ ਹੈ। ਪੁਸਤਕ ਵਿੱਚ ਸ਼ਾਮਿਲ ਲੇਖ ਵੱਡਮੁੱਲੇ ਹਨ।  ਵਾਰਤਕ ਅਤੇ ਸ਼ਾਇਰੀ ਦਾ  ਸਾਂਝਾ ਸੁਮੇਲ ਹਨ।
                    ਬਾਲ ਰਸਾਲੇ ਨਿੱਕੀਆਂ ਕਰੂੰਬਲਾਂ  ਦੇ ਸੰਪਾਦਕ ਬਲਜਿੰਦਰ ਮਾਨ ਨੇ ਆਖਿਆ ਕਿ ਬੈਸ ਪੰਜਾਬੀ ਦਾ ਜਿਥੇ ਵਧੀਆ ਪੱਤਰਕਾਰ ਹੈ ਉਥੇ ਵਧੀਆ ਲੇਖਕ ਹੋਣ ਦੇ ਨਾਲ ਨਾਲ ਮਿਲਣਸਾਰ ਇਨਸਾਨ ਹੈ। ਉਹ ਛੋਟੀ ਜਿਹੀ ਉਮਰ ਵਿੱਚ ਵਿਦੇਸ਼ ਚਲਾ ਗਿਆ ਜਿਥੇ ਜਾਕੇ ਉਸਨੇ ਆਪਣੇ ਇੱਧਰ ਰਹਿੰਦੇ ਬਾਵਾ ਵਰਗੇ ਦੋਸਤਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਉਹਨਾਂ ਨਾਲੋ ਵੀ ਆਪਣੀਆਂ ਲਿਖਤਾਂ ਨਾਲ ਨਿਵੇਕਲੀ ਪਹਿਚਾਣ ਬਣਾ ਲਈ ਹੈ। ਉਹ ਜਿਥੇ ਅਮਰੀਕਾ ਵਰਗੇ ਦੇਸ਼ ਵਿੱਚ ਰਹਿਕੇ ਉਥੇ ਸਭ ਤੋ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਪੇਪਰ ‘ ਦਾ ਟਾਈਮਜ਼ ਆਫ ਪੰਜਾਬ’ ਨਿਰੰਤਰ ਕੱਢ ਰਿਹਾ ਹੈ ਉਥੇ ਉਸਨੇ ਪੰਜਾਬੀ ਸਾਹਿਤ ਨੂੰ ਦੋ ਸਾਂਭਣਯੋਗ ਪੁਸਤਕਾਂ ਦੇ ਕੇ ਪੰਜਾਬੀ ਭਾਸ਼ਾ , ਸਾਹਿਤ ਅਤੇ ਪੱਤਰਕਾਰੀ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ ਕਵੀ ਪਰਮਜੀਤ ਪੰਮੀ ਅਤੇ ਬੱਗਾ ਸਿੰਘ ਚਿੱਤਰਕਾਰ ਹੁਰਾਂ ਆਖਿਆ ਕਿ ਬੈਸ ਪਿਛਲੇ ਕਈ ਵਰ੍ਰਿਆਂ ਤੋ ਵਿਦੇਸ਼ ਵਿੱਚ ਰਹਿ ਰਿਹਾ ਹੈ ਤੇ ਉਹ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਪੂਰਾ ਵਫਾਦਾਰ ਹੈ। ਇਸ ਮੌਕੇ ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜਾ ’ ਰਿਲੀਜ ਕੀਤੀ ਗਈ। ਲੋਕ ਕਵੀ ਪਰਮਜੀਤ ਪੰਮੀ ਖੁਸ਼ਹਾਲਪੁਰ ਨੇ ਆਪਣੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਮਹਿਫਲ ਵਿੱਚ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਹਾਜ਼ਰ ਸ਼ਾਇਰਾਂ ਅਤੇ ਪੱਤਰਕਾਰਾਂ ਨੂੰ ਸਤਨਾਜ ਪੁਸਤਕ ਭੇਟਾ ਕਰਕੇ ਸਭਾ ਵਲੋ ਸਨਮਾਨਿਆਂ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਕੁਲਵਿੰਦਰ ਕੌਰ ਆਰਟਿਸਟ, ਐਡਵੋਕੇਟ ਰਮੇਸ਼ ਅਜ਼ਾਦ ਬਡੇਸਰੋ, ਬੱਗਾ ਸਿੰਘ ਆਰਟਿਸਟ, ਬਲਜਿੰਦਰ ਮਾਨ, ਗੁਰਦੇਵ ਸਿੰਘ ਚੱਕ ਕਟਾਰੂ, ਸਰਵਣ ਰਾਮ ਭਾਟੀਆ, ਹਰਵਿੰਦਰ ਸਿੰਘ ਕਲੇਵਾਲ ਭਗਤਾਂ, ਜਗਤਾਰ ਸਿੰਘ ਬਾਹੋਵਾਲ, ਹਰਵਿੰਦਰ ਸਿੰਘ ਕਾਂਟੀ, ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ , ਐਡਵੋਕੇਟ ਸਤਨਾਮ ਸਿੰਘ ਬੀੜਾ, ਨਿਰਮਲ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਿੰਮੀ ਹੁਸ਼ਿਆਰਪੁਰੀ ਅਤੇ ਗਾਇਕ ਜਿੰਦਰ ਪੈਟਰ ਅਤੇ ਸਰਬਜੋਤ ਸਾਬ੍ਹੀ ਹਾਜ਼ਰ ਸਨ।

ਰੈਸ਼ਨੇਲਾਈਜ਼ੇਸ਼ਨ ਨੀਤੀ ਵਿਰੁੱਧ ਅਧਿਆਪਕਾਂ ਵਿਚ ਰੋਸ

ਤਲਵਾੜਾ,24 ਅਗਸਤ : ਪੰਜਾਬ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀਂ ਲਾਗੂ ਕੀਤੀ ਨਵੀਂ ਰੈਸ਼ਨੇਲਾਈਜ਼ੇਸ਼ਨ ਨੀਤੀ ਦੇ ਵਿਰੋਧ ਵਿੱਚ ਅੱਜ ਸਥਾਨਕ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਬੀ. ਐਡ.ਅਧਿਆਪਕ ਫ਼ਰੰਟ ਪੰਜਾਬ ਇਕਾਈ ਤਲਵਾੜਾ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਕਮੇਟੀ ਮੈਂਬਰ ਵਰਿੰਦਰ ਵਿੱਕੀ ਦੀ ਅਗਵਾਈ ਹੇਠ  ਹੋਈ । ਜਿਸ ਵਿੱਚ ਇਕਾਈ ਤਲਵਾੜਾ ਦੇ ਸਮੂਹ ਅਧਿਆਪਕਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਇਆਂ ਸੂਬਾਈ ਆਗੂ ਵਰਿੰਦਰ ਵਿੱਕੀ ਨੇ ਕਿਹਾ ਕਿ ਸਰਕਾਰ ਸਿੱਖਿਆ ਵਿਭਾਗ ਵਿੱਚ ਨਿੱਤ ਨਵੇਂ ਤਜ਼ੁਰਬੇ ਕਰ ਜਿੱਥੇ ਅਧਿਆਪਕਾਂ  ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੀ ਹੈ । ਉੱਥੇ ਨਾਲ ਹੀ ਸਕੂਲੀ ਬੱਚਿਆਂ ਨੂੰ ਵੀ ਵਿੱਦਿਆ ਵਿਹੁਣੇ ਕਰ  ਰਹੀ ਹੈ। ਪਹਿਲਾਂ ਜਿੱਥੇ 61 ਵਿਦਿਆਰਥੀਆਂ ਤੇ ਤਿੰਨ ਅਧਿਆਪਕ ਸਨ ਹੁੱਣ ਉੱਥੇ 68 ਵਿਦਿਆਰਥੀਆਂ ਤੇ ਤੀਜਾ  ਅਧਿਆਪਕ ਦੇ ਕੇ ਜਿੱਥੇ ਸਰਕਾਰ ਨੇ ਆਪਣਾ ਸਿੱਖਿਆ ਮਾਰੂ ਰਵੱਇਆ ਜ਼ਾਹਿਰ ਕੀਤਾ ਹੈ, ਨਾਲ ਹੀ ਸਿੱਖਿਆ ਅਧਿਕਾਰ ਐਕਟ ਦੀਆਂ ਧੱਜੀਆਂ ਉਡਾਈਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਇਸ ਐਕਟ ਤਹਿਤ 30 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਲਾਜ਼ਮੀ ਹੈ। ਇਸ ਮੌਕੇ ਤੇ ਉਚੇਚੇ ਤੌਰਤੇ ਮੀਟਿੰਗ ‘ਚ ਪਹੁੰਚੇ ਸੂਬਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਨੂੰ ਨਿੱਜੀ ਹੱਥਾਂ ‘ਚ ਦੇਣ ਦੇ ਮਨੋਰਥ ਸਦਕਾ ਅਧਿਆਪਕਾਂ ਨੂੰ ਸਕੂਲਾਂ ਚੋਂ ਬਾਹਰ ਕੱਢ ਰਹੀ ਹੈ। ਜਦਕਿ ਕੋਠਾਰੀ ਕਮਿਸ਼ਨ ਦੇ ਅਨੁਸਾਰ ਇੱਕ ਜਮਾਤ ਲਈ ਇੱਕ ਅਧਿਆਪਕ ਜਰੂਰੀ ਚਾਹੀਦਾ ਹੈ। ਪਰ ਇਸ ਰੈਸ਼ਨੇਲਾਈਜੇਸ਼ਨ ਦੀ ਨਵੀਂ ਨੀਤੀ ਨਾਲ ਪ੍ਰਾਇਮਰੀ ਤੇ ਸੈਕੰਡਰੀ ਵਿਭਾਗ ਵਿੱਚ ਲੱਗਭਗ 24 ਹਜ਼ਾਰ ਅਧਿਆਪਕ ਸਰਪਲੱਸ ਹੋਣਗੇ । ਜਿਸ ਨਾਲ ਰੁਜ਼ਗਾਰ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ  ਦੀਆਂ ਆਸਾਂ ਨੂੰ ਵੀ ਬੂਰ ਨਹੀਂ ਪਵੇਗਾ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਵੀਂ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਇੱਕ ਮੰਚ ਤੇ ਇੱਕਠੇ ਹੋ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੁਰਮਾਨ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਤੇ ਸ਼ਸ਼ੀਕਾਂਤ , ਅਮਰਿੰਦਰ ਢਿੱਲੋਂ,ਯਾਦਵਿੰਦਰ, ਸੱਤਪ੍ਰਕਾਸ਼, ਸੁਰਿੰਦਰ ਸਿੰਗਲਾ, ਨਰੇਸ਼ ਮਿੱਡਾ, ਰਘੁਵੀਰ ਸਿੰਘ ਧਰਵਾਲ, ਜਗਦੀਪ ਸਿੰਘ ਧਰਵਾਲ, ਪ੍ਰਵੀਨ ਰਜਵਾਲ, ਗੁਰਦੀਪ ਕੁਮਾਰ ਨਾਜ਼ੀ, ਗੁਰਪਾਲ ਸਿੰਘ ਹੈਪਾ ਆਦਿ ਅਧਿਆਪਕ ਹਾਜ਼ਰ ਸਨ।

ਪੰਜਾਬ ਵਿਚ 40 ਕਰੋੜ ਪੌਦੇ ਲਾਉਣ ਦਾ ਟੀਚਾ : ਜਿਆਣੀ

ਹੁਸ਼ਿਆਰਪੁਰ, 24 ਅਗਸਤ: ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਮਨੋਰਥ ਨਾਲ ਅਗਲੇ 8 ਸਾਲਾਂ ਵਿੱਚ ਸੂਬੇ ਵਿੱਚ 40 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਸਰਕਾਰ ਵੱਲੋਂ ਗਰੀਨਿੰਗ ਪੰਜਾਬ ਫੰਡ ਦੀ ਵਿਵਸਥਾ ਕੀਤੀ ਗਈ ਹੈ। ਇਹ ਜਾਣਕਾਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਗਰੀਨਿੰਗ ਪੰਜਾਬ ਮਿਸ਼ਨ ਤਹਿਤ ਦਾਣਾ ਮੰਡੀ ਸੈਲਾਖੁਰਾਦ ਵਿਖੇ ਪਿੰਡਾਂ ਅਤੇ ਕਸਬਿਆਂ ਦੀਆਂ ਖਾਲੀ ਥਾਵਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ, ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਜਿਨ੍ਹਾਂ ਵਿੱਚ ਸਕੂਲ,ਕਾਲਜ, ਹਸਪਤਾਲ, ਸਰਕਾਰੀ ਦਫ਼ਤਰ, ਕੰਪਲੈਕਸ ਰਿਹਾਇਸ਼ੀ, ਕਲੌਨੀਆਂ, ਗੁਰਦੁਆਰਾ, ਮੰਦਰ, ਮਸਜਿਦ, ਧਾਰਮਿਕ ਡੇਰਿਆਂ ਦੀਆਂ ਜਮੀਨਾਂ, ਪਿੰਡਾਂ ਵਿੱਚ ਪੰਚਾਇਤੀ ਸਾਂਝੇ ਰਕਬਿਆਂ, ਫਿਰਨੀਆਂ, ਸ਼ਮਸ਼ਾਨਘਾਟ, ਹੱਡਾ ਰੋੜੀਆਂ, ਜਿੰਮੀਦਾਰਾਂ ਦੇ ਖੇਤ, ਪ੍ਰਾਇਵੇਟ ਮਾਲਕਾਂ ਦੇ ਘਰਾਂ ਦੇ ਵਿਹੜਿਆ, ਹਵੇਲੀਆਂ ਆਦਿ ਸਾਰੀਆਂ, ਉਪਲਬੱਧ ਥਾਵਾਂ ਵਿੱਚ ਪੰਜਾਬ ਨੂੰ ਹਰਾ-ਭਰਾ ਕਰਨ ਲਈ ਪਲਾਂਟੇਸ਼ਨ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ।
        ਵਣ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਮੁਹਿੰਮ ਦੀ ਸਖਤ ਲੋੜ ਹੈ ਕਿਉਂਕਿ ਭਾਰੀ ਵਾਹਨਾਂ ਅਤੇ ਸਨਅੱਤੀਕਰਨ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਦਰਿਆਵਾਂ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਵਿੱਚ ਪਹੁੰਚ ਗਿਆ ਹੈ।  ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਮਿੱਟੀ ਵੀ ਪ੍ਰਦੂਸ਼ਤ ਹੋ ਗਈ ਹੈ।  ਸੇਮ ਅਤੇ ਵੱਧ ਰਹੇ ਸ਼ੋਰੇ ਕਾਰਨ ਵੀ ਪੰਜਾਬ ਵਿੱਚ ਪ੍ਰਦੂਸ਼ਿਤ ਵਾਤਾਵਰਣ ਦੀ ਸਮੱਸਿਆ ਵਧੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਘਟਾਉਣ ਅਤੇ ਮੌਸਮ ਵਿੱਚ ਸਥਿਰਤਾ ਲਈ ਦਰਖੱਤ ਅਤੇ ਜੰਗਲ ਅਹਿਮ ਰੋਲ ਨਿਭਾ ਸਕਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੰਗਲਾਂ ਹੇਠਲਾ ਰਕਬਾ ਰਕਬਾ ਸਿਰਫ਼ 7 ਪ੍ਰਤੀਸ਼ਤ ਰਹਿ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਜੰਗਲਾਤਾਂ ਦਾ ਰਕਬਾ ਵਧਾ ਕੇ 15 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ।  ਅੱਜ ਦੀ ਮੁਹਿੰਮ ਵਿੱਚ ਵਣ ਮੰਤਰੀ ਪੰਜਾਬ ਵੱਲੋਂ ਸੈਲਾ ਖੁਰਦ ਵਿਖੇ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਦਾਣਾ ਮੰਡੀ, ਸਰਕਾਰੀ ਸਕੂਲ, ਵਾਟਰ ਵਰਕਸ, ਟੋਭਾ, ਸ਼ਮਸ਼ਾਨਘਾਟ, ਆਦਿ ਥਾਵਾਂ ਤੇ 7000 ਤੋਂ ਵੱਧ ਪੌਦੇ ਲਗਾਏ ਗਏ। ਇਸ ਮੁਹਿੰਮ ਤਹਿਤ ਕੁਆਟਮ ਪੇਪਰ ਸੈਲਾ ਖੁਰਦ ਦੀ ਮੈਨੇਜਮੈਂਟ ਵੱਲੋਂ 14500 ਤੋਂ ਵੱਧ ਪੌਦੇ ਲਗਾਏ ਗਏ। ਇਸ ਮੌਕੇ ਤੇ ਜੰਗਲਾਤ ਵਿਭਾਗ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
        ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਮਾਜ ਦੇ ਹਰੇਕ ਵਿਅਕਤੀ ਨੂੰ ਉਸ ਦੀ ਜਿੰਮੇਵਾਰੀ ਦਾ ਅਹਿਸਾਸ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਹਰੇਕ ਵਿਅਕਤੀ ਰੁੱਖ ਲਗਾਉਣਾ ਆਪਣੀ ਨੈਤਿਕ ਜਿੰਮੇਵਾਰੀ ਸਮਝੇ ਅਤੇ ਰੁੱਖ ਲਗਾਉਣ ਨੂੰ ਬੱਚੇ ਦੇ ਜਨਮ ਨਾਲ ਇੱਕ ਸਮਾਜਿਕ ਰਸਮ ਵਜੋਂ ਨਿਭਾਉਣ ਦੀ ਰੀਤ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਉਜਵੱਲ ਭਵਿੱਖ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਇਸ ਮੁਹਿੰਮ ਦੀ ਅਗਵਾਈ ਕਰਨ ਲਈ ਕਿਹਾ।  ਡਿਪਟੀ ਕਮਿਸ਼ਨਰ ਨੇ ਇਹ ਵੀ ਭਰੋਸਾ ਦਿੱਤਾ ਕਿ ਹਰਿਆਵਲ ਮੁਹਿੰਮ ਤਹਿਤ ਲਗਾਏ ਗੲ ਪੌਦਿਆਂ ਦੀ ਸਾਂਭ-ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
        ਸ੍ਰੀ ਜਤਿੰਦਰ ਸ਼ਰਮਾ ਮੁੱਖ ਵਣ ਪਾਲ ਰੇਂਜ, ਸ੍ਰੀ ਡੀ ਵੀ ਰਤਨਾ ਕੁਮਾਰ ਵਣ ਪਾਲ ਸ਼ਿਵਾਲਿਕ ਸਰਕਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਦੇ ਪੰਚਾਂ-ਸਰਪੰਚਾਂ, ਪਤਵੰਤੇ ਸੱਜਣਾਂ, ਸੈਲਫ ਹੈਲਪ ਗਰੁੱਪ, ਐਕਸ ਸਰਵਿਸਮੈਨ, ਰੋਟਰੀ ਕਲੱਬਾਂ ਅਤੇ ਕਿਸਾਨ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਦੇ ਮੁੱਖੀਆਂ ਦੀ ਮੱਦਦ ਨਾਲ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਪੌਦੇ ਲਗਾਉਣ ਦੀ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨਗੇ । ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ ਵਿੱਚ ਬੋਹੜ, ਨਿੰਮ ਅਤੇ ਪਿੱਪਲ ਦੀਆਂ ਤ੍ਰਿਵੇਣੀਆਂ ਲਗਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਇਹ ਮੁਹਿੰਮ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿੱਚ ਵਣ ਰਕਬੇ ਨੁੰ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ ਅਤੇ ਕੁਦਰਤੀ ਵਾਤਾਵਰਣ ਦੇ ਸੰਤੁਲਨ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ।
        ਇਸ ਮੌਕੇ ਤੇ ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਵਣ ਮੰਡਲ ਅਫ਼ਸਰ ਗੜ੍ਹਸੰਕਰ ਸੁਰਜੀਤ ਸਿੰਘ ਗਿੱਲ, ਵਣ ਮੰਡਲ ਹੁਸਿਆਰਪੁਰ ਦੇਵ ਰਾਜ,  ਵਣ ਮੰਡਲ ਅਫ਼ਸਰ ਜੰਗਲੀ ਜੀਵ ਸਤਨਾਮ, ਕੁਲਬੀਰ ਸਿੰਘ ਭੂਲੇਵਾਲ ਰਾਠਾਂ, ਗਿਆਨ ਸਿੰਘ ਮਾਨ, ਅਵਤਾਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਮਾਨ ਨੇ ਬਾਖੂਬੀ ਨਿਭਾਈ।

ਹੋਣਹਾਰ ਵਿਦਿਆਰਥੀ ਸਨਮਾਨਿਤ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਹਿ ਵਿੱਦਿਅਕ ਮੁਕਾਬਲੇ ਵਿਚ ਸ਼ਬਦ ਅਤੇ ਲੋਕ ਗੀਤ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਹੈਡਮਾਸਟਰ ਰਜਿੰਦਰ ਪ੍ਰਸ਼ਾਦ ਸ਼ਰਮਾ ਤੇ ਅਧਿਆਪਕ।

ਅਪੰਗ ਵਿਅਕਤੀਆਂ ਦੀ ਸ਼ਨਾਖ਼ਤ ਲਈ ਵਿਸ਼ੇਸ਼ ਕੈਂਪ ਲਗਾਇਆ

ਹੁਸ਼ਿਆਰਪੁਰ, 23 ਅਗਸਤ:  ਸਰੀਰਕ ਤੌਰ ਤੇ ਅਪੰਗ ਵਿਅਕਤੀ ਸਮਾਜ ਦਾ ਇੱਕ ਅਹਿਮ ਅੰਗ ਹਨ ਅਤੇ ਇਨ੍ਹਾ ਦੀਆਂ ਵਿਸ਼ੇਸ਼ ਲੋੜਾਂ ਦੀ ਪੂਰਤੀ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੂਰ-ਦੁਰੇਡੇ ਪਿੰਡਾਂ ਦੇ ਅਜਿਹੇ ਲੋਕਾਂ ਨੂੰ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰ: ਦੀਪਇੰਦਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਪੰਡਤ ਦੀਨ ਦਿਆਲ ਉਪਾਧਿਆਏ ਸਮਾਜਿਕ ਨਿਆਏ ਅਤੇ ਇੰਪਾਵਰਮੈਂਟ ਮੰਤਰਾਲਿਆ ਭਾਰਤ ਸਰਕਾਰ ਦੇ ਸਹਿਯੋਗ ਨਾਲ ਅੱਜ ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਵਿਖੇ ਅਪੰਗ ਵਿਅਕਤੀਆਂ ਲਈ ਲਗਾਏ ਗਏ ਇੱਕ ਵਿਸੇਸ਼ ਸ਼ਨਾਖਤੀ ਕੈਂਪ ਦਾ ਉਦਘਾਟਨ ਕਰਨ ਉਪਰੰਤ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਭੁਪਿੰਦਰ ਜੀਤ ਸਿੰਘ, ਪ੍ਰਿੰਸੀਪਲ ਜਗਤ ਰਾਮ ਪੌਲੀਟੈਕਨਿਕ ਕਾਲਜ ਰਚਨਾ ਕੌਰ, ਪ੍ਰੋ: ਬਹਾਦਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਇਸ ਮੌਕੇ ਤੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਹੋਰ ਸਰੀਰਕ ਲੋੜਾਂ ਬਾਰੇ ਬਨਾਵਟੀ ਅੰਗ ਦੇਣ ਸਬੰਧੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ ਅਤੇ ਸਮੇਂ-ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਅੰਗਹੀਣ ਅਤੇ ਅਪੰਗ ਵਿਅਕਤੀਆਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਪੋਲੀਓ ਰੋਗੀਆਂ ਨੂੰ ਮੁਫ਼ਤ ਕੈਲੀਪਰ, ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ, ਟਰਾਈ-ਸਾਈਕਲ, ਵੀਲ ਚੇਅਰਜ਼ ਦੇਣ ਹਿੱਤ ਸਰੀਰਕ ਅੰਗਾਂ ਦਾ ਮਾਪ ਅਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਅੰਗਹੀਣ ਸਰਟੀਫਿਕੇਟ ਅਤੇ ਬਸ ਪਾਸ ਵੀ ਜਾਰੀ ਕੀਤੇ ਗਏ ਹਨ।
         ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸ਼ਨਾਖਤੀ ਕੈਂਪ ਵਿੱਚ 17 ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣ ਸਬੰਧੀ ਸ਼ਨਾਖਤ ਕੀਤੀ ਗਈ, 14 ਵਿਅਕਤੀਆਂ ਨੂੰ ਵੀਲ੍ਹ ਚੇਅਰਜ ਦੇਣ, 35 ਅੰਗਹੀਣਾਂ ਨੂੰ ਬਨਾਵਟੀ ਅੰਗ ਲਗਾਉਣ ਸਬੰਧੀ, 6 ਵਿਅਕਤੀਆਂ ਕਰਚਿਜ਼, 22 ਅੰਗਹੀਣਾਂ ਦੇ ਪੈਨਸ਼ਨ ਕੇਸ, 36 ਅੰਗਹੀਣਤਾ ਸਰਟੀਫਿਕੇਟ, 16 ਵਿਅਕਤੀਆਂ ਦੇ ਨਾਮ ਰੋਜ਼ਗਾਰ ਲਈ ਦਰਜ ਕਰਨ, 43 ਵਿਅਕਤੀਆਂ ਦੇ ਬਸ ਅਤੇ ਰੇਲਵੇ ਪਾਸ, 5 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਲਗਾਉਣ ਸਬੰਧੀ ਸ਼ਨਾਖਤ ਕੀਤੀ ਗਈ। ਇਸ ਤੋਂ ਇਲਾਵਾ ਰੋਜ਼ਗਾਰ ਵਿਭਾਗ ਵੱਲੋਂ ਲਗਾਈ ਗਈ ਗਾਈਡੈਂਸ ਪ੍ਰਦਰਸ਼ਨੀ ਵਿੱਚ 42 ਅੰਗਹੀਣਾਂ ਨੂੰ ਵੋਕੇਸ਼ਨਲ ਗਾਈਡੈਂਸ ਅਤੇ 16 ਨੂੰ ਰਜਿਸਟਰੇਸ਼ਨ ਸਬੰਧੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦਾ ਸ਼ਨਾਖਤੀ ਕੈਂਪ 24 ਅਗਸਤ 2012 ਨੂੰ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ ਵਿਖੇ ਵੀ ਲਗਾਇਆ ਜਾ ਰਿਹਾ ਹੈ।
        ਅੱਜ ਦੇ ਸ਼ਨਾਖਤੀ ਕੈਂਪ ਵਿੱਚ ਅਰਥੋ ਸਰਜਨ, ਮੈਡੀਕਲ ਸਪੈਸ਼ਲਿਸਟ, ਅੱਖਾਂ, ਕੰਨ ਅਤੇ ਨੱਕ, ਬਨਾਵਟੀ ਅੰਗਾਂ ਨੁੰ ਤਿਆਰ ਕਰਨ ਲਈ ਵਿਸ਼ੇਸ਼ ਮਾਹਿਰਾਂ ਵੱਲੋਂ ਸ਼ਨਾਖਤ ਕੀਤੀ ਗਈ।

ਸਾਰੇ ਬਾਲਗ ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਬਣਾਏ ਜਾਣ : ਕੁਸਮਜੀਤ ਸਿੱਧੂ

ਹੁਸ਼ਿਆਰਪੁਰ, 23 ਅਗਸਤ: ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ  ਕੁਸਮਜੀਤ ਸਿੱਧੂ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ, ਡਿਪਟੀ ਕਮਿਸ਼ਨਰ ਨਵਾਂਸ਼ਹਿਰ ਤਨੂ ਕਸ਼ਅਪ, ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਅਤੇ ਦੋਵਾਂ ਜ਼ਿਲ੍ਹਿਆਂ ਦੇ ਸਮੂਹ  ਚੋਣ ਰਜਿਸਟਰੇਸ਼ਨ ਅਫ਼ਸਰ ਅਤੇ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
        ਮੁੱਖ ਚੋਣ ਅਧਿਕਾਰੀ ਮੈਡਮ ਸਿੱਧੂ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਬਾਲਗਾਂ ਦੇ ਫੋਟੋ ਸ਼ਨਾਖਤੀ ਕਾਰਡ 100 ਫੀਸਦੀ ਬਣਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਯੋਗਤਾ ਮਿਤੀ 1-1-2013 ਦੇ ਆਧਾਰ ਤੇ ਸਮੂਹ ਬਾਲਗਾਂ ਦੀਆਂ ਵੋਟਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ  18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ/ਵਿਦਿਆਰਥਣਾਂ ਦੀਆਂ ਨਵੀਆਂ ਵੋਟਾਂ ਬਣਾਉਣ ਲਈ ਸਕੂਲਾਂ ਅਤੇ ਕਾਲਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਚੋਣ ਪ੍ਰਕ੍ਰਿਆ ਵਿੱਚ ਹਿੱਸਾ ਪਾਉਣ ਦਾ ਮੌਕਾ ਮਿਲ ਸਕੇ। ਮੈਡਮ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਜ਼ਦੂਰਾਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਘਰਾਂ ਦੀ ਥਾਂ ਕੰਮਾਂ ਵਾਲੇ ਸਥਾਨਾਂ ਤੇ ਪਹੁੰਚ ਕਰਨ। ਇਸੇ ਤਰਾਂ ਫੌਜ ਅਤੇ ਪੁਲਿਸ ਕਰਮਚਾਰੀਆਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਵੀ ਜ਼ਿਲ੍ਹੇ ਦੇ ਸਬੰਧਤ ਅਧਿਕਾਰੀ ਤੋਂ ਸੂਚੀਆਂ ਮੰਗਵਾ ਕੇ ਪੂਰੀ ਕੀਤੀ ਜਾਵੇ ਅਤੇ ਜੋ ਫੌਜੀ ਨੌਕਰੀ ਪੂਰੀ ਕਰਕੇ ਆ ਗਏ ਹਨ, ਉਨ੍ਹਾਂ ਦੀਆਂ ਵੋਟਾਂ ਉਨ੍ਹਾਂ ਦੀਆਂ ਰਿਹਾਇਸ਼ੀ ਥਾਵਾਂ ਤੇ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਵੋਟ ਦੇ ਯੋਗ ਪ੍ਰਵਾਸੀ ਭਾਰਤੀਆਂ ਦੀਆਂ ਵੋਟਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕਰਕੇ ਅਸਥਾਈ ਤੌਰ ਤੇ ਬਾਹਰ ਰਹਿੰਦੇ ਵੋਟਰਾਂ ਦੀ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਜੋ ਉਹ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਉਨ੍ਹਾਂ ਨੇ ਅਧਿਕਾਰੀਆਂ ਨੁੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮੇਂ ਵਿੱਚ ਐਪਿਕ ਕਾਰਡ ਬਣਾਉਣ ਦੇ ਕੰਮ ਨੂੰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਵੋਟਰ ਸੂਚੀਆਂ ਮੁਤਾਬਕ ਸ਼ਨਾਖਤੀ ਕਾਰਡਾਂ ਦਾ ਕੰਮ ਮੁਕੰਮਲ ਕੀਤਾ ਜਾਵੇ ਤਾਂ ਜੋ ਨਵੇਂ ਰਜਿਸਟਰਡ ਹੋਣ ਵਾਲੇ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਤਿਆਰ ਹੋ ਸਕਣ।
        ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਮੁੱਖ ਚੋਣ ਅਫ਼ਸਰ ਨੂੰ ਭਰੋਸਾ ਦੁਆਇਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਲਈ ਸਕੂਲਾਂ- ਕਾਲਜਾਂ ਵਿੱਚ ਪਹੁੰਚ ਕਰਕੇ 18 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਬਾਲਗ ਵੋਟਰਾਂ ਦੀ ਰਜਿਸਟਰੇਸ਼ਨ ਲਈ ਅਦਾਰਿਆਂ ਦੇ ਮੁੱਖੀਆਂ ਰਾਹੀਂ ਸਾਰੀ ਪ੍ਰਕ੍ਰਿਆ ਮੁਕੰਮਲ ਕੀਤੀ ਜਾਵੇਗੀ।  ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 99.95 ਪ੍ਰਤੀਸ਼ਤ ਵੋਟਰ ਸ਼ਨਾਖਤੀ ਕਾਰਡਾਂ ਅਤੇ 99.92 ਪ੍ਰਤੀਸ਼ਤ ਫੋਟੋ ਵਾਲੀਆਂ ਵੋਟਰ ਸੂਚੀਆਂ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ 100 ਪ੍ਰਤੀਸ਼ਤ ਟੀਚਾ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ ਕੁਲ 10,65,112 ਵੋਟਰ ਹਨ ਜਿਨ੍ਹਾਂ ਵਿੱਚ 5,46,632 ਪੁਰਸ਼ ਅਤੇ 5,18,480 ਮਹਿਲਾ ਵੋਟਰ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿੱਚ ਵੋਟਰ ਸ਼ਨਾਖਤੀ ਕਾਰਡਾਂ ਦਾ 100 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਹੈ ਜਦਕਿ ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ 99.93 ਪ੍ਰਤੀਸ਼ਤ, ਦਸੂਹਾ ਵਿੱਚ 99.97, ਉੜਮੁੜ ਵਿੱਚ 99.93, ਸ਼ਾਮਚੁਰਾਸੀ ਵਿੱਚ 99.91, ਹੁਸ਼ਿਆਰਪੁਰ ਵਿੱਚ 99.96 ਅਤੇ ਚੱਬੇਵਾਲ ਵਿੱਚ 99.98 ਪ੍ਰਤੀਸ਼ਤ ਵੋਟਰ ਸ਼ਨਾਖਤੀ ਕਾਰਡ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)