-ਜਿਆਣੀ ਨੇ ਗਣਤੰਤਰ ਦਿਵਸ 'ਤੇ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਦਿੱਤਾ ਸੰਦੇਸ਼
-ਕੈਬਨਿਟ ਮੰਤਰੀ ਵਲੋਂ ਵਿਦਿਅਕ ਅਦਾਰਿਆਂ 'ਚ 27 ਜਨਵਰੀ ਨੂੰ ਛੁੱਟੀ ਦਾ ਐਲਾਨ
ਹੁਸ਼ਿਆਰਪੁਰ, 26 ਜਨਵਰੀ: ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਹੁਸ਼ਿਆਰਪੁਰ ਵਿਖੇ ਕੌਮੀ ਤਿਰੰਗਾ ਲਹਿਰਾਉਣ ਤੋਂ ਬਾਅਦ ਜ਼ਿਲ੍ਹਾ ਵਾਸੀਆਂ ਨੂੰ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸਾਨੂੰ ਅੱਜ ਦਾ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਹੈ, ਇਸ ਲਈ ਨੌਜਵਾਨ ਪੀੜ੍ਹੀ ਨੂੰ ਇਹ ਕੁਰਬਾਨੀਆਂ ਹਮੇਸ਼ਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਅਤੇ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਸਾਡਾ ਦੇਸ਼ ਪੂਰੀ ਤਰ੍ਹਾਂ ਨਾਲ ਗਣਰਾਜ ਬਣਿਆ।
ਸ੍ਰੀ ਜਿਆਣੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਸਹੂਲਤ ਦਿੰਦਿਆਂ ਕੈਸ਼ਲੈਸ ਬੀਮਾ ਸਕੀਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਸਕੀਮ ਤਹਿਤ 3 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ 9 ਸਾਲਾਂ ਤੋਂ ਅਥਾਹ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਸਹੂਲਤਾਂ ਉਪਲਬੱਧ ਕਰਾਉਣ ਲਈ ਕਈ ਅਹਿਮ ਕਦਮ ਪੁਟੇ ਗਏ ਹਨ। ਪੰਜਾਬ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਹਰ ਪੱਖ ਤੋਂ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਰਾਜ ਵਿੱਚ ਬਿਜਲੀ ਬਾਕੀ ਰਾਜਾਂ ਦੇ ਮੁਕਾਬਲੇ ਸਰਪਲੱਸ ਹੋ ਗਈ ਹੈ ਅਤੇ ਅੱਜ ਰਾਜ ਦਾ ਕੋਈ ਕਸਬਾ ਜਾਂ ਸ਼ਹਿਰ ਐਸਾ ਨਹੀਂ ਹੈ ਜਿਥੇ 24 ਘੰਟੇ ਬਿਜਲੀ ਦੀ ਸਪਲਾਈ ਨਾ ਹੋਵੇ। ਰਾਜ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਕਈ 4 ਅਤੇ 6 ਮਾਰਗੀ ਵੱਡੇ ਸੜਕੀ ਪ੍ਰੋਜੈਕਟ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ਵਿੱਚ ਸੇਮ ਦੀ ਸਮੱਸਿਆ ਤੋਂ ਵੀ ਇਲਾਕਾ ਵਾਸੀਆਂ ਨੂੰ ਨਿਜ਼ਾਤ ਦੁਆਈ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉਪਲਬੱਧ ਕਰਾਉਣ ਲਈ ਰਾਜ ਵਿੱਚ ਨੌਜਵਾਨਾਂ ਲਈ ਕਰੀਬ ਡੇਢ ਲੱਖ ਸਰਕਾਰੀ ਨੌਕਰੀਆਂ ਖੋਲ੍ਹ ਦਿੱਤੀਆਂ ਗਈਆਂ ਅਤੇ ਭਰਤੀ ਪ੍ਰਕ੍ਰਿਆ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਸਕਿੱਲ ਡਿਵਲੈਪਮੈਂਟ ਸੈਂਟਰ ਵੀ ਖੋਲ੍ਹੇ ਗਏ ਹਨ, ਤਾਂ ਜੋ ਉਹ ਹੁਨਰ ਹਾਸਲ ਕਰਕੇ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਸਕਣ। ਉਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ ਅਤੇ ਆਪਣੇ ਰੋਜ਼ਾਨਾ ਖਾਣ-ਪੀਣ ਨੂੰ ਬੇਹਤਰ ਬਣਾਉਣ ਲਈ ਕਿਹਾ।
ਗਣਤੰਤਰਤਾ ਦਿਵਸ ਦੀ 67ਵੀਂ ਵਰ੍ਹੇਗੰਢ 'ਤੇ ਅੱਜ ਪੁਲੀਸ ਗਰਾਉਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਰੋਹ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਅਦਾ ਕੀਤੀ। ਇਸ ਉਪਰੰਤ ਉਨ੍ਹਾਂ ਵਲੋਂ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਅਤੇ ਐਸ.ਐਸ.ਪੀ. ਸ੍ਰੀਮਤੀ ਧਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਸਨ। ਪੰਜਾਬ ਪੁਲੀਸ, ਪੀ.ਆਰ.ਟੀ.ਸੀ. ਜਹਾਨਖੇਲਾਂ, ਹੋਮਗਾਰਡਜ਼, ਐਨ.ਸੀ.ਸੀ., ਗਰਲਜ਼ ਗਾਈਡਜ਼ ਅਤੇ ਸਕਾਊਟਸ ਦੀਆਂ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਵੀ ਕੀਤਾ ਗਿਆ। ਇਸ ਉਪਰੰਤ ਸਿਹਤ ਵਿਭਾਗ, ਖੇਤੀਬਾੜੀ, ਜੰਗਲਾਤ, ਉਦਯੋਗ ਕੇਂਦਰ, ਪਸ਼ੂ ਪਾਲਣ, ਮੱਛੀ ਪਾਲਣ, ਬਾਗਬਾਨੀ ਵਿਭਾਗ, ਮਿਲਕ ਪਲਾਂਟ, ਜ਼ਿਲ੍ਹਾ ਸਿੱਖਿਆ ਵਿਭਾਗ, ਭੂਮੀ ਰੱਖਿਆ ਵਿਭਾਗ, ਮਾਰਕਫੈਡ, ਸਾਂਝ ਕੇਂਦਰ ਅਤੇ ਨਗਰ ਨਿਗਮ ਵਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ।
ਇਸ ਮੌਕੇ ਕੈਬਨਿਟ ਮੰਤਰੀ ਵਲੋਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਵਿਲੱਖਣ ਪ੍ਰਾਪਤੀਆਂ ਵਾਲੀਆਂ ਵੱਖ-ਵੱਖ 36 ਸ਼ਖਸੀਅਤਾਂ ਨੂੰ ਪ੍ਰਸ਼ੰਸਾ ਪੱਤਰ ਵੀ ਸੌਂਪੇ ਗਏ। ਉਨ੍ਹਾਂ ਲੋੜਵੰਦਾਂ ਨੂੰ 4 ਵੀਲ੍ਹਚੇਅਰਜ਼, 10 ਟਰਾਈ ਸਾਈਕਲ ਅਤੇ 25 ਸਿਲਾਈ ਮਸ਼ੀਨਾਂ ਵੀ ਵੰਡੀਆਂ। ਸਮਾਰੋਹ ਦੌਰਾਨ ਸ਼ਾਨਦਾਰ ਮਾਰਚ ਪਾਸਟ ਬਦਲੇ ਪੀ.ਆਰ.ਟੀ.ਸੀ. ਜਹਾਨਖੇਲਾਂ ਦੀ ਟੁਕੜੀ ਨੂੰ ਪਹਿਲੇ ਸਥਾਨ ਵਜੋਂ ਅਤੇ ਪੰਜਾਬ ਪੁਲੀਸ ਮਹਿਲਾ ਵਿੰਗ ਦੀ ਟੁਕੜੀ ਨੂੰ ਦੂਜੇ ਸਥਾਨ ਵਜੋਂ ਵੀ ਨਿਵਾਜਿਆ ਗਿਆ। ਇਸ ਤੋਂ ਇਲਾਵਾ 13 ਵਿਭਾਗਾਂ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਗਈਆਂ ਅਤੇ ਇਨ੍ਹਾਂ ਵਿੱਚੋਂ ਸਿੱਖਿਆ ਵਿਭਾਗ ਦੀ ਝਾਕੀ ਨੂੰ ਪਹਿਲੇ ਅਤੇ ਜ਼ਿਲ੍ਹਾ ਉਦਯੋਗ ਵਿਭਾਗ ਦੀ ਝਾਕੀ ਨੂੰ ਦੂਜੇ ਸਥਾਨ 'ਤੇ ਆਉਣ 'ਤੇ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ੍ਰੀ ਜਿਆਣੀ ਨੇ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ 27 ਜਨਵਰੀ ਨੂੰ ਛੁੱਟੀ ਦਾ ਐਲਾਨ ਵੀ ਕੀਤਾ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ, ਜਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਐਸ.ਕੇ. ਅਰੋੜਾ, ਡੀ.ਆਈ.ਜੀ. ਜਲੰਧਰ ਰੇਂਜ ਸ੍ਰੀ ਸ਼ਿਵ ਕੁਮਾਰ ਵਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀ ਦਰਬਾਰਾ ਸਿੰਘ ਰੰਧਾਵਾ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ, ਸਾਬਕਾ ਐਮ.ਪੀ. ਸ੍ਰੀ ਕਮਲ ਚੌਧਰੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ:) ਸ੍ਰੀ ਜਤਿੰਦਰ ਸਿੰਘ ਮਾਣਕੂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਮੋਹਨ ਸਿੰਘ ਲੇਹਲ ਤੋਂ ਇਲਾਵਾ ਵੱਖ-ਵੱਖ ਸਿਆਸੀ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਨਿਆਇਕ, ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment