ਹੁਸ਼ਿਆਰਪੁਰ, 17 ਦਸੰਬਰ: ਪੰਜਾਬ ਸਰਕਾਰ ਵੱਲੋਂ ਲਘੂ ਉਦਯੋਗ ਕੇਂਦਰਾਂ ਅਤੇ ਫੋਕਲ ਪੁਆਇੰਟਾਂ ਤੇ ਮੁਢਲੀਆਂ ਸਹੂਲਤਾਂ ਅਤੇ ਸੜਕਾਂ ਦੇ ਨਵੀਨੀਕਰਨ ਦੇ ਕੰਮ ਤੇ 25 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚੋਂ 10 ਕਰੋੜ ਰੁਪਏ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਚੰਡੀਗੜ੍ਹ ਕੋਲ ਪਹੁੰਚ ਗਏ ਹਨ । ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ, ਉਦਯੋਗ ਅਤੇ ਕਮਰਸ ਮੰਤਰੀ ਪੰਜਾਬ ਸ੍ਰੀ ਮਨੋਰੰਜਨ ਕਾਲੀਆ ਨੇ ਉਦਯੋਗਿਕ ਕੇਂਦਰ ਫੋਕਲ ਪੁਆਇੰਟ ਹੁਸ਼ਿਆਰਪੁ ਵਿਖੇ 2 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਵ-ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਇਸ ਮੌਕੇ ਤੇ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ, ਉਪ ਚੇਅਰਮੈਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਡ ਚੰਡੀਗੜ ਸੁਖਵਿੰਦਰਪਾਲ ਸਿੰਘ ਗਰੇਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਮਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਸ੍ਰੀ ਕਾਲੀਆ ਨੇ ਇਸ ਮੌਕੇ ਤੇ ਉਦਯੋਗਪਤੀਆਂ ਅਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ 4 ਸਨਅਤੀ ਫੋਕਲ ਪੁਆਇੰਟਾਂ ਤੇ ਮੁਢਲੀਆਂ ਸਹੂਲਤਾਂ ਦੇ ਨਵੀਨੀਕਰਨ ਤੇ 12. 35 ਕਰੋੜ ਰੁਪਏ ਪਹਿਲਾਂ ਖਰਚ ਕੀਤੇ ਸਨ, 10 ਕਰੋੜ ਰੁਪਏ ਫੋਕਲ ਪੁਆਇੰਟਾਂ ਦੇ ਨਵੀਨੀਕਰਨ ਤੇ ਖਰਚ ਕੀਤੇ ਜਾ ਰਹੇ ਹਨ ਅਤੇ ਬਾਕੀ ਰਹਿੰਦੇ 15 ਕਰੋੜ ਰੁਪਏ ਵੀ ਇਸ ਵਿੱਤੀ ਸਾਲ ਵਿੱਚ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਨੂੰ ਵੀ ਵਿਕਾਸ ਕਾਰਜਾਂ ਲਈ ਵਿਸ਼ੇਸ਼ ਫੰਡ ਮੁਹੱਈਆ ਕਰਾਏ ਜਾ ਰਹੇ ਹਨ, 3 ਵੱਡੀਆਂ ਕਾਰਪੋਰੇਸ਼ਨਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਨੂੰ ਵਿਕਾਸ ਕਾਰਜਾਂ ਲਈ 100-100 ਕਰੋੜ ਰੁਪਏ ਦੀ ਗਰਾਂਟ ਦਿੱਤੀਆਂ ਜਾ ਰਹੀਆਂ ਅਤੇ ਪਟਿਆਲਾ ਤੇ ਬਠਿੰਡਾ ਦੀਆਂ ਕਾਰਪੋਰੇਸ਼ਨਾਂ ਨੁੰ 50-50 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਦੇ ਵਿਕਾਸ ਕਾਰਜਾਂ ਲਈ ਵੀ ਵਿਸ਼ੇਸ਼ ਫੰਡ ਜਾਰੀ ਕੀਤੇ ਜਾ ਰਹੇ ਹਨ ਜਿਸ ਵਿੱਚ ਏ ਕਲਾਸ ਨਗਰ ਕੌਂਸਲ ਨੂੰ 10-10 ਕਰੋੜ ਰੁਪਏ, ਬੀ ਕਲਾਸ ਨਗਰ ਕੌਂਸਲ ਨੂੰ 5-5 ਕਰੋੜ ਰੁਪਏ ਅਤੇ ਸੀ ਕਲਾਸ ਨਗਰ ਕੌਂਸਲ ਨੁੰ 3-3 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ।
ਸ੍ਰੀ ਕਾਲੀਆ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਅਤੇ ਸੀਵਰੇਜ਼ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਵਿੱਚ 100 ਫੀਸਦੀ ਸੀਵਰੇਜ਼ ਸਿਸਟਮ ਪਾਉਣ ਲਈ 102 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 44 ਨਗਰਾਂ ਅਤੇ 5 ਸ਼ਹਿਰਾਂ ਨੂੰ ਕੌਮਾਂਤਰੀ ਮਿਆਰ ਦੀਆਂ ਸਹੂਲਤਾਂ ਮੁਹੱਈਆਂ ਕਰਨ ਲਈ ਇਨ੍ਹਾਂ ਨਗਰਾਂ ਅਤੇ ਸ਼ਹਿਰਾਂ ਦੇ ਮਾਸਟਰ ਪਲਾਨ ਤਿਆਰ ਕੀਤੇ ਗਏ ਹਨ ਅਤੇ ਜਲਦੀ ਹੀ ਇਨ੍ਹਾਂ ਸ਼ਹਿਰਾਂ ਅਤੇ ਨਗਰਾਂ ਦੇ ਸਰਵਪੱਖੀ ਵਿਕਾਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 1977 ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੋਕਲ ਪੁਆਇੰਟ ਬਣਾਏ ਸਨ ਅਤੇ ਇਨ੍ਹਾਂ ਦਾ ਨਵੀਨੀਕਰਨ ਵੀ ਸਾਡੀ ਸਰਕਾਰ ਹੀ ਕਰ ਰਹੀ ਹੈ।
ਜੰਗਲਾਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਸ੍ਰੀ ਮਨੋਰੰਜਨ ਕਾਲੀਆ ਨੂੰ ਹੁਸ਼ਿਆਰਪੁਰ ਆਉਣ ਤੇ ਜੀ ਆਇਆਂ ਕਹਿੰਦਿਆਂ ਹੋਇਆਂ ਦੱਸਿਆ ਕਿ ਇਨ੍ਹਾਂ ਵੱਲੋਂ ਉਦਯੋਗਿਕ ਕੇਂਦਰ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਦਾ ਨਵੀਨੀਕਰਨ ਕਰਨ ਤੇ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਗਏ ਹਨ ਅਤੇ ਅੱਜ ਇਸ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੜਕਾਂ ਦੇ ਨਵੀਨੀਕਰਨ ਤੋਂ ਬਾਅਦ ਫੋਕਲ ਪੁਆਇੰਟ ਦੀਆਂ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਸੜਕਾਂ ਦੇ ਨਵੀਨੀਕਰਨ ਨਾਲ ਜਿਥੇ ਉਦਯੋਗਪਤੀਆਂ ਅਤੇ ਇੰਡਸਟਰੀ ਵਿੱਚ ਬਾਹਰੋਂ ਆਉਣ ਵਾਲੇ ਵਪਾਰੀਆਂ ਨੂੰ ਸਹੂਲਤ ਮਿਲੇਗੀ, ਉਥੇ ਫੋਕਲ ਪੁਆਇੰਟ ਤੇ ਸਥਿਤ ਈ ਐਸ ਆਈ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਕਾਫ਼ੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸ੍ਰੀ ਮਨੋਰਜੰਨ ਕਾਲੀਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਦਿੱਤੇ ਗਏ ਫੰਡਾਂ ਨਾਲ ਹੁਸ਼ਿਆਰਪੁਰ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਦੇਣ ਲਈ 16 ਨਵੇਂ ਟਿਊਬਵੈਲ ਲਗਾਏ ਗਏ ਹਨ ਅਤੇ ਨਵੇਂ ਬਣੇ ਮੁਹੱਲਿਆਂ ਵਿੱਚ ਸੜਕਾਂ ਅਤੇ ਗਲੀਆਂ-ਨਾਲੀਆਂ ਪੱਕੀਆਂ ਬਣਾਈਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ਼ ਦੀ ਸਫ਼ਾਈ ਲਈ 32 ਲੱਖ ਰੁਪਏ ਦੀ ਲਾਗਤ ਨਾਲ ਇੱਕ ਜੈਟਿੰਗ ਮਸ਼ੀਨ ਖਰੀਦ ਕੀਤੀ ਗਈ ਹੈ । ਇਸ ਤੋਂ ਇਲਾਵਾ 7 ਲੱਖ ਰੁਪਏ ਦੀ ਇੱਕ ਟਿੱਪਰ ਅਤੇ ਤੰਗ ਬਾਜ਼ਾਰਾਂ ਵਿੱਚ ਕੂੜਾ-ਕਰਕਟ ਚੁੱਕਣ ਲਈ 5 ਛੋਟੇ ਟੈਂਪੂ ਵੀ ਖਰੀਦ ਕੀਤੇ ਗਏ ਹਨ।
ਉਪ ਚੇਅਰਮੈਨ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਲਿਮਟਿਡ ਚੰਡੀਗੜ੍ਹ ਸ੍ਰ: ਸੁਖਵਿੰਦਰ ਪਾਲ ਸਿੰਘ ਗਰੇਵਾਲ, ਨਗਰ ਕੌਂਸਲ ਪ੍ਰਧਾਨ ਸ਼ਿਵ ਸੂਦ, ਪ੍ਰਦੀਪ ਗੁਪਤਾ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਸ੍ਰੀ ਕਮਲਜੀਤ ਸੇਤੀਆ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੀ ਐਮ ਇੰਡਸਟਰੀ ਸੁਭਾਸ਼ ਚੰਦਰ, ਤਹਿਸੀਲਦਾਰ ਵਿਜੇ ਸ਼ਰਮਾ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਨਿਗਰਾਨ ਇੰਜੀ: ਐਨ ਪੀ ਸ਼ਰਮਾ, ਐਕਸੀਅਨ ਐਚ ਐਸ ਮਠਾਰੂ, ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਜੇ ਐਸ ਸੋਢੀ, ਪ੍ਰਧਾਨ ਭਾਜਪਾ ਇੰਡਸਟਰੀਅਲ ਸੈਲ ਹੁਸ਼ਿਆਰਪੁਰ ਸ਼ੀਲ ਸੂਦ, ਚੇਅਰਮੈਨ ਕੋ-ਅਪਰੇਟਿਵ ਸ਼ੁਗਰ ਮਿਲ ਬਟਾਲਾ ਕਮਲਜੀਤ ਸਿੰਘ ਖੁਸ਼ਹਾਲਪੁਰ, ਡਾ ਅਜੇ ਬੱਗਾ, ਗਗਨ ਬੱਤਰਾ, ਵਿਸ਼ਾਲ ਵਾਲੀਆ, ਤਾਨੀਆ ਬਸੀ, ਸੁਧੀਰ ਸੂਦ, ਅਸ਼ਵਨੀ ਓਹਰੀ, ਸਤੀਸ਼ ਬਾਵਾ, ਰਾਜਨ ਬਾਂਸਲ, ਫੋਕਲ ਪੁਆਇੰਟ ਐਸੋਸੀਏਸ਼ਨ ਦੇ ਮੈਂਬਰ ਸੰਦੀਪ ਨੱਕੜਾ, ਪ੍ਰੇਮ ਚੰਦ, ਐਚ ਐਸ ਤੁਲੀ, ਹਰਪਿੰਦਰ ਗਿੱਲ, ਅਖਿਲ ਸੂਦ, ਅਰਵਿੰਦ ਜੈਨ, ਮਨੀਸ਼ ਨੱਕੜਾ, ਹਰਵੀਰ ਸੋਢੀ, ਅਜੇ ਸੂਦ, ਅੰਕੁਰ ਮਲਹੋਤਰਾ, ਨਵੀਨ ਚੇਤਨ ਜੈਨ, ਸੰਤੋਖ ਸਿੰਘ, ਬਾਬਾ ਰਾਮ ਮੂਰਤੀ, ਅਨੰਦਵੀਰ ਸਿੰਘ, ਐਮ ਸੀ ਸਵੰਤਤਰ ਕੈਂਥ, ਅਸ਼ੋਕ ਕੁਮਾਰ, ਬਲਵਿੰਦਰ ਬਿੰਦੀ, ਨਿਪੁੰਨ ਸ਼ਰਮਾ, ਸੁਨੀਲ ਕੁਮਾਰ, ਸੁਧੀਰ ਗੁਪਤਾ, ਹਰੀ ਕ੍ਰਿਸ਼ਨ, ਸਤਵੰਤ ਕੌਰ, ਆਸ਼ਾ, ਬਲਵਿੰਦਰ ਕੌਰ, ਜਸਬੀਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।