ਸਰਕਾਰੀ ਕੰਨਿਆਂ ਸਕੂਲ ਦੀਆਂ ਕੁੜੀਆਂ ਮੈਰਿਟ ਵਿਚ

ਤਲਵਾੜਾ, 14 ਮਈ:ਤਲਵਾੜਾ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੀਆਂ ਬਾਰਵੀਂ ਦੀਆਂ ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਮੈਰਿਟ ਸੂਚੀ ਵਿਚ ਨਾਮ ਪ੍ਰਾਪਤ ਕਰਕੇ ਆਪਣੇ ਮਾਂ ਬਾਪ ਦਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਪਲਵੀ ਜਿਸ ਨੇ ਮੈਡੀਕਲ ਦੀ ਪ੍ਰੀਖਿਆ ਦੇ ਕੇ 18ਵਾਂ ਸਥਾਨ ਪ੍ਰਾਪਤ ਕੀਤਾ ਹੈ। ਪਲਵੀ ਨੇ ਆਖਿਆ ਕਿ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ। ਸੂਬੇ ਵਿਚੋਂ 22ਵਾਂ ਸਥਾਨ ਪ੍ਰਾਪਤ ਕਰਨ ਵਾਲੀ ਰਾਧਾ ਵਕੀਲ ਬਣਨਾ ਚਾਹੁੰਦੀ ਹੈ। ਇਸੇ ਤਰਾਂ ਕਾਜਲ ਜਿਸ ਨੇ ਆਰਟਸ ਦੀ ਪ੍ਰੀਖਿਆ ਵਿਚੋਂ ਸੂਬੇ ਚੋਂ 23ਵਾਂ ਸਥਾਨ ਹਾਸਲ ਕੀਤਾ ਹੈ। ਉਹ ਵੱਡੀ ਹੋ ਕੇ ਆਈ.ਪੀ.ਐਸ. ਅਫਸਰ ਬਣਨਾ ਚਹੁੰਦੀ ਹੈ।
ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਪਲਵੀ, ਰਾਧਾ ਅਤੇ ਕਾਜਲ ਨੇ ਮੈਰਿਟ ਵਿੱਚ ਆ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਸੈਟੇਲਾਈਟ ਜ਼ਰੀਏ ਨਾੜ ਨੂੰ ਅੱਗ ਲਗਾਉਣ ਵਾਲੇ 72 ਕੇਸ ਫੜੇ

-2 ਲੱਖ ਰੁਪਏ ਤੋਂ ਵੱਧ ਕੀਤਾ ਜ਼ੁਰਮਾਨਾ
-ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 12 ਮਈ: ਸੈਟੇਲਾਈਟ ਜ਼ਰੀਏ ਆਕਾਸ਼ ਤੋਂ ਨਾੜ ਨੂੰ ਅੱਗ ਲਗਾਉਣ ਵਾਲਿਆਂ 'ਤੇ ਰੱਖੀ ਜਾ ਰਹੀ ਨਜ਼ਰ ਉਦੋਂ ਕਾਰਗਰ ਸਾਬਤ ਹੋਈ, ਜਦੋਂ ਜ਼ਿਲ੍ਹੇ ਵਿੱਚ ਅਜਿਹੇ 72 ਕੇਸ ਫੜੇ ਗਏ। ਲੁਧਿਆਣਾ ਤੋਂ ਚੱਲ ਰਹੇ ਸੈਟੇਲਾਈਟ ਰਾਹੀਂ ਜਿਸ ਸਥਾਨ 'ਤੇ ਅੱਗ ਲੱਗੀ ਹੈ, ਉਸ ਬਾਰੇ ਤੁਰੰਤ ਪਤਾ ਲੱਗ ਜਾਂਦਾ ਹੈ ਅਤੇ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗਠਿਤ ਸਬੰਧਤ ਟੀਮਾਂ ਨੂੰ ਮੋਬਾਇਲ ਮੈਸੇਜ਼ ਜ਼ਰੀਏ ਮਿਲ ਜਾਂਦੀ ਹੈ, ਜਿਸ ਸਦਕਾ ਜ਼ਿਲ੍ਹੇ ਵਿੱਚ 72 ਕੇਸ ਸਾਹਮਣੇ ਆਏ ਹਨ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ 2 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਵੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਵਾਰ ਕਣਕ ਦੇ ਸੀਜ਼ਨ ਦੌਰਾਨ ਨਾੜ ਸਾੜਨ 'ਤੇ ਸੈਟੇਲਾਈਟ (ਉਪਗ੍ਰਹਿ) ਰਾਹੀਂ ਅਕਾਸ਼ ਤੋਂ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਕੋਈ ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਏਗਾ ਨਾਲੋ ਨਾਲ ਉਪਗ੍ਰਹਿ ਦੀਆਂ ਤਸਵੀਰਾਂ ਪ੍ਰਾਪਤ ਹੋ ਜਾਂਦੀਆਂ ਹਨ, ਜਿਸ ਅਧਾਰ 'ਤੇ ਚੌਕਸੀ ਟੀਮ ਵਲੋਂ ਤੁਰੰਤ ਸਬੰਧਤ ਕਿਸਾਨ ਦੇ ਖੇਤ ਤੱਕ ਪਹੁੰਚ ਕੇ ਕਾਰਵਾਈ ਅਰੰਭੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 10 ਮਈ ਤੱਕ ਜ਼ਿਲ੍ਹੇ ਵਿੱਚ ਅਜਿਹੇ 72 ਕੇਸ ਫੜੇ ਗਏ ਹਨ, ਜਿਨ੍ਹਾਂ ਵਿੱਚ ਮੁਕੇਰੀਆਂ ਤਹਿਸੀਲ ਵਿੱਚ 39, ਦਸੂਹਾ 23 ਅਤੇ ਗੜ੍ਹਸ਼ੰਕਰ ਤਹਿਸੀਲ ਵਿੱਚ 10 ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਵਿੱਚ ਸਬੰਧਤ ਵਿਅਕਤੀਆਂ ਨੂੰ 2 ਲੱਖ 10 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਕੇਰੀਆਂ ਦੇ 39 ਕੇਸਾਂ ਵਿੱਚ 97,500 ਰੁਪਏ, ਦਸੂਹਾ ਦੇ 23 ਕੇਸਾਂ ਵਿੱਚ 57,500 ਜਦਕਿ ਗੜ੍ਹਸ਼ੰਕਰ ਦੇ 10 ਕੇਸਾਂ ਵਿੱਚ 55,000 ਰੁਪਏ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੁਕਮਾਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਲਾਕ ਪੱਧਰ 'ਤੇ 14 ਮੋਨੀਟਰਿੰਗ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 90 ਅਧਿਕਾਰੀ (ਅਫ਼ਸਰ ਇੰਚਾਰਜ) ਨਿਗਰਾਨੀ ਵਜੋਂ ਤਾਇਨਾਤ ਹਨ।
ਉਨ੍ਹਾਂ ਦੱਸਿਆ ਕਿ ਇਹ ਮੋਨੀਟਰਿੰਗ ਟੀਮਾਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰੀ ਦਫ਼ਤਰ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਨ.ਜੀ.ਟੀ. ਵਲੋਂ ਅੱਗ ਲਗਾਉਣ 'ਤੇ ਪੂਰਨ ਮਨਾਹੀ ਕੀਤੀ ਗਈ ਹੈ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ 2 ਏਕੜ ਤੋਂ ਘੱਟ ਵਾਲੇ ਕਿਸਾਨ ਨੂੰ 25,00 ਰੁਪਏ, 2 ਤੋਂ 5 ਏਕੜ ਵਾਲੇ ਕਿਸਾਨ ਨੂੰ 5 ਹਜ਼ਾਰ ਰੁਪਏ ਅਤੇ 5 ਤੋਂ ਵੱਧ ਏਕੜ ਵਾਲੇ ਕਿਸਾਨ ਨੂੰ 15 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇਹ ਰਕਮ ਮੌਕੇ 'ਤੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੇ ਵਿਅਕਤੀ ਵਿਰੁੱਧ ਏਅਰ ਐਕਟ 1981 ਦੀ ਧਾਰਾ 39 ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਰਹਿੰਦ-ਖੂੰਹਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੋਂ ਮਨਾਹੀ ਦੇ ਹੁਕਮ ਦੀ ਉਲੰਘਣਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਧੀਨ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਣਕ ਦੇ ਨਾੜ/ਰਹਿੰਦ-ਖੂੰਹਦ ਦੀ ਖੇਤ ਵਿਚ ਹੀ ਵਹਾਈ ਕੀਤੀ ਜਾਵੇ।

ਚੰਗੜਵਾਂ ਸਕੂਲ ਤੇ ਡਿੱਗੀ ਅਸਮਾਨੀ ਬਿਜਲੀ, 12 ਕੰਪਿਉਟਰ ਸੜੇ

ਹੈੱਡਮਾਸਟਰ ਕੁਲਵੰਤ ਸਿੰਘ ਸਰਕਾਰੀ ਹਾਈ ਸਕੂਲ ਚੰਗੜਵਾਂ ਦੀ ਕੰਪਿਉਟਰ ਵਿਖਾਉਂਦੇ ਹੋਏ।
ਤਲਵਾੜਾ, 11 ਮਈ: : ਇੱਥੇ ਸਰਕਾਰੀ ਹਾਈ ਸਕੂਲ ਚੰਗੜਵਾਂ ਵਿਚ ਉਸ ਵੇਲੇ ਅਫ਼ਰਾਤਫ਼ਰੀ ਵਾਲਾ ਮਾਹੌਲ ਬਣ ਗਿਆ ਜਦੋਂ ਅਚਾਨਕ ਸਕੂਲ ਉੱਤੇ ਆਸਮਾਨੀ ਬਿਜਲੀ ਡਿੱਗ ਪਈ। ਸਕੂਲ ਦੇ ਹੈੱਡਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕਰੀਬ ਸੱਤਵੇਂ ਪੀਰੀਅਡ ਮੌਸਮ ਕੁਝ ਖਰਾਬ ਹੋਇਆ ਅਤੇ ਅਚਾਨਕ ਸਕੂਲ ਦੇ ਕਮਰਿਆਂ ਵਿੱਚ ਜੋਰਦਾਰ ਰੌਸ਼ਨੀ ਅਤੇ ਕਰੰਟ ਫ਼ੈਲ ਗਿਆ। ਸਕੂਲ ਦੀ ਕੰਪਿਉਟਰ ਲੈਬ ਵਿਚ ਕਲਾਸ ਲੱਗੀ ਹੋਈ ਸੀ ਅਤੇ ਇੱਕ ਅਧਿਆਪਕ ਕੋਈ ਜਰੂਰੀ ਮੇਲ ਕਰਨ ਵਿਚ ਰੁੱਝਾ ਹੋਇਆ ਸੀ ਕਿ ਅਚਾਨਕ ਆਸਮਾਨੀ ਬਿਜਲੀ ਡਿੱਗਣ ਨਾਲ ਕੰਪਿਉਟਰ ਅਧਿਆਪਕ ਨੂੰ ਮਾਉਸ ਰਾਹੀਂ ਜੋਰਦਾਰ ਝਟਕਾ ਲੱਗਾ। ਇੱਕ ਸੈਕੰਡ ਵਿਚ ਹੀ ਵਾਪਰੀ ਇਸ ਘਟਨਾ ਤੋਂ ਬਾਦ ਮੁਆਇਨਾ ਕਰਨ ਤੇ ਪਤਾ ਲੱਗਾ ਕਿ ਸਕੂਲ ਦੇ 12 ਕੰਪਿਊਟਰ, ਟਿਊਬ ਲਾਈਟਾਂ ਅਤੇ ਬਿਜਲੀ ਦੇ ਪੱਖਿਆਂ ਦਾ ਨੁਕਸਾਨ ਹੋ ਚੁੱਕਾ ਸੀ। ਇਸ ਘਟਨਾ ਨਾਲ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਟਰੈਫਿਕ ਨਿਯਮਾਂ ਦੀ ਪਾਲਣਾ ਬਚਾਅ ਸਕਦੀ ਹੈ ਮਨੁੱਖੀ ਜ਼ਿੰਦਗੀ: ਡਿਪਟੀ ਕਮਿਸ਼ਨਰ

-ਤੇਜ਼ ਰਫਤਾਰ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਬੋਰਡ
-14 ਤੱਕ ਮਨਾਇਆ ਜਾਵੇਗਾ ਯੂ.ਐਨ. ਰੋਡ ਸੇਫ਼ਟੀ ਵੀਕ : ਜ਼ਿਲ੍ਹਾ ਟਰਾਂਸਪੋਰਟ ਅਫ਼ਸਰਹੁਸ਼ਿਆਰਪੁਰ, 11 ਮਈ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ, ਕਿਉਂਕਿ ਜਾਗਰੂਕਤਾ ਕਾਰਨ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਮਨੁੱਖੀ ਜ਼ਿੰਦਗੀ ਦਾ ਬਚਾਅ ਹੋ ਸਕਦਾ ਹੈ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਨਾਲ ਹੀ ਕਈ ਮਨੁੱਖੀ ਜਿੰਦਗੀਆਂ ਅਜਾਈਂ ਚਲੇ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਜਿਥੇ ਆਪਣਾ ਬਚਾਅ ਕੀਤਾ ਜਾ ਸਕਦਾ ਹੈ, ਉਥੇ ਦੂਸਰਿਆਂ ਦਾ ਵੀ ਬਚਾਅ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ ਅਤੇ ਚਾਲਕ ਨੂੰ ਚਾਹੀਦਾ ਹੈ ਕਿ ਉਹ ਆਪਣਾ ਵਾਹਨ ਸੜਕ 'ਤੇ ਲਿਆਉਣ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਤੋਂ ਭਲੀਭਾਂਤ ਜਾਣੂ ਹੋਵੇ।
ਇਸ ਤੋਂ ਇਲਾਵਾ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਨਾ ਦੇਣਾ ਮਾਪਿਆਂ ਦੀ ਜਿੰਮੇਵਾਰੀ ਹੈ। ਉਨ੍ਹਾਂ ਦੱÎਸਿਆ ਕਿ ਪ੍ਰਾਈਵੇਟ ਸਕੂਲ ਵੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਟਰੈਫਿਕ ਨਿਯਮਾਂ ਤੋਂ ਵੀ ਜਾਣੂ ਕਰਵਾਇਆ ਜਾਵੇ।ਉਧਰ ਅੱਜ ਓਵਰ ਸਪੀਡ ਵਾਹਨਾਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਵਲੋਂ ਸ਼ਹਿਰ ਦੇ 12 ਅਹਿਮ ਚੌਕਾਂ 'ਤੇ ਬੋਰਡ ਲਗਾਏ ਗਏ। ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਚੌਕਾਂ ਵਿੱਚ ਇਹ ਬੋਰਡ ਲਗਾਏ ਗਏ, ਉਨ੍ਹਾਂ ਵਿੱਚ ਚੰਡੀਗੜ੍ਹ ਬਾਈਪਾਸ, ਜਲੰਧਰ ਬਾਈਪਾਸ, ਡੀ.ਸੀ. ਚੌਕ, ਪ੍ਰਭਾਤ ਚੌਕ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਬੱਸ ਸਟੈਂਡ ਚੌਕ, ਕਮਾਲਪੁਰ ਚੌਕ, ਸਰਕਾਰੀ ਕਾਲਜ ਚੌਕ, ਭਰਵਾਈਂ ਰੋਡ ਚੌਕ, ਟਾਂਡਾ ਚੌਕ ਅਤੇ ਧੋਬੀ ਘਾਟ ਚੌਕ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਯੂਨਾਈਟਡ ਨੇਸ਼ਨ ਰੋਡ ਸੇਫ਼ਟੀ ਵੀਕ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਓਵਰ ਸਪੀਡ ਵਾਹਨਾਂ ਲਈ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 12 ਮਈ ਨੂੰ ਸਰਕਾਰੀ ਸਕੂਲ ਖਵਾਸਪੁਰ ਮੰਡੀ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਵੀ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਓਵਰ ਸਪੀਡ ਸਬੰਧੀ ਪੇਟਿੰਗ ਅਤੇ ਸਲੋਗਨ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਟਰੈਫਿਕ ਰੂਲਾਂ ਅਨੁਸਾਰ ਹੀ ਆਪਣੇ ਵਾਹਨ ਚਲਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਸਪੀਡ ਵੀ ਲਿਮਟ ਵਿੱਚ ਹੀ ਰੱਖਣੀ ਚਾਹੀਦੀ ਹੈ।

ਖਰੀਦੀ ਕਣਕ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ: ਡਿਪਟੀ ਕਮਿਸ਼ਨਰ

-ਕਿਹਾ, ਹੁਣ ਤੱਕ 391.68 ਕਰੋੜ ਰੁਪਏ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
-ਕਰੀਬ 3 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ
ਹੁਸ਼ਿਆਰਪੁਰ, 11 ਮਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 62 ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰੰਤਰ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਕਣਕ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ, ਜਿਸ ਸਦਕਾ ਹੁਣ ਤੱਕ 391.68 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਥੇ ਉਨ੍ਹਾਂ ਦੀ ਕਣਕ ਸਮੇਂ ਸਿਰ ਖਰੀਦੀ ਜਾਵੇਗੀ, ਉਥੇ ਅਦਾਇਗੀ ਵੀ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਤੱਕ ਕੁੱਲ 438.68 ਕਰੋੜ ਰੁਪਏ ਦੀ ਅਦਾਇਗੀ ਬਣਦੀ ਹੈ, ਜਿਸ ਵਿੱਚੋਂ ਕਰੀਬ 90 ਫੀਸਦੀ  ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ 391.68 ਕਰੋੜ ਬਣਦੀ ਹੈ। ਉਨ੍ਹਾਂ ਏਜੰਸੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਖਰੀਦੀ ਕਣਕ ਦੀ ਅਦਾਇਗੀ ਨਿਸ਼ਚਿਤ ਕੀਤੇ ਸਮੇਂ ਅਨੁਸਾਰ ਹੀ ਕੀਤੀ ਜਾਵੇ ਅਤੇ ਬਕਾਇਆ ਅਦਾਇਗੀ ਵੀ ਜਲਦੀ ਕਰ ਦਿੱਤੀ ਜਾਵੇ,ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ 2,83,921 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿੱਚੋਂ 2,83,898 ਮੀਟ੍ਰਿਕ ਟਨ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਵਲੋਂ 50,057 ਮੀਟ੍ਰਿਕ ਟਨ, ਮਾਰਕਫੈਡ ਵਲੋਂ 54,643, ਪਨਸਪ ਵਲੋਂ 49,765, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਵਲੋਂ 34,013, ਪੰਜਾਬ ਐਗਰੋ ਵਲੋਂ 20,640, ਐਫ.ਸੀ.ਆਈ. ਵਲੋਂ 64,843 ਅਤੇ ਵਪਾਰੀਆਂ ਵਲੋਂ 9,937 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ 3,26,095 ਮੀਟਰਕ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸਾਲ 2,83,561 ਮੀਟਰਕ ਟਨ ਕਣਕ ਦੀ ਪੈਦਾਵਾਰ ਹੋਈ ਸੀ।
 ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਤੋਂ ਲੈ ਕੇ ਹੋਰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 2,35,068 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਯਕੀਨੀ ਬਣਾ ਲਈ ਗਈ ਹੈ ਅਤੇ ਬਕਾਇਆ ਲਿਫਟਿੰਗ ਵੀ ਜਲਦੀ ਕਰ ਦਿੱਤੀ ਜਾਵੇਗੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਗਿੱਲੀ ਕਣਕ ਦੀ ਫਸਲ ਨਾ ਲਿਆਂਦੀ ਜਾਵੇ, ਬਲਕਿ ਫ਼ਸਲ ਸੁਕਾ ਕੇ ਹੀ ਲਿਆਂਦੀ ਜਾਵੇ। ਇਸ ਤੋਂ ਇਲਾਵਾ ਫਸਲ ਦੀ ਰਹਿੰਦ-ਖੂੰਹਦ/ਨਾੜ ਨੂੰ ਬਿਲਕੁੱਲ ਨਾ ਸਾੜਿਆ ਜਾਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ ਤਾਂ ਐਨ.ਜੀ.ਟੀ ਦੀ ਹਦਾਇਤਾਂ ਮੁਤਾਬਕ 2500 ਤੋਂ 15 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਇਹ ਰਕਮ ਮੌਕੇ 'ਤੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੇ ਵਿਅਕਤੀ ਵਿਰੁੱਧ ਏਅਰ ਐਕਟ 1981 ਦੀ ਧਾਰਾ 39 ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਰਹਿੰਦ-ਖੂੰਹਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੋਂ ਮਨਾਹੀ ਦੇ ਹੁਕਮ ਦੀ ਉਲੰਘਣਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਧੀਨ ਪੁਲਿਸ ਕੇਸ ਦਰਜ ਵੀ ਹੋਵੇਗਾ।

ਜ਼ਿਲ੍ਹੇ ਦੀਆਂ ਤਿੰਨ ਖੱਡਾਂ ਦੀ ਈ-ਆਕਸ਼ਨ 19 ਨੂੰ

-12 ਮਈ ਸ਼ਾਮ 5 ਵਜੇ ਤੱਕ ਆਨ-ਲਾਈਨ ਕੀਤਾ ਜਾ ਸਕਦੈ ਅਪਲਾਈ : ਡਿਪਟੀ ਕਮਿਸ਼ਨਰ
-10 ਤੇ 20 ਨੂੰ ਸੂਬੇ ਦੇ 14 ਜ਼ਿਲ੍ਹਿਆਂ ਦੀਆਂ 102 ਖਾਣਾਂ ਦੀ ਹੋ ਰਹੀ ਹੈ ਈ-ਆਕਸ਼ਨ
ਹੁਸ਼ਿਆਰਪੁਰ, 11 ਮਈ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਸਮੇਤ ਸੂਬੇ ਦੇ 14 ਜ਼ਿਲ੍ਹਿਆਂ ਦੀਆਂ ਛੋਟੇ ਖਣਿਜ ਰੇਤਾ ਅਤੇ ਬੱਜਰੀ ਆਦਿ ਦੀਆਂ 102 ਖਾਣਾਂ ਦੀ ਈ-ਆਕਸ਼ਨ ਪੰਜਾਬ ਮਾਈਨਰ ਮਿਨਰਲ ਰੂਲਜ਼-2013 ਤਹਿਤ 19 ਅਤੇ 20 ਮਈ 2017 ਨੂੰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਿੰਨ ਖੱਡਾਂ ਦੀ ਈ-ਆਕਸ਼ਨ 19 ਮਈ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਈ-ਆਕਸ਼ਨ ਵਿਚ ਹਿੱਸਾ ਲੈਣ ਵਾਲੇ ਵਿਅਕਤੀ 12 ਮਈ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਈ-ਆਕਸ਼ਨ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਫਾਜ਼ਿਲਕਾ, ਫਰੀਦਕੋਟ, ਰੂਪਨਗਰ, ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ ਅਤੇ ਮੋਗਾ ਜ਼ਿਲ੍ਹੇ ਸ਼ਾਮਿਲ ਹਨ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 19 ਮਈ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਿੰਨ ਖੱਡਾਂ ਤੱਗੜ ਕਲਾਂ, ਰੜ੍ਹਾ ਅਤੇ ਬੇਲਾ ਸਰਿਆਣਾ ਦੀ ਈ-ਆਕਸ਼ਨ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਈ-ਆਕਸ਼ਨ ਲਈ ਅਪਲਾਈ ਕਰਨ ਵੇਲੇ ਬਿਨੈਕਾਰ ਕੋਲ ਤਸਦੀਕਸ਼ੁਦਾ ਸ਼ਨਾਖਤੀ ਸਬੂਤ, ਰਿਹਾਇਸ਼ੀ ਸਬੂਤ, ਪੈਨ ਕਾਰਡ, ਲੈਟਰ ਹੈਡ ਤੇ ਬੇਨਤੀ ਪੱਤਰ ਅਤੇ ਅਪਰੂਵਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਪਰੂਵਲ ਸਰਟੀਫਿਕੇਟ ਤੋਂ ਬਿਨ੍ਹਾਂ ਬੋਲੀ ਵਿਚ ਹਿੱਸਾ ਨਹੀਂ ਲਿਆ ਸਕੇਗਾ। ਉਨ੍ਹਾਂ ਦੱਸਿਆ ਕਿ ਈ-ਆਕਸ਼ਨ ਦੀ ਵਿਧੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਨਾਲ ਫੋਨ ਨੰਬਰ-01882-250318 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸੇਵਾ ਕੇਂਦਰਾਂ ਵਿੱਚ ਸ਼ੁਰੂ ਹੋਈਆਂ ਪਾਸਪੋਰਟ ਅਤੇ ਬੀ.ਐਸ.ਐਨ.ਐਲ. ਸਬੰਧੀ ਸੇਵਾਵਾਂ : ਡੀ ਸੀ

ਹੁਸ਼ਿਆਰਪੁਰ, 10 ਮਈ:
    ਨਵਾਂ ਪਾਸਪੋਰਟ ਅਪਲਾਈ ਕਰਨ ਅਤੇ ਬੀ.ਐਸ.ਐਨ.ਐਲ. ਦੇ ਬਰਾਂਡਬੈਂਡ ਅਤੇ ਲੈਂਡ ਲਾਈਨ ਦੇ ਬਿੱਲ ਭਰਨ ਸਬੰਧੀ ਸੇਵਾਵਾਂ ਵੀ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਉਪਲਬੱਧ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਪਹਿਲਾਂ ਚੱਲ ਰਹੀਆਂ ਸੇਵਾਵਾਂ ਵਿੱਚ ਸਰਕਾਰ ਵਲੋਂ ਹੁਣ ਹੋਰ ਨਵੀਆਂ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਵਿੱਚ 1 ਮਈ ਤੋਂ ਪਾਸਪੋਰਟ ਅਪਲਾਈ ਕਰਨ ਦੀਆਂ ਸਰਵਿਸ਼ਜ਼ ਜਿਵੇਂ ਕਿ ਨਵਾਂ ਪਾਸਪੋਰਟ ਅਪਲਾਈ ਕਰਨਾ, 18 ਸਾਲ ਤੋਂ ਘੱਟ ਉਮਰ ਲਈ ਨਵਾਂ ਪਾਸਪੋਰਟ ਬਣਾਉਣ ਅਤੇ ਦੁਬਾਰਾ ਜਾਰੀ ਕਰਵਾਉਣਾ, ਪਾਸਪੋਰਟ ਬਦਲਾਉਣ ਜਾਂ ਪਰਸਨਲ ਪਾਰਟੀਕੁਲਰਜ਼ ਵਿੱਚ ਬਦਲਾਅ ਕਰਨਾ, ਸਰਵਿਸ ਪਾਸਪੋਰਟ ਦੇ ਗੁੰਮ ਜਾਂ ਖਰਾਬ ਹੋਣ ਅਤੇ ਪਾਸਪੋਰਟ ਦੀ ਰੀ-ਸ਼ਡਿਊਲਿੰਗ ਸਬੰਧੀ ਨਵੀਆਂ ਸੇਵਾਵਾਂ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਬੀ.ਐਸ.ਐਨ.ਐਲ. ਦੇ ਬਰਾਂਡ ਬੈਡ, ਇੰਟਰਨੈਟ ਅਤੇ ਲੈਂਡ ਲਾਈਨ ਦੇ ਬਿੱਲ ਭਰਨ ਦੀ ਸਰਵਿਸ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਹੁਣ ਆਸਾਨੀ ਨਾਲ ਇਹ ਬਿੱਲ ਆਪਣੇ ਨੇੜੇ ਪੈਂਦੇ ਸੇਵਾ ਕੇਂਦਰਾਂ 'ਤੇ ਜਾ ਕੇ ਜਮ੍ਹਾਂ ਕਰਵਾਏ ਜਾ ਸਕਦੇ ਹਨ  ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪਾਸਪੋਰਟ ਅਪਲਾਈ ਕਰਨ ਵਾਲੇ ਵਿਅਕਤੀ ਪਾਸੋਂ 100 ਰੁਪਏ ਬਤੌਰ ਫ਼ੈਸਲੀਟੇਸ਼ਨ ਚਾਰਜ ਵਸੂਲ ਕੀਤੇ ਜਾਣਗੇ, ਜਦ ਕਿ ਟੈਲੀਫੋਨ ਦੇ ਬਿੱਲ (ਬੀ.ਐਸ.ਐਨ.ਐਲ.) ਲਈ ਕੋਈ ਫ਼ੀਸ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੇਵਾ ਕੇਂਦਰਾਂ ਦੀ ਕੁੱਲ ਗਿਣਤੀ 143 ਹੈ। ਸ਼ਹਿਰੀ ਖੇਤਰਾਂ ਵਿੱਚ ਆਉਂਦੇ 18 ਸੇਵਾ ਕੇਂਦਰਾਂ ਅਤੇ ਪਿੰਡਾਂ ਵਿੱਚ ਖੋਲ੍ਹੇ ਗਏ 125 ਸੇਵਾ ਕੇਂਦਰਾਂ ਵਿੱਚ ਇਹ ਸੇਵਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਨਾਗਰਿਕ ਨੂੰ ਸਰਕਾਰੀ ਸੇਵਾ ਲੈਣ ਲਈ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਨਹੀਂ, ਸਗੋਂ ਉਹ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜ਼ਰੂਰੀ ਸੇਵਾਵਾਂ ਜਿਵੇਂ ਕਿ ਪਾਸਪੋਰਟ ਅਪਲਾਈ ਕਰਨ ਅਤੇ ਟੈਲੀਫੋਨ ਦੇ ਬਿੱਲ (ਬੀ.ਐਸ.ਐਨ.ਐਲ.), ਰਿਹਾਇਸ਼ੀ, ਜਾਤੀ, ਪੇਂਡੂ ਏਰੀਆ, ਜਨਮ ਅਤੇ ਮੌਤ ਸਰਟੀਫਿਕੇਟ, ਅਸਲਾ ਲਾਇਸੰਸ, ਨਕਲਾਂ, ਖੇਤੀਬਾੜੀ ਦੇ ਲਾਇਸੰਸ ਆਦਿ ਸੇਵਾਵਾਂ ਨਜ਼ਦੀਕੀ ਸੇਵਾ ਕੇਂਦਰਾਂ ਵਿੱਚ ਜਾ ਕੇ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲ ਭਰਨ ਦੀਆਂ ਸੇਵਾਵਾਂ ਵੀ ਪਹਿਲਾਂ ਤੋਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09.30 ਵਜੇ ਤੋਂ ਲੈ ਕੇ ਸ਼ਾਮ 06.00 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)