- ਕਿਹਾ, 5825 ਗਰਭਵਤੀ ਮਹਿਲਾਵਾਂ ਨੂੰ 84 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਦਿੱਤਾ ਗਿਆ ਹੈ ਲਾਭ
ਹੁਸ਼ਿਆਰਪੁਰ, 6 ਮਾਰਚ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀ.ਐਮ.ਐਮ.ਵੀ.ਵਾਈ) ਰਾਹੀਂ ਜ਼ਿਲ੍ਹੇ ਦੀਆਂ 5825 ਗਰਭਵਤੀ ਮਹਿਲਾਵਾਂ ਨੂੰ 84 ਲੱਖ 52 ਹਜ਼ਾਰ ਰੁਪਏ ਦੀ ਰਾਸ਼ੀ ਦਾ ਲਾਭ ਮੁਹੱਈਆ ਕਰਵਾਇਆ ਗਿਆ ਹੈ। ਇਸ ਸਕੀਮ ਅਧੀਨ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਸੂਬੇ ਵਿਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਕੀਮ 1 ਜਨਵਰੀ 2017 ਤੋਂ ਪੂਰੇ ਭਾਰਤ ਸਮੇਤ ਰਾਜ ਵਿੱਚ ਵੀ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਅਧੀਨ ਪਹਿਲੀ ਵਾਰ ਗਰਭਧਾਰਨ ਕਰਨ ਵਾਲੀਆਂ ਮਹਿਲਾਵਾਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਲਈ 5000 ਹਜ਼ਾਰ ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਦਿੱਤੀ
ਜਾਂਦੀ ਹੈ। ਉਨ੍ਹਾਂ ਦੱਸਿਆ ਕਿ 1000 ਰੁਪਏ ਦੀ ਪਹਿਲੀ ਰਾਸ਼ੀ ਦੀ ਕਿਸ਼ਤ ਗਰਭਵਤੀ ਮਹਿਲਾ ਵਲੋਂ ਆਂਗਣਵਾੜੀ ਵਰਕਰ ਕੋਲ ਰਜਿਸਟਰੇਸ਼ਨ ਅਤੇ ਜੱਚਾ-ਬੱਚਾ ਕਾਰਡ ਬਣਾਉਣ ਸਮੇਂ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦੂਜੀ ਕਿਸ਼ਤ ਦੀ ਰਾਸ਼ੀ 6 ਮਹੀਨੇ ਦੀ ਗਰਭ ਅਵਸਥਾ ਦੌਰਾਨ ਡਾਕਟਰੀ ਜਾਂਚ ਤੋਂ ਬਾਅਦ 2 ਹਜ਼ਾਰ ਰੁਪਏ ਅਤੇ ਤੀਜੀ ਕਿਸ਼ਤ ਦੀ 2 ਹਜ਼ਾਰ ਰੁਪਏ ਦੀ ਰਾਸ਼ੀ ਡਿਲੀਵਰੀ ਤੋਂ ਬਾਅਦ ਬੱਚੇ ਦੇ ਟੀਕਾਕਰਨ ਪੂਰਾ ਕਰਾਉਣ ਅਤੇ ਸਿਹਤ ਤੇ ਪੌਸ਼ਟਿਕ ਕਮੇਟੀ ਦੇ ਸੈਸ਼ਨ ਅਟੈਂਡ ਕਰਨ ਤੋਂ ਬਾਅਦ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕਿਸ਼ਤਾਂ ਵਾਸਤੇ ਗਰਭਵਤੀ ਮਹਿਲਾ ਵਲੋਂ ਵੱਖ-ਵੱਖ ਨਿਯਮਤ ਫਾਰਮ ਵੀ ਭਰਨੇ ਹੁੰਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੇ ਕੇਂਦਰ, ਰਾਜ ਦੇ ਕਰਮਚਾਰੀ ਅਤੇ ਅਰਧ ਸਰਕਾਰੀ ਖੇਤਰ ਵਿੱਚ ਕੰਮ ਕਰਦੀਆਂ ਮਹਿਲਾਵਾਂ ਇਸ ਯੋਜਨਾ ਦਾ ਲਾਭ ਲੈਣ ਦੀਆਂ ਹੱਕਦਾਰ ਨਹੀਂ ਹੁੰਦੀਆਂ, ਕਿਉਂਕਿ ਉਨ੍ਹਾਂ ਨੂੰ ਤਨਖਾਹ ਸਮੇਤ ਮਾਤਰਤੱਵ ਛੁੱਟੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਗਰਭਵਤੀ ਮਾਵਾਂ ਪਹਿਲਾਂ ਇਸ ਤਰ੍ਹਾਂ ਦੀਆਂ ਸਮਾਨ ਯੋਜਨਾਵਾਂ ਦਾ ਲਾਭ ਲੈ ਰਹੀਆਂ ਹੋਣ, ਉਨ੍ਹਾਂ ਨੂੰ ਵੀ ਇਸ ਯੋਜਨਾ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਲਈ ਵਧੇਰੇ ਜਾਣਕਾਰੀ ਲਈ ਆਂਗਣਵਾੜੀ ਵਰਕਰ, ਸੁਪਰਵਾਈਜ਼ਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵਿਭਾਗ ਨੂੰ ਕੋਈ ਬਿਨੈਪੱਤਰ ਮਿਲਦਾ ਹੈ, ਤਾਂ ਛਾਣਬੀਣ ਉਪਰੰਤ ਇਸ ਨੂੰ ਆਨਲਾਈਨ ਕਰ ਦਿੱਤਾ ਜਾਂਦਾ ਹੈ ਅਤੇ ਬਣਦੀ ਰਾਸ਼ੀ ਬਿਨੈਕਾਰ ਦੇ ਬੈਂਕ ਖਾਤੇ ਵਿੱਚ ਸਿੱਧੇ ਤੌਰ 'ਤੇ ਟਰਾਂਸਫਰ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਬਾਰੇ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬ ਸਾਈਟ PMMVY.COM 'ਤੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਹੁਸ਼ਿਆਰਪੁਰ, 6 ਮਾਰਚ: ਜਵਾਹਰ ਨਵੋਦਿਆ ਵਿਦਿਆਲਾ, ਫਲਾਹੀ ਦੇ ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਨੇ ਦੱਸਿਆ ਕਿ ਸੈਸ਼ਨ (2018-19) ਲਈ ਨੌਵੀ ਜਮਾਤ ਵਿੱਚ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਚੋਣ ਪ੍ਰੀਖਿਆ ਲਈ 1 ਮਾਰਚ ਤੋਂ 5 ਅਪ੍ਰੈਲ 2018 ਤੱਕ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਚੋਣ ਪ੍ਰੀਖਿਆ ਵਿੱਚ ਦਾਖ਼ਲੇ ਲਈ ਆਪਣੇ ਬਿਨੈਪੱਤਰ www.nvshq.org 'ਤੇ ਭੇਜ ਸਕਦੇ ਹਨ। ਚੋਣ ਪ੍ਰੀਖਿਆ 19 ਮਈ, 2018 ਦਿਨ ਸ਼ਨੀਵਾਰ ਨੂੰ ਹੋਵੇਗੀ। ਇਸ ਚੋਣ ਪ੍ਰੀਖਿਆ ਲਈ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਦੇ ਅੱਠਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸਕੂਲ ਦੀ ਵੈਬਸਾਈਟ www.jnvhoshiarpur.in 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
- ਵੱਖ-ਵੱਖ ਉਦਯੋਗਿਕ ਅਦਾਰਿਆਂ ਵਲੋਂ ਨੌਜਵਾਨਾਂ ਦੀ ਕੀਤੀ ਜਾਵੇਗੀ ਪਲੇਸਮੈਂਟ
- ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 5 ਮਾਰਚ: ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ 7 ਮਾਰਚ ਨੂੰ ਮਲਟੀ ਸਕਿੱਲ ਡਿਵੈਲਪਮੈਂਟ
ਸੈਂਟਰ, ਆਈ.ਟੀ.ਆਈ. ਕੰਪਲੈਕਸ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰਿਆਤ ਬਾਹਰਾ ਗਰੁੱਪ ਵਿਖੇ ਲਗਾਏ ਰਾਜ ਪੱਧਰੀ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਏ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲੇ ਦੀ ਸਫ਼ਲਤਾ ਤੋਂ ਬਾਅਦ ਹੁਣ 7 ਮਾਰਚ ਨੂੰ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸ਼ਿਆਰਪੁਰ ਵਿਖੇ ਦੂਸਰਾ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਉਦਯੋਗਾਂ/ਅਦਾਰਿਆਂ ਵਲੋਂ ਨੌਜਵਾਨਾਂ ਦੀ ਪਲੇਸਮੈਂਟ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਕਾਮਟੈਕ ਇੰਸਟੀਚਿਊਟ ਗੁੜਗਾਓਂ ਹਰਿਆਣਾ, ਇੰਟਰਨੈਸ਼ਨਲ ਟਰੈਕਟਰ ਲਿਮਟਡ ਸੋਨਾਲੀਕਾ, ਵਰਧਮਾਨ ਯਾਰਨਜ਼ ਅਤੇ ਥਰੈਡਜ਼, ਡਾਇਮੰਡ ਹਰਬਲ ਚਾਹ, ਊਸ਼ਾ ਮਾਰਟੀਨ ਲਿਮ:, ਐਸ.ਬੀ.ਆਈ. ਲਾਇਫ਼ ਇੰਸ਼ੋਰੈਂਸ, ਜਗਦੰਬੇ ਫਰਨੇਸਸ ਤੋਂ ਇਲਾਵਾ ਹੋਰ ਕਈ ਇੰਡਸਟਰੀਆਂ ਵਲੋਂ ਅੱਠਵੀਂ, ਦਸਵੀਂ, ਬਾਹਰਵੀਂ, ਆਈ.ਟੀ.ਆਈ., ਗਰੈਜੂਏਟ, ਡਿਪਲੋਮਾ ਇਲੈਕਟ੍ਰੀਕਲ/ਇਲੈਕਟ੍ਰੋਨਿਕਸ/ਇਲੈਕਟ੍ਰੋਨਿਕ ਅਤੇ ਕਮਿਊਨੀਕੇਸ਼ਨ ਆਦਿ ਪਾਸ ਪ੍ਰਾਰਥੀਆਂ ਦੀ ਪਲੇਸਮੈਂਟ ਕੀਤੀ ਜਾਵੇਗੀ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ੍ਰੀ ਜਸਵੰਤ ਰਾਏ ਨਾਲ 98725-69068 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਇਸ ਰੁਜ਼ਗਾਰ ਮੇਲੇ ਦਾ ਲਾਹਾ ਲੈਣ। ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ੍ਰੀ ਜਸਵੰਤ ਰਾਏ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਵਰਧਮਾਨ ਯਾਰਨਜ਼ ਅਤੇ ਥਰੈਡਜ਼ ਲਿਮਟਡ ਵਲੋਂ ਪੇਂਡੂ ਖੇਤਰ ਵਿੱਚ ਰਹਿਣ ਵਾਲੇ ਘੱਟੋ-ਘੱਟ 8ਵੀਂ ਪਾਸ ਲੜਕੇ-ਲੜਕੀਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ।
- ਗਿੱਦੜਬਾਹਾ ਵਿਖੇ ਹੋਣ ਵਾਲੀ ਮੈਰਾਥਨ ਲਈ ਹੋ ਰਹੀ ਹੈ ਆਨ ਲਾਈਨ ਰਜਿਸ਼ਟ੍ਰੇਸ਼ਨ
ਹੁਸ਼ਿਆਰਪੁਰ, 5 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਹਾਫ਼ ਮੈਰਾਥਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 18 ਮਾਰਚ 2018 ਨੂੰ ਜ਼ਿਲ੍ਹਾ ਪ੍ਰਸਾਸ਼ਨ ਸ੍ਰੀ ਮੁਕਤਸਰ ਸਾਹਿਬ ਰਾਹੀਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ 'ਮੁਕਤਸਰ ਮੈਰਾਥਨ‑2018' ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ 21 ਕਿਲੋਮੀਟਰ ਦੀ ਹਾਫ ਮੈਰਾਥਨ ਵਿਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਖੇਡਾਂ ਵਿਚ ਰੁਚੀ ਰੱਖਣ ਵਾਲੇ ਨੌਜਵਾਨ ਸ਼ਿਰਕਤ ਕਰਨਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀਆਂ ਨੂੰ ਵੀ ਇਸ ਮੈਰਾਥਨ ਵਿਚ ਵੱਧ ਚੜ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਮੈਰਾਥਨ ਦੇ ਜੇਤੂਆਂ ਨੂੰ 13 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਮੈਰਾਥਨ ਲਈ ਆਨ ਲਾਈਨ ਰਜਿਸਟ੍ਰੇਸ਼ਨ ਵੈਬਸਾਈਟ www.muktsarmarathon.org 'ਤੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਦੇ ਬ੍ਰੈਂਡ ਐਂਬਸਡਰ ਉਡਣਾ ਸਿੱਖ ਮਿਲਖਾ ਸਿੰਘ ਹਨ ਜੋ ਕਿ ਖੁਦ ਇਸ ਮੌਕੇ ਪਹੁੰਚ ਕੇ ਮੈਰਾਥਨ ਨੂੰ ਰਵਾਨਾ ਕਰਨਗੇ, ਜਦ ਕਿ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਵੀ ਆਪਣੀ ਪੇਸ਼ਕਾਰੀ ਦੇਣਗੇ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਨੌਜਵਾਨਾਂ ਲਈ ਆਪਣੇ ਜੋਸ਼, ਜਨੂੰਨ ਅਤੇ ਜ਼ਜਬੇ ਨੂੰ ਸਿੱਧ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਮੈਰਾਥਨ ਵਿਚ ਸ਼ਿਰਕਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਨੂੰ ਅਨੁਸਾਸ਼ਨ ਸਿਖਾਉਂਦੀਆਂ ਹਨ ਅਤੇ ਅਨੁਸਾਸਨ ਨਾਲ ਹੀ ਜੀਵਨ ਵਿਚ ਤਰੱਕੀ ਸੰਭਵ ਹੈ। ਉਨ੍ਹਾਂ ਦੱਸਿਆ ਕਿ 21 ਕਿਲੋਮੀਟਰ ਦੀ ਹਾਫ ਮੈਰਾਥਨ ਤੋਂ ਇਲਾਵਾ 10 ਅਤੇ 5 ਕਿਲੋਮੀਟਰ ਦੀ ਦੌੜ ਵੀ ਹੋਵੇਗੀ। ਇਸ ਵਿਚ 12 ਸਾਲ ਤੋਂ ਵੱਧ ਉਮਰ ਦੇ ਲੋਕ ਭਾਗ ਲੈ ਸਕਦੇ ਹਨ, ਜਦ ਕਿ 21 ਕਿਲੋਮੀਟਰ ਦੀ ਹਾਫ ਮੈਰਾਥਨ ਵਿਚ ਭਾਗ ਲੈਣ ਲਈ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 13 ਲੱਖ ਤੋਂ ਵੱਧ ਦੇ ਨਗਦ ਇਨਾਮ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਅਤੇ ਪੁਰਸ਼ ਦੋਹਾਂ ਵਰਗਾਂ ਵਿਚ ਪਹਿਲਾ ਇਨਾਮ ਇਕ-ਇਕ ਲੱਖ ਰੁਪਏ ਦਾ, ਦੂਸਰੇ ਇਨਾਮ 70 ਹਜ਼ਾਰ ਦੇ ਅਤੇ ਤੀਸਰਾ ਇਨਾਮ 50 ਹਜ਼ਾਰ ਦਾ ਹੈ।
- ਕਿਹਾ, ਵਿੱਦਿਅਕ ਪੱਧਰ ਉਚਾ ਚੁੱਕਣਾ ਵੀ ਹਰ ਮਾਤਾ-ਪਿਤਾ ਦਾ ਨੈਤਿਕ ਫ਼ਰਜ਼
- ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਪੰਦਰਵਾੜਾ ਦੌਰਾਨ ਚਲਾਈ ਜਾ ਰਹੀ ਹਸਤਾਖਰਤਾ ਮੁਹਿੰਦ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਆਗਾਜ਼
ਹੁਸ਼ਿਆਰਪੁਰ, 5 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਜਾਗਰੂਕਤਾ ਫੈਲਾਉਣ ਲਈ ਰਾਜ ਵਿੱਚ ਪੰਦਰਵਾੜਾ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾ ਤੇ ਵਿਸ਼ੇਸ਼ ਹਸਤਾਖਰ ਮੁਹਿੰਮ ਚਲਾ ਕੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਨ ਦਾ ਸੰਕਲਪ ਲਿਆ
ਜਾਵੇਗਾ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਵਿਸ਼ੇਸ਼ ਮੁਹਿੰਮ ਦਾ ਹਸਤਾਖਰ ਕਰਕੇ ਆਗਾਜ਼ ਕਰ ਰਹੇ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਨੇ ਵੀ ਸੰਕਲਪ ਬੋਰਡ 'ਤੇ ਹਸਤਾਖਰ ਕਰਕੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਡਿਪਟੀ ਕਮਿਸ਼ਨਰ ਨੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਬੱਚੀਆਂ ਦੀ ਹੋਂਦ ਨੂੰ ਕਾਇਮ ਰੱਖਣਾ ਅਤੇ ਉਨ੍ਹਾਂ ਦਾ ਵਿੱਦਿਅਕ ਪੱਧਰ ਉਚਾ ਚੁੱਕਣਾ ਹਰ ਮਾਤਾ-ਪਿਤਾ ਦਾ ਨੈਤਿਕ ਫ਼ਰਜ਼ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਿੱਖਿਆ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ, ਤਾਂ ਕਿ ਉਨ੍ਹਾਂ ਦਾ ਜੀਵਨ ਪੱਧਰ ਉਚਾ ਚੁੱਕਿਆ ਜਾ ਸਕੇ। ਉਨ੍ਹਾਂ ਨੇ ਸਬੰਧਤ ਵਿਭਾਗ ਵਲੋਂ ਮਨਾਏ ਜਾ ਰਹੇ ਪੰਦਰਵਾੜਾ ਮੁਹਿੰਮ ਦੌਰਾਨ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ 'ਤੇ ਜੋਰ ਦਿੰਦੇ ਹੋਏੇ ਬੱਚੀਆਂ ਦੇ ਸੁਨਹਿਰੀ ਭਵਿੱਖ ਲਈ ਸਾਰਿਆਂ ਨੂੰ ਮਿੱਲ ਕੇ ਚੱਲਣ ਲਈ ਪ੍ਰੇਰਿਤ ਵੀ ਕੀਤਾ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪੰਦਰਵਾੜਾ ਮੁਹਿੰਮ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਟਕ ਅਤੇ ਹੋਰ ਪ੍ਰੋਗਰਾਮ ਕਰਕੇ ਜਾਗਰੂਕ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ 'ਤੇ ਰੂਪ ਰੇਖਾ ਵੀ ਤਿਆਰ ਕੀਤੀ ਜਾਵੇ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇ।ਇਸ ਮੌਕੇ 'ਤੇ ਐਨ.ਸੀ.ਸੀ. ਬਟਾਲੀਅਨ ਦੇ ਕਰਨਲ ਜੈ ਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਰਣਜੀਤ ਕੌਰ ਨੇ ਵੀ ਹਸਤਾਖਰ ਕਰਕੇ ਲੜਕੀਆਂ ਦੇ ਸੁਰੱਖਿਅਤ ਜੀਵਨ ਬਣਾਉਣ ਦਾ ਸੰਕਲਪ ਕੀਤਾ।
- ਕਿਹਾ, ਮਿਥੇ ਸਮੇਂ ਤੋਂ ਬਾਅਦ ਸਾਰੇ ਨਜਾਇਜ਼ ਕੁਨੈਕਸ਼ਨ ਕੱਟ ਦਿੱਤੇ ਜਾਣਗੇ
- ਬਕਾਇਆ ਰਾਸ਼ੀ ਵੀ ਰੈਵੀਨਿਊ ਕੋਰਟਾਂ ਰਾਹੀਂ ਜ਼ੁਰਮਾਨਾ ਸਹਿਤ ਵਸੂਲੀ ਜਾਵੇਗੀ
ਹੁਸ਼ਿਆਰਪੁਰ, 1 ਮਾਰਚ: ਜਲ ਸਲਪਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ 'ਇਕ ਵਾਰੀ ਮੁਆਫ਼ੀ ਯੋਜਨਾ' ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੰਬੇ ਸਮੇਂ ਤੋਂ ਬਕਾਇਆ ਰਹਿੰਦੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਲਈ ਆਖਰੀ ਤਾਰੀਕ ਨੂੰ ਵਧਾ ਕੇ 20 ਮਾਰਚ ਤੱਕ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ੍ਰੀ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ 20 ਮਾਰਚ ਤੋਂ ਬਾਅਦ ਬਕਾਇਆ ਰਹਿੰਦੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ 'ਤੇ ਸਾਰੇ ਨਜਾਇਜ਼ ਕੁਨੈਕਸ਼ਨ ਬਿਨ੍ਹਾਂ ਕਿਸੇ ਨੋਟਿਸ ਦੇ ਕੱਟ ਦਿੱਤੇ ਜਾਣਗੇ ਅਤੇ ਬਕਾਇਆ ਰਾਸ਼ੀ ਰੈਵੀਨਿਊ ਕੋਰਟਾਂ ਰਾਹੀਂ ਜ਼ੁਰਮਾਨਾ ਸਹਿਤ ਵਸੂਲੀ ਜਾਵੇਗੀ। ਸ੍ਰੀ ਗਿੱਲ ਨੇ ਦੱਸਿਆ ਕਿ ਪਾਣੀ ਦੇ ਬਿੱਲਾਂ ਦੇ ਬਕਾਏ ਦਾ ਇਕੋ ਵਾਰੀ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਵਲੋਂ ਇਕੋ ਹੀ ਸਮੇਂ 2000 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਕੇ ਆਪਣੇ ਪਾਣੀ ਦੇ ਬਕਾਏ ਬਿੱਲਾਂ ਦਾ ਨਿਪਟਾਰਾ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਕੋ ਵਾਰੀ ਇਹ ਰਾਸ਼ੀ ਦੇਣ ਉਪਰੰਤ ਕਿਸੇ ਤਰ੍ਹਾਂ ਦਾ ਜੁਰਮਾਨਾ ਜਾਂ ਲੇਟ ਫੀਸ ਵੀ ਨਹੀਂ ਵਸੂਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੈਰ-ਕਾਨੂੰਨੀ ਪੇਂਡੂ ਜਲ ਸਪਲਾਈ ਕੁਨੈਕਸ਼ਨਾਂ ਨੂੰ ਨਿਯਮਤ ਕਰਨ ਲਈ ਵੀ ਸਰਕਾਰ ਵਲੋਂ ਸਕੀਮ ਉਲੀਕੀ ਗਈ ਹੈ। ਇਸ ਸਕੀਮ ਤਹਿਤ ਪੇਂਡੂ ਜਲ ਸਪਲਾਈ ਸਕੀਮ ਦੇ ਸਾਰੇ ਉਪਭੋਗਤਾ, ਜਿਨ੍ਹਾਂ ਨੇ ਘਰਾਂ ਵਿੱਚ ਗੈਰ-ਕਾਨੂੰਨੀ ਕੁਨੈਕਸ਼ਨ ਲਗਾਏ ਹੋਏ ਹਨ, ਉਹ ਕੁਨੈਕਸ਼ਨਾਂ ਨੂੰ 1000 ਰੁਪਏ ਦੀ ਇਕੋ ਵਾਰੀ ਫੀਸ ਅਦਾ ਕਰਕੇ ਨਿਯਮਤ ਕਰ ਸਕਦੇ ਹਨ ਅਤੇ ਇਸ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ। ਕਾਰਜਕਾਰੀ ਇੰਜੀਨੀਅਰ ਸ੍ਰੀ ਅਮਰਜੀਤ ਸਿੰਘ ਗਿੱਲ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਰਹਿੰਦੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਕਰਨ, ਪਾਣੀ ਦੇ ਬਿੱਲਾਂ ਦਾ ਇਕੋ ਵਾਰੀ ਨਿਪਟਾਰਾ ਕਰਵਾਉਣ ਅਤੇ ਗੈਰ-ਕਾਨੂੰਨੀ ਪੇਂਡੂ ਜਲ ਸਪਲਾਈ ਕੁਨੈਕਸ਼ਨ ਨੂੰ ਨਿਯਮਤ ਕਰਨ ਸਬੰਧੀ 20 ਮਾਰਚ ਤੱਕ ਵਧਾਈ ਗਈ ਨਵੀਂ ਤਾਰੀਕ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਦੱਸਿਆ ਕਿ ਸਕੀਮ ਦੇ ਵੇਰਵੇ ਤੇ ਹੋਰ ਨਿਯਮ ਅਤੇ ਸ਼ਰਤਾਂ ਲਈ ਵਿਭਾਗ ਦੀ ਵੈਬ ਸਾਈਟ www.pbdwss.gov.in ਜਾਂ ਆਪਣੇ ਇਲਾਕੇ ਦੇ ਉਪ ਮੰਡਲ ਇੰਜੀਨੀਅਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- 15 ਮਾਰਚ ਤੱਕ ਪਖਾਨੇ ਬਣਾਉਣ ਦਾ ਕੰਮ ਕੀਤਾ ਜਾਵੇ ਮੁਕੰਮਲ
ਹੁਸ਼ਿਆਰਪੁਰ, 1 ਮਾਰਚ:ਸਵੱਛ ਭਾਰਤ ਮਿਸ਼ਨ ਤਹਿਤ ਹੁਣ ਤੱਕ 1284 ਪਿੰਡਾਂ ਨੂੰ ਸ਼ੋਚ ਮੁਕਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ 15 ਮਾਰਚ 2018 ਤੱਕ ਸ਼ੋਚ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਪਖਾਨੇ ਬਣਾਉਣ ਦਾ ਕੰਮ ਸਬੰਧਤ ਲਾਭਪਾਤਰੀ ਪਰਿਵਾਰਾਂ ਵਲੋਂ ਨਹੀਂ ਕੀਤਾ ਗਿਆ ਹੈ, ਉਹ ਤੈਅ ਸਮੇਂ ਅਨੁਸਾਰ 15 ਮਾਰਚ ਤੱਕ ਪਖਾਨੇ ਬਣਾਉਣ ਦਾ ਕੰਮ ਪੂਰਾ ਕਰ ਲੈਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ ਸ਼ੋਚ ਮੁਕਤ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇਕਰ ਹਰ ਪਿੰਡ ਵਾਸੀ ਆਪਣੇ ਘਰ ਵਿੱਚ ਪਖਾਨਾ ਬਣਾ ਕੇ ਇਸ ਦੀ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਹੁਣ ਪਿੰਡ ਵਾਸੀਆਂ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਸ਼ੋਚ ਕਰਨ ਦੇ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰ ਆ ਕੇ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਪਖਾਨੇ ਬਣਾਉਣ ਲਈ ਜਗ੍ਹਾ ਉਪਲਬੱਧ ਨਹੀਂ ਹੈ, ਤਾਂ ਇਸ ਸਥਿਤੀ ਵਿੱਚ ਪੰਚਾਇਤ ਵਲੋਂ ਪਖਾਨੇ ਬਣਾਉਣ ਲਈ ਦਿੱਤੀ ਜਗ੍ਹਾ 'ਤੇ ਸਯੁੰਕਤ ਤੌਰ 'ਤੇ ਪਖਾਨੇ ਵੀ ਬਣਾਏ ਜਾ ਰਹੇ ਹਨ। ਸ੍ਰੀ ਵਿਪੁਲ ਉਜਵਲ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚ ਸਫ਼ਾਈ ਵਿਵਸਥਾ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣ ਅਤੇ ਪਰਿਵਾਰਕ ਮੈਂਬਰਾਂ ਨੂੰ ਖੁੱਲ੍ਹੇ ਵਿੱਚ ਸ਼ੋਚ ਨਾ ਕਰਨ ਸਬੰਧੀ ਜਾਗਰੂਕ ਵੀ ਕਰਨ। ਉਪ ਮੰਡਲ ਇੰਜੀਨੀਅਰ ਸ੍ਰੀ ਨਵਨੀਤ ਕੁਮਾਰ ਜਿੰਦਲ ਨੇ ਦੱਸਿਆ ਕਿ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਮਿਥੇ ਸਮੇਂ ਤੱਕ ਸ਼ੋਚ ਮੁਕਤ ਕਰਨ ਲਈ ਪਿੰਡਾਂ ਵਿੱਚ ਟਰੇਨਿੰਗ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਪਿੰਡ ਪੰਚਾਇਤਾਂ ਅਤੇ ਲਾਭਪਾਤਰੀਆਂ ਨੂੰ ਪਖਾਨੇ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਸ਼ੋਚ ਮੁਕਤ ਕੀਤਾ ਜਾ ਸਕੇ।