- ਯਾਤਰੀਆਂ ਦੀ ਸੁਵਿਧਾ ਲਈ ਹੁਸ਼ਿਆਰਪੁਰ ਤੋਂ ਊਨਾ ਜਾਣ ਦਾ ਰੂਟ ਬਦਲਿਆ
- ਊਨਾ 'ਚ ਪੱਥਰ ਡਿੱਗਣ ਨਾਲ ਰੋਡ ਜਾਮ
ਪ੍ਰਸਾਸ਼ਨ ਊਨਾ ਵਲੋਂ ਪੱਥਰ ਡਿੱਗਣ ਨਾਲ ਹੋਏ ਰੋਡ ਜਾਮ ਦਾ ਮਾਮਲਾ ਧਿਆਨ ਵਿੱਚ ਲਿਆਉਣ 'ਤੇ ਜ਼ਿਲ੍ਹਾ ਪ੍ਰਸਾਸ਼ਨ ਹੁਸ਼ਿਆਰਪੁਰ ਨੇ ਤੁਰੰਤ ਕਾਰਵਾਈ ਕਰਦਿਆਂ ਯਾਤਰੀਆਂ ਦੀ ਸੁਵਿਧਾ ਲਈ ਹੁਸ਼ਿਆਰਪੁਰ ਤੋਂ ਊਨਾ ਜਾਣ ਦਾ ਰੂਟ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ-ਊਨਾ ਰੋਡ 'ਤੇ ਪੈਂਦੇ ਪਿੰਡ ਚੱਕ ਸਾਧੂ ਤੋਂ ਪਹਿਲਾਂ ਪੁਲਿਸ ਨਾਕੇ ਲਗਾ ਕੇ ਰਾਹਗੀਰਾਂ ਨੂੰ ਊਨਾ ਵਾਇਆ ਗਗਰੇਟ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱÎਸਿਆ ਕਿ ਉਨ੍ਹਾਂ ਵਲੋਂ ਊਨਾ ਪ੍ਰਸਾਸ਼ਨ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜਦੋਂ ਸਥਿਤੀ ਆਮ ਵਾਂਗ ਹੋ ਜਾਵੇਗੀ, ਤਾਂ ਪਹਿਲੇ ਵਾਲਾ ਰੂਟ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਊਨਾ ਜਾਣ ਲਈ ਵਾਇਆ ਗਗਰੇਟ ਵਾਲਾ ਰੂਟ ਹੀ ਅਪਣਾਇਆ ਜਾਵੇ।
ਉਧਰ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ ਜੋ ਅੱਜ ਪੌਂਗ ਡੈਮ ਵਿੱਚੋਂ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਸੀ, ਉਸ ਨੂੰ ਇਕ ਵਾਰ ਫਿਰ 27 ਸਤੰਬਰ ਦੁਪਹਿਰ ਤੱਕ ਟਾਲ ਦਿੱਤਾ ਗਿਆ ਹੈ। ਬੀ.ਬੀ.ਐਮ.ਬੀ. ਵਲੋਂ ਵਾਧੂ ਪਾਣੀ ਛੱਡਣ ਸਬੰਧੀ ਇਕ ਸਮੀਖਿਆ ਮੀਟਿੰਗ 27 ਸਤੰਬਰ ਨੂੰ ਕੀਤੀ ਜਾ ਰਹੀ ਹੈ ਅਤੇ ਇਸ ਮੀਟਿੰਗ ਵਿੱਚ ਅਗਲਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀ.ਬੀ.ਐਮ.ਬੀ. ਤਲਵਾੜਾ ਦੇ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਰਿਪੋਰਟ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦਿੱਤੀ ਗਈ ਰਿਪੋਰਟ ਅਨੁਸਾਰ ਪੌਂਗ ਡੈਮ ਦੇ ਪਾਣੀ ਦਾ ਲੈਵਲ 1391.02 ਫੁੱਟ ਸੀ। ਜ਼ਿਕਰਯੋਗ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ 25 ਸਤੰਬਰ ਨੂੰ 3 ਵਜੇ 49 ਹਜ਼ਾਰ ਕਿਊਸਕ ਤੱਕ ਵਾਧੂ ਪਾਣੀ ਛੱਡਿਆ ਜਾਣਾ ਸੀ ਅਤੇ ਇਸ ਪਾਣੀ ਛੱਡਣ ਦੇ ਫ਼ੈਸਲੇ ਨੂੰ 26 ਸਤੰਬਰ ਤੱਕ ਟਾਲ ਦਿੱਤਾ ਗਿਆ ਸੀ ਅਤੇ ਅੱਜ ਵੀ ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਵਲੋਂ ਇਸ ਫ਼ੈਸਲੇ ਨੂੰ 27 ਸਤੰਬਰ ਦੁਪਹਿਰ ਤੱਕ ਟਾਲ ਦਿੱਤਾ ਗਿਆ ਹੈ।