-ਹਥਿਆਰਬੰਦ ਸੈਨਾ ਝੰਡਾ ਦਿਵਸ ਸਬੰਧੀ ਕੱਢੀ ਰੈਲੀ
ਹੁਸ਼ਿਆਰਪੁਰ, 7 ਦਸੰਬਰ: ਹਥਿਆਰਬੰਦ ਸੈਨਾ ਝੰਡਾ ਦਿਵਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਸੈਨਿਕ ਬੋਰਡ ਵੱਲੋਂ ਕੱਢੀ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਸਾਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਹੀ ਫ਼ਖਰ ਮਹਿਸੂਸ ਹੋ ਰਿਹਾ ਹੈ ਕਿ ਸਾਰੇ ਦੇਸ਼ ਵਿੱਚ 7 ਦਸੰਬਰ 2015 ਨੂੰ ਬਤੌਰ ਝੰਡਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਦੇ ਮੌਕੇ 'ਤੇ ਇੱਕਤਰ ਕੀਤੇ ਦਾਨ ਦੀ ਰਾਸ਼ੀ ਨੂੰ ਦੇਸ਼ ਦੀ ਖਾਤਰ ਸ਼ਹੀਦ ਹੋਏ ਸੈਨਿਕਾਂ, ਨਕਾਰਾ ਸੈਨਿਕਾਂ ਅਤੇ ਬਹੁਤ ਹੀ ਲੋੜਵੰਦ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸੂਰਬੀਰ ਯੋਧਿਆਂ ਨੂੰ ਸਲਾਮ ਕਰਦੇ ਹਾਂ ਜਿਹੜੇ ਸਾਡੇ ਭਵਿੱਖ ਲਈ ਆਪਣਾ-ਆਪ ਵਾਰ ਦਿੰਦੇ ਹਨ ਅਤੇ ਇਨ੍ਹਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਦੀ ਏਕਤਾ ਬਰਕਰਾਰ ਰਹਿੰਦੀ ਹੈ।
ਸ੍ਰੀਮਤੀ ਮਿਤਰਾ ਨੇ ਕਿਹਾ ਕਿ ਸੈਨਿਕ ਦੇਸ਼ ਦੀਆਂ ਸਰਹੱਦਾਂ 'ਤੇ ਹਮੇਸ਼ਾ ਹਰ ਜੋਖਮ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੇ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਝੰਡਾ ਦਿਵਸ ਫੰਡ ਲਈ ਦਿਲ ਖੋਲ੍ਹ ਕੇ ਦਾਨ ਕਰਨ ਤਾਂ ਜੋ ਬੇਵਕਤੇ ਸਮੇਂ ਸਾਬਕਾਂ ਫੌਜੀਆਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ।
ਰੈਲੀ ਵਿੱਚ ਜਿਲ੍ਹਾ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜ਼ੀ ਅਤੇ ਪ੍ਰੀ-ਰਿਕਰੂਟਮੈਂਟ ਟਰੇਨਿੰਗ ਦੇ ਸਿੱਖਿਆਰਥੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਸੂਰਬੀਰ ਸੈਨਿਕਾਂ 'ਤੇ ਮਾਣ ਕਰਨਾ ਚਾਹੀਦਾ ਹੈ ਜੋ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਸਨੀਕ ਹੋ ਕੇ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਦੇ ਬਾਵਜੂਦ ਵੀ ਇਕਜੁਟ ਹੋ ਕੇ ਦੇਸ਼ ਦੀ ਰੱਖਿਆ ਕਰਨ ਲਈ ਅਤੇ ਸ਼ਹੀਦ ਹੋਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਲਗਭਗ 600 ਦੇ ਕਰੀਬ ਸ਼ਹੀਦ, 465 ਬਹਾਦਰੀ ਪੁਰਸਕਾਰ ਅਤੇ 60,000 ਦੇ ਕਰੀਬ ਸਾਬਕਾ ਸੈਨਿਕਾਂ ਦੀ ਗਿਣਤੀ ਹੈ। ਅੱਜ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਨੂੰ ਮਨਾਉਣ ਲਈ 4,99,000 ਦੇ ਕਰੀਬ ਫਲੈਗ ਸਟਿੱਕਰ ਪੂਰੇ ਜ਼ਿਲ੍ਹੇ ਵਿੱਚ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਰਕਾਰ ਦੁਆਰਾ ਇਸ ਜ਼ਿਲ੍ਹੇ ਨੂੰ ਫਲੈਗ ਡੇ ਫੰਡ ਦਾ 16 ਲੱਖ ਰੁਪਏ ਦਾ ਟੀਚਾ ਦਿੱਤਾ ਗਿਆ ਸੀ, ਜਿਸ ਵਿੱਚ ਜ਼ਿਲ੍ਹਾ ਵਾਸੀਆਂ, ਸਕੂਲਾਂ, ਕਾਲਜਾਂ ਅਤੇ ਸਮੂਹ ਵਿਭਾਗਾਂ ਦੇ ਸਹਿਯੋਗ ਨਾਲ 27 ਲੱਖ ਰੁਪਏ ਇਕੱਠੇ ਕੀਤੇ ਗਏ ਸਨ।
ਇਸ ਮੌਕੇ ਉਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਵਿੰਗ ਕਮਾਂਡਰ (ਰਿਟਾ:) ਵਾਸੂ ਦੇਵ ਨੇ ਹਥਿਆਰਬੰਦ ਸੈਨਾ ਝੰਡਾ ਫੰਡ ਵਿੱਚ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਪਰਡੰਟ ਰਸ਼ਪਾਲ ਸਿੰਘ, ਸ੍ਰੀਮਤੀ ਕਰਮਜੀਤ ਕੌਰ, ਕੈਪਟਨ ਅਸ਼ਨੀ ਕੁਮਾਰ, ਸ੍ਰੀ ਜਗਤਾਰ ਸਿੰਘ, ਕੈਪਟਨ ਐਮ.ਐਲ. ਕਟਾਰੀਆ, ਸ੍ਰੀਮਤੀ ਰਿਤੂ ਕਾਲੀਆ, ਸ੍ਰੀ ਸ਼ਸ਼ੀ ਕੁਮਾਰ, ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਨਰਿੰਦਰ ਕੁਮਾਰ, ਸੈਨਿਕ ਰੈਸਟ ਹਾਊਸ ਦਾ ਸਟਾਫ਼, ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਅਤੇ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਦੇ ਸਿਖਿਆਰਥੀ ਸ਼ਾਮਲ ਸਨ।
No comments:
Post a Comment