1008 ਸ਼੍ਰੀ ਮਹੰਤ ਰਾਮ ਪ੍ਰਕਾਸ਼ ਦਾਸ ਜੀ
Sri 1008 Mahant Ram Parkash Das Ji |
ਜਿਉਂ ਜਿਉਂ ਸਭ ਦਾ ਹਰਮਨਪਿਆਰਾ ਇਹ ਬਾਲਕ ਵੱਡਾ ਹੁੰਦਾ ਗਿਆ, ਮਾਪੇ ਸੰਤਾਨ ਦੇ ਮੋਹ ਜਾਲ ਵਿਚ ਫਸਦੇ ਗਏ ਅਤੇ ਉਹ ਕੁਲ ਪ੍ਰੰਪਰਾ ਅਨੁਸਾਰ ਰਾਮਪੁਰ ਵਿਖੇ ਮੱਥਾ ਟੇਕ ਦੇ ਘਰ ਵਾਪਸ ਲੈ ਆਏ। ਉਹ ਆਪਣੀ ਅਰਦਾਸ ਨੂੰ ਭੁੱਲ ਗਏ ਅਤੇ ਪਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ। ਇਕ ਦਿਨ ਮਹੰਤ ਰਾਮ ਪ੍ਰਕਾਸ਼ ਜੀ ਬਹੁਤ ਬਿਮਾਰ ਹੋ ਗਏ ਅਤੇ ਵੈਦ ਹਕੀਮਾਂ ਦੇ ਸਭ ਹੀਲੇ ਵਸੀਲੇ ਨਾਕਾਮ ਹੁੰਦੇ ਪ੍ਰਤੀਤ ਹੋਣ ਲੱਗੇ। ‘ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ ...’ ਵਾਲੀ ਹਾਲਤ ਬਣਨ ਲੱਗੀ। ਅਖ਼ੀਰ ਆਪ ਨੂੰ ਰਾਮਪੁਰ ਲਿਜਾਣ ਦਾ ਫੈਸਲਾ ਕੀਤਾ ਗਿਆ। ਉਸ ਵੇਲੇ ਮਹੰਤ ਭਰਤ ਦਾਸ ਜੀ ਰਾਮਪੁਰ ਗੱਦੀ ਤੇ ਬਿਰਾਜਮਾਨ ਸਨ। ਉਨ੍ਹਾਂ ਵਚਨ ਕੀਤਾ ਕਿ ਜੇਕਰ ਤੁਹਾਡਾ ਸੰਕਲਪ ਇਸ ਬਾਲਕ ਨੂੰ ਇੱਥੇ ਛੱਡਣ ਦਾ ਸੀ ਤਾਂ ਹੁਣ ਤੁਸੀਂ ਇਸ ਤੋਂ ਪਿੱਛੇ ਨਾ ਹਟੋ। ਇਸਨੂੰ ਇੱਥੇ ਹੀ ਰਹਿਣ ਦਿਓ। ਹੁਣ ਇਹ ਸਾਡਾ ਹੋ ਗਿਆ ਹੈ। ਇਉਂ ਮਹੰਤ ਜੀ ਦੇ ਹੁਕਮਾਂ ਅਨੁਸਾਰ ਆਪ ਜੀ ਨੂੰ ਇੱਥੇ ਛੱਡ ਦਿੱਤਾ ਗਿਆ। ਇਸਦੇ ਨਾਲ ਹੀ ਹੌਲੀ ਹੌਲੀ ਆਪ ਪੂਰੀ ਤਰਾਂ ਤੰਦਰੁਸਤ ਹੋ ਗਏ। ਆਪ ਦੀ ਸਿੱਖਿਆ ਰਾਮਪੁਰ ਵਿਚ ਹੋਈ। ਸੰਸਕ੍ਰਿਤ ਦੀ ਸਿੱਖਿਆ ਦਾਤਾਰਪੁਰ ਦੇ ਸਨਾਤਨ ਧਰਮ ਸੰਸਕ੍ਰਿਤ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਸ਼ੁਰੂ ਵਿਚ ਆਪ ਜੀ ਨੂੰ ਘੁੜਸਵਾਰੀ ਦਾ ਬੇਹੱਦ ਸ਼ੌਕ ਸੀ ਤੇ ਦਾਤਾਰਪੁਰ ਦਰਬਾਰ ਵਿਚ ਆਪ ਨੇ ਘੋੜਾ ਰੱਖਿਆ ਹੋਇਆ ਸੀ। ਇੱਥੋਂ ਰਾਮਪੁਰ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਜਾਇਆ ਕਰਦੇ ਸਨ। ਆਪ ਨੇ ਅੰਗਰੇਜ਼ੀ, ਉਰਦੂ, ਫਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਭਾਸ਼ਾਵਾਂ ਦਾ ਡੂੰਘਾ ਅਧਿਐਨ ਕੀਤਾ।
7 ਮਾਰਚ 1950 ਨੂੰ ਮਹੰਤ ਭਰਤ ਦਾਸ ਜੀ ਦੇ ਸਵਰਗ ਸਿਧਾਰਨ ਮਗਰੋਂ ਆਪਦੀ ਰਾਮਪੁਰ ਗੱਦੀ ਨਸ਼ੀਨੀ 26 ਮਾਰਚ 1950 ਨੂੰ ਹੋਈ।
ਪਰੰਤੂ ਬਾਅਦ ਵਿਚ ਦਾਤਾਰਪੁਰ ਗੱਦੀ ਲਈ ਰਾਮ ਸ਼ਰਨ ਦਾਸ ਨੇ ਅਦਾਲਤ ਵਿਚ ਦਾਅਵਾ ਕਰ ਦਿੱਤਾ, ਜੋ ਮਗਰੋਂ ਅਦਾਲਤ ਵਿਚ ਗੱਦੀ ਦੀ ਦਾਅਵੇਦਾਰੀ ਦਾ ਕੇਸ ਹਾਰ ਗਏ ਅਤੇ ਫੈਸਲਾ ਮਹੰਤ ਰਾਮ ਪ੍ਰਕਾਸ਼ ਦਾਸ ਜੀ ਦੇ ਹੱਕ ਵਿਚ ਹੋਇਆ। ਇਸ ਤਰਾਂ ਆਪ ਦੀ ਦਾਤਾਰਪੁਰ ਗੱਦੀ ਨਸ਼ੀਨੀ 14 ਸਤੰਬਰ 1953 ਨੂੰ ਹੋਈ। ਉਦੋਂ ਤੋਂ ਲੈ ਕੇ ਆਖਰੀ ਦਮ ਤੱਕ ਉਨ੍ਹਾਂ ਦਾਤਾਰਪੁਰ ਅਤੇ ਰਾਮਪੁਰ ਦਰਬਾਰ ਦੇ ਵਿਕਾਸ ਅਤੇ ਧਰਮ ਪ੍ਰਚਾਰ ਦਾ ਬੀੜਾ ਚੁੱਕਿਆ ਅਤੇ ਆਪਣੀ ਬੇਮਿਸਾਲ ਤੇ ਬੇਦਾਗ਼ ਸ਼ਖਸ਼ੀਅਤ ਸਦਕਾ ਪੂਰੇ ਖੇਤਰ ਵਿਚ ਇਸ ਕਾਰਜ ਨੂੰ ਬਾਖੂਬੀ ਨਿਭਾਇਆ।
1962 ਵਿਚ ਆਪ ਪੰਚ ਰਾਮਾਨੰਦੀ ਵੈਸ਼ਨਵ ਦੁਆਬਾ ਮੰਡਲ ਪੰਜਾਬ ਦੇ ਨਿਰਵਿਰੋਧ ਪ੍ਰਧਾਨ ਚੁਣੇ ਗਏ। 1966 ਵਿਚ ਆਪ ਹਿੰਦੂਆਂ ਦੀ ਪ੍ਰਮੁੱਖ ਸੰਸਥਾ ਵਿਸ਼ਵ ਹਿੰਦੂ ਪਰਿਸ਼ਦ ਨਾਲ ਜੁੜੇ ਅਤੇ 1969 ਤੋਂ ਆਪ ਇਸ ਸਿਰਮੌਰ ਜਥੇਬੰਦੀ ਦੇ ਪੰਜਾਬ ਦੇ ਪ੍ਰਧਾਨ ਅਤੇ ਕੇਂਦਰ ਦੇ ਉਪ ਪ੍ਰਧਾਨ ਦੇ ਅਹੁਦਿਆਂ ਦੀ ਸੇਵਾ ਅਖੀਰ ਤੱਕ ਬਾਖੂਬੀ ਨਿਭਾਉਂਦੇ ਰਹੇ।
ਦਾਤਾਰਪੁਰ ਵਿਚ 1902 ਤੋਂ ਚਲੇ ਆ ਰਹੇ ਸੰਸਕ੍ਰਿਤ ਸੰਸਥਾਨ ਨੂੰ ਮਹੰਤ ਜੀ ਨੇ ਵਿਕਸਿਤ ਕੀਤਾ ਅਤੇ ਪੂਰੀ ਨਿਸ਼ਠਾ ਨਾਲ ਏਸ ਸੰਸਥਾ ਨੂੰ ਦੇਸ਼ ਦੀਆਂ ਸਿਰਕੱਢ ਸੰਸਥਾਵਾਂ ਦੇ ਬਰਾਬਰ ਲਿਆਂਦਾ। ਇਸੇ ਤਰਾਂ ਮਹੰਤ ਜੀ ਵੱਲੋਂ ਰਾਮਪੁਰ ਵਿਚ ਸੀਨੀਅਰ ਸੈਕੰਡਰੀ ਸਕੂਲ ਸ਼ੁਰੂ ਕੀਤਾ ਗਿਆ ਜਿੱਥੇ ਲੜਕੇ ਤੇ ਲੜਕੀਆਂ ਇਕੱਠੇ ਸਿੱਖਿਆ ਪ੍ਰਾਪਤ ਕਰਦੇ ਹਨ। ਦਾਤਾਰਪੁਰ ਵਿਖੇ ਆਪ ਜੀ ਨੇ 1992 ਵਿਚ ਬਾਬਾ ਲਾਲ ਦਿਆਲ ਸਨਾਤਨ ਧਰਮ ਕੰਨਿਆ ਮਹਾਵਿਦਿਆਲਿਆ ਸ਼ੁਰੂ ਕੀਤਾ।
ਧਰਮ ਪ੍ਰਚਾਰ ਲਈ ਆਪ ਨੇ ਭਾਰਤ ਭਰ ਤੋਂ ਇਲਾਵਾ ਸੰਸਾਰ ਦੇ 52 ਦੇ ਕਰੀਬ ਦੇਸ਼ਾਂ ਦਾ ਦੌਰਾ ਕਰਕੇ ਬਾਬਾ ਲਾਲ ਦਿਆਲ ਜੀ ਦੀਆਂ ਸਿੱਖਿਆਵਾਂ ਦਾ ਚਾਨਣ ਵੰਡਿਆ।
ਇਲਾਕਾ ਨਿਵਾਸੀਆਂ ਦੇ ਜੋਰ ਦੇਣ ਤੇ ਆਪ ਰਾਜਨੀਤੀ ਵਿਚ ਕਦਮ ਰੱਖਿਆ ਤੇ ਵਿਧਾਨ ਸਭਾ ਹਲਕਾ ਦਸੂਹਾ ਤੋਂ 1967 ਵਿਚ ਸ. ਲਛਮਣ ਸਿੰਘ ਗਿੱਲ ਦੀ ਵਜਾਰਤ ਵਿਚ ਸਿਹਤ ਅਤੇ ਖੁਰਾਕ ਮੰਤਰੀ ਪੰਜਾਬ ਬਣੇ। ਬਤੌਰ ਮੰਤਰੀ ਆਪ ਨੇ ਪੂਰੇ ਹਲਕੇ ਕਾਇਆ ਕਲਪ ਕੀਤਾ ਅਤੇ ਇੱਥੇ ਬਿਜਲੀ ਦਾ ਸੰਚਾਰ, ਸੜਕਾਂ ਦਾ ਜਾਲ, ਜਲ ਸਪਲਾਈ ਯੋਜਨਾਵਾਂ ਨਾਲ ਵਿਕਾਸ ਦਾ ਦੌਰ ਸ਼ੁਰੂ ਕੀਤਾ। ਉਸ ਵੇਲੇ ਪੰਜਾਬ ਵਿਚ ਦਿੱਲੀ ਪੈਟਰਨ ਮੁਤਾਬਕ ਏਡਡ ਸਕੂਲਾਂ ਵਿਚ ਬਰਾਬਰ ਸਹੂਲਤਾਂ ਲਾਗੂ ਕਰਵਾਉਣਾ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ।
ਮਹੰਤ ਜੀ ਪ੍ਰੇਰਣਾ ਤੇ ਅਗਵਾਈ ਸਦਕਾ ਬਾਬਾ ਲਾਲ ਦਿਆਲ ਜੀ ਦੇ ਸੇਵਕਾਂ ਵੱਲੋਂ ਜੰਮੂ ਤੋਂ ਲੈ ਕੇ ਹਰਦੁਆਰ, ਫਰੀਦਾਬਾਦ ਤੱਕ ਆਪੋ ਆਪਣੇ ਸ਼ਹਿਰਾਂ ਵਿਚ ‘ਲਾਲ ਦੁਆਰ’ ਦੀ ਉਸਾਰੀ ਕਰਵਾਈ। ਮੰਦਰਾਂ ਦੇ ਨਿਰਮਾਣ ਦੀ ਲੜੀ ਵਿਚ ਮਹੱਤਵਪੂਰਨ 14 ਅਪ੍ਰੈਲ 1997 ਵਿਚ 6 ਕਰੋੜ ਰੁਪਏ ਤੋਂ ਵੱਧ ਲਾਗਤ ਨਾਲ ਭੂਪਤੀ ਵਾਲਾ ਰੋਡ, ਹਰਦੁਆਰ ਵਿਖੇ ਲਾਲ ਦੁਆਰ ਧਾਮ ਦੀ ਉਸਾਰੀ ਕਰਵਾਈ ਹੈ, ਜਿਸ ਵਿਚ 52 ਨਿਵਾਸ ਯੋਗ ਕਮਰੇ ਤੇ ਹੋਰ ਸੁਵਿਧਾਵਾਂ ਮੌਜੂਦ ਹਨ।
ਰਾਮਪੁਰ ਵਿਖੇ ਵਾਪਰੇ ਸੜਕ ਹਾਦਸੇ ਆਪ ਜੀ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਕੁਝ ਦਿਨ ਹਸਪਤਾਲਾਂ ਵਿਚ ਜੇਰੇ ਇਲਾਜ ਰਹਿਣ ਉਪਰੰਤ ਆਪ 13 ਨਵੰਬਰ 2010 ਨੂੰ ਸਵਰਗ ਸਿਧਾਰ ਗਏ।
ਮਹੰਤ ਰਾਮ ਪ੍ਰਕਾਸ਼ ਦਾਸ ਜੀ ਆਪਣੇ ਸ਼ਰਧਾਲੂਆਂ ਦੇ ਦਿਲਾਂ ਵਿਚ ਨਿਸ਼ਕਾਮ ਸੇਵਾ, ਦ੍ਰਿੜ ਇਰਾਦੇ, ਪਵਿੱਤਰ ਸੋਚ, ਅਣਥੱਕ ਘਾਲਣਾ, ਬੇਦਾਗ਼ ਸ਼ਖਸ਼ੀਅਤ ਸਦਕਾ ਹਮੇਸ਼ਾ ਚਾਨਣ ਮੁਨਾਰਾ ਬਣੇ ਰਹਿਣਗੇ।
ਪੇਸ਼ਕਸ਼ :
ਸਮਰਜੀਤ ਸਿੰਘ ਸ਼ਮੀ
9417355724
No comments:
Post a Comment