ਵਣ ਨਿਯਮਾਂ ਦੀਆਂ ਧੱਜੀਆਂ ਉੱਡੀਆਂ
ਤਲਵਾੜਾ, 19 ਅਗਸਤ: ਬੀਤੇ ਦਿਨੀਂ ਕੰਢੀ ਇਲਾਕੇ ਦੇ ਹਰਿਆਣਾ ਕਮਾਹੀ ਦੇਵੀ ਸੜਕ ਤੇ ਸਥਿਤ ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਪੁਹਾਰੀ ਵਿਖੇ ਵਣ ਅਧੀਨ 23 ਹਜਾਰ ਵਰਗ ਮੀਟਰ ਪਹਾੜੀ ਰਕਬੇ ਨੂੰ ਭਾਰਤੀ ਵਣ ਐਕਟ 1927, ਪੰਜਾਬ ਭੂਮੀ ਸੁਰੱਖਿਆ ਐਕਟ 1900 ਅਤੇ ਵਣ ਬਚਾਅ ਐਕਟ 1980 ਦੀਆਂ ਧੱਜੀਆਂ ਉਡਾ ਕੇ ਆਧੁਨਿਕ ਭਾਰੀ ਮਸ਼ੀਨਰੀ ਰਾਹੀਂ ਮੈਦਾਨ ਬਣਾ ਦਿੱਤਾ ਗਿਆ। ਸਬੰਧਤ ਵਣ ਅਧਿਕਾਰੀ ਕੋਈ ਠੋਸ ਵਿਭਾਗੀ ਕਾਰਵਾਈ ਕਰਨ ਦੀ ਬਜਾਏ ਤਮਾਸ਼ਬੀਨ ਬਣੇ ਰਹੇ ਜਿਸ ਦੀ ਇਲਾਕੇ ਵਿਚ ਚਰਚਾ ਜੋਰਾਂ ਤੇ ਹੈ। ਉਪਰੋਕਤ ਕਾਨੂੰਨਾਂ ਦੀ ਘੋਰ ਉ¦ਘਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਵਣ ਵਿਭਾਗ ਦੇ ਦਸੂਹਾ ਮੰਡਲ ਦੇ ਪੰਜ ਵਣ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਹੋਏ ਹਨ, ਜਿਹਨਾਂ ਵਿਚ ਵਣ ਮੰਡਲ ਅਫਸਰ ਵੀ ਸ਼ਾਮਿਲ ਹੈ। ਸ਼੍ਰੀ ਜਤਿੰਦਰ ਕੁਮਾਰ ਸ਼ਰਮਾ ਆਈ. ਐਫ. ਐਸ. ਮੁੱਖ ਵਣਪਾਲ ਹਿੱਲਜ਼ ਨੂੰ ਮਿਤੀ 9 ਅਗਸਤ ਨੂੰ ਫੋਨ ਰਾਹੀ ਉਪਰੋਕਤ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਜਿਸ ਦੇ ਅਧਾਰ ਤੇ ਸ਼੍ਰੀ ਸ਼ਰਮਾ ਨੇ ਇਸ ਨੂੰ ਅਤੀ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਪਰਵੀਨ ਕੁਮਾਰ ਆਈ. ਐਫ. ਐਸ. ਵਣਪਾਲ ਸ਼ਿਵਾਲਿਕ ਸਰਕਲ ਨੂੰ ਪ੍ਰਭਾਵਿਤ ਜੰਗਲ ਦਾ ਮੌਕੇ ਤੇ ਨਿਰੀਖਣ ਕਰਕੇ ਮੁਕੰਮਲ ਰਿਪੋਰਟ ਤੁਰੰਤ ਸੌਪਣ ਦੇ ਆਦੇਸ਼ ਕੀਤੇ ਸਨ।
ਸ਼੍ਰੀ ਪਰਵੀਨ ਕੁਮਾਰ ਵਣਪਾਲ ਸ਼ਿਵਾਲਿਕ ਅਨੁਸਾਰ ਸ਼੍ਰੀ ਦਲੀਪ ਸਿੰਘ ਵਾਸੀ ਪਿੰਡ ਬੇਗੋਵਾਲ ਜਿਲ੍ਹਾ ਕਪੂਰਥਲਾ ਨੇ ਪਹਾੜੀ ਜੰਗਲ ਦੇ ਰਕਬੇ ਨੂੰ ਭਾਰੀ ਆਧੁਨਿਕ ਮਸ਼ੀਨਰੀ ਦਾ ਪ੍ਰਯੋਗ ਕਰਕੇ ਜੰਗਲ ਨੂੰ ਢਹਿਢੇਰੀ ਕਰਕੇ ਮੈਦਾਨ ਬਣਾਇਆ। ਕਥਿਤ ਦੋਸ਼ੀ ਨੇ ਤਿੰਨ ਕੁਦਰਤੀ ਬਰਸਾਤੀ ਚੋਆਂ ਵਿਚ ਪੁੱਟੀ ਮਿੱਟੀ ਭਰਕੇ ਉਹਨਾਂ ਦਾ ਕੁਦਰਤੀ ਵਹਾਅ ਬੰਦ ਕਰਨ ਦੇ ਨਾਲ ਨਾਲ ਪ੍ਰਭਾਵਿਤ ਜੰਗਲ ਵਿਚ ਖੜ੍ਹੀ ਹਰੀ ਭਰੀ ਬਨਸਪਤੀ ਨੂੰ ਜੜੋਂ ਪੁੱਟ ਕੇ ਬਲੀ ਚੜ੍ਹਾ ਕੇ ਵਾਤਾਵਰਨ ਨਾਲ ਖਿਲਵਾੜ ਕੀਤਾ। ਸ਼੍ਰੀ ਜਸਮੇਰ ਸਿੰਘ ਵਣ ਮੰਡਲ ਅਫਸਰ ਦਸੂਹਾ, ਸ਼੍ਰੀ ਗੁਰਸ਼ਰਨ ਸਿੰਘ ਉਪ ਵਣਮੰਡਲ ਅਫਸਰ, ਸ਼੍ਰੀ ਰਕੇਸ਼ ਚੰਦਰ ਡਿਪਟੀ ਰੇਂਜਰ, ਸ਼੍ਰੀ ਜੋਗਿੰਦਰਪਾਲ ਫਾਰੈਸਟਰ ਅਤੇ ਸ਼੍ਰੀ ਜੋਗਿੰਦਰਪਾਲ ਸਿੰਘ ਵਣ ਗਾਰਡ ਨੂੰ ਭਾਰਤੀ ਵਣ ਐਕਟ 1927, ਪੰਜਾਬ ਭੂਮੀ ਸੁਰੱਖਿਆ ਐਕਟ 1900 ਦੀਆਂ ਵੱਖ ਵੱਖ ਧਾਰਾਵਾਂ ਅਧੀਨ ਆਪਣੀ ਨਿਭਾਉਣ ਪ੍ਰਤੀ ਘੋਰ ਲਾਪਰਵਾਹੀ ਵਰਤਣ ਕਾਰਨ ਤੁਰੰਤ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਆਰੰਭੀ ਗਈ ਹੈ।
ਵਰਨਣਯੋਗ ਹੈ ਕਿ ਮੁਅੱਤਲ ਵਣ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਦੀ ਸੰਭਾਵੀ ਕਾਰਵਾਈ ਤੋਂ ਭੈਭੀਤ ਹੋ ਕੇ ਯੋਜਨਾ ਘੜ ਕੇ ਇਕ ਨੁਕਸਾਨ ਰਿਪੋਰਟ ਜਾਰੀ ਕੀਤੀ ਅਤੇ ਦੋਸ਼ੀ ਤੋਂ 2 ਲੱਖ ਪੰਜਾਹ ਹਜਾਰ ਰੁਪਏ ਵਸੂਲ ਕੇ 14 ਅਗਸਤ ਨੂੰ ਬੈਂਕ ਰਾਹੀਂ ਵਿਭਾਗੀ ਖਾਤੇ ਵਿਚ ਜਮ੍ਹਾ ਕਰਵਾਏ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਜੰਗਲ ਦਾ ਨਜਾਇਜ ਨੁਕਸਾਨ ਮੁਅੱਤਲ ਵਣ ਅਧਿਕਾਰੀਆਂ ਅਤੇ ਦੋਸ਼ੀ ਦੀ ਤਹਿਬੰਦੀ ਅਧੀਨ ਹੋਇਆ ਹੈ। ਇਸ ਤਰਾਂ ਕਰਕੇ ਮੁਅੱਤਲ ਵਣ ਅਧਿਕਾਰੀਆਂ ਨੇ ਆਪਣੀਆਂ ਮੁਸੀਬਤਾਂ ਵਿਚ ਹੋਰ ਵਾਧਾ ਕੀਤਾ ਹੈ ਕਿਉਂਕਿ ਇਸ ਕੇਸ ਦਾ ਮੁਆਵਜਾ ਵਸੂਲਣ ਦਾ ਅਧਿਕਾਰ ਕਿਸੇ ਵਣ ਅਧਿਕਾਰੀ ਨੂੰ ਨਹੀਂ ਹੈ ਅਤੇ ਸਿਰਫ ਕੇਂਦਰੀ ਵਣ ਮੰਤਰਾਲਾ ਹੀ ਇਹੋ ਜਿਹੀ ਕਾਰਵਾਈ ਲਈ ਇਜਾਜਤ ਦਿੰਦਾ ਹੈ। ਜਦਕਿ ਉਕਤ ਵਣ ਅਧਿਕਾਰੀਆਂ ਨੂੰ ਇਸ ਕੇਸ ਨੂੰ ਪੰਜਾਬ ਭੂਮੀ ਸੁਰੱਖਿਆ ਐਕਟ 1900 ਦੀ ਤਰਾਂ ਵਿਚਾਰ ਕੇ ਅਮਲ ਵਿਚ ਲਿਆਂਦਾ ਹੈ। ਇਸ ਲਈ ਸ਼੍ਰੀ ਪਰਵੀਨ ਕੁਮਾਰ ਵਣਪਾਲ ਸ਼ਿਵਾਲਿਕ ਨੇ ਸ਼੍ਰੀ ਹਰਜਿੰਦਰ ਸੰਘ ਉਪ ਵਣਮੰਡਲ ਅਫਸਰ ਗੜ੍ਹਸ਼ੰਕਰ ਨੂੰ ਦੋ ਦਿਨਾਂ ਦੇ ਅੰਦਰ ਜਾਂਚ ਕਰਕੇ ਰਿਪੋਰਟ ਕਰਨ ਲਈ ਸਖਤ ਹੁਕਮ ਦਿੱਤੇ ਹਨ ਕਿ ਸਬੰਧਤ ਵਣ ਅਧਿਕਾਰੀਆਂ ਨੇ ਦੋਸ਼ੀ ਪਾਸੋਂ ਮੁਆਵਜਾ ਵਸੂਲੀ ਕਿਉਂ ਅਤੇ ਕਿਸ ਅਧਾਰ ਤੇ ਕੀਤੀ ਹੈ?
No comments:
Post a Comment