ਤਲਵਾੜਾ, 31 ਦਸੰਬਰ: ਸਾਲ, ਮਹੀਨੇ, ਦਿਨ ਆਪਣੀ ਤੋਰੇ, ਰਮਤੇ ਜੋਗੀਆਂ ਦੇ ਕਾਫਲੇ ਵਾਂਗ ਲੰਘੀ ਜਾ ਰਹੇ ਹਨ। ਤਲਵਾੜੇ ਲਈ ਕਿਹੋ ਜਿਹਾ
ਰਿਹਾ ਸਾਲ 2009? ਬਸ ਠੀਕ ਠਾਕ ਜਿਹਾ, ਉਹੀ ਦਿਨ, ਉਹੀ ਰਾਤਾਂ, ਵੱਡੇ ਛੋਟੇ ਲੀਡਰਾਂ ਦੇ ਉਹੀ ਲਾਰੇ ਲੱਪੇ ਤੇ ਰਾਮ ਰੌਲਾ। ਖ਼ੂਬ ਗਹਿਮਾਗਹਿਮੀ ਰਹੀ, ਪਰ ਪੱਲੇ ਕੁਝ ਵੀ ਨਹੀਂ ਪਿਆ। ਨਾ ਉਜੜੇ ਮਕਾਨਾਂ ਵਿਚ ਰੌਣਕ ਪਰਤੀ, ਨਾ ਹੀ ਇਸ ਦੀ ਤਰੱਕੀ ਦੀ ਫ਼ਾਈਲ ਅੱਗੇ ਤੁਰੀ। ਹਾਂ, ਕਈ ਗੱਲਾਂ ਜਿਕਰਯੋਗ ਰਹੀਆਂ। ਸਰਕਾਰੀ ਕਾਲਜ ਤਲਵਾੜਾ ਦੀ ਆਪਣੀ ਬਿਲਡਿੰਗ ਦਾ ਕੰਮ ਕਾਜ ਸ਼ੁਰੂ ਹੋਇਆ ਅਤੇ ਇਸ ਕੰਮ ਕਾਰ ਦਾ ਉਦਘਾਟਨ ਖ਼ੁਦ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕੀਤਾ। ਫ਼ਰਵਰੀ ਵਿਚ ਸ਼ੁਰੂ ਹੋਏ ਇਸ ਪ੍ਰਾਜੈਕਟ ਤਹਿਤ ਹੁਣ ਤੱਕ ਆਰਟਸ ਬਲਾਕ ਦੀ ਉਸਾਰੀ ਮੁਕੰਮਲ ਹੋਣ ਦੇ ਨੇੜੇ ਆਖੀ ਜਾ ਸਕਦੀ ਹੈ। ਇਹ ਅਗਲੇ ਵਰ੍ਹੇ ਪੂਰੀ ਹੋ ਸਕਦੀ ਹੈ। ਸ. ਬਾਦਲ ਨੇ ਆਪਣੀ ਯਾਦਗਾਰੀ ਫੇਰੀ ਦੌਰਾਨ ਤਲਵਾੜਾ ਵਾਸੀਆਂ ਨਾਲ ਅਨੇਕਾਂ ਵਾਅਦੇ ਕੀਤੇ ਜਿਹਨਾਂ ਵਿਚੋਂ ਕਈ ਪੂਰੇ ਵੀ ਹੋਏ ਹਨ। ਟਾਊਨਸ਼ਿਪ ਕਲੌਨੀ ਵਿਚ ਖਾਲੀ ਪਏ ਸੁੰਨਮਸਾਨ ਸੈਂਕੜੇ ਕਵਾਟਰਾਂ ਦੀ ਬਦਹਾਲੀ ਤੇ ਉਹਨਾਂ ਨੇ ਦੁਖ ਦਾ ਇਜਹਾਰ ਕਰਦਿਆਂ ਛੇਤੀ ਹੀ ਇਸ ਮਸਲੇ ਦਾ ਹੱਲ ਕਰਨ ਦੀ ਲੋੜ ਤੇ ਜੋਰ ਦਿੱਤਾ। ਰੱਬ ਕਰੇ, ਸਾਡੇ ਆਗੂ ਛੇਤੀ ਹੀ ਇੱਥੇ ਚੰਗਾ ਮਾਹੌਲ ਉਸਾਰਨ ਲਈ ਕੁਝ ਸਾਰਥਿਕ ਕਰਨ ਲਈ ਹੰਭਲਾ ਮਾਰਨ।ਵਿਦੇਸ਼ ਵਿਚ ਇਕ ਧਾਰਮਿਕ ਆਗੂ ਦੇ ਕਤਲ ਮਗਰੋਂ ਪੰਜਾਬ ਵਿਚ ਫ਼ੈਲੀ ਅਫ਼ਰਾਤਫਰੀ ਨੂੰ ਵੇਖਦਿਆਂ ਇਥੇ ਕਰਫਿਊ ਵੀ ਲੱਗਿਆ। ਕਈ ਵਾਰ ਪੰਜਾਬ ਬੰਦ ਦੇ ਸੱਦੇ ਤੇ ਲੋਕਾਂ ਨੇ ਬੰਦ ਦਾ ਸਾਥ ਵੀ ਦਿੱਤਾ। ਮੁਲਾਜਮ ਜਥੇਬੰਦੀਆਂ ਆਪੋ ਆਪਣੇ ਲਾਲ ਪੀਲੇ ਝੰਡਿਆਂ ਨੂੰ ਚੁੱਕੀ ਰੱਖਿਆ। ਬਿਆਸ ਡੈਮ ਦੇ ਚੀਫ਼ ਇੰਜੀਨੀਅਰ ਟੀ. ਕੇ. ਪਰਮਾਰ ਦੀ ਥਾਂ ਨਵੇਂ ਅਧਿਕਾਰੀ ਕੁੰਦਨ ਲਾਲ ਮੀਣਾ ਨੇ ਲਈ।
ਸ਼੍ਰੀ ਮੀਣਾ ਨੇ ਅਹੁਦਾ ਸੰਭਾਲਦਿਆਂ ਹੀ ਅਨੇਕਾਂ ਲਈ ਸੁਧਾਰਕ ਜਾਪਦੇ ਕੰਮ ਆਰੰਭ ਦਿੱਤੇ, ਜਿਵੇਂ ਕਲੌਨੀ ਵਿਚੋਂ ਖੋਖਿਆਂ ਨੂੰ ਚੁੱਕਣਾ, ਦੁਕਾਨਾਦਾਰਾਂ ਵੱਲੋਂ ਸੜਕ ਕੰਢੇ ਲਗਾਏ ਬੋਰਡ ਉਖਾੜਨੇ ਆਦਿ ਅਤੇ ਸੂਤਰਾਂ ਅਨੁਸਾਰ ਉਹ ਕਲੌਨੀ ਵਿਚ ਪੌਲੀਥੀਨ ਲਿਫਾਫਿਆਂ ਦੀ ਵਰਤੋਂ ਤੇ ਪਾਬੰਦੀ ਲਾਉਣ ਦੇ ਇਛੁੱਕ ਵੀ ਹਨ ਅਤੇ ਹੋਰ ਕਈ ਸੁਧਾਰ ਕਰਨਾ ਚਾਹੁੰਦੇ ਹਨ। ਰੱਬ ਖੈਰ ਕਰੇ!ਇਸ ਵਾਰ ਕੁਦਰਤ ਨੇ ਸੁਖ ਸ਼ਾਂਤੀ ਬਣਾਈ ਰੱਖੀ। ਨਾ ਤਾਂ 2008 ਵਾਂਗ ਜੰਗਲ ਨੂੰ ਅੱਗ ਲੱਗੀ ਅਤੇ ਨਾ ਹੀ ਹੜ੍ਹਾਂ ਨੇ ਤਬਾਹੀ ਮਚਾਈ। ਸਾਹਿਤਕ ਸਰਗਰਮੀਆਂ ਲਗਪਗ ਠੰਡੀਆਂ ਹੀ ਰਹੀਆਂ। ਹਾਂ, ਉੱਘੇ ਲੇਖਕ ਸ਼੍ਰੀ ਧਰਮਪਾਲ ਸਾਹਿਲ ਨੇ ਆਪਣਾ ਵਸੇਬਾ ਬਦਲ ਕੇ ਹੁਸ਼ਿਆਰਪੁਰ ਕਰ ਲਿਆ। ਸਿੱਖਿਆ ਜਗਤ ਵਿਚ ਆਈ. ਏ. ਐਸ. ਅਧਿਕਾਰੀ ਡਾਇਰੈਕਟਰ ਜਨਰਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਵੱਟੋ ਵੱਟ ਪਾਈ ਰੱਖਿਆ ਅਤੇ ਮਣਾਂਮੂੰਹੀ ਡਾਕ ਇਕੱਠੀ ਕਰਨਾ ਜਾਰੀ ਰੱਖਿਆ। ਅਧਿਆਪਕਾਂ ਨੇ ਉਂਜ ਸੈਮੀਨਾਰ ਦੀ ਬਿਮਾਰੀ ਤੋਂ ਛੁਟਕਾਰਾ ਪਾ ਕੇ ਰਾਹਤ ਦੀ ਸਾਹ ਲਈ।ਸਾਲ 2010 ਦੀ ਆਮਦ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਾਲ ਪੂਰੇ ਵਿਸ਼ਵ ਦੇ ਲੋਕਾਂ ਲਈ ਸ਼ਾਂਤਮਈ, ਜੰਗਮੁਕਤ, ਖ਼ਸ਼ੀਆਂ ਭਰਪੂਰ ਅਤੇ ਤਰੱਕੀ ਦੀ ਰਾਹ ਤੇ ਤੋਰਨ ਵਾਲਾ ਬਣਕੇ ਆਵੇ।ਭਾਰਤੀ ਫਿਲਮ ਜਗਤ ਵਿਚ ਜਿਆਦਾ ਕੁਝ ਚਰਚਿਤ ਨਹੀਂ ਰਿਹਾ ਸਿਵਾਏ ਅਮਿਤਾਬ ਦੇ ਮੇਕਅਪ ਤੋਂ। ਬੱਬੂ ਮਾਨ
ਨੇ ਲਾਲ ਬੱਤੀ ਲਾਉਣੇ ਬਾਬਿਆਂ ਦੇ ਮੂੰਹ ਜਰੂਰ ਸ਼ਰਮ ਨਾਲ ਲਾਲ ਕੀਤੇ ਆਪਣੀ ਕੈਸਟ ਸਿੰਘ ਇਜ਼ ਬੈਟਰ ਦੈਨ ਕਿੰਗ ਨਾਲ।
ਹਾਲੀਵੁੱਡ ਵਿਚ ਅਵਤਾਰ, ਹੋਟਲ ਫਾਰ ਡੌਗਜ਼, ਟਰਮੀਨੇਟਰ ਸਾਲਵੇਸ਼ਨ, ਜੋਹਨ ਰੈਂਬੋ 4 ਆਦਿ ਅਨੇਕਾਂ ਜਿਕਰਯੋਗ ਫ਼ਿਲਮਾਂ ਦਿੱਤੀਆਂ ਹਨ।
ਸਾਲ 2009 ਤੇ ਜਾਣ ਤੇ ਪੰਜਾਬੀ ਕਵੀ ਦੀਆਂ ਲਾਈਨਾਂ ਚੇਤੇ ਆਉਂਦੀਆਂ ਹਨ :
ਦੁਨੀਆਂ ਹੈ ਵਾਂਗ ਸਰਾਂ,
ਕੋਈ ਚਲ ਜਾਂਦਾ ਕੋਈ ਆ ਜਾਂਦਾ।
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ
ਕੋਈ ਕੰਡਿਆਂ ਨਾਲ ਨਿਭਾ ਜਾਂਦਾ।
ਨਵੀਆਂ ਆਸਾਂ, ਉਮੀਦਾਂ ਤੇ ਸੋਚਾਂ ਦੇ ਨਾਲ,
ਸਭ ਨੂੰ ਨਵਾਂ ਸਾਲ ਮੁਬਾਰਕ !!
ਸ਼ਮੀ
No comments:
Post a Comment