ਤਲਵਾੜਾ, 26 ਜਨਵਰੀ: ਸਰਕਾਰੀ ਕਾਲਜ ਤਲਵਾੜਾ ਭਾਵੇਂ ਅਕਾਲੀ ਸਰਕਾਰ ਵੇਲੇ ਸਾਲ 1986 ਵਿਚ ਸ਼ੁਰੂ ਹੋ ਗਿਆ ਸੀ ਪਰੰਤੂ ਇਸ ਦੀ ਆਪਣੀ ਇਮਾਰਤ ਦਾ ਸੁਪਨਾ ਅੱਜ ਇੰਨੇ ਸਾਲਾਂ ਬਾਅਦ ਅਕਾਲੀ ਸਰਕਾਰ ਵੇਲੇ ਹੀ ਸਾਕਾਰ ਹੁੰਦਾ ਜਾਪਦਾ ਹੈ। 6 ਫ਼ਰਵਰੀ 2009 ਨੂੰ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਇਥੇ ਕਾਲਜ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਪਧਾਰ ਰਹੇ ਹਨ। ਉਹਨਾਂ ਦੀ ਤਲਵਾੜਾ ਫ਼ੇਰੀ ਨੂੰ ਲੈ ਕੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਤੇ ਆਸਾਂ ਵੇਖਣ ਨੂੰ ਮਿਲ ਰਹੀਆਂ ਹਨ। ਸਰਕਾਰੀ ਕਾਲਜ ਤਲਵਾੜਾ ਪੂਰੇ ਤਲਵਾੜਾ ਖੇਤਰ ਦੇ ਲੋਕਾਂ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਖੇਤਰ ਵਿਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਛੇਤੀ ਇਸ ਦੀ ਇਮਾਰਤ ਬਣਨ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਦੇ ਬਿਹਤਰੀਨ ਮਾਹੌਲ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਕਿਉਂਕਿ ਸੂਤਰਾਂ ਅਨੁਸਾਰ ਕਾਲਜ ਦੀ ਵਿਚਾਰ ਅਧੀਨ ਇਮਾਰਤ ਪੂਰੀ ਤਰਾਂ ਅਤੀ ਆਧੁਨਿਕ ਲੀਹਾਂ ਤੇ ਉਸਾਰੀ ਜਾਣ ਦੀ ਤਜਵੀਜ਼ ਹੈ ਜਿਸ ਨਾਲ ਸਰਕਾਰੀ ਕਾਲਜ ਤਲਵਾੜਾ ਸੂਬੇ ਤੇ ਮੋਹਰੀ ਕਾਲਜਾਂ ਵਿਚ ਆ ਖਲੋਵੇਗਾ। ਇਸ ਸ਼ਲਾਘਾਯੋਗ ਪ੍ਰਾਪਤੀ ਲਈ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਵੀ ਲੋਕਾਂ ਵੱਲੋਂ ਕਾਫ਼ੀ ਪ੍ਰਸੰਸਾ ਕੀਤੀ ਜਾ ਰਹੀ ਹੈ।
Visit College Website
No comments:
Post a Comment