- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵਾੜਾ ਲਈ ਐਂਬੁਲੈਂਸ ਭੇਟ
- ਕੋਵਿੱਡ-19 ਮਹਾਂਮਾਰੀ ਵਿਰੁੱਧ 20 ਕਰੋੜ ਰੁਪਏ ਦਾ ਰੱਖਿਆ ਬਜਟ
ਤਲਵਾੜਾ, 18 ਜੂਨ: ਮਾਨਵਤਾ ਦੀ ਸੇਵਾ ਲਈ ਵਿਸ਼ਵ ਪ੍ਰਸਿੱਧ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਲਵਾੜਾ ਖੇਤਰ ਵਿੱਚ ਸਿਹਤ ਸਹੂਲਤਾਂ ਬਿਹਤਰ ਕਰਨ ਦੇ ਮੰਤਵ ਨਾਲ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਤਲਵਾੜਾ ਨੂੰ ਐਂਬੁਲੈਂਸ ਭੇਟ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੱਸਟ ਦੇ ਚੇਅਰਮੈਨ ਐੱਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਇਸ ਐਂਬੂਲੈਂਸ ਨਾਲ ਲੋਕਾਂ ਨੂੰ ਲੋਕਲ ਅਤੇ ਦੂਸਰੇ ਸ਼ਹਿਰਾਂ ਵਿੱਚ ਇਲਾਜ ਲਈ ਕਾਫ਼ੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਤਲਵਾੜਾ ਇਲਾਕੇ ਵਿੱਚ ਡਾਇਲਾਸਿਸ ਯੂਨਿਟ ਅਤੇ ਆਧੁਨਿਕ ਲੈਬ ਸਥਾਪਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ. ) ਦੇ ਅਧੀਨ ਹੀ ਨੰਗਲ ਡੈਮ ਤੇ ਚਲ ਰਿਹਾ ਹਸਪਤਾਲ ਬਹੁਤ ਵਧੀਆ ਚਲ ਰਿਹਾ ਹੈ ਪਰੰਤੂ ਇਸੇ ਬੋਰਡ ਅਧੀਨ ਤਲਵਾੜਾ ਵਿਚ ਚਲਦਾ ਹਸਪਤਾਲ ਬਹੁਤ ਪਿਛੜਿਆ ਹੋਇਆ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਸਪਤਾਲ ਨੂੰ ਆਧੁਨਿਕ ਲੀਹਾਂ ਤੇ ਚਲਾਉਣ ਲਈ ਬਾਕਾਇਦਾ ਬੋਰਡ ਨੂੰ ਤਜ਼ਵੀਜ਼ ਵੀ ਦਿੱਤੀ ਗਈ ਸੀ ਜਿਸ ਤੇ ਅਜੇ ਵੀ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਮੌਕੇ ਟਰੱਸਟ ਵੱਲੋਂ 50 ਆਧੁਨਿਕ ਲੈਬਾਰਟਰੀਆਂ ਸਥਾਪਿਤ ਕਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਜਿਸ ਵਿੱਚੋਂ 30 ਪੰਜਾਬ ਵਿੱਚ, 8 ਰਾਜਸਥਾਨ, 6 ਹਰਿਆਣਾ ਅਤੇ 6 ਹਿਮਾਚਲ ਵਿੱਚ ਹਨ। ਇਨ੍ਹਾਂ ਵਿੱਚੋਂ 16 ਪੂਰੀ ਤਰਾਂ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੈਬਾਂ ਰਾਹੀਂ ਅਤਿ ਆਧੁਨਿਕ ਲੀਹਾਂ ਤੇ ਪਰੰਤੂ ਬੇਹਦ ਨਾਮਾਤਰ ਰੇਟਾਂ ਤੇ ਟੈਸਟ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇੱਥੇ ਹੁਣ ਤੱਕ ਚਾਲੀ ਹਜ਼ਾਰ ਦੇ ਕਰੀਬ ਅੱਖਾਂ ਦੇ ਮੁਫ਼ਤ ਓਪਰੇਸ਼ਨ ਕੀਤੇ ਜਾ ਚੁੱਕੇ ਹਨ, ਦੇਸ਼ ਅੰਦਰ 198 ਵਿੱਚੋਂ ਪੰਜਾਬ ਵਿੱਚ 98 ਡਾਇਲਾਸਿਸ ਯੂਨਿਟ ਚਲ ਰਹੇ ਹਨ ਅਤੇ ਇਸ ਲੜੀ ਵਿੱਚ ਸਸਤੇ ਮੁੱਲ ਤੇ ਦਵਾਈਆਂ ਮੁਹੱਈਆ ਕਰਾਉਣ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ।
ਕੋਵਿਡ 19 ਮਹਾਂਮਾਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਇਸ ਮਹਾਂਮਾਰੀ ਵਿਰੁੱਧ ਲੜਾਈ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਜਿਸ ਵਿੱਚੋਂ ਕਰੀਬ 8 ਕਰੋੜ ਰੁਪਏ ਹੁਣ ਤੱਕ ਖ਼ਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲਾਕਡਾਉਨ ਦੇ ਸ਼ੁਰੂ ਵਿੱਚ ਤਲਵਾੜਾ ਲਈ 450 ਪਰਿਵਾਰਾਂ ਲਈ ਰਾਸ਼ਨ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਸਤੰਬਰ ਤੱਕ ਜਾਰੀ ਰਹੇਗਾ। ਇਸ ਵਿੱਚ ਇੱਕ ਪਰਿਵਾਰ ਨੂੰ 20 ਕਿੱਲੋ ਦੀ ਕਿੱਟ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਲਈ 250 ਬੇਸ਼ਕੀਮਤੀ ਪੁਸਤਕਾਂ ਵੀ ਭੇਟ ਕੀਤੀਆਂ।
ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪ੍ਰੋ. ਬਖ਼ਤਾਵਰ ਸਿੰਘ ਨੇ ਐੱਸ. ਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਪੂਰੀ ਸੁਹਿਦਰਤਾ ਨਾਲ ਸਮਾਜ ਦੇ ਵਰਗ ਲਈ ਕੀਤੇ ਜਾ ਰਹੇ ਕਾਰਜ ਬੇਹੱਦ ਸ਼ਲਾਘਾਯੋਗ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਓਬਰਾਏ, ਲਵਇੰਦਰ ਸਿੰਘ, ਪ੍ਰੋ. ਅਜੇ ਸਹਿਗਲ, ਅਮਰਪਾਲ ਸਿੰਘ ਜੌਹਰ, ਪ੍ਰਿੰ. ਸੁਰੇਸ਼ ਕੁਮਾਰੀ, ਡਾ. ਮਨਮੋਹਨ ਸਿੰਘ, ਪ੍ਰਿੰ. ਦੇਸ ਰਾਜ ਸ਼ਰਮਾ, ਇਕਬਾਲ ਸਿੰਘ ਸੈਣੀ, ਡਾ. ਗੁਰਮੇਲ ਸਿੰਘ, ਜਸਬੀਰ ਸਿੰਘ, ਡਾ. ਅਰਮਾਨਪ੍ਰੀਤ ਸਿੰਘ, ਸਿੱਖ ਯੂਥ ਤਲਵਾੜਾ ਅਤੇ ਹੋਰ ਕਈ ਸੰਸਥਾਵਾਂ ਦੇ ਪ੍ਰਤੀਨਿਧੀ ਹਾਜਰ ਸਨ।