ਤਲਵਾੜਾ, 28 ਜੁਲਾਈ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਿਰ ਦੇ ਆਡੀਟੋਰੀਅਮ ਵਿਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਜੀ ਸ਼ਾਇਰਾਨਾ ਮਹਿਫਿਲ ਯਾਦਗਾਰੀ ਹੋ ਨਿੱਬੜੀ। ਮੰਚ ਦੇ ਪ੍ਰਧਾਨ ਤੇ ਉੱਘੇ ਨਿਬੰਧਕਾਰ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਗੀਤਕ ਵੰਨਗੀਆਂ ਪੇਸ਼ ਕੀਤੀਆਂ।
|
ਤਲਵਾੜਾ ਵਿੱਚ ਸਾਵਣ ਕਵੀ ਦਰਬਾਰ ਮੌਕੇ ਹਾਜ਼ਰ ਸ਼ਾਇਰ ਅਤੇ ਸਾਹਿਤ ਪ੍ਰੇਮੀ। |
ਸਮਾਗਮ ਵਿੱਚ ਪ੍ਰਧਾਨਗੀ ਸੰਬੋਧਨ ਕਰਦਿਆਂ ਸ਼ਾਇਰ ਤੇ ਨਾਵਲਕਾਰ ਐਡਵੋਕੇਟ ਰਘੁਬੀਰ ਸਿੰਘ ਟੇਰਕਿਆਣਾ ਨੇ ਕਿਹਾ ਕਿ ਬੌਧਿਕ ਚੇਤਨਾ ਨਾਲ ਭਰਪੂਰ ਸਾਹਿਤ ਪ੍ਰਵਾਹ ਅਤੇ ਸਿਰਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਮੰਚ ਦੀ ਸ਼ਲਾਘਾ ਕਰਦਿਆਂ ਕਾਵਿਕ ਸ਼ੈਲੀ ਵਿੱਚ ਸਮਕਾਲੀ ਮਸਲਿਆਂ ਦੀ ਨਬਜ਼ ਤੇ ਹੱਥ ਧਰਿਆ। ਮੰਚ ਦੇ ਮੀਤ ਪ੍ਰਧਾਨ ਤੇ ਸ਼ਾਇਰ ਡਾ. ਅਮਰਜੀਤ ਅਨੀਸ ਵੱਲੋਂ ਪੇਸ਼ ਖ਼ੂਬਸੂਰਤ ਗੀਤ ਨੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਪੰਜਾਬੀ ਦੇ ਸਿਰਮੌਰ ਸ਼ਾਇਰ ਸਵ. ਚਰਨ ਸਿੰਘ ਸਫ਼ਰੀ ਦੇ ਸਪੁੱਤਰ ਹਰਿੰਦਰਪਾਲ ਸਿੰਘ ਸਫ਼ਰੀ ਨੇ ਜਿੱਥੇ ਕੁਦਰਤ ਦੇ ਗੁੱਝੇ ਭੇਤਾਂ ਦੀ ਬਾਤ ਪਾਈ ਉੱਥੇ ਪੋਤਰੇ ਹਰਪ੍ਰੀਤ ਸਫ਼ਰੀ ਨੇ ਪੁਖ਼ਤਾ ਗਾਇਕੀ ਦਾ ਸਬੂਤ ਦਿੰਦਿਆਂ ਸਫ਼ਰੀ ਦੀ ਗਜ਼ਲ ਪੇਸ਼ ਕੀਤੀ। ਵਿਸ਼ਵ ਪ੍ਰਸਿੱਧ ਉਰਦੂ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਨੇ ਬੁਲੰਦ ਆਵਾਜ਼ ਵਿੱਚ ਗੀਤ ਰਾਹੀਂ ਸਮਕਾਲੀ ਵਿਸ਼ਿਆਂ ਨੂੰ ਬਾਖ਼ੂਬੀ ਬਿਆਨ ਕੀਤਾ। ਸ਼ਾਇਰ ਜਸਵੰਤ ਸਿੰਘ ਖ਼ਾਨਪੁਰੀ ਨੇ ਲੋਕ ਵਿਰਸੇ ਦੀ ਬਾਤ ਪਾਉਂਦਿਆਂ ਤਰੰਨੁਮ ਵਿੱਚ ਬਾਕਮਾਲ ਪੇਸ਼ਕਾਰੀ ਕੀਤੀ। ਵਾਤਾਵਰਨ ਪ੍ਰੇਮੀ ਜਸਵੀਰ ਕੌਰ ਜੱਸ ਨੇ ਜਿੱਥੇ ਪੁਰਾਤਨ ਪੇਂਡੂ ਸੱਭਿਆਚਾਰ ਨੂੰ ਪੇਸ਼ ਕੀਤਾ ਉੱਥੇ ਸ਼ਾਇਰਾ ਉਮਾ ਕਮਲ ਨੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਨੌਤੀਆਂ ਨੂੰ ਆਪਣੀ ਰਚਨਾ ਰਾਹੀਂ ਸਾਂਝਾ ਕੀਤਾ। ਹਰਸ਼ਵਿੰਦਰ ਕੌਰ ਨੇ ਰੁੱਖ ਅਤੇ ਮਨੁੱਖ ਦੇ ਬਿੰਬਾਂ ਰਾਹੀਂ ਭਾਵਪੂਰਤ ਪੇਸ਼ਕਾਰੀ ਨਾਲ ਹਾਜ਼ਰੀ ਲਵਾਈ ਅਤੇ ਪ੍ਰਿੰ. ਅਰਚਨਾ ਕੁਲਸ੍ਰੇਸ਼ਠ ਨੇ ਮਟਕਾ ਕਵਿਤਾ ਰਾਹੀਂ ਬਹੁਪਰਤੀ ਸੰਵੇਦਨਾਵਾਂ ਦੀ ਗੱਲ ਕੀਤੀ। ਸ਼ਾਇਰ ਰਾਜਿੰਦਰ ਮਹਿਤਾ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਸਵਾਰਥੀ ਦੁਨੀਆਂ ਤੇ ਟਕੋਰਾਂ ਕੀਤੀਆਂ। ਡਾ. ਵਿਸ਼ਾਲ ਧਰਵਾਲ ਨੇ ਸਥਾਨਿਕ ਭੂਗੋਲਿਕ ਵਿਸ਼ੇਸ਼ਤਾਵਾਂ ਨੂੰ ਬਾਖ਼ਬੀ ਬਿਆਨ ਕਰਦੀ ਰਚਨਾ ਭੰਬੋਤਾੜ ਨਾਲ ਹਾਜ਼ਰੀ ਲਗਵਾਈ। ਅਧਿਆਪਕ ਸੁਰਿੰਦਰ ਕੁਮਾਰ ਅਤੇ ਨਿਰਮਲ ਬੇਦਰਦੀ ਵੱਲੋਂ ਸੱਤਾ ਦੇ ਮੁਖੌਟਿਆਂ ਨੂੰ ਚੁਨੌਤੀ ਦਿੱਤੀ ਗਈ। ਉੱਘੇ ਫ਼ਨਕਾਰ ਲਲਿਤ ਚੌਬੇ ਨੇ ਜਨਾਬ ਕਸ਼ਿਸ਼ ਹੁਸ਼ਿਆਰਪੁਰੀ ਦੀ ਗਜ਼ਲ ਨੂੰ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖ਼ੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਜੀਵ ਸ਼ਰਮਾ, ਸੁਰਿੰਦਰ ਸਿੰਘ ਤਲਵਾੜਾ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਰਾਧੇ ਸ਼ਾਮ ਸ਼ਰਮਾ, ਰਾਮ ਬਾਬੂ ਸ਼ਰਮਾ, ਕੇਵਲ ਕ੍ਰਿਸ਼ਨ ਕਸ਼ਿਅਪ, ਨਰੇਸ਼ ਵਰਮਾ, ਜੈ ਸਿੰਘ, ਜਰਨੈਲ ਜੈਲੀ, ਜਗਮੋਹਨ ਮਹਿਤਾ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜਰ ਸਨ।