- ਜੋਗਿੰਦਰਪਾਲ ਛਿੰਦਾ ਬਣੇ ਡਿਪਟੀ ਚੇਅਰਮੈਨ
ਤਲਵਾੜਾ, 9 ਸਤੰਬਰ: ਅੱਜ ਮੋਨਿਕਾ ਸ਼ਰਮਾ ਨੂੰ ਸਰਬਸੰਮਤੀ ਨਾਲ ਤਲਵਾੜਾ ਨਗਰ ਪੰਚਾਇਤ ਦੇ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਜੋਗਿੰਦਰਪਾਲ ਛਿੰਦਾ ਨੂੰ ਕਮੇਟੀ ਦਾ ਉਪ ਚੇਅਰਮੈਨ ਬਣਾਇਆ ਗਿਆ ਹੈ। ਅੱਜ ਹਲਕਾ ਵਿਧਾਇਕ ਦਸੂਹਾ ਅਰੁਣ ਡੋਗਰਾ ਅਤੇ ਐੱਸ. ਡੀ. ਐਮ. ਮੁਕੇਰੀਆਂ ਆਦਿਤਿਆ ਉੱਪਲ ਦੀ ਹਾਜਰੀ ਵਿੱਚ ਸੁਖਾਵੇਂ ਮਾਹੌਲ ਵਿੱਚ ਇਹ ਐਲਾਨ ਕੀਤਾ ਗਿਆ। ਦੱਸਣਯੋਗ ਹੈ ਕਿ ਨਗਰ ਪੰਚਾਇਤ ਤਲਵਾੜਾ ਦੇ 13 ਵਾਰਡਾਂ ਵਿੱਚੋਂ 11 ਉਮੀਦਵਾਰ ਜੇਤੂ ਰਹੇ ਸਨ ਜਦਕਿ ਇੱਕ ਆਜ਼ਾਦ ਅਤੇ ਇੱਕ ਭਾਜਪਾ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਸੀ। ਇਸ ਮੌਕੇ ਵਿਕਾਸ ਗੋਗਾ, ਦੀਪਕ ਅਰੋੜਾ, ਮਨੀਸ਼ ਚੱਡਾ, ਸ਼ੈਲੀ ਆਨੰਦ, ਸੁਮਨ ਦੂਆ ਸਮੇਤ ਸਮੂਹ ਵਾਰਡ ਮੈਂਬਰਾਂ ਤੋਂ ਇਲਾਵਾ ਤਲਵਾੜਾ ਦੇ ਸਾਬਕਾ ਸਰਪੰਚ ਰਾਮ ਪ੍ਰਸ਼ਾਦ ਸ਼ਰਮਾ, ਧੀਰਜ ਅਨੰਦ, ਪ੍ਰੀਤਮ ਸਿੰਘ ਪ੍ਰਧਾਨ ਬਲਾਕ ਕਾਂਗਰਸ, ਰਾਹੁਲ ਸ਼ਰਮਾ, ਬਿਸ਼ਨ ਦਾਸ ਸੰਧੂ, ਵੰਦਨਾ ਸਮੇਤ ਵੱਡੀ ਗਿਣਤੀ ਕਾਂਗਰਸੀ ਹਾਜਰ ਸਨ।
ਜਿਕਰਯੋਗ ਹੈ ਕਿ ਮੋਨਿਕਾ ਸ਼ਰਮਾ ਤਲਵਾੜਾ ਦੇ ਸਾਬਕਾ ਸਰਪੰਚ ਰਾਮ ਪ੍ਰਸ਼ਾਦ ਸ਼ਰਮਾ ਦੀ ਨੂੰਹ ਹੈ, ਜੋ ਤਲਵਾੜਾ ਨੂੰ ਨਗਰ ਪੰਚਾਇਤ ਬਣਾਉਣ ਦੇ ਹਮੇਸ਼ਾ ਵਿਰੋਧੀ ਰਹੇ ਹਨ ਅਤੇ ਲੰਮੇ ਸਮੇਂ ਤੱਕ ਨਗਰ ਪੰਚਾਇਤ ਨੂੰ ਭੰਗ ਕਰਕੇ ਮੁੜ ਗਰਾਮ ਪੰਚਾਇਤ ਬਣਾਉਣ ਲਈ ਬਾਕਾਇਦਾ ਭੁੱਖ ਹੜਤਾਲ, ਕਾਨੂੰਨੀ ਲੜਾਈਆਂ ਸੰਘਰਸ਼ ਰਾਹੀਂ ਚਰਚਾ ਵਿੱਚ ਰਹੇ ਹਨ। ਲੋਕਾਂ ਵਿੱਚ ਚਰਚਾ ਹੈ ਕਿ ਕਾਂਗਰਸੀ ਖੇਮਿਆਂ ਵਿੱਚ ਆਪਣੇ ਰਸੂਖ ਦੇ ਚਲਦਿਆਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਜੇਤੂ ਰਹੀ ਮੋਨਿਕਾ ਸ਼ਰਮਾ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ।