- ਸੁੰਦਰ ਸ਼ਾਮ ਅਰੋੜਾ ਨੇ ਪਿੰਡ ਧੀਰੋਵਾਲ ਦੇ ਕਾਮਨ ਅੰਡਰ ਗਰਾਊਂਡ ਪਾਈਪ ਲਾਈਨ ਪ੍ਰੋਜੈਕਟ ਦਾ ਕੀਤਾ ਦੌਰਾ
ਹੁਸ਼ਿਆਰਪੁਰ, 4 ਅਕਤੂਬਰ: ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਅਧੀਨ ਪਿੰਡ ਧੀਰੋਵਾਲ ਬਲਾਕ ਹੁਸ਼ਿਆਰਪੁਰ-2 ਵਿਖੇ 3.46 ਲੱਖ ਰੁਪਏ ਨਾਲ ਉਸਾਰੇ ਜਾ ਰਹੇ ਸਾਂਝੇ ਜ਼ਮੀਨ ਦੋਜ ਨਾਲਾਂ (ਕਾਮਨ ਅੰਡਰ ਗਰਾਊਂਡ ਪਾਈਪ ਲਾਈਨ ਪ੍ਰੋਜੇਕਟ) ਦੇ ਪ੍ਰੋਜੇਕਟ ਦਾ ਦੌਰਾ ਕੀਤਾ ਗਿਆ। ਮੰਡਲ ਭੂਮੀ ਰੱਖਿਆ ਅਫ਼ਸਰ ਸ੍ਰੀ ਨਰੇਸ਼ ਕੁਮਾਰ ਗੁਪਤਾ ਵਲੋਂ ਮੌਕੇ 'ਤੇ ਇਸ ਪ੍ਰੋਜੈਕਟ ਦੀ ਮਹੱਤਤਾ ਬਾਰੇ ਕੈਬਨਿਟ ਮੰਤਰੀ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਜੈਕਟ ਲੋੜਵੰਦ ਪਿੰਡਾਂ ਵਿੱਚ ਵੱਧ ਤੋਂ ਵੱਧ ਉਸਾਰੇ ਜਾਣ, ਤਾਂ ਜੋ ਜ਼ਮੀਨ ਦੋਜ਼ ਨਾਲੀਆਂ ਰਾਹੀਂ ਸਿੰਚਾਈ ਦੀ ਲਾਭ ਜ਼ਰੂਰਤਮੰਦ ਕਿਸਾਨਾਂ ਨੂੰ ਮਿਲ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦਾ ਵਿਕਾਸ ਸਰਕਾਰ ਦੀ ਪਹਿਲ ਹੈ। ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਹੋਰ ਪ੍ਰੋਜੇਕਟ ਵੱਡੇ ਪੱਧਰ 'ਤੇ ਲਗਾਏ ਜਾਣਗੇ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਵਿਕਾਸ ਲਈ ਅਤੇ ਲੋਕਾਂ ਨੂੰ ਮੁਢਲੀ ਸਵਿਧਾਵਾਂ ਉਪਲਬੱਧ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਪ੍ਰੋਜੇਕਟ ਵੀ ਉਨ੍ਹਾਂ ਵਿੱਚੋਂ ਇਕ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਲਈ ਵੱਡੇ ਪੱਧਰ 'ਤੇ ਕੰਮ ਸ਼ੁਰੂ ਹੋਣ ਵਾਲਾ ਹੈ ਅਤੇ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੀ ਵੀ ਨੁਹਾਰ ਬਦਲ ਦਿੱਤੀ ਜਾਵੇਗੀ। ਇਲਾਕਾ ਵਾਸੀਆਂ ਨੂੰ ਮੁਢਲੀਆਂ ਸੁਵਿਧਾਵਾਂ ਦੀ ਕੋਈ ਕਮੀ ਨਾ ਰਹੇ, ਇਸ ਲਈ ਸਰਕਾਰ ਯਤਨਸ਼ੀਲ ਅਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਜਲਦ ਹੀ ਇਨ੍ਹਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਭੂਮੀ ਮੰਡਲ ਰੱਖਿਆ ਵਿਭਾਗ ਵਲੋਂ ਉਨ੍ਹਾਂ ਇਲਾਕਿਆਂ ਵਿੱਚ ਸਿੰਚਾਈ ਉਪਲਬੱਧ ਕਰਵਾਈ ਗਈ ਹੈ, ਜਿਥੇ ਪਾਣੀ ਦਾ ਪਹੁੰਚਣਾ ਮੁਸ਼ਕਲ ਸੀ, ਪਰੰਤੂ ਸਰਕਾਰ ਦੀ ਵਿਕਾਸਸ਼ੀਲ ਸੋਚ ਅਤੇ ਅਧਿਕਾਰੀਆਂ ਦੀ ਮਿਹਨਤ ਸਦਕਾ ਇਹ ਸੰਭਵ ਹੋ ਪਾਇਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਪਿੰਡ ਅਤੇ ਇਲਾਕਾ ਇਸ ਤਰਾਂ ਦਾ ਨਹੀਂ ਰਹੇਗਾ, ਜਿਥੇ ਲੋਕਾਂ ਨੂੰ ਮੁਢਲੀਆਂ ਸੁਵਿਧਾਵਾਂ ਲਈ ਇਧਰ-ਉਧਰ ਭਟਕਣਾ ਪਵੇ। ਇਸ ਮੌਕੇ ਸਮਿਤੀ ਮੈਂਬਰ ਸ੍ਰੀ ਕੁਲਦੀਪ ਸਿੰਘ, ਸ੍ਰੀ ਕਿਰਨ ਧੀਰ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।
- ਮੈਡੀਕਲ ਅਤੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ 5 ਵਿਦਿਆਰਥੀਆਂ ਦੀ ਪੜ੍ਹਾਈ ਲਈ 2,22,800 ਰੁਪਏ ਦਾ ਚੈਕ ਵੀ ਕੀਤਾ ਜਾਰੀ
- ਗਰੀਬ ਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਸਕੀਮ
ਹੁਸ਼ਿਆਰਪੁਰ, 4 ਅਕਤੂਬਰ: ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਗਰੀਬ ਤੇ ਹੋਣਹਾਰ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸਕੀਮ ਚਲਾਈ ਗਈ ਹੈ, ਜਿਸ ਤਹਿਤ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ
ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹੇ ਦੇ 8 ਕਾਲਜਾਂ ਦੇ 102 ਵਿਦਿਆਰਥੀਆਂ ਲਈ 5 ਲੱਖ 10 ਹਜ਼ਾਰ ਰੁਪਏ ਦੇ ਚੈਕ ਸਬੰਧਤ ਕਾਲਜ ਮੁਖੀਆਂ ਨੂੰ ਸੌਂਪੇ। ਇਸ ਤੋਂ ਇਲਾਵਾ ਉਨ੍ਹਾਂ ਮੈਡੀਕਲ ਅਤੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ 5 ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀ 2 ਲੱਖ 22 ਹਜ਼ਾਰ 800 ਰੁਪਏ ਦੇ ਚੈਕ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਇਸ ਸਕੀਮ ਅਧੀਨ ਪਹਿਲਾਂ 3 ਕਾਲਜਾਂ ਸਰਕਾਰੀ ਕਾਲਜ ਹੁਸ਼ਿਆਰਪੁਰ, ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਅਤੇ ਐਸ.ਡੀ. ਕਾਲਜ ਹੁਸ਼ਿਆਰਪੁਰ ਦੇ 130 ਵਿਦਿਆਰਥੀਆਂ ਨੂੰ 6,50,000 ਰੁਪਏ ਦੀ ਰਕਮ ਵੀ ਮੁਹੱਈਆ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜਿਹੜੇ 8 ਕਾਲਜਾਂ ਨੂੰ ਚੈਕ ਸੌਂਪੇ ਗਏ ਹਨ, ਉਨ੍ਹਾਂ ਕਾਲਜਾਂ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਟਾਂਡਾ, ਜੀ.ਜੀ. ਡੀ.ਐਸ.ਡੀ. ਕਾਲਜ ਹਰਿਆਣਾ, ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ, ਐਸ.ਪੀ.ਐਨ. ਕਾਲਜ ਮੁਕੇਰੀਆਂ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ, ਡੀ.ਏ.ਵੀ. ਕਾਲਜ (ਲੜਕੀਆਂ) ਗੜ੍ਹਸ਼ੰਕਰ ਅਤੇ ਡੀ.ਏ.ਵੀ. ਕਾਲਜ (ਲੜਕੇ) ਗੜ੍ਹਸ਼ੰਕਰ ਸ਼ਾਮਲ ਹਨ। ਉਨ੍ਹਾਂ ਉਘੇ ਸਮਾਜ ਸੇਵੀ ਸ੍ਰੀ ਪਿਆਰੇ ਲਾਲ ਸੈਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਇਹ ਸਕੀਮ ਚਲਾਈ ਜਾ ਰਹੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਸਹਿਯੋਗ ਕਰਨ, ਤਾਂ ਜੋ ਵੱਧ ਤੋਂ ਵੱਧ ਜ਼ਰੂਰਤਮੰਦ ਵਿਅਕਤੀਆਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਸ੍ਰੀ ਪਿਆਰੇ ਲਾਲ ਸੈਣੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਗੌਤਮ ਜੈਨ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਨਰੇਸ਼ ਗੁਪਤਾ, ਜ਼ਿਲ੍ਹਾ ਰੈਡ ਕਰਾਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੌਧਰੀ ਮਹਿੰਦਰ ਸਿੰਘ, ਸ੍ਰੀ ਰਾਜੇਸ਼ ਜੈਨ, ਸ੍ਰੀ ਅਵਿਨਾਸ਼ ਭੰਡਾਰੀ, ਸ੍ਰੀ ਰਾਜੀਵ ਬਜਾਜ, ਸ੍ਰੀਮਤੀ ਰਾਕੇਸ਼ ਕਪਿਲਾ ਤੋਂ ਇਲਾਵਾ ਹੋਰ ਵੀ ਕਮੇਟੀ ਮੈਂਬਰ ਹਾਜ਼ਰ ਸਨ।
ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਰੁਚੀ ਵੀ ਜ਼ਰੂਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 4 ਅਕਤੂਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ 8 ਅਕਤੂਬਰ ਤੋਂ 10 ਅਕਤੂਬਰ ਤੱਕ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ-14 ਵਿੱਚ ਐਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਕਬੱਡੀ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਕੁਸ਼ਤੀ, ਤੈਰਾਕੀ ਅਤੇ ਵਾਲੀਬਾਲ (ਲੜਕੇ ਤੇ ਲੜਕੀਆਂ) ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਵੀ ਰੁਚੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਰੀਰਕ ਤੰਦਰੁਸਤੀ ਬਰਕਰਾਰ ਰਹਿੰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਖੇਡ ਭਾਵਨਾ ਨਾਲ ਖੇਡਣ ਲਈ ਹੀ ਮੈਦਾਨ ਵਿੱਚ ਆਉਣ। ਉਨ੍ਹਾਂ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਤੰਦਰੁਸਤੀ ਬਰਕਰਾਰ ਰੱਖਣ ਦਾ ਸੁਨੇਹਾ ਦੇਣ ਲਈ ਇਹ ਟੂਰਨਾਮੈਂਟ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਜਨਮ 1-1-2005 ਦਾ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ ਦਾ ਅਸਲੀ ਸਰਟੀਫਿਕੇਟ ਅਤੇ ਉਸ ਦੀ ਇਕ ਤਸਦੀਕਸ਼ੁਦਾ ਫੋਟੋ ਕਾਪੀ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਖਿਡਾਰੀ districtsportsofficehoshiarpur@gmail.com 'ਤੇ ਟੀਮ ਦੀ ਰਜਿਸਟਰੇਸ਼ਨ ਕਰਵਾ ਸਕਦੇ ਹਨ, ਜੋ ਸਬੰਧਤ ਪਿੰਡ/ਸਕੂਲ ਪਾਸੋਂ ਤਸਦੀਕ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਿੱਜੀ ਤੌਰ 'ਤੇ ਕੋਈ ਵੀ ਸਮਰੀਸ਼ੀਟ ਜਾਂ ਰਜਿਸਟਰੇਸ਼ਨ ਸਵਿਕਾਰ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਐਥਲੈਟਿਕਸ ਖੇਡਾਂ ਗਿਆਨੀ ਕਰਤਾਰ ਸਿੰਘ ਯਾਦਗਾਰ ਸਰਕਾਰੀ ਕਾਲਜ ਟਾਂਡਾ, ਬਾਸਕਿਟਬਾਲ, ਕਬੱਡੀ, ਹੈਂਡਬਾਲ ਅਤੇ ਵਾਲੀਬਾਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ, ਬਾਕਸਿੰਗ, ਕੁਸ਼ਤੀ, ਬੈਡਮਿੰਟਨ ਅਤੇ ਜੂਡੋ ਇਨਡੋਰ ਸਟੇਡੀਅਮ ਹੁਸ਼ਿਆਰਪੁਰ, ਤੈਰਾਕੀ ਸਰਵਿਸ ਕਲੱਬ ਹੁਸ਼ਿਆਰਪੁਰ, ਹਾਕੀ ਰੇਲਵੇ ਮੰਡੀ ਗਰਾਊਂਡ ਹੁਸ਼ਿਆਰਪੁਰ ਅਤੇ ਫੁੱਟਬਾਲ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱÎਸਿਆ ਕਿ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵਲੋਂ ਰਿਫਰੈਸ਼ਮੈਂਟ ਅਤੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਜਾਣਗੇ।
- ਐਸ.ਐਮ.ਐਸ. ਕੰਬਾਇਨ ਤੋਂ ਬਿਨਾਂ ਝੋਨੇ ਦੀ ਕਟਾਈ ਕਰਵਾਉਣ 'ਤੇ ਵੀ ਰਹੇਗੀ ਪਾਬੰਦੀ
ਹੁਸ਼ਿਆਰਪੁਰ, 4 ਅਕਤੂਬਰ:ਜਿਲ੍ਹਾ ਮੈਜਿਸਟਰੇਟ -ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਝੋਨੇ ਦੀ ਪਰਾਲੀ/ਰਹਿੰਦ-ਖੂਹੰਦ ਨੂੰ ਅੱਗ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਕੰਬਾਇਨਾਂ ਤੋਂ ਬਗੈਰ ਝੋਨੇ ਦੀ ਕਟਾਈ ਕਰਵਾਉਣ 'ਤੇ ਵੀ ਪਾਬੰਦੀ ਰਹੇਗੀ।
ਜਾਰੀ ਕੀਤੇ ਹੁਕਮ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਖੜ੍ਹੀ ਫ਼ਸਲ ਜਾਂ ਪਿੰਡ ਵਿੱਚ ਵੀ ਅੱਗ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਹਾਦਸੇ ਵੀ ਵਾਪਰ ਸਕਦੇ ਹਨ। ਜਾਰੀ ਕੀਤਾ ਗਿਆ ਇਹ ਹੁਕਮ ਝੋਨੇ ਦੀ ਕਟਾਈ ਦੇ ਸ਼ੁਰੂ ਹੋਣ ਤੋਂ 30 ਨਵੰਬਰ 2018 ਤੱਕ ਲਾਗੂ ਰਹੇਗਾ।
- ਕਰਜ਼ਾ ਰਾਹਤ ਯੋਜਨਾ ਤਹਿਤ ਜ਼ਿਲ੍ਹੇ 'ਚ 132 ਕਰੋੜ ਰੁਪਏ ਦਾ ਕਿਸਾਨਾਂ ਨੂੰ ਦਿੱਤਾ ਲਾਭ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 2 ਅਕਤੂਬਰ: ਸਕੱਤਰ ਤਕਨੀਕੀ ਸਿੱਖਿਆ ਵਿਭਾਗ ਸ੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇਕ ਛੱਤ ਥੱਲੇ ਵੱਖ-ਵੱਖ ਸਹੂਲਤਾਂ ਦਾ ਲਾਭ ਦੇਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਹ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ 'ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਏ ਗਏ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਯੋਗ ਵਿਅਕਤੀ ਕਿਸੇ ਸਰਕਾਰੀ ਸਕੀਮ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਨੂੰ ਸਬੰਧਤ ਸਕੀਮ ਦਾ ਲਾਭ ਦੇਣ ਲਈ ਇਹ ਕੈਂਪ ਸੂਬੇ ਦੀ ਹਰੇਕ ਸਬ-ਡਵੀਜ਼ਨ ਵਿੱਚ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਲੋਂ ਇਸ ਕੈਂਪ ਵਿੱਚ ਸਬੰਧਤ ਸਕੀਮਾਂ ਸਬੰਧੀ ਅਰਜ਼ੀਆਂ ਪ੍ਰਾਪਤ ਕਰਕੇ ਮੌਕੇ 'ਤੇ ਹੀ ਲਾਭ ਦਿੱਤਾ ਜਾ ਰਿਹਾ ਹੈ, ਜਦਕਿ ਜਿਹੜੀਆਂ ਸਕੀਮਾਂ ਸਬੰਧੀ ਵੈਰੀਫਿਕੇਸ਼ਨ ਦੀ ਲੋੜ ਹੈ, ਉਨ੍ਹਾਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਇਕ ਹਫ਼ਤੇ ਦੇ ਅੰਦਰ ਲਾਭ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਵੀ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਸੂਬੇ ਦੇ ਕਰੀਬ ਸਾਢੇ ਤਿੰਨ ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉਪਰੰਤ ਸ਼ਮਾਂ ਰੌਸ਼ਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਸ੍ਰੀ ਡੀ.ਕੇ. ਤਿਵਾੜੀ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸਿਧਾਤਾਂ 'ਤੇ ਚੱਲਣਾ ਹੀ ਉਨ੍ਹਾਂ ਲਈ ਸੱਚੀ ਸ਼ਰਧਾਂਜ਼ਲੀ ਹੋਵੇਗੀ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਸਕੀਮਾਂ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਪਿੰਡ-ਪਿੰਡ ਵੀ ਇਹ ਕੈਂਪ ਲਗਾਏ ਗਏ ਸਨ, ਜਦਕਿ ਹੁਣ ਇਕੋ ਛੱਤ ਥੱਲੇ ਇਹ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਕਿਸੇ ਵੀ ਤਰਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਹਲਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਪਵਨ ਕੁਮਾਰ ਆਦੀਆ ਅਤੇ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਹਿੰਸਾ, ਸ਼ਾਂਤੀ ਅਤੇ ਸਵੱਛਤਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਪ੍ਰਮੁੱਖ ਸਿਧਾਂਤ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਕੇ ਨਰੋਏ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਯੋਗ ਵਿਅਕਤੀ ਨੂੰ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ 'ਤੇ ਇਹ ਕੈਂਪ ਲਗਾਉਣੇ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਾਰਜ ਹੈ, ਕਿਉਂਕਿ ਇਨ੍ਹਾਂ ਕੈਂਪਾਂ ਜ਼ਰੀਏ ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਦਾ ਫਾਇਦਾ ਚੁੱਕਣ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਇਸ ਕੈਂਪ ਤੋਂ ਇਲਾਵਾ ਸਬ-ਡਵੀਜ਼ਨ ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿੱਚ ਵੀ ਇਹ ਕੈਂਪ ਲਗਾ ਕੇ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਯੋਗ ਵਿਅਕਤੀ ਕਿਸੇ ਸਰਕਾਰੀ ਸਕੀਮ ਤੋਂ ਵਾਂਝੇ ਰਹਿ ਗਏ ਹਨ, ਉਹ ਇਨ੍ਹਾਂ ਕੈਂਪਾਂ ਵਿੱਚ ਆਪਣੀ ਅਰਜ਼ੀ ਦੇ ਸਕਦੇ ਹਨ, ਉਪਰੰਤ ਉਨ੍ਹਾਂ ਨੂੰ ਉਸ ਸਕੀਮ ਦਾ ਲਾਭ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਯੋਜਨਾ ਤਹਿਤ ਉਨ੍ਹਾਂ ਦੇ 13,755 ਕਿਸਾਨਾਂ ਨੂੰ ਕਰੀਬ 132 ਕਰੋੜ ਰੁਪਏ ਦਾ ਲਾਭ ਪਹੁੰਚਾਇਆ ਗਿਆ ਹੈ, ਜਦਕਿ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 803 ਨੌਜਵਾਨਾਂ ਦੀ ਪਲੇਸਮੈਂਟ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ 3586 ਵਿਅਕਤੀਆਂ ਨੂੰ ਸਵੈਰੋਜ਼ਗਾਰ ਵੀ ਮੁਹੱਈਆ ਕਰਵਾਇਆ ਗਿਆ ਹੈ। ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਪਹਿਲੇ ਪੜਾਅ ਵਿੱਚ 35 ਹਜ਼ਾਰ 575 ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਪਹੁੰਚਾਇਆ ਗਿਆ ਹੈ, ਜਦਕਿ ਦੂਜੇ ਪੜਾਅ ਤਹਿਤ ਹੁਣ ਤੱਕ 2809 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਕੋਈ ਵੀ ਯੋਗ ਵਿਅਕਤੀ ਕਿਸੇ ਸਰਕਾਰੀ ਸਕੀਮ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਜ਼ਿਲ੍ਹਾ ਪੱਧਰੀ ਕੈਂਪ ਵਿੱਚ ਡੇਂਗੂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਟੀ-ਸ਼ਰਟ ਵੀ ਲਾਂਚ ਕੀਤੀ ਗਈ।ਸਕੱਤਰ ਤਕਨੀਕੀ ਸਿੱਖਿਆ ਵਿਭਾਗ ਸ੍ਰੀ ਡੀ.ਕੇ. ਤਿਵਾੜੀ ਵਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 15 ਨੌਜਵਾਨਾਂ ਨੂੰ ਜੌਬ ਲੈਟਰ ਅਤੇ ਨਰੇਗਾ ਤਹਿਤ ਕਰੀਬ 33 ਲਾਭਪਾਤਰੀਆਂ ਨੂੰ ਜੌਬ ਕਾਰਡ ਸੌਂਪੇ ਗਏ। ਇਨ੍ਹਾਂ ਤੋਂ ਇਲਾਵਾ 27 ਲਾਭਪਾਤਰੀਆਂ ਨੂੰ ਮੁਫ਼ਤ ਟੁਆਇਲਟ ਸਕੀਮ ਅਤੇ ਬੈਂਕ ਦੀਆਂ ਪੈਨਸ਼ਨ ਸਕੀਮਾਂ ਤੇ ਮੁਦਰਾ ਲੋਨ ਸਬੰਧੀ ਕਰੀਬ 30 ਲਾਭਪਾਤਰੀਆਂ ਨੂੰ ਰਾਹਤ ਸਰਟੀਫਿਕੇਟ ਸੌਂਪੇ ਗਏ। ਇਸ ਮੌਕੇ ਮੁੱਖ ਮਹਿਮਾਨ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਯਾਦਗਾਰੀ ਚਿੰਨ੍ਹ ਵੀ ਸੌਂਪਿਆ ਗਿਆ।