- ਭਾਜਪਾ ਤੇ ਅਕਾਲੀ ਦਲ ਦਿੱਲੀ ਚੋਣਾਂ ਇਕੱਠੇ ਲੜੇਗਾ।
- ਸੂਬੇ ਵਿੱਚ ਡੀਜ਼ਲ ਤੇ ਵੈਟ ਦੇਸ਼ ਭਰ ਵਿੱਚ ਸਭ ਤੋਂ ਘੱਟ।
- ਹੁਸ਼ਿਆਰਪੁਰ ਵਿਖੇ ਅਤਿ ਆਧੁਨਿਕ ਸੈਂਟਰ ਦਾ ਉਦਘਾਟਨ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੌੜਾ ਵਿਖੇ 25 ਏਕੜ ਰਕਬੇ ਵਿੱਚ 10.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਆਫ ਐਕਸੀਲੈਂਸ ਨੂੰ ਅੱਜ ਇਥੇ ਦੇਸ਼ ਨੂੰ ਸਮਰਪਿਤ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੈਂਟਰ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਹਨ ਕਿਉਂਕਿ ਇਹ ਕਿਸਾਨਾਂ ਨੂੰ ਮੌਜੂਦਾ ਸੰਕਟ ਭਰੀਆਂ ਸਥਿਤੀਆਂ ਵਿੱਚੋਂ ਕੱਢਣ ਲਈ ਮੱਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੈਂਟਰ ਨਾ ਸਿਰਫ ਸੂਬੇ ਦੀਆਂ ਲੋੜੋਂ ਵੱਧ ਵਰਤੀਆਂ ਗਈਆਂ ਕੁਦਰਤੀ ਨਿਆਮਤਾਂ ਨੂੰ ਬਚਾਉਣ ਵਿੱਚ ਸਹਾਈ ਹੋਣਗੇ ਬਲਕਿ ਸੂਬੇ ਦੀ ਤਰੱਕੀ ਅਤੇ ਇਥੋਂ ਦੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਵੀ ਵਧਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਤਿ ਆਧੁਨਿਕ ਤਕਨੀਕਾਂ ਵਾਲੇ ਇਹ ਸੈਂਟਰ ਕਿਸਾਨਾਂ ਨੂੰ ਵਿਸ਼ਵ ਭਰ ਵਿੱਚ ਵਰਤੀ ਜਾ ਰਹੀ ਤਕਨੀਕ ਤੋਂ ਜਾਣੂ ਕਰਾਉਂਦੇ ਹੋਏ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਦੇ ਫਾਇਦਾ ਹਾਸਲ ਕਰਨ ਵਿੱਚ ਸਹਾਇਤਾ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਮੌਜੂਦ ਤਕਨੀਕਾਂ ਕਿਸਾਨਾਂ ਨੂੰ ਆਪਣੀ ਫ਼ਸਲੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੋਵੇਗੀ ਜਿਸ ਨਾਲ ਉਨ੍ਹਾਂ ਦੇ ਖੁਸ਼ਹਾਲੀ ਦੇ ਰਾਹ ਖੁਲਣਗੇ। ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਉਹ ਆਪਣੇ ਸਿਰ ਪਏ 30 ਹਜ਼ਾਰ ਕਰੋੜ ਰੁਪਏ ਦੇ ਕਰਜੇ ਨੁੰ ਉਤਾਰਨ ਲਈ ਰਾਹ ਖੋਲ੍ਹ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਦੇਸ਼ ਨੂੰ ਖੁਰਾਕ ਸੁਰੱਖਿਆ ਮੁਹੱਈਆ ਕਰਾਉਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਹੈ ਪਰ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਇਸ ਗੱਲ ਦਾ ਮੁੱਲ ਨਹੀਂ ਪਾਇਆ ਹੈ।
ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਖੇਤੀ ਮੁੱਲਾਂ ਦੇ ਵਿੱਚ ਬੇਤਹਾਸ਼ੇ ਵਾਧੇ ਅਤੇ ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣ ਕਾਰਨ ਕਿਸਾਨੀ ਅੱਜ ਲਾਹੇਵੰਦ ਧੰਦਾ ਨਹੀਂ ਰਹੀ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦਾ ਭਵਿੱਖ ਬਦਲਣ ਲਈ ਖੇਤੀ ਵਿਭਿੰਨਤਾ ਦੇ ਨਾਲ ਨਾਲ ਡੇਅਰੀ , ਮੱਛੀ ਪਾਲਣ ਅਜਿਹੇ ਹੋਰ ਕਿੱਤਿਆਂ ਨੂੰ ਵੀ ਅਪਨਾਉਣ।
ਇੱਕ ਹੋਰ ਅਹਿਮ ਮਸਲੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਸੂਬਾ ਸਰਕਾਰ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਹਾਲਾਂ ਕਿ ਸੂਬਾ ਸਰਕਾਰ ਨੇ ਇਸ ਲਈ ਕਈ ਢੁਕਵੇਂ ਕਦਮ ਚੁਕੇ ਹਨ ਪਰ ਇਸ ਗੰਭੀਰ ਮਸਲੇ ਦੇ ਫੌਰੀ ਹੱਲ ਲਈ ਲੋਕਾਂ ਦਾ ਭਰਪੂਰ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੇ ਕੌਹੜ ਤੋਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਮੁਕਤ ਕਰਨ ਲਈ ਵੱਚਨਬੱਧ ਹੈ ਪਰ ਇਸ ਲਈ ਲੋਕਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਗੰਭੀਰ ਮਸਲੇ ਦੇ ਹੱਲ ਲਈ ਦੇਸ਼ ਵਿੱਚੋ ਅਤੇ ਵਿਦੇਸ਼ ਵਿੱਚੋ ਨਸ਼ਿਆਂ ਦੀ ਸਪਲਾਈ ਨੂੰ ਠੱਲ ਪਾਉਣੀ ਚਾਹੀਦੀ ਹੈ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਭਾਜਪਾ ਨਾਲ ਰੱਲ ਕੇ ਲੜੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਪੱਕਾ ਹੈ ਅਤੇ ਦੋਵੇਂ ਪਾਰਟੀਆਂ ਇਹ ਚੋਣਾਂ ਮਿਲ ਕੇ ਲੜਨਗੀਆਂ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡੀਜ਼ਲ ਉਤੇ ਵੈਟ ਕੇਵਲ ਪੰਜਾਬ ਸਰਕਾਰ ਵੱਲੋਂ ਹੀ ਨਹੀਂ ਲਗਾਇਆ ਗਿਆ ਬਲਕਿ ਦੇਸ਼ ਦੀਆਂ ਹੋਰ ਕਈ ਸੂਬਾ ਸਰਕਾਰਾਂ ਨੇ ਵੀ ਇਹ ਟੈਕਸ ਡੀਜ਼ਲ ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀਜ਼ਲ ਤੇ ਲਾਇਆ ਗਿਆ ਵੈਟ ਹੋਰਨਾਂ ਸੂਬਿਆਂ ਤੋਂ ਕਿੱਤੇ ਜ਼ਿਆਦਾ ਘੱਟ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸਮਾਜਿਕ ਸੁਰੱਖਿਆ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੰਢੀ ਖੇਤਰ ਵਿੱਚ ਇਹ ਪ੍ਰੋਜੈਕਟ ਸਥਾਪਿਤ ਕੀਤਾ ਹੈ ਜੋ ਕਿ ਇਸ ਖਿਤੇ ਦੀ ਆਰਥਿਕ ਖੁਸ਼ਹਾਲੀ ਨੂੰ ਹੋਰ ਜ਼ਿਆਦਾ ਵਧਾਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਕਾਲਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸਨੱਅਤ ਨੂੰ ਵੀ ਹੋਰ ਵਧਾਵਾ ਦੇਣ ਦੀ ਲੋੜ ਹੈ।
ਆਪਣੇ ਸੰਬੋਧਨ ਵਿੱਚ ਇਜ਼ਰਾਈਲ ਦੇ ਅੰਬੈਸਡਰ ਡੈਨੀਅਲ ਕਾਰਮਲ ਨੇ ਕਿਹਾ ਕਿ ਇਸ ਸੈਂਟਰ ਨਾਲ ਆਉਣ ਵਾਲੀ ਪੀੜੀਆਂ ਦੀ ਚੰਗੀ ਸਿਹਤ ਅਤੇ ਕਿਸਾਨਾਂ ਦੀ ਖੁਸ਼ਹਾਲੀ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ੍ਰ: ਬਾਦਲ ਦੀ ਦੂਰਅੰਦੇਸ਼ੀ ਅਤੇ ਕਿਸਾਨਾਂ ਦੇ ਵਿਕਾਸ ਦੀ ਵੱਚਨਬੱਧਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੇਕਟ ਨਾਲ ਦੋਵਾਂ ਮੁਲਕਾਂ ਵਿਚਾਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ।
ਖੇਤੀਬਾੜੀ ਮੰਤਰੀ ਸ੍ਰ: ਤੋਤਾ ਸਿੰਘ ਨੇ ਆਪਣੇ ਸੰਬਧਨ ਕਿਹਾ ਕਿ ਸੂਬੇ ਵਿੱਚ ਫ਼ਲਾਂ ਅਧੀਨ ਕੁਲ ਰਕਬਾ 0.76 ਲੱਖ ਹੈਕਟੇਅਰ ਹੈ ਜਿਸ ਤੋਂ 15.41 ਲੱਖ ਮੀਟ੍ਰਿਕ ਟਨ ਦੀ ਪੈਦਾਵਾਰ ਹੋ ਰਹੀ ਹੈ। ਇਕੱਲੇ ਨਿੰਬੂ ਜਾਤੀ ਫ਼ਲਾਂ ਹੇਠ ਕੁਲ ਰਕਬੇ 66 ਪ੍ਰਤੀਸ਼ਤ ਹੈ ਜੋ ਕਿ ਰਾਜ ਦੀ ਕੁਲ ਪੈਦਾਵਾਰ ਵਿੱਚ 68 ਪ੍ਰਤੀਸ਼ਤ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਐਕਸੀਲੈਂਸ ਤੋਂ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਕਿਸਮਾਂ ਦੇ ਕਵਾਲਟੀ ਬੂਟੇ ਮਿਲਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਸੈਂਟਰ ਵਿਖੇ ਇਜ਼ਰਾਈਲ ਤੋਂ ਉਤਮ ਅਤੇ ਨਵੀਨਤਮ ਤਕਨੀਕਾਂ ਲਿਆ ਕੇ ਇਜ਼ਰਾਈਲਾਂ ਮਾਹਿਰਾਂ ਦੀ ਰਾਏ ਨਾਲ ਪੰਜਾਬ ਦੀਆਂ ਹਾਲਤਾਂ ਅਨੁਸਾਰ ਢਾਲ ਕੇ ਕਿਸਾਨਾਂ ਨੂੰ ਬਾਗਬਾਨੀ ਲਈ ਪ੍ਰਦਰਸ਼ਤ ਕੀਤੀਆਂ ਜਾਣਗੀਆਂ।
ਸ੍ਰ: ਸੋਹਨ ਸਿੰਘ ਠੰਡਲ ਜੇਲ੍ਹਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਨੇ ਇਸ ਮੌਕੇ ਤੇ ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ ਖਨੌੜਾ ਵਿਖੇ ਸਥਾਪਿਤ ਕੀਤੇ ਜਾਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਵਿੱਚ ਨਵੀਆਂ ਸੇਧਾਂ ਅਤੇ ਬੁਨਿਆਦੀ ਤਬਦੀਲੀਆਂ ਦੀ ਲੋੜ ਨੂੰ ਪੂਰਾ ਕਰਦਿਆਂ ਇਹ ਸੈਂਟਰ ਕਿਸਾਨਾਂ ਦੀ ਫ਼ਸਲੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਖੇਤਰ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੀ ਭਰਮਾਰ ਹੈ ਅਤੇ ਇਹ ਸੈਂਟਰ ਸਥਾਪਿਤ ਹੋਣ ਨਾਲ ਇਸ ਇਲਾਕੇ ਦੀ ਦੇਸ਼ਾਂ ਵਿਦੇਸ਼ਾਂ ਤੱਕ ਪਹਿਚਾਣ ਬਣੇਗੀ।
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਹਲਕਾ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸੁਰੇਸ਼ ਕੁਮਾਰ ਵਿੱਤ ਕਮਿਸ਼ਨਰ ਵਿਕਾਸ, ਬੀ ਐਸ ਢਿਲੋਂ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾਇਰੈਕਟਰ ਬਾਗਬਾਨੀ ਗੁਰਕੰਵਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ, ਐਸ ਐਸ ਪੀ ਰਾਜਜੀਤ ਸਿੰਘ ਹੁੰਦਲ, ਹੋਰ ਖੇਤੀ ਮਾਹਿਰ ਤੇ ਪਤਵੰਤੇ ਹਾਜ਼ਰ ਸਨ।