ਗੁਰੂ ਰਵਿਦਾਸ ਜੀ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਤਲਵਾੜਾ, 29 ਮਾਰਚ: ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਵਿਚਾਰਧਾਰਾ ਨੂੰ ਸਮਰਪਿਤ 17ਵਾਂ ਕੀਰਤਨ ਦਰਬਾਰ ਤੇ ਸੰਤ ਸੰਮੇਲਨ ਲਾਗਲੇ ਪਿੰਡ ਆਦਮਪੁਰ ਮੋਹਟੀਆਂ ਵਿਖੇ ਸ਼੍ਰੀ ਜਗਦੀਸ਼ ਰਾਮ ਦੀ ਅਗਵਾਈ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਦਿਆਂ ਸੰਤ ਗੁਰਮੀਤ ਦਾਸ ਜੀ ਲੱਬਰ ਪੁਹਾਰੀ ਵਾਲਿਆਂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਵੀ ਪੂਰੇ ਵਿਸ਼ਵ ਲਈ ਚਾਨਣ ਮੁਨਾਰਾ ਹਨ ਅਤੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚਲ ਕੇ ਹੀ ਬੇਗਮਪੁਰਾ ਸ਼ਹਿਰ ਦੀ ਰਚਨਾ ਕੀਤੀ ਜਾ ਸਕਦੀ ਹੈ ਜੋ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਹੇ ਅਜੋਕੇ ਸਮਾਜ ਲਈ ਬੇਹੱਦ ਜਰੂਰੀ ਹੈ। ਇਸ ਮੌਕੇ ਉਨ੍ਹਾਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬਲਬੀਰ ਸਿੰਘ, ਤਰਲੋਕ ਸਿੰਘ, ਪਰਮਜੀਤ ਸਿੰਘ ਰਾਮ ਨੰਗਲ, ਮਹਿੰਦਰ ਸਿੰਘ, ਚਮਨ ਸਿੰਘ, ਕੇਵਲ ਸਿੰਘ, ਉਜਾਗਰ ਸਿੰਘ, ਅਸ਼ੋਕ ਕੁਮਾਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਮਹਿੰਦੀ ਹਸਨ ਦੀ ਸਹਾਇਤਾ ਕਰਨ ਦੀ ਅਪੀਲ

ਤਲਵਾੜਾ, 28 ਮਾਰਚ: ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸਿੱਧ ਗਾਇਕ ਮਹਿੰਦੀ ਹਸਨ ਕਰਾਚੀ ਵਿਚ ਗੰਭੀਰ ਬਿਮਾਰ ਹਨ ਅਤੇ ਇਸ ਤੋਂ ਵੱਧ ਚਿੰਤਾਜਨਕ ਪਹਿਲੂ ਇਹ ਹੈ ਕਿ ਉਹ ਆਪਣੀ ਕਮਜੋਰ ਆਰਥਿਕ ਹਾਲਤ ਦੇ ਚਲਦਿਆਂ ਆਪਣਾ ਇਲਾਜ ਕਰਾਉਣ ਤੋਂ ਵੀ ਅਸਮਰਥ ਦੱਸੇ ਜਾਂਦੇ ਹਨ। ਡਾ. ਮੰਡ ਨੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਲਿਖੇ ਪੱਤਰ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਹਿੰਦੀ ਹਸਨ ਦੀ ਸਹਾਇਤਾ ਲਈ ਦਸ ਲੱਖ ਰੁਪਏ ਦੀ ਮਾਲੀ ਸਹਾਇਤਾ ਭੇਜੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਪੰਜਾਬ ਦੇ ਹੋਣਹਾਰ ਸਪੂਤ ਦੀ ਜਿੰਦਗੀ ਮੁੜ ਰੌਸ਼ਨ ਹੋ ਸਕਦੀ ਹੈ ਉਥੇ ਦੋਹਾਂ ਮੁਲਕਾਂ ਦੇ ਰਿਸ਼ਤੇ ਬਿਹਤਰ ਕਰਨ ਦੀ ਦਿਸ਼ਾ ਵਿਚ ਵੀ ਚੰਗਾ ਸੁਨੇਹਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਤੇ ਆਗੂ ਰਵਿੰਦਰ ਰਵੀ, ਸਮਰਜੀਤ ਸਿੰਘ ਸ਼ਮੀ, ਅਮਰਜੀਤ ਢਿੱਲੋਂ ਆਦਿ ਹਾਜਰ ਸਨ।

ਸ਼ਹੀਦਾਂ ਨੂੰ ਚੇਤੇ ਕਰਦਿਆਂ


ਤਲਵਾੜਾ, 23 ਮਾਰਚ: ਸ਼ਹੀਦ ਭਗਤ ਸਿੰਘ ਦੀ ਰੂਹ ਵਿੱਚੋਂ ਗੁਲਾਮ ਦੇਸ਼ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਇਨਕਲਾਬ ਜਿੰਦਾਬਾਦ ਦੀ ਗੂੰਜ ਅੱਜ ਵੀ ਫਿਜ਼ਾਵਾਂ ਵਿਚ ਗੂੰਜਦੀ ਹੈ ਅਤੇ ਨੌਜਵਾਨਾ ਨੇ ਅਜੇ ਤੱਕ ਸ਼ਹੀਦ ਦੀ ਲੜ-ਛੱਡਵੀਂ ਪੱਗ ਦੀ ਕਾਪੀ ਤਾਂ ਕਰਨੀ ਸਿੱਖ ਲਈ ਹੈ, ਸ਼ਾਇਦ ਕਿਸੇ ਦਿਨ ਉਸਦੇ ਸਮੇਂ ਦੀ ਹਿੱਕ ਤੇ ਲਿਖੇ ਫ਼ਲਸਫਿਆਂ ਦੇ ਪੇਚ ਖੋਲ੍ਹਣ ਦੀ ਦਲੇਰੀ ਵੀ ਕਰ ਲੈਣ। ਅਜੇ ਤਾਂ ਬਸ ਵਰ੍ਹੇ ਛਿਮਾਹੀ ਕਿਸੇ ਰਸਮ ਵਾਂਗ ਉਸਦੀ ਧੁੰਦਲੀ ਯਾਦ ਨੂੰ ਰੋਸ਼ਨ ਕਰਨ ਲਈ ਚੌਂਕ ਚੁਰਾਹੇ ਵਿਚ ਕੁਝ ਚੇਤਨ ਮਨ ਮੋਮਬੱਤੀਆਂ ਬਾਲ ਛੱਡਦੇ ਹਨ। ਰੱਬ ਕਰੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਉਹਨਾਂ ਦੀ ਸੋਚ ਵਾਲੇ ਸਾਰੇ ਮਰਜੀਵੜਿਆਂ ਦੇ ਸੁਪਨਿਆਂ ਦਾ ਭਾਰਤ ਸਚਮੁਚ ਬਣ ਕੇ ਦੁਨੀਆਂ ਦੀ ਅਗਵਾਈ ਕਰੇ, ਆਮੀਨ!

ਇੱਥੇ ਵਿਜੇ ਕੁਮਾਰ ਬਿੰਨੀ ਨੇ ਆਪਣੇ ਘਰ ਦੀ ਬਗੀਚੀ ਵਿਚ 1.20 ਮੀਟਰ ਲੰਬਾ ਅਤੇ 10 ਕਿਲੋ ਵਜ਼ਨੀ ਘੀਆ (ਡਾਨੀ) ਉਗਾਇਆ। ਤਸਵੀਰ ਵਿਚ ਆਪਣੀ ਧਰਮ ਪਤਨੀ ਮੰਜੂ ਬਾਲਾ ਨਾਲ ਵੇਲ ਅਤੇ ਘੀਆ ਵਿਖਾਉਂਦੇ ਹੋਏ।

ਰੈੱਡ ਕਰਾਸ ਮੇਲੇ ਤੇ ਰੌਣਕਾਂ

ਤਲਵਾੜਾ, 22 ਮਾਰਚ: ਨਰਸਰੀ ਗਰਾਉਂਡ ਸੈਕਟਰ 2 ਵਿਖੇ ਅੱਜ ਬੀ. ਬੀ. ਐਮ. ਬੀ. ਹਸਪਤਾਲ ਭਲਾਈ ਸ਼ਾਖਾ ਦੇ ਰੈੱਡ ਕਰਾਸ ਯੂਨਿਟ ਵੱਲੋਂ ਸਲਾਨਾ ਰੈੱਡ ਕਰਾਸ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਐਮ. ਕੇ. ਗੁਪਤਾ ਮੈਂਬਰ ਸਿੰਚਾਈ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਚੀਫ਼ ਇੰਜੀਨੀਅਰ ਬਿਆਸ ਡੈਮ ਟੀ. ਕੇ. ਪਰਮਾਰ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ। ਗਰਾਉਂਡ ਵਿਚ ਵੱਡੀ ਗਿਣਤੀ ਵਿਚ ਵੰਨ ਸੁਵੰਨੇ ਸਟਾਲ ਲਗਾਏ ਗਏ ਅਤੇ ਸ਼ਾਮ ਨੂੰ ਲੱਕੀ ਕੂਪਨਾਂ ਦੇ ਇਨਾਮ ਵੀ ਕੱਢੇ ਗਏ। ਪੇਸ਼ ਹਨ ਕੁਝ ਝਲਕਾਂ:



ਸੋਮ ਪ੍ਰਕਾਸ਼ ਦਾ ਤਲਵਾੜਾ ਪਹੁੰਚਣ ਤੇ ਸਵਾਗਤ

ਤਲਵਾੜਾ, 20 ਮਾਰਚ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸੋਮ ਪ੍ਰਕਾਸ਼ ਦਾ ਅੱਜ ਇਥੇ ਤਲਵਾੜਾ ਪੁੱਜਣ ਤੇ ਵੱਖ ਵੱਖ ਥਾਵਾਂ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਇੱਥੇ ਮੇਨ ਬਜਾਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਸਿਰਮੌਰ ਜਥੇਬੰਦੀ ਹੈ ਅਤੇ ਨੌਜਵਾਨਾਂ ਲਈ ਵਿਸ਼ੇਸ਼ ਤੌਰ ਤੇ ਆਪਣੇ ਚੋਣ ਮੈਨੀਫ਼ੈਸਟੋ ਵਿਚ ਬੇਰੁਜਗਾਰੀ ਨੂੰ ਦੂਰ ਕਰਨ ਲਈ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਹਨਾਂ ਕਿਹਾ ਕਿ ਉਹ ਇਕ ਸਧਾਰਨ ਪਰਿਵਾਰ ਵਿਚੋਂ ਉਠ ਕੇ ਮਿਹਨਤ ਅਤੇ ਲਗਨ ਨਾਲ ਜਿੰਦਗੀ ਵਿਚ ਅੱਗੇ ਵਧੇ ਹਨ ਅਤੇ ਲੋਕ ਸੇਵਾ ਨੂੰ ਹੀ ਆਪਣਾ ਪ੍ਰਮੁੱਖ ਉਦੇਸ਼ ਮੰਨਿਆ ਹੈ ਤੇ ਹੁਣ ਮੈਂਬਰ ਲੋਕ ਸਭਾ ਲਈ ਚੋਣ ਮੁਹਿੰਮ ਵਿਚ ਹਰ ਪਾਸਿਓਂ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਨੇ ਕਿਹਾ ਕਿ ਸ਼੍ਰੀ ਸੋਮ ਪ੍ਰਕਾਸ਼ ਵਰਗੇ ਸੁਲਝੇ ਹੋਏ ਆਗੂ ਦਾ ਸਿਆਸੀ ਪਿੜ ਵਿਚ ਉਤਰਨਾ ਸ਼ੁੱਭ ਸੰਕੇਤ ਹੈ ਅਤੇ ਹਰ ਵਰਗ ਨੂੰ ਉਹਨਾਂ ਦਾ ਤਨਦੇਹੀ ਨਾਲ ਸਾਥ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸ਼੍ਰੀ ਸੋਮ ਪ੍ਰਕਾਸ਼ ਨੇ ਦਾਤਾਰਪੁਰ ਵਿਖੇ ਮਹੰਤ ਰਾਮ ਪ੍ਰਕਾਸ਼ ਦਾਸ ਦੀ ਹਾਜਰੀ ਵਿਚ ਬਾਬਾ ਲਾਲ ਦਿਆਲ ਦੇ ਪਵਿੱਤਰ ਸਥਾਨ ਤੇ ਮੱਥਾ ਟੇਕਿਆ ਅਤੇ ਬਾਅਦ ਵਿਚ ਭੰਬੋਤਾੜ ਵਿਖੇ ਭਾਜਪਾ ਆਗੂ ਸੀਮਾ ਦੇਵੀ ਦੇ ਗ੍ਰਹਿ ਵਿਖੇ ਪ੍ਰੀਤੀ ਭੋਜ ਵਿਚ ਸ਼ਾਮਿਲ ਹੋਏ। ਹੋਰਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਇਸ ਮੌਕੇ ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ, ਰਮਨ ਗੋਲਡੀ, ਰਮੇਸ਼ ਭੰਬੋਤਾ ਮੈਂਬਰ ਬਲਾਕ ਸੰਮਤੀ, ਡਾ. ਧਰੁਬ ਸਿੰਘ, ਵਿਪਨ ਸ਼ਿੰਗਾਰੀ, ਰਣਬੀਰ ਠਾਕੁਰ, ਆਸ਼ੂ ਅਰੋੜਾ, ਦਿਨੇਸ਼ ਪੀ. ਟੀ., ਕੁਲਦੀਪ, ਅਮਨਦੀਪ ਹੈਪੀ, ਅਨਿਰੁੱਧ ਕਸ਼ਅਪ, ਤਜਿੰਦਰ ਸਿੰਘ ਸੇਠੀ, ਅਰੁਣ ਕੁਮਾਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਪੰਜਵੀਂ ਦੀ ਸਲਾਨਾ ਪ੍ਰੀਖਿਆ ਜਾਰੀ

ਤਲਵਾੜਾ, 19 ਮਾਰਚ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਂਦੀ ਪੰਜਵੀਂ ਜਮਾਤ ਦੀ ਪ੍ਰੀਖਿਆ ਇਸ ਵਾਰ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਲਈ ਜਾ ਰਹੀ ਹੈ। ਪ੍ਰਾਇਮਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਮੰਤਵ ਨਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ ਅਤੇ ਵਿਸ਼ੇਸ਼ ਤੌਰ ਤੇ ਨਕਲ ਵਰਗੀ ਬਿਮਾਰੀ ਦੀ ਰੋਕਥਾਮ ਲਈ ਵਿਭਾਗ ਨੂੰ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਗਈਆਂ ਹਨ। ਓਧਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਨੇ ਇਸ ਵਾਰ ਪੰਜਵੀਂ ਜਮਾਤ ਉੱਤੇ ਐਨ ਸਾਲ ਦੇ ਅਖੀਰ ਵਿਚ ਕੀਤੇ ਜਾ ਰਹੇ ਤਜਰਬਿਆਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜਿੱਥੇ ਅੱਗੇ ਪੰਜਵੀਂ ਜਮਾਤ ਦੇ ਬੱਚੇ ਫ਼ਰਵਰੀ ਵਿਚ ਪੇਪਰ ਦੇ ਕੇ ਵਿਹਲੇ ਹੋ ਜਾਂਦੇ ਸਨ ਐਤਕੀਂ ਉਹਨਾਂ ਨੂੰ 16 ਮਾਰਚ ਤੱਕ ਲੰਮਾ ਇੰਤਜਾਰ ਕਰਨਾ ਪਿਆ। ਪੂਰਾ ਹਫ਼ਤਾ ਚੱਲਣ ਵਾਲੇ ਇਹਨਾਂ ਪੇਪਰਾਂ ਲਈ ਜਿੱਥੇ ਬੱਚਿਆਂ ਨੂੰ ਤਿਆਰੀ ਲਈ ਵਿਚਾਲੇ ਕੋਈ ਛੁੱਟੀ ਨਾ ਦੇਕੇ ਲਗਾਤਾਰ ਪੇਪਰ ਦੇਣੇ ਪੈ ਰਹੇ ਹਨ ਉੱਥੇ ਪੇਪਰਾਂ ਦਾ ਸਮਾਂ ਦੁਪਿਹਰ ਡੇਢ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਕਰਨਾ ਵੀ ਬੱਚਿਆਂ ਨਾਲ ਧੱਕਾ ਹੀ ਹੈ। ਉਹਨਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਨੂੰ ਐਤਕੀਂ ਇਸ ਪ੍ਰੀਖਿਆ ਤੋਂ ਉੱਕਾ ਹੀ ਦੂਰ ਰੱਖਿਆ ਗਿਆ ਹੈ ਅਤੇ ਸਾਰਾ ਪ੍ਰਬੰਧ ਮਾਸਟਰ ਕਾਡਰ ਤੋਂ ਲਿਆ ਜਾ ਰਿਹਾ ਹੈ। ਹੋਰ ਤਾਂ ਹੋਰ ਪ੍ਰੀਖਿਆ ਕੇਂਦਰ ਪ੍ਰਾਇਮਰੀ ਸਕੂਲਾਂ ਦੀ ਬਜਾਏ ਨੇੜਲੇ ਹਾਈ ਜਾਂ ਸੈਕੰਡਰੀ ਸਕੂਲਾਂ ਵਿਚ ਬਣਾਏ ਗਏ ਜਿਸ ਨਾਲ ਬੱਚਿਆਂ ਨੂੰ ਇਹਨਾਂ ਕੇਂਦਰਾਂ ਵਿਚ ਪੁੱਜਣ ਲਈ ਪ੍ਰੇਸ਼ਾਨ ਹੋਣਾ ਪਿਆ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਵਿਭਾਗ ਵੱਲੋਂ ਸਿੱਖਿਆ ਪ੍ਰੋਵਾਈਡਰਾਂ ਅਤੇ ਟੀਚਿੰਗ ਫ਼ੈਲੋ ਨੂੰ ਸੈਮੀਨਾਰਾਂ ਵਿਚ ਬੁਲਾ ਲਿਆ ਜਿਸ ਨਾਲ ਪ੍ਰਾਇਮਰੀ ਸਕੂਲ ਇਕਦਮ ਖਾਲੀ ਹੋ ਗਏ ਹਨ ਤੇ ਬੱਚਿਆਂ ਨੂੰ ਇਕੱਲਿਆਂ ਹੀ ਪੇਪਰ ਦੇਣ ਲਈ ਜਾਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਡੀ. ਜੀ. ਐਸ. ਈ. ਨਾਲ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਹੀ ਜਾਣੂ ਕਰਵਾਇਆ ਗਿਆ ਸੀ ਤੇ ਉਹਨਾਂ ਜਥੇਬੰਦੀ ਨਾਲ ਸਹਿਮਤੀ ਪ੍ਰਗਟ ਕਰਦਿਆਂ ਲੁੜੀਂਦੇ ਸੁਧਾਰਾਂ ਦੀ ਗੱਲ ਵੀ ਮੰਨੀ ਪਰੰਤੂ ਇਸ ਤੇ ਬਾਵਜੂਦ ਉਹਨਾਂ ਆਪਣੀ ਪੂਰਵ ਨਿਰਧਾਰਤ ਯੋਜਨਾ ਅਨੁਸਾਰ ਹੀ ਸਾਰੀ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਜੀ. ਟੀ. ਯੂ. ਵੱਲੋਂ ਹੁਣ ਇਸ ਮਾਮਲੇ ਤੇ ਸੰਘਰਸ਼ ਲਈ ਕਮਰਕੱਸੇ ਸ਼ੁਰੂ ਕਰ ਦਿੱਤੇ ਗਏ ਹਨ। ਬਹਰਹਾਲ, ਸ਼ਨੀਵਾਰ 21 ਮਾਰਚ ਨੂੰ ਖ਼ਤਮ ਹੋ ਰਹੇ ਇਹ ਪੇਪਰ ਪੂਰੇ ਵਿਭਾਗ ਤੇ ਬੱਚਿਆ ਲਈ ਨਵਾਂ ਤਜਰਬਾ ਸਾਬਿਤ ਹੋਏ ਹਨ।

ਰੈੱਡ ਕਰਾਸ ਮੇਲਾ 22 ਮਾਰਚ ਨੂੰ

ਤਲਵਾੜਾ, 19 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਸਲਾਨਾ ਰੈੱਡ ਕਰਾਸ ਮੇਲਾ 22 ਮਾਰਚ ਨੂੰ ਨਰਸਰੀ ਗਰਾਉਂਡ ਵਿਖੇ ਲਗਾਇਆ ਜਾਵੇਗਾ ਜਿਸ ਵਿਚ ਮੈਂਬਰ ਸਿੰਚਾਈ ਇੰਜ: ਐਮ. ਕੇ. ਗੁਪਤਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਣਗੇ। ਇਹ ਜਾਣਕਾਰੀ ਦਿੰਦਿਆਂ ਰੈੱਡ ਕਰਾਸ ਸੁਸਾਇਟੀ ਤਲਵਾੜਾ ਦੀ ਚੇਅਰਪਰਸਨ ਗੀਤਾ ਪਰਮਾਰ ਅਤੇ ਸਕੱਤਰ ਸੰਤੋਸ਼ ਵਰਮਾ ਨੇ ਦੱਸਿਆ ਕਿ ਸਵੇਰੇ 10 ਵਜੇ ਸ਼ੁਰੂ ਹੋਣ ਵਾਲੇ ਇਸ ਮੇਲੇ ਵਿਚ ਜਿੱਥੇ ਲੱਕੀ ਡਰਾਅ ਕੱਢੇ ਜਾਣਗੇ ਉੱਥੇ ਕਈ ਤਰਾਂ ਦੇ ਦਿਲਕਸ਼ ਸਟਾਲ ਵੀ ਸਜਾਏ ਜਾਣਗੇ।

ਹੋਲਾ ਮਹੱਲਾ ਤੇ ਕਾਲੀ ਮਾਤਾ ਮੰਦਰ ਵੱਲੋਂ ਲੰਗਰ

ਤਲਵਾੜਾ, 12 ਮਾਰਚ: ਇੱਥੇ ਹੋਲਾ ਮਹੱਲਾ ਤੇ ਬਾਬਾ ਵਡਭਾਗ ਸਿੰਘ ਮੇਲੇ ਨਹਿਰੀਆਂ ਵੱਲ ਜਾਣ ਵਾਲੀਆਂ ਸੰਗਤਾਂ ਦੇ ਕਾਫ਼ਲਿਆਂ ਲਈ ਕਾਲੀ ਮਾਤਾ ਮੰਦਰ ਤਲਵਾੜਾ ਵੱਲੋਂ ਹਰ ਸਾਲ ਵਾਂਗ ਲੰਗਰ ਸਜਾਇਆ ਜਿਥੇ ਦਿਨ ਰਾਤ ਖੂਬ ਰੌਣਕਾਂ ਲੱਗੀਆਂ ਰਹੀਆਂ। ਤਲਵਾੜਾ ਵਿਚ ਇਸ ਵਾਰ ਹੋਲੀ ਮੌਕੇ ਕਾਫ਼ੀ ਉਤਸ਼ਾਹ ਰਿਹਾ ਹਾਲਾਕਿ ਇਸ ਵਾਰ ਹੋਲੀ ਬਾਰੇ ਦੋ ਤਰੀਕਾਂ ਹੋਣ ਕਾਰਨ ਲੋਕਾਂ ਵਿਚ ਦੁਬਿਧਾ ਹੀ ਰਹੀ। ਉਂਝ ਸਰਕਾਰੀ ਤੌਰ ਤੇ ਹੋਲੀ ਦੀ ਛੁੱਟੀ 11 ਮਾਰਚ ਨੂੰ ਐਲਾਨੀ ਗਈ ਸੀ। ਪੇਸ਼ ਹਨ ਕੁਝ ਝਲਕਾਂ :






ਆਪਣੀ ਸਮਰੱਥਾ ਨੂੰ ਪਹਿਚਾਨਣ ਔਰਤਾਂ: ਅਮਰਜੀਤ ਸਾਹੀ

ਤਲਵਾੜਾ, 8 ਮਾਰਚ: ਅੱਜ ਇਥੇ ਸ਼ਾਹ ਨਹਿਰ ਗੈਸਟ ਹਾਉਸ ਵਿਖੇ ਮਹਿਲਾ ਮੋਰਚਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅਤੇ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਸੁਖਜੀਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਕਰਦਿਆਂ ਸ. ਅਮਰਜੀਤ ਸਿੰਘ ਸਾਹੀ ਨੇ ਕਿਹਾ ਕਿ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਸਵੈ ਪੜਚੋਲ ਰਾਹੀਂ ਆਪਣੀ ਸਮਰੱਥਾ ਨੂੰ ਪਹਿਚਾਨਣਾ ਚਾਹੀਦਾ ਹੈ ਅਤੇ ਪੂਰੀ ਦ੍ਰਿੜਤਾ ਨਾਲ ਸਮਾਜ ਦੇ ਵਿਕਾਸ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਔਰਤਾਂ ਨੇ ਹਰ ਯੁੱਗ ਵਿਚ ਸਮਾਜ ਦੀ ਅਗਵਾਈ ਕੀਤੀ ਹੈ ਅਤੇ ਸਮਕਾਲੀ ਔਰਤਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਇਤਿਹਾਸ ਜੱਗ ਜਾਹਰ ਹੈ। ਸ. ਸਾਹੀ ਨੇ ਕਿ ਸਿਆਸੀ ਟਕੋਰ ਕਰਦਿਆਂ ਕਿਹਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਆਪਣੇ ਕਾਰਜਕਾਲ ਦੌਰਾਨ ਮਹਿਲਾ ਹੁੰਦਿਆਂ ਵੀ ਔਰਤਾਂ ਦੇ ਰਾਖਵੇਂਕਰਨ ਦਾ ਬਿੱਲ ਪੇਸ਼ ਨਹੀਂ ਕਰ ਸਕੀ ਜਿਸ ਤੇ ਉਹਨਾਂ ਦੀ ਕਾਰਗੁਜਾਰੀ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਸ. ਅਮਰਜੀਤ ਸਾਹੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਔਰਤ ਅਤੇ ਮਰਦ ਵਿਚਾਲੇ ਸਮਾਜਿਕ ਪਾੜੇ ਨੂੰ ਖਤਮ ਕਰਨ ਲਈ ਜੋ ਸੇਧਾਂ ਦਿੱਤੀਆਂ ਉਹ ਅੱਜ ਵੀ ਸਾਰਥਕ ਹਨ। ਇਸ ਮੌਕੇ ਸ਼੍ਰੀ ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ, ਸ਼੍ਰੀਮਤੀ ਨਰੇਸ਼ ਠਾਕੁਰ ਮੈਂਬਰ ਬਲਾਕ ਸੰਮਤੀ, ਸ਼੍ਰੀਮਤੀ ਸ਼ੈਲ ਜੈਨ, ਸ਼੍ਰੀਮਤੀ ਅੰਜੂ ਸ਼ਰਮਾ, ਮਾਸਟਰ ਮਹਿੰਦਰ ਸਿੰਘ, ਰਿੰਪੀ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਔਰਤਾਂ ਦੀ ਜਾਗਰੂਕਤਾ ਨੂੰ ਸਮੇਂ ਦੀ ਲੋੜ ਦੱਸਦਿਆਂ ਵਿਆਪਕ ਪੱਧਰ ਤੇ ਚੇਤਨਾ ਲਹਿਰ ਚਲਾਉਣ ਲਈ ਪ੍ਰੇਰਿਤ ਕੀਤਾ। ਮਿਸ ਹਿਨਾ ਨੇ ਇਸ ਮੌਕੇ ਮਾਂ ਵਿਸ਼ੇ ਤੇ ਗੀਤ ਪੇਸ਼ ਕਰਕੇ ਮਾਹੌਲ ਨੂੰ ਸੁਰਮਈ ਬਣਾ ਦਿੱਤਾ ਅਤੇ ਮੰਚ ਸੰਚਾਲਨ ਮਿਸ ਵਿਪਰਾ ਨੇ ਬਾਖੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੀਮਤੀ ਸੰਤੋਸ਼ ਕੁਮਾਰੀ ਡਿਪਟੀ ਚੇਅਰਮੈਨ ਜਿਲ੍ਹਾ ਪਰਿਸ਼ਦ, ਸ਼੍ਰੀ ਬੰਸੀ ਲਾਲ ਚੌਧਰੀ, ਰਮਨ ਕੌਲ, ਰਮਾ ਚੌਧਰੀ, ਸਰਿਸ਼ਟਾ, ਰੇਖਾ ਦੇਵੀ, ਰਜਿੰਦਰ ਪ੍ਰਸਾਦ, ਵਿਜੇ ਕੁਮਾਰ, ਲੇਖ ਰਾਜ ਨੌਸ਼ਹਿਰਾ, ਕੁਲਦੀਪ ਚਤਰੂ ਆਦਿ ਸਮੇਤ ਕਈ ਹੋਰ ਆਗੂ ਤੇ ਪਤਵੰਤੇ ਹਾਜਰ ਸਨ।

ਐਜੂਸੈਟ ਤੇ ਕਰੈਸ਼ ਕੋਰਸ 12 ਮਾਰਚ ਤੋਂ

ਤਲਵਾੜਾ, 8 ਮਾਰਚ: ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ ਜਿਲ੍ਹਾ ਸਿੱਖਿਆ ਅਫ਼ਸਰ ਸ. ਹੁਕਮ ਸਿੰਘ ਦੀ ਦੇਖ ਰੇਖ ਹੇਠ ਇਸ ਸਾਲ 10+2 ਕਲਾਸ ਦੀ ਪ੍ਰੀਖਿਆ ਉਪਰੰਤ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਮੰਤਵ ਨਾਲ ਐਜੂਸੈਟ ਪ੍ਰਣਾਲੀ ਰਾਹੀਂ ਕਰੈਸ਼ ਕੋਰਸ 12 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਜੂਸੈਟ ਕੁਆਰਡੀਨੇਟਰ ਧਰਮਪਾਲ ਸਾਹਿਲ ਨੇ ਦੱਸਿਆ ਕਿ ਇਹ ਕਰੈਸ਼ ਕੋਰਸ 12 ਮਾਰਚ ਤੋਂ 28 ਮਾਰਚ ਤੱਕ ਸਵੇਰੇ ਸਾਢੇ ਦਸ ਵਜੇ ਤੋਂ ਬਾਅਦ ਦੁਪਿਹਰ ਸਵਾ ਦੋ ਵਜੇ ਤੱਕ ਚੱਲੇਗਾ ਅਤੇ ਇਸ ਮੰਤਵ ਲਈ ਜਿਲ੍ਹੇ ਵਿਚ 10 ਐਜੂਸੈਟ ਕੇਂਦਰ ਬਣਾਏ ਗਏ ਹਨ ਜਿਹਨਾਂ ਵਿਚ ਸ. ਸ. ਸ. ਦਸੂਹਾ, ਸ. ਸ. ਸ. ਲਾਂਬੜਾ, ਸ. ਸ. ਕੰਨਿਆ ਰੇਲਵੇ ਮੰਡੀ ਹੁਸ਼ਿਆਰਪੁਰ, ਸ. ਸ. ਸ. ਤਲਵਾੜਾ 1, ਸ. ਸ. ਸ. ਭੁੰਗਾ, ਸ. ਸ. ਸ. ਹਾਜੀਪੁਰ, ਸ. ਸ. ਸ. ਬੱਸੀ ਕਲਾਂ, ਸ. ਸ. ਸ. ਕੋਟ ਫ਼ਤੂਹੀ, ਸ. ਸ. ਸ. ਲੜਕੇ ਹੁਸ਼ਿਆਰਪੁਰ ਅਤੇ ਸ. ਸ. ਸ. ਬਾਗਪੁਰ ਸਤੌਰ ਸ਼ਾਮਿਲ ਹਨ। ਇਹਨਾਂ ਕੇਂਦਰਾਂ ਦੇ ਨਾਲ ਨਜ਼ਦੀਕੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਜੋੜਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਰੈਸ਼ ਕੋਰਸ ਵਿਚ ਮਾਰਚ 2009 ਵਿਚ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਪਹਿਲਾਂ 10+2 ਪ੍ਰੀਖਿਆ ਪਾਸ ਕਰ ਚੁੱਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਤੋਂ ਇੱਕ ਹਜਾਰ ਰੁਪਏ ਦਾਖਲਾ ਫ਼ੀਸ ਜਮ੍ਹਾਂ ਕਰਾਉਣ ਤੇ ਕੋਚਿੰਗ ਦਿੱਤੀ ਜਾਵੇਗੀ।

ਅਮਰਜੀਤ ਸਾਹੀ ਵੱਲੋਂ ਭੰਬੋਤਾੜ ਜਲ ਸਪਲਾਈ ਸਕੀਮ ਦਾ ਉਦਘਾਟਨ

ਤਲਵਾੜਾ, 2 ਮਾਰਚ: ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਵੱਲੋਂ ਅੱਜ ਇਥੇ ਬਲਾਕ ਤਲਵਾੜਾ ਅਧੀਨ ਆਉਂਦੀ ਭੰਬੋਤਾੜ 188.99 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ ਗਿਆ। ਇਸ ਸਕੀਮ ਦੇ ਚਾਲੂ ਹੋਣ ਨਾਲ ਭੰਬੋਤਾੜ ਅਤੇ ਰਜਵਾਲ ਪਿੰਡਾਂ ਦੀ ਕਰੀਬ 6 ਹਜਾਰ ਤੋਂ ਵੱਧ ਅਬਾਦੀ ਲਈ ਪੀਣ ਵਾਲੇ ਸਵੱਛ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਸ. ਸਾਹੀ ਨੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਕਰੀਬ ਦੋ ਸਾਲਾਂ ਦੇ ਅਰਸੇ ਵਿਚ ਕੀਤੇ ਗਏ ਵਿਕਾਸ ਕਾਰਜ ਕਾਂਗਰਸ ਵੱਲੋਂ 25 ਸਾਲਾਂ ਵਿਚ ਕੀਤੇ ਕੰਮਾਂ ਤੋਂ ਕਿਤੇ ਜਿਆਦਾ ਹੈ ਜਿਸ ਦੀ ਗਵਾਈ ਇਲਾਕੇ ਵਿਚ ਚੱਲ ਰਹੇ ਅਨੇਕਾਂ ਪ੍ਰਾਜੈਕਟਾਂ ਤੋਂ ਸਹਿਜੇ ਹੀ ਲਈ ਜਾ ਸਕਦੀ ਹੈ। ਸ. ਸਾਹੀ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਵੱਲੋਂ ਲੋਕਾਂ ਨੂੰ ਜਿੱਥੇ ਕੰਮ ਦੇ ਨਾਂਅ ਤੇ ਆਪਸੀ ਗੁਟਬਾਜੀ ਅਤੇ ਹਵਾਈ ਕਿਲੇ ਉਸਾਰਨ ਦਾ ਮਾਹੌਲ ਕੀਤਾ ਗਿਆ ਸੀ ਪਰ ਹੁਣ ਲੋਕ ਜਾਗ ਚੁੱਕੇ ਹਨ ਅਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਉਲੀਕੇ ਕੰਮਾਂ ਤੋਂ ਭਰਪੂਰ ਲਾਭ ਪ੍ਰਾਪਤ ਕਰ ਰਹੇ ਹਨ। ਸ. ਸਾਹੀ ਨੇ ਕਰੀਬ 74 ਹਜਾਰ ਦੇ ਚਾਰ ਚੈਕ ਇੰਦਰਾ ਅਵਾਸ ਯੋਜਨਾ ਤਹਿਤ ਤਕਸੀਮ ਕੀਤੇ। ਇਸ ਮੌਕੇ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਵਿਪਨ ਸ਼ਿੰਗਾਰੀ, ਤੇਜ ਪਾਲ ਵਧਵਾ ਐਸ. ਡੀ. ਓ., ਮਾਨ ਸਿੰਘ, ਸਤਪਾਲ, ਕੁਲਵੰਤ ਚੌਧਰੀ, ਪ੍ਰੀਤਮ, ਪ੍ਰਦੀਪ ਕੁਮਾਰ, ਸਤਨਾਮ ਸਿੰਘ ਧਨੋਆ, ਡਾ. ਧਰੁਬ, ਦਵਿੰਦਰ ਸਿੰਘ ਸੇਠੀ, ਰਮੇਸ਼ ਭੰਬੋਤਾ, ਦੀਪਕ ਰਾਣਾ, ਬੀਬੀ ਸਵਰਨ ਕੌਰ, ਸੀਮਾ ਰਾਣੀ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

‘‘ਰਾਸ਼ਟਰ ਦੀ ਪੁਨਰ ਰਚਨਾ ਵਿੱਚ ਸਿੱਖਿਆ ਦਾ ਯੋਗਦਾਨ’’ ਵਿਸ਼ੇ ਤੇ ਸੈਮੀਨਾਰ

ਤਲਵਾੜਾ, 2 ਮਾਰਚ: ਇੱਥੇ ਸਿਖਿਆ ਸੰਸਕ੍ਰਿਤੀ ਉਥਾਨ ਨਿਆਸ ਸਿਖਿਆ ਬਚਾਓ ਸਮਿਤੀ ਤਲਵਾੜਾ ਵੱਲੋਂ ‘‘ਰਾਸ਼ਟਰ ਦੀ ਪੁਨਰਚਨਾ ਵਿੱਚ ਸਿੱਖਿਆ ਦਾ ਯੋਗਦਾਨ’’ ਵਿਸ਼ੇ ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਆਫਿਸਰ ਕਲੱਬ ਤਲਵਾੜਾ ਵਿਖੇ ਆਯੋਜਿਤ ਕੀਤਾ ਗਿਆ। ਸਿੱਖਿਆ ਸ਼ਾਸਤਰੀਆਂ ਅਤੇ ਵੱਖੋ ਵੱਖਰੇ ਖ਼ੇਤਰਾਂ ਨਾਲ ਜੁੜੇ ਨੁਮਾਇਦਿਆਂ ਨਾਲ ਖਚਾ ਖਚ ਭਰੇ ਹਾਲ ਵਿੱਚ ਦਿੱਲੀ ਤੋਂ ਆਏ ਪ੍ਰਮੁੱਖ ਬੁਲਾਰੇ ਦੀਨਾ ਨਾਥ ਬਤਰਾ ਰਾਸ਼ਟਰੀ ਸੰਯੋਜਕ ਨੇ ਉਪਰੋਕਤ ਵਿਸ਼ੇ ਤੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਸਿੱਖਿਆ ਦੀ ਵਰਤਮਾਨ ਇਸੰਗਤੀ ਭਰਭੂਰ ਹਾਲਤ ਨੂੰ ਨਿੰਦਣ ਦੀ ਬਿਜਾਏ ਇਸ ਵਿਚੋਂ ਪਰਿਵਰਤਨ ਲਿਆਉਣ ਲਈ ਢੁਕਵੇਂ ਤੇ ਸਾਰਥਕ ਕਦਮ ਪੁੱਟਣੇ ਚਾਹੀਦੇ ਹਨ। ਇਸ ਲਈ ਸਿੱਖਿਆ ਦਾ ਭਾਰਤੀਕਰਨ ਕਰਦਿਆਂ ਆਟੋਨੋਮਸ ਰਾਸ਼ਟਰੀ ਸਿੱਖਿਆ ਆਯੋਗ ਸਥਾਪਤ ਕਰਨਾ ਹੋਵੇਗਾ। ਸਿੱਖਿਆ ਦਾ ਸਮਾਨੀਕਰਨ ਅਤੇ ਅਧਿਆਤਮਕਰਨ ਕਰਕੇ ਇਸ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਚਾਹੀਦਾ ਹੈ। ਉਨਾ ਕਿਹਾ ਕਿ ਇੱਥੇ ਪੰਜਵੀਂ ਜਮਾਤ ਤੋਂ ਹੀ ਅਜਾਦੀ ਦੇ ਇਤਿਹਾਸ ਦੇ ਪ੍ਰੇਰਕ ਪ੍ਰੰਸਗਾਂ ਬਾਰੇ ਪੜ੍ਹਾ ਕੇ ਉਨਾਂ ਵਿੱਚ ਰਾਸ਼ਟਰੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਮੁੱਖ ਮਹਿਮਾਨ ਸ. ਅਵਤਾਰ ਸਿੰਘ ਰਿਟਾ. ਡਾਇਰੈਕਟਰ, ਐਨ.ਸੀ.ਆਰ.ਟੀ. ਪੰਜਾਬ ਨੇ ਵੀ ਸਿੱਖਿਆ ਦੇ ਪ੍ਰਚਲਤ ਢਾਂਚੇ ਦੀਆਂ ਵਿਸ਼ੇਸ਼ਤਾਵਾਂ ਅਤੇ ਕਮੀਆਂ ਤੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਸਿੱਖਿਆ ਵਿਚ ਆ ਰਹੇ ਪਰਿਵਰਤਨਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਦੀਪ ਜਲਾਉਣ ਮਗਰੋਂ ਸਰਵਹਿਤਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਪੇਸ਼ ਕੀਤੀ। ਸੈਮੀਨਾਰ ਪ੍ਰਮੁੱਖ ਧਰਮਪਾਲ ਸਾਹਿਲ ਨੇ ਨਿਰੰਤਰਤ ਮਹਿਮਾਨਾ ਦਾ ਪਰਿਚੈ ਕਰਵਾਇਆ। ਪ੍ਰਿੰਸੀਪਲ ਦੇਸ ਰਾਜ ਸ਼ਰਮਾ ਵੱਲੋਂ ਸਵਾਗਤੀ ਸ਼ਬਦਾਂ ਤੇ ਸੈਮੀਨਾਰ ਦੇ ਵਿਸ਼ੇ ਦੀ ਭੂਮਿਕਾ ਬੰਨੀ ਗਈ। ਪ੍ਰਸ਼ਨਕਾਲ ਵਿਚ ਸਰੋਤਿਆਂ ਵੱਲੋਂ ਪ੍ਰਸ਼ਨਾ ਦੀ ਝੜੀ ਲਾ ਦਿੱਤੀ। ਜਿਨਾਂ ਦੇ ਸ਼੍ਰੀ ਬਤਰਾ ਨੇ ਸਹਿਜਤਾ ਨਾਲ ਉਤਰ ਦਿੱਤੇ। ਪ੍ਰੋ. ਸ਼ਤੀਸ ਮਹਾਜਨ ਨੇ ਮੰਚ ਸੰਚਾਲਨ ਕਰਦਿਆਂ ਸਰੋਤਿਆਂ ਨੂੰ ਬੰਨੀ ਰਖਿਆ। ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜੀ ਕੇ.ਸੀ. ਮਹਿਤਾ, ਰਾਜੇਸ਼ ਸਿੰਘ, ਪ੍ਰਿੰਸੀਪਲ ਬਲਦੇਵ ਸਿੰਘ, ਪ੍ਰੋ ਅਜੀਤ ਸਿੰਘ, ਐਡਵੋਕੇਟ ਰਾਜਗੁਲਜਿੰਦਰ ਸਿੱਧੂ, ਪ੍ਰੋ ਦਲਬੀਰ ਸਿੰਘ ਮੱਲ੍ਹੀ, ਕੈਪਟਨ ਸੁਰੇਸ਼ ਕੁਮਾਰ, ਡਾ. ਸੁਰਿੰਦਰ ਮੰਡ, ਪ੍ਰੋ. ਹਰਸ਼ ਮਹਿਤਾ, ਪ੍ਰਿੰਸੀਪਲ ਵਿਨੋਦ ਸ਼ਰਮਾ ਆਦਿ ਹਾਜਰ ਸਨ।

ਬਿਆਸ ਡੈਮ ਦੇ ਦਿਹਾੜੀਦਾਰ ਕਾਮਿਆਂ ਪ੍ਰਤੀ ਨਰਮ ਰੁਖ: ਚੇਅਰਮੈਨ

ਤਲਵਾੜਾ, 28 ਫ਼ਰਵਰੀ: ਅੱਜ ਇਥੇ ਬੀ. ਬੀ. ਐਮ. ਬੀ. ਦੇ ਚੇਅਰਮੈਨ ਸ਼੍ਰੀ ਯੂ. ਸੀ. ਮਿਸ਼ਰਾ ਨੇ ਅੱਜ ਇਥੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੋਰਡ ਵੱਲੋਂ ਡੈਮ ਦੇ ਦਿਹਾੜੀਦਾਰ ਕਾਮਿਆਂ ਦੀਆਂ ਮੰਗਾਂ ਪ੍ਰਤੀ ਪੂਰੀ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਤੇ ਸਭ ਦੀ ਸਹਿਮਤੀ ਹੈ ਕਿ ¦ਮੇ ਸਮੇਂ ਮਹਿਕਮੇ ਨਾਲ ਜੁੜੇ ਆ ਰਹੇ ਇਹਨਾਂ ਕਾਮਿਆਂ ਨੂੰ ਸਾਲ ਵਿਚ ਵੱਧ ਤੋਂ ਵੱਧ ਦਿਨ ਕੰਮ ਮਿਲੇ। ਉਹਨਾਂ ਕਿਹਾ ਕਿ ਜਿੱਥੋਂ ਤੱਕ ਇਹਨਾਂ ਕਾਮਿਆਂ ਨੂੰ ਰੈਗੂਲਰ ਕਰਨ ਦਾ ਮਸਲਾ ਹੈ ਉਸ ਬਾਰੇ ਮਹਿਕਮੇ ਨੂੰ ਦਰਪੇਸ਼ ਕਾਨੂੰਨੀ ਪਹਿਲੂਆਂ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਡੈਮ ਅਤੇ ਪਾਵਰ ਹਾਉਸ ਵਿਚ ਤਕਨੀਕੀ ਅਮਲੇ ਵਿਚ ਕਮੀ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਸਲ ਵਿਚ ਮਨਜੂਰਸ਼ੁਦਾ ਅਸਾਮੀਆਂ ਡੈਮ ਬਣਨ ਵੇਲੇ ਮਨਜੂਰ ਹੋਈਆਂ ਸਨ ਅਤੇ ਸਟਾਫ਼ ਦੀ ਕਮੀ ਨੂੰ ਹੁਣ ਉਪਲਬਧ ਕੰਮ ਦੀ ਸੰਦਰਭ ਵਿਚ ਵੇਖਿਆ ਜਾਣਾ ਚਾਹੀਦਾ ਹੈ ਤੇ ਇਸ ਸਬੰਧੀ ਬੋਰਡ ਵਿਚ ਹਿੱਸੇਦਾਰ ਰਾਜਾਂ ਤੋਂ ਲੁੜੀਂਦੇ ਅਮਲੇ ਦੀ ਮੰਗ ਕੀਤੀ ਜਾ ਸਕਦੀ ਹੈ। ਹਾਲ ਹੀ ਵਿਚ ਕਰੀਬ 169 ਅਹਿਜੇ ਕਰਮਚਾਰੀ ਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੰਕੜਿਆਂ ਨੂੰ ਮੌਜੂਦਾ ਹਾਲਾਤਾਂ ਦੀ ਰੌਸ਼ਨੀ ਵਿਚ ਪੁਨਰਵਿਚਾਰ ਮਗਰੋਂ ਕਾਰਵਾਈ ਲਈ ਵਿਚਾਰਿਆ ਜਾਂਦਾ ਹੈ। ਹਸਪਤਾਲ ਵਿਚ ਲੁੜੀਂਦੀਆਂ ਸਹੂਲਤਾਂ ਤੇ ਸਟਾਫ਼ ਦੀ ਕਮੀ ਸਬੰਧੀ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਠੇਕੇ ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਸਹੂਲਤਾਂ ਤੇ ਦਵਾਈਆਂ ਆਦਿ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕਲੌਨੀ ਦੇ ਖਾਲੀ ਪਏ ਮਕਾਨਾਂ ਦੇ ਮਸਲੇ ਵਿਚ ਹੋ ਰਹੀ ਦੇਰੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅਸਲ ਵਿਚ ਇਸ ਪ੍ਰਕਿਰਿਆ ਵਿਚ ਵੀ ਅਨੇਕਾਂ ਕਾਨੂੰਨੀ ਅੜਚਨਾਂ ਕਾਰਨ ਦੇਰੀ ਹੁੰਦੀ ਜਾ ਰਹੀ ਹੈ, ਹਾਲਾਕਿ ਬੋਰਡ ਦੇ ਫ਼ੈਸਲੇ ਮੁਤਾਬਕ ਹੁਣ ਪੰਜਾਬ ਸਰਕਾਰ ਵੱਲੋਂ ਕੋਈ ਬਣਦੀ ਕਾਰਵਾਈ ਹੋਣੀ ਬਾਕੀ ਹੈ। ਇਸ ਮੌਕੇ ਸ਼੍ਰੀ ਯੂ. ਸੀ. ਮਿਸ਼ਰਾ ਨੇ ਲਾਲ ਝੰਡਾ ਡੇਲੀ ਵੇਜ ਕਾਮਿਆਂ ਸਮੇਤ ਡੈਮ ਦੀਆਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਦੇ ਵਫ਼ਦਾਂ ਨਾਲ ਵੀ ਗੱਲਬਾਤ ਕੀਤੀ। ਅੱਜ ਰਾਤ ਟੈਰਸ ਵਰਕਸ਼ਾਪ ਵਿਖੇ ਹੋਏ ਹਾਦਸੇ ਦੀ ਵੀ ਉਹਨਾਂ ਵਿਭਾਗੀ ਜਾਂਚ ਕਰਾਉਣ ਦਾ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ. ਟੀ ਕੇ ਪਰਮਾਰ ਚੀਫ਼ ਇੰਜੀਨੀਅਰ ਬਿਆਸ ਡੈਮ, ਕੇ. ਸੀ. ਮਹਿਤਾ ਡਿਪਟੀ ਚੀਫ਼ ਸਮੇਤ ਡੈਮ ਦੇ ਕਈ ਹੋਰ ਅਧਿਕਾਰੀ ਮੌਜੂਦ ਸਨ।

ਐਸ. ਓ. ਆਈ. ਦੇ ਅਹੁਦੇਦਾਰਾਂ ਦਾ ਐਲਾਨ

ਤਲਵਾੜਾ, 27 ਫ਼ਰਵਰੀ: ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸਰਕਲ ਤਲਵਾੜਾ ਅਰੁਣ ਪਰਮਾਰ ਵੱਲੋਂ ਅੱਜ ਇੱਥੇ ਵੱਖ ਵੱਖ ਯੂਨਿਟਾਂ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਆਗੂ ਦੀਪਕ ਰਾਣਾ ਹਾਜਰ ਸਨ। ਅੱਜ ਐਲਾਨੇ ਗਏ ਅਹੁਦੇਦਾਰਾਂ ਵਿਚ ਸਰਕਲ ਤਲਵਾੜਾ ਇਕਾਈ ਵਿਚ ਪੰਕਜ ਮਾਲਿਆ ਸੋਨੂੰ ਜਨਰਲ ਸਕੱਤਰ, ਸਾਹਿਲ ਮੱਕੜ ਤੇ ਰਕੇਸ਼ ਸੀਨੀਅਰ ਵਾਈਸ ਪ੍ਰਧਾਨ, ਬੱਬੂ ਮੀਤ ਪ੍ਰਧਾਨ, ਰਮਨ ਕੁਮਾਰ ਸਕੱਤਰ ਅਤੇ ਪਵਨ ਕੁਮਾਰ ਸਲਾਹਕਾਰ ਦੇ ਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਐਸ. ਓ. ਆਈ. ਦੇ ਸਰਕਾਰੀ ਕਾਲਜ ਤਲਵਾੜਾ ਦੇ ਯੂਨਿਟ ਵਿਚ ਸਿਮਰਨਦੀਪ ਸਿੰਘ ਗਿੱਲ ਪ੍ਰਧਾਨ, ਰਮਨ ਡਡਵਾਲ ਸੀਨੀਅਰ ਮੀਤ ਪ੍ਰਧਾਨ, ਸੁਨੀਲ ਡਡਵਾਲ ਜਨਰਲ ਸਕੱਤਰ, ਹੈਰੀ ਬਾਲਕ ਮੀਤ ਪ੍ਰਧਾਨ ਅਤੇ ਜਥੇਬੰਦੀ ਦੀ ਤਲਵਾੜਾ ਸ਼ਹਿਰੀ ਇਕਾਈ ਵਿਚ ਪ੍ਰਦੀਪ ਚੌਧਰੀ ਪ੍ਰਧਾਨ, ਸੰਨੀ ਸੀਨੀਅਰ ਮੀਤ ਪ੍ਰਧਾਨ, ਯਸ਼ਪਾਲ ਜਨਰਲ ਸਕੱਤਰ, ਅਭਿਸ਼ੇਕ ਮੀਤ ਪ੍ਰਧਾਨ, ਵਿਕਾਸ ਠਾਕੁਰ ਸਕੱਤਰ, ਸਾਹਿਲ ਕੈਸ਼ੀਅਰ, ਦਵਿੰਦਰ ਅਤੇ ਹੇਮ ਰਾਜ ਸਲਾਹਕਾਰ ਚੁਣੇ ਗਏ। ਸਰਕਲ ਪ੍ਰਧਾਨ ਵੱਲੋਂ ਜੱਥੇਬੰਦੀ ਦੇ ਪਿੰਡਾਂ ਵਿਚ ਕਾਇਮ ਯੂਨਿਟਾਂ ਦੇ ਆਗੂਆਂ ਵਿਚ ਪਿੰਡ ਧਾਰ ਵਿਚ ਸੁਰਿੰਦਰ ਸਿੰਘ, ਬਹਿਮਾਵਾ ਵਿਚ ਗੌਰਵ ਮਹਿਤਾ, ਭਵਨੌਰ ਵਿਚ ਰਵਿੰਦਰ ਜਸਵਾਲ, ਦਾਤਾਰਪੁਰ ਵਿਚ ਵਿਸ਼ਵਜੀਤ ਸਿੰਘ ਅਤੇ ਧਰਮਪੁਰ ਵਿਚ ਮਨਜੀਤ ਕੁਮਾਰ ਨੂੰ ਪ੍ਰਧਾਨ ਐਲਾਨਿਆ ਗਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)