ਸਕੂਲ ਵਿਚ ਵਣ ਮਹਾਂਉਤਸਵ ਮਨਾਇਆ
ਟਰੱਕ ਨੇ ਦੋ ਬੱਚਿਆਂ ਨੂੰ ਕੁਚਲਿਆ
ਪੌਂਗ ਡੈਮ ਦੇ ਦਿਹਾੜੀਦਾਰ ਕਾਮਿਆਂ ਦੀ ਭੁੱਖ ਹੜਤਾਲ
ਸੂਮੋ ਤੇ ਸਫ਼ਾਰੀ ਵਿਚ ਜੋਰਦਾਰ ਟੱਕਰ
ਤਲਵਾੜਾ ਵਿਚ ਹਲਚਲ
ਤਲਵਾੜਾ, 12 ਫ਼ਰਵਰੀ: ਤਲਵਾੜਾ ਭਾਵੇਂ ਬਿਆਸ ਵਰਗੇ ਮਹਾਨ ਦਰਿਆ ਕੰਢੇ ਵਸਿਆ ਹੈ ਪਰ ਇਸ ਵਿਚ ਲੋਕਾਂ ਦੀ ਜਿੰਦਗੀ ਵਿਚ ਆਈ ਖੜੋਤ ਬੜੀ ਅਜੀਬ ਜਾਪਦੀ ਹੈ, ਬਿਲਕੁਲ ਪਿੰਡ ਦੇ ਕਿਸੇ ਭੁੱਲੇ ਵਿਰਸੇ ਛੱਪੜ ਵਾਂਗ, ਸ਼ਾਂਤ, ਅਡੋਲ ਤੇ ਸਥਿਰ। ਹਾਂ, ਅਹਿਮ ਲੋਕਾਂ ਦੀ ਆਵਾਜਾਈ ਇੱਥੇ ਕਈ ਵਾਰ ਲਹਿਰ ਬਹਿਰ ਜਰੂਰ ਪੈਦਾ ਕਰ ਜਾਂਦੀ ਹੈ ਜਿਵੇਂ ਪਿਛਲੇ ਦਿਨੀਂ ਬਾਦਲ ਸਾਹਿਬ ਦਾ ਆਉਣਾ ਅਤੇ ਪੂਰੀ ਗਹਿਮਾ ਗਹਿਮੀ ਤੋਂ ਬਾਅਦ ਜਿੰਦਗੀ ਮੁੜ ਆਪਣੀ ਵਾਟ ਤੁਰ ਪਈ ਹੈ। ਹਾਂ, ਦੋ ਚਾਰ ਗੱਲਾਂ ਜਿਕਰਯੋਗ ਜਰੂਰ ਹੋਈਆਂ; ਜਿਵੇਂ
ਰਮਨ ਗੋਲਡੀ ਵੱਲੋਂ ਆਪਣੇ ਬੇੜਿੰਗ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਜਿੱਥੇ ਹਲਕਾ ਵਿਧਾਇਕ ਅਮਰਜੀਤ ਸਿੰਘ ਸਾਹੀ ਨੇ ਕੀਤੀ ਇਕ ਵਾਰ ਸਾਬਕਾ ਮੰਤਰੀ ਦੇ ਕੰਮ ਕਾਜਾਂ ਦੀ ਸਮੀਖਿਆ, ਅਖੇ, ਮੰਤਰੀ ਜੀ ਨੇ ਤਾਂ 25 ਸਾਲਾਂ ਵਿਚ ਕਾਲਜ ਦੀ ਇਕ ਇੱਟ ਵੀ ਨਹੀਂ ਲਵਾਈ ਤੇ ਸਾਰਾ ਧਿਆਨ ਆਪਣਾ ਨਿੱਜੀ ਕਾਲਜ ਖੋਲ੍ਹਣ ਤੇ ਲਾ ਛੱਡਿਆ ਪਰ ਸ. ਬਰਨਾਲਾ ਦੀ ਅਕਾਲੀ ਸਰਕਾਰ ਵੱਲੋਂ ਇਲਾਕੇ ਨੂੰ ਮਿਲੀ ਕਾਲਜ ਰੂਪੀ ਸੁਗਾਤ ਲਈ ਇਮਾਰਤ ਵੀ ਅਕਾਲੀ ਭਾਜਪਾ ਸਰਕਾਰ ਦੇ ਯਤਨਾਂ ਨਾਲ ਨਸੀਬ ਹੋਈ ਹੈ। ਏਸ ਸਮਾਗਮ ਵਿਚ ਹੋਰਨਾਂ ਇਲਾਵਾ ਯੂਥ ਅਕਾਲੀ ਆਗੂ ਸਰਬਜੋਤ ਸਿੰਘ ਸਾਹਬੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਰਾਜ ਕੁਮਾਰ ਬਿੱਟੂ, ਦਵਿੰਦਰ ਸਿੰਘ ਸੇਠੀ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
ਦੂਜੀ ਜਿਕਰਯੋਗ ਗੱਲ ਹੈ ਕਾਂਗਰਸ ਦੇ ਖੇਮੇ ਦੀ ਜਿੱਥੇ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਧਰਮਪਾਲ ਸੱਭਰਵਾਲ ਮੈਂਬਰ ਰਾਜ ਸਭਾ ਨੇ ਬਲਾਕ ਤਲਵਾੜਾ ਦੇ ਕਾਂਗਰਸੀਆਂ ਦੀ ਮੀਟਿੰਗ ਵਿਚ ਸ਼ਿਰਕਤ ਕੀਤੀ। ਖਾਸ ਗੱਲ ਇਹ ਰਹੀ ਕਿ ਸਾਬਕਾ ਮੰਤਰੀ ਤੇ ਵਿਧਾਇਕ ਰਮੇਸ਼ ਚੰਦਰ ਡੋਗਰਾ ਦੀ ਗੈਰਹਾਜਰੀ ਵਿਚ ਵਰਕਰਾਂ ਨੇ ਜਿਲ੍ਹਾ ਪ੍ਰਧਾਨ ਤੋਂ ਮੰਗ ਕੀਤੀ ਕਿ ਲੋਕ ਸਭਾ ਸੀਟ ਹੁਸ਼ਿਆਰਪੁਰ, ਜੋ ਕਿ ਐਤਕੀ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ, ਲਈ ਰਾਮ ਲਾਲ ਸੰਧੂ ਨੂੰ ਟਿਕਟ ਦਿੱਤੀ ਜਾਵੇ। ਸੱਭਰਵਾਲ ਨੇ ਕਿਹਾ ਕਿ ਜਿੱਥੇ ਭਾਜਪਾ ਕੋਲ ਉਮੀਦਵਾਰ ਹੀ ਨਹੀਂ ਹੈ ਉੱਥੇ ਕਾਂਗਰਸ ਕੋਲ ਹੁਣ ਤੱਕ ਇੱਕ ਦਰਜਨ ਤੋਂ ਵੱਧ ਉਮੀਦਵਾਰਾਂ ਦੇ ਨਾਮ ਆ ਚੁੱਕੇ ਹਨ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਾਲ ਕ੍ਰਿਸ਼ਨ ਮਹਿਤਾ, ਸ਼ਸ਼ੀ ਮਹਿਤਾ, ਸੁਸ਼ੀਲ ਕੁਮਾਰ ਪਿੰਕੀ, ਪਰਦੀਪ ਕੁਮਾਰ, ਅਨੀਤਾ ਰਾਣੀ ਸਾਬਕਾ ਸਰਪੰਚ, ਰਾਮ ਪ੍ਰਸ਼ਾਦ ਸਰਪੰਚ ਤਲਵਾੜਾ, ਸਤਨਾਮ ਸਿੰਘ ਸੈਣੀ, ਓ. ਪੀ. ਕਾਲੀਆ, ਮੋਹਨ ਲਾਲ ਭੰਬੋਤਾੜ, ਰਾਜੀਵ ਕੁਮਾਰ ਜੀਬੂ ਆਦਿ ਸਮੇਤ ਕਈ ਹੋਰ ਸਰਗਰਮ ਕਾਂਗਰਸੀ ਵਰਕਰ ਹਾਜਰ ਸਨ।
ਜਦੋਂ ਕਾਂਗਰਸ ਦੀ ਇਸ ਮੀਟਿੰਗ ਬਾਰੇ ਰਮੇਸ਼ ਚੰਦਰ ਡੋਗਰਾ ਤੋਂ ਪੁਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮੀਟਿੰਗ ਵਿਚ ਸੱਦਿਆ ਹੀ ਨਹੀਂ ਗਿਆ।
ਆਖਿਰ ਕੀ ਪੱਕ ਰਿਹਾ ਹੈ ਕਾਂਗਰਸ ਦੀ ਕੜਾਹੀ ਵਿਚ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਬਹਰਹਾਲ ਲੋਕਾਂ ਨੇ ਹੁਣ ਤੋਂ ਹੀ ਪਾਰਟੀ ਬਾਰੇ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
Shammi