ਗਦਰ ਪਾਰਟੀ ਵਰ੍ਹੇਗੰਢ ਅਤੇ ਭਗਤ ਸਿੰਘ ਜਨਮ ਦਿਨ ਤੇ ਨਾਟਕ ਮੇਲਾ
ਤਲਵਾੜਾ, 28 ਸਤੰਬਰ: ਪੰਡਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਤਲਵਾੜਾ ਵੱਲੋਂ ਇੱਥੇ ਗਦਰ ਪਾਰਟੀ ਸ਼ਤਾਬਦੀ ਵਰ੍ਹੇਗੰਢ ਅਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੁੰ ਸਮਰਪਿਤ 'ਨਾਟਕਾ ਦੀ ਰਾਤ' ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਵਿਚ ਆਪਣੇ ਹੱਕਾਂ ਅਤੇ ਫ਼ਰਜਾਂ ਪ੍ਰਤੀ ਲੁੜੀਂਦੀ ਜਾਗਰੂਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਗਦਰੀ ਬਾਬਿਆਂ ਦੇ ਇਤਿਹਾਸ, ਸ਼ਹੀਦ ਭਗਤ ਸਿੰਘ ਦੇ ਫ਼ਲਸਫ਼ੇ ਅਤੇ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਪ੍ਰਸੰਗਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਸੁਪਨੇ ਨੂੰ ਹਕੀਕਤ
ਵਿਚ ਬਦਲਣ ਨਾਲ ਵਰਤਮਾਨ ਲੁੱਟ ਖਸੁੱਟ, ਬੇਇਨਸਾਫੀ, ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਤੋਂ ਮੁਲਕ ਨੂੰ ਬਚਾ ਕੇ ਤਰੱਕੀ ਤੇ ਰਾਹ ਤੇ ਤੋਰਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਗਦਰੀ ਕਵਿਤਾ ਤੇ ਅਧਾਰਿਤ ਆਡੀਓ ਸੀ. ਡੀ. 'ਗਦਰੀ ਗੂੰਜਾਂ' ਵੀ ਜਾਰੀ ਕਰਦਿਆਂ ਲੋਕਾਂ ਨੂੰ ਵਿਚਾਰਕ ਆਜਾਦੀ ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਨਾਟਕ 'ਇਨ੍ਹਾਂ ਜਖ਼ਮਾਂ ਦਾ ਕੀ ਕਰੀਏ' ਦੇ ਪ੍ਰਭਾਵਸ਼ਾਲੀ ਮੰਚਨ ਨਾਲ ਪੰਜਾਬ ਵਿਚ ਨਸ਼ਿਆਂ ਦੇ ਕਲੰਕਿਤ ਦਰਿਆ ਦੀ ਬਾਤ ਛੋਹੀ ਅਤੇ ਇਸ ਅਲਾਮਤ ਦੇ ਸ਼ਿਕਾਰ ਪਰਿਵਾਰ ਦੇ ਮਾਧਿਅਮ ਨਾਲ ਨਸ਼ਾਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਇਸੇ ਟੀਮ ਵੱਲੋਂ ਪੇਸ਼ ਵਿਅੰਗ ਭਰਪੂਰ ਨਾਟਕ 'ਭੰਡ ਮਟਕਾ ਚੌਂਕ ਦੇ' ਰਾਹੀਂ ਰਾਜਨੀਤਿਕ ਪਾਰਟੀਆ ਦੀ ਕਾਰਜਸ਼ੈਲੀ ਤੇ ਤਿੱਖੀਆਂ ਟਕੋਰਾਂ ਕੀਤੀਆਂ ਗਈਆਂ। ਮੰਚ ਸੰਚਾਲਨ ਜਸਵੀਰ ਸਿੰਘ ਤਲਵਾੜਾ ਨੇ ਬਾਖ਼ੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦੇਸ਼ ਭਗਤ ਯਾਦਗਾਰ ਜਲੰਧਰ ਤੇ ਆਗੂਆਂ ਤੋਂ ਇਲਾਵਾ ਪ੍ਰਬੰਧਕ ਦੀਪਕ ਠਾਕੁਰ, ਸ਼ਿਵ ਕੁਮਾਰ ਸ਼ਰਮਾ, ਗਿਆਨ ਚੰਦ ਗੁਪਤਾ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਅਮਨਦੀਪ ਸ਼ਰਮਾ, ਜਸਵੀਰ ਸਿੰਘ, ਵਿਸ਼ਾਲ ਡੋਗਰਾ, ਕੁਲਵੰਤ ਸਿੰਘ, ਸੱਤ ਪ੍ਰਕਾਸ਼ ਆਦਿ ਸਮੇਤ ਕਈ ਹੋਰ ਆਗੂ ਤੇ ਪਤਵੰਤੇ ਹਾਜਰ ਸਨ।
No comments:
Post a Comment