
ਤਲਵਾੜਾ, 6 ਫ਼ਰਵਰੀ: ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਇੱਥੇ 17 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲੀ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਸ. ਬਾਦਲ ਨੇ ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਦੇ ਮੈਦਾਨ ਵਿਚ ਭਰਵੀਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਦੇ ਨਾਗਰਿਕਾਂ ਨੂੰ ਬਿਹਤਰ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਨੂੰ ਉਹ ਪਹਿਲ ਦਿੰਦੇ ਹਨ ਅਤੇ ਸਰਕਾਰ ਨੇ ਆਪਣੇ ਦੋ ਕੁ ਸਾਲਾਂ ਦੇ ਕਾਰਜਕਾਲ ਵਿਚ ਪੰਜਾਬ ਭਰ ਵਿਚ ਅਨੇਕਾਂ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਹਨ
ਜਿਹਨਾਂ ਦੇ ਮੁਕੰਮਲ ਹੋਣ ਤੇ ਪੰਜਾਬ ਦੀ ਨੁਹਾਰ ਬਦਲ ਜਾਵੇਗੀ। ਉਹਨਾਂ ਕਿਹਾ ਕਿ ਦੇਸ਼ ਨੂੰ ਆਜਾਦ ਹੋਇਆਂ 60 ਸਾਲ ਤੋਂ ਵਧੇਰੇ ਹੋ ਚੁੱਕੇ ਹਨ ਅਤੇ 45 ਸਾਲ ਤੋਂ ਵੱਧ ਕਾਂਗਰਸ ਨੇ ਸੱਤਾ ਵਿਚ ਰਹਿ ਕੇ ਕੰਮ ਕੀਤਾ ਹੈ ਪਰ ਦੁੱਖ ਦੀ ਗੱਲ ਹੈ ਕਿ ਉਹ ਇੰਨੇ ਲੰਮੇ ਕਾਰਜਕਾਲ ਵਿਚ ਦੇਸ਼ ਦੇ ਸਰਬਪੱਖੀ ਵਿਕਾਸ ਲਈ ਕੋਈ ਠੋਸ ਯੋਜਨਾਬੰਦੀ ਨਹੀਂ ਕਰ ਸਕੀ ਜਿਸ ਕਾਰਨ ਲੋਕਾਂ ਨੂੰ ਅੱਜ ਵੀ ਸਰਕਾਰ ਤੋਂ ਬੁਨਿਆਦੀ ਸਹੂਲਤਾਂ ਪ੍ਰਾਪਤ ਕਰਨ ਲਈ ਮੰਗ ਕਰਨੀ ਪੈਂਦੀ ਹੈ ਜਦਕਿ ਇਹ ਸਹੂਲਤਾਂ ਆਪਣੇ ਆਪ ਹੀ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸਨ। ਸ. ਬਾਦਲ ਨੇ ਕਿਹਾ ਕਿ ਇਸ ਗੱਲ ਤੇ ਵਿਚਾਰ ਕਰਨ ਉਪਰੰਤ ਉਹਨਾਂ ਨੇ ਹੁਣ ਰਾਜ ਵਿਚ ਜਿਲ੍ਹਾ ਪੱਧਰ ਤੇ ਵਿਕਾਸ ਯੋਜਨਾ ਕਮੇਟੀਆਂ ਕਾਇਮ ਕੀਤੀਆਂ ਹਨ। ਜਿਹਨਾਂ ਵੱਲੋਂ ਆਪਣੇ ਇਲਾਕੇ ਦੀਆਂ ਲੋੜਾਂ ਬਾਰੇ ਸਰਕਾਰ ਨੂੰ ਜਾਣੂ ਕਰਾਇਆ ਜਾਵੇਗਾ ਤੇ ਸਰਕਾਰ ਉਹ ਸਾਰੀਆਂ ਮੁਸ਼ਕਲਾਂ ਦੂਰ ਕਰਨ ਲਈ ਵਿਉਂਤਬੰਦੀ ਕਰੇਗੀ।ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੀ ਨੰਬਰ ਇਕ ਦੁਸ਼ਮਣ ਪਾਰਟੀ ਹੈ ਜਿਸ ਨੇ ਪੰਜਾਬ ਨੂੰ ਹਮੇਸ਼ਾ ਹੀ
ਆਰਥਿਕ, ਸਮਾਜਿਕ, ਧਾਰਮਿਕ ਤੇ ਸਿਆਸੀ ਹਮਲਿਆਂ ਨਾਲ ਵਿਕਾਸ ਦੀ ਮੁੱਖਧਾਰਾ ਦੇ ਹਾਸ਼ੀਏ ਤੇ ਰੱਖਿਆ ਹੈ। ਪੰਜਾਬ, ਜਿਸ ਨੇ ਦੇਸ਼ ਦੀ ਆਜਾਦੀ ਸੰਘਰਸ਼ ਵਿਚ ਸਭ ਤੋਂ ਜਿਆਦਾ ਯੋਗਦਾਨ ਪਾਇਆ, 70 ਫ਼ੀਸਦੀ ਫ਼ਾਂਸੀਆਂ, ਕਾਲੇ ਪਾਣੀ ਜੇਲ੍ਹਾਂ ਤੇ ਤਸੀਹੇ ਝੱਲੇ, ਨੂੰ ਆਜ਼ਾਦੀ ਮਿਲਦਿਆਂ ਹੀ ਪਹਿਲਾਂ 1947 ਦੀ ਵੰਡ ਦੀ ਮਾਰ ਪਈ ਤੇ ਫਿਰ ਭਾਸ਼ਾ ਦੇ ਆਧਾਰ ਦੇ ਵੰਡਿਆ ਗਿਆ। ਕੇਂਦਰ ਵਿਚ ਬਣਨ ਵਾਲੀ ਹਰ ਯੋਜਨਾ ਵਿਚ ਪੰਜਾਬ ਨੂੰ ਸਭ ਤੋਂ ਪਿੱਛੇ ਰੱਖਿਆ ਜਾਂਦਾ ਰਿਹਾ ਹੈ ਜੋ ਹੁਣ ਵੀ ਜਾਰੀ ਹੈ। ਉਹਨਾਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਬਹੁਮਤ ਦੇ ਕੇ ਸ਼੍ਰੀ ਐਲ ਕੇ ਅਡਵਾਨੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ
ਬਣਾਉਣਾ ਚਾਹੀਦਾ ਹੈ ਤਾ ਕਿ ਜਿਥੇ ਦੇਸ਼ ਨੂੰ ਕਾਂਗਰਸ ਵਰਗੀ ਗੁਲਾਮ ਸੋਚ ਵਾਲੀ ਪਾਰਟੀ ਤੋਂ ਛੁਟਕਾਰਾ ਮਿਲੇ ਉਥੇ ਕੇਂਦਰ ਵਿਚ ਲੋਕਾਂ ਦੇ ਆਪਣੇ 'ਦੋਸਤਾਂ' ਦੀ ਸਰਕਾਰ ਬਣ ਸਕੇ।ਸ. ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਆਉਂਦੇ ਸਾਲ ਵਿਚ 15 ਨਵੇਂ ਸਰਕਾਰੀ ਕਾਲਜ ਅਤੇ ਦੋ ਨਵੀਆਂ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣਗੀਆਂ।ਇਸ ਮੌਕੇ ਉਹਨਾਂ ਸਰਕਾਰੀ ਕਾਲਜ ਤਲਵਾੜਾ ਦੀ ਉਸਾਰੀ ਲਈ ਪਹਿਲੀ ਕਿਸ਼ਤ ਵਜੋਂ ਕਾਲਜ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਪੰਜ ਕਰੋੜ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਇਲਾਵਾ ਉਹਨਾਂ
ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਰਵਿੰਦਰ ਰਵੀ ਨੂੰ 2 ਕਰੋੜ ਰੁਪਏ ਅਤੇ ਹਲਕਾ ਦਸੂਹਾ ਦੇ 152 ਪਿੰਡਾਂ ਦੇ ਵਿਕਾਸ ਲਈ 3 ਕਰੋੜ 67 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਤਲਵਾੜਾ ਬਲਾਕ ਵਿਚ ਸਿੰਚਾਈ ਲਈ 13 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ 23 ਡੂੰਘੇ ਟਿਊਬਵੈੱਲ ਲਾਉਣ ਦਾ ਐਲਾਨ ਕੀਤਾ। ਉਹਨਾਂ ਵੈਟਰਨ ਅਥਲੀਟ ਸੁਰਿੰਦਰ ਕੌਰ ਦਸੂਹਾ ਨੂੰ 50 ਹਜਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ. ਅਮਰਜੀਤ ਸਿੰਘ ਸਾਹੀ ਹਲਕਾ ਵਿਧਾਇਕ ਦਸੂਹਾ ਨੇ ਬੜੇ ਵਧੀਆ ਢੰਗ ਨਾਲ ਪੂਰੇ ਹਲਕੇ ਦੀਆਂ ਸਮੱਸਿਆਵਾਂ ਨੂੰ ਸ. ਬਾਦਲ ਦੇ ਅੱਗੇ ਰੱਖਿਆ ਜਿਹਨਾਂ ਵਿਚ ਮੁੱਖ ਤੌਰ ਤੇ ਤਲਵਾੜਾ ਕਲੌਨੀ ਦੇ ਮਕਾਨਾਂ ਦਾ ਵਸੇਬਾ, ਦਸੂਹਾ ਲਈ ਨਰਸਿੰਗ ਕਾਲਜ, ਦੁਲਮੀਵਾਲ ਪੰਚਾਇਤ ਵਿਚ ਅੰਤਰਰਾਸ਼ਟਰੀ ਸਟੇਡੀਅਮ, ਤਲਵਾੜਾ ਖੇਤਰ ਵਿਚ ਟੂਰਿਜ਼ਮ ਵਿਕਾਸ ਕਰਨਾ, ਬੇਟ ਇਲਾਕੇ ਵਿਚ ਸੇਮ ਨਾਲਿਆਂ ਦੀ ਸਫ਼ਾਈ, ਤਲਵਾੜਾ ਦੇ ਵਾਹੀਯੋਗ ਖੇਤਰ ਵਿਚੋਂ ਦਫ਼ਾ 4 ਤੇ 5 ਹਟਾਉਣਾ, ਤਲਵਾੜਾ ਦੇ ਜਮੀਨੀ ਰਿਕਾਰਡ ਦੀ ਕਨਸਾਲੀਡੇਸ਼ਨ, ਥਰਮਲ ਪਲਾਂਟ ਲਾਉਣਾ, ਬੀ. ਬੀ. ਐਮ. ਬੀ. ਹਸਪਤਾਲ ਵਿਚ ਸੁਧਾਰ ਆਦਿ ਵਿਸ਼ੇਸ਼
ਤੌਰ ਤੇ ਸ਼ਾਮਿਲ ਹਨ। ਸ. ਸੰਪੂਰਨ ਸਿੰਘ ਚੀਮਾ ਸਾਬਕਾ ਚੇਅਰਮੈਨ ਪੰਜਾਬ ਗੋਦਾਮ ਨਿਗਮ ਨੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੂੰ ਹਲਕੇ ਦੀਆਂ ਲੋੜਾਂ ਤੋਂ ਜਾਣੂ ਕਰਾਇਆ। ਹੋਰਨਾਂ ਤੋਂ ਇਸ ਮੌਕੇ ਮਹੰਤ ਰਾਮ ਪ੍ਰਕਾਸ਼ ਦਾਸ, ਸਤਨਾਮ ਸਿੰਘ ਧਨੋਆ , ਬਲਬੀਰ ਸਿੰਘ ਮੈਂਬਰ ਐਸ. ਜੀ. ਪੀ. ਸੀ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ, ਜਤਿੰਦਰ ਸਿੰਘ ਲਾਲੀ, ਸਰਬਜੋਤ ਸਿੰਘ ਸਾਹਬੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਸਮੇਤ ਕਈ ਹੋਰ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜਰ ਸਨ।





No comments:
Post a Comment