ਸ੍ਰ: ਸੇਖੋਂ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਕੰਢੀ ਕੈਨਾਲ ਦੀ ਮੁਰੰਮਤ ਅਤੇ ਨਵ-ਨਿਰਮਾਣ ਤੇ 14. 36 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿੱਚੋਂ 11. 36 ਕਰੋੜ ਰੁਪਏ ਕੰਢੀ ਕੈਨਾਲ ਦੀ ਨਵ-ਉਸਾਰੀ ਤੇ ਮੁਰੰਮਤ ਅਤੇ 3 ਕਰੋੜ ਰੁਪਏ ਖਾਲਿਆਂ ਦੀ ਮੁਰੰਮਤ ਤੇ ਖਰਚ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੰਢੀ ਕੈਨਾਲ ਦੀ ਬਾਕੀ ਰਹਿੰਦੀ ਮੁਰੰਮਤ ਤੇ ਨਵ-ਉਸਾਰੀ ਅਗਲੇ ਮਾਲੀ ਸਾਲ ਦੌਰਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਸਿੰਚਾਈ ਦੇ ਪਾਣੀ ਲਈ ਕੰਢੀ ਕੈਨਾਲ ਉਪਰ ਲਿਫਟ ਸਿੰਚਾਈ ਸਕੀਮਾਂ ਬਣਾਈਆਂ ਜਾਣਗੀਆਂ ਜਿਨ੍ਹਾਂ ਵਾਸਤੇ 540 ਕਰੋੜ ਰੁਪਏ ਸਰਕਾਰ ਵੱਲੋਂ ਰਾਂਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਦੇਣ ਲਈ 14 ਹਜ਼ਾਰ ਕਿਲੋਮੀਟਰ ਖਾਲਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਿੰਚਾਈ ਸਹੂਲਤਾਂ ਦੇਣ ਲਈ 280 ਡੂੰਘੇ ਟਿਊਬਵੈਲ ਲਗਾਏ ਜਾ ਰਹੇ ਹਨ ਜਿਸ ਵਿੱਚ 65 ਟਿਊਬਵੈਲਾਂ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਬਾਕੀ ਟਿਊਬਵੈਲਾਂ ਦਾ ਕੰਮ ਜਲਦੀ ਸ਼ੁਰੂ ਕਰਕੇ ਨਵੰਬਰ 2011 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਦੇ ਵਿਕਾਸ ਦੇ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਈ ਟੈਂਡਰਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੰਢੀ ਕੈਨਾਲ ਦੇ ਰੈਨੋਵੇਸ਼ਨ ਦੇ ਕੰਮ ਨੂੰ ਸੁਚਾਰੂ ਢੰਗ ਕਰਾਉਣ ਲਈ ਆਪਣਾ ਵੱਡਮੁਲਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕੰਢੀ ਕੈਨਾਲ ਦੇ ਮੁਰੰਮਤ ਅਤੇ ਨਵ-ਨਿਰਮਾਣ ਦੇ ਮਿਆਰੀ ਕੰਮ ਨੂੰ ਯਕੀਨੀ ਬਣਾਉਣ ਲਈ ਚੀਫ਼ ਇੰਜੀਨੀਅਰ ਦੀ ਨਿਗਰਾਨੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ।
ਸ੍ਰ: ਸੇਖੋਂ ਨੇ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਜਿੰਨੇ ਵਿਕਾਸ ਦੇ ਕੰਮ ਕਰਵਾਏ ਹਨ , ਓਨੇ ਕੰਮ ਕਾਂਗਰਸ ਸਰਕਾਰ ਨੇ ਆਪਣੇ 15 ਸਾਲ ਦੇ ਕਾਰਜਕਾਲ ਦੌਰਾਨ ਵੀ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਹੀ ਪੰਜਾਬ ਦਾ ਸਰਵਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਸਬੰਧੀ ਕਿਤਾਬਚਾ ਛਪਾਇਆ ਜਾ ਰਿਹਾ ਹੈ ਜੋ ਸੂਬੇ ਦੇ ਸਾਰੇ ਵਾਸੀਆਂ ਨੂੰ ਉਨ੍ਹਾਂ ਦੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਅਕਾਲੀ-ਭਾਜਪਾ ਵਿਕਾਸ ਦੇ ਮੁੱਦੇ ਤੇ ਲੜੇਗੀ ਅਤੇ ਜਿੱਤ ਹਾਸਲ ਕਰਕੇ ਅਗਲੀ ਸਰਕਾਰ ਵੀ ਅਕਾਲੀ-ਭਾਜਪਾ ਦੀ ਹੀ ਬਣੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤੇਲ ਸੋਧਕ ਕਾਰਖਾਨਾ ਜੁਲਾਈ 2011 ਵਿੱਚ ਮੁਕੰਮਲ ਹੋ ਜਾਵੇਗਾ ਜਿਸ ਨਾਲ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਦਾ ਸਲਾਨਾ ਸੇਲ ਟੈਕਸ ਵਜੋਂ ਆਮਦਨ ਹੋਵੇਗੀ ਅਤੇ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਇਸ ਨਾਲ ਸਬੰਧਤ 5000 ਕਰੋੜ ਰੁਪਏ ਦੇ ਛੋਟੇ ਉਦਯੋਗ ਵੀ ਲੱਗਣਗੇ। ਉਨ੍ਹਾਂ ਨੇ ਇਸ ਮੌਕੇ ਤੇ ਡਾ. ਹਰੀ ਰਾਮ ਸੀਨੀਅਰ ਸੈਕੰਡਰੀ ਸਕੂਲ ਅਤੇ ਪਿੰਡ ਦੀ ਯੂਥ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਮੌਕੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪਿੰਡਾਂ ਨੂੰ ਗਰਾਂਟਾਂ ਦੇ ਚੈਕ ਵੀ ਵੰਡੇ।
ਸ੍ਰ: ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਇਸ ਮੌਕੇ ਕਿਹਾ ਕਿ ਇਹ ਕੰਢੀ ਕੈਨਾਲ ਇਸ ਇਲਾਕੇ ਦੇ ਛੋਟੇ ਕਿਸਾਨਾਂ ਦੀ ਰੀੜ ਦੀ ਹੱਡੀ ਹੈ ਅਤੇ ਇਸ ਇਲਾਕੇ ਦੀ ਕਿਸਾਨੀ ਇਸ ਕੰਢੀ ਨਹਿਰ ਤੇ ਹੀ ਨਿਰਭਰ ਹੈ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਦੇ ਨਵ-ਨਿਰਮਾਣ ਨਾਲ ਕੰਢੀ ਦੇ ਏਰੀਏ ਨੂੰ ਸਿੰਚਾਈ ਦੀਆਂ ਵਧੀਆ ਸਹੂਲਤਾਂ ਮਿਲਣਗੀਆਂ ਜਿਸ ਨਾਲ ਉਹ ਆਪਣੀ ਫ਼ਸਲ ਚੰਗੀ ਪੈਦਾ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਤਲਵਾੜਾ ਵਿਖੇ 18 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਕਾਲਜ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਕਰੋੜ ਰੁਪਏ ਦੀ ਲਾਗਤ ਨਾਲ ਘਗਿਆਲ ਤੋਂ ਮਸੀਸਤਵਾਲਾ ਤੱਕ ਸੜਕ ਕੰਢੀ ਨਹਿਰ ਦੇ ਕਿਨਾਰੇ ਤੇ ਪੱਕੀ ਬਣਾਈ ਗਈ ਹੈ ਅਤੇ ਦਾਤਾਰਪੁਰ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਆਰਯੂਵੈਦਿਕ ਕਾਲਜ ਦੀ ਉਸਾਰੀ ਅਤੇ 18 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ ਅਤੇ ਵਿਧਾਨ ਸਭਾ ਹਲਕਾ ਦਸੂਹਾ ਦੇ ਸਰਵਪੱਖੀ ਵਿਕਾਸ ਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਕਰੋੜ ਰੁਪਏ ਖਰਚ ਕੀਤੇ ਗਏ ਹਨ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੋਮ ਪ੍ਰਕਾਸ਼, ਜਥੇਦਾਰ ਮਨਜੀਤ ਸਿੰਘ, ਜਥੇਦਾਰ ਕ੍ਰਿਪਾਲ ਸਿੰਘ ਗੇਰਾ, ਸਤਪਾਲ ਸ਼ਾਸਤਰੀ, ਅਸ਼ੋਕ ਸਭਰਵਾਲ ਅਤੇ ਅਨਿਲ ਵਸ਼ਿਸ਼ਟ ਨੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਚੀਫ ਇੰਜੀਨੀਅਰ ਸਿੰਚਾਈ ਵਿਭਾਗ ਪੰਜਾਬ, ਰਛਪਾਲ ਸਿੰਘ ਐਕਸੀਅਨ ਕੰਢੀ ਕੈਨਾਲ, ਐਡਵੋਕੇਟ ਰਾਜ ਗੁਲਜਿੰਦਰ ਸਿੰਘ, ਜੋਨੀ ਘੁੰਮਣ, ਦਲਜੀਤ ਸਿੰਘ ਜੀਤੂ ਅਤੇ ਇਲਾਕੇ ਦੇ ਅਕਾਲੀ-ਭਾਜਪਾ ਦੇ ਉਘੇ ਨੇਤਾ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਉਪਰੰਤ ਸ੍ਰ: ਜਨਮੇਜਾ ਸਿੰਘ ਸੇਖੋਂ ਸਿੰਚਾਈ ਮੰਤਰੀ ਪੰਜਾਬ ਨੇ ਨਹਿਰੀ ਵਿਭਾਗ ਦੇ ਰੈਸਟ ਤਲਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀ.ਬੀ.ਐਮ. ਬੀ. ਕਲੋਨੀ ਤਲਵਾੜਾ ਵਿਖੇ ਖਾਲੀ ਪਏ ਕੁਆਟਰਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਜਲਦੀ ਹੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸ੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਅਤੇ ਸ੍ਰੀ ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਵੀ ਉਨ੍ਹਾਂ ਦੇ ਨਾਲ ਸਨ।
No comments:
Post a Comment