ਤਲਵਾੜਾ, 31 ਜੁਲਾਈ: ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਸੜਕਾਂ ਦੀ ਨਵ-ਉਸਾਰੀ ਅਤੇ ਬਿਜਲੀ ਦੇ ਖੇਤਰ ਵਿੱਚ ਚਾਰ ਥਰਮਲ ਪਲਾਂਟਾਂ ਦੀ ਉਸਾਰੀ ਦੇ ਕੰਮ ਸ਼ੁਰੂ ਕਰਵਾ ਕੇ ਵਿਕਾਸ ਦੇ ਖੇਤਰ ਵਿੱਚ ਇੱਕ ਨਵਾਂ ਇਨਕਲਾਬ ਲਿਆਂਦਾ ਗਿਆ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਸੜਕਾਂ ਦੀ ਨਵ ਉਸਾਰੀ ਅਤੇ ਮੁਰੰਮਤ ਤੇ 1100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰ: ਸੇਵਾ ਸਿੰਘ ਸੇਖਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਤਲਵਾੜਾ ਵਿਖੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ: ਸੇਖਵਾਂ ਤਲਵਾੜਾ ਵਿਖੇ ਸ੍ਰ: ਮਨਜੀਤ ਸਿੰਘ ਦਿਓਲ ਬੀ. ਬੀ. ਐਮ. ਬੀ. ਪਾਵਰ ਵਿੰਗ ਦੀ ਸੇਵਾ ਮੁਕਤੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਥੇ ਆਏ ਸਨ। ਸ੍ਰ: ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਗਰਿੱਡ ਪ੍ਰਣਾਲੀ ਵਿੱਚ ਅਹਿਮ ਸੁਧਾਰ ਕਰਕੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਅਤੇ ਲੋਕਾਂ ਨੂੰ ਘਰੇਲੂ ਵਰਤੋਂ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਰਾਜ ਵਿੱਚ ਤਲਵੰਡੀ ਸਾਬੋ, ਰਾਜਪੁਰਾ, ਗਿੱਦੜਬਾਹਾ ਅਤੇ ਗੋਇੰਦਵਾਲ ਵਿਖੇ 4 ਥਰਮਲ ਪਲਾਂਟ ਲਗਾ ਕੇ ਉਨ੍ਹਾਂ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ ਜੋ ਤਿੰਨ ਸਾਲਾਂ ਵਿੱਚ ਬਿਜਲੀ ਦੀ ਪੈਦਾਵਾਰ ਕਰਨੀ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਬਿਜਲੀ ਤਿਆਰ ਕਰਨ ਦੇ ਪ੍ਰੋਜੈਕਟ, ਸੂਰਜੀ ਊਰਜਾ ਅਤੇ ਮਿੰਨੀ ਹਾਈਡਲ ਪ੍ਰੋਜੈਕਟ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੇ ਥਰਮਲ ਪਲਾਟਾਂ ਦੇ ਮੁਕੰਮਲ ਹੋਣ ਨਾਲ ਜਿਥੇ ਪੰਜਾਬ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਹੋ ਜਾਵੇਗਾ , ਉਥੇ ਦੂਸਰੇ ਸੂਬਿਆਂ ਨੂੰ ਵਾਧੂ ਬਿਜਲੀ ਵੇਚਣ ਦੇ ਸਮਰੱਥ ਵੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਵਾਈ ਸੇਵਾਵਾਂ ਮੁਹੱਈਆ ਕਰਨ ਲਈ ਰਾਜਾਸਾਂਸੀ ਅੰਤਰ ਰਾਸ਼ਟਰੀ ਹਵਾਈ ਅੱਡਾ ਬਣਾਉਣ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮੁਹਾਲੀ ਅਤੇ ਲੁਧਿਆਣਾ ਵਿਖੇ ਅੰਤਰ ਰਾਸ਼ਟਰੀ ਹਵਾਈ ਅੱਡਿਆਂ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਬਿਆਸ ਦਰਿਆ ਦੇ ਧਨੋਆ ਪੱਤਣ ਵਿਖੇ ਪੱਕੇ ਪੁੱਲ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।
ਸ੍ਰ: ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਰੱਕੀਆਂ ਕੀਤੀਆਂ ਗਈਆਂ ਹਨ ਜੋ ਕਿ ਕਈ ਸਾਲਾਂ ਤੋਂ ਰੁਕੀਆਂ ਹੋਈਆਂ ਸਨ। ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅਹਿਮ ਸੁਧਾਰ ਕੀਤੇ ਗਏ ਹਨ ਜਿਸ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧੀ ਹੈ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਆਰੀ ਤੇ ਆਧੁਨਿਕ ਸਿੱਖਿਆ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦਾ ਵੀ ਆਧੁਨਿਕੀਕਰਨ ਕੀਤਾ ਗਿਆ ਹੈ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਕੰਪਿਉਟਰ, ਫੋਟੋਸਟੈਟ, ਫੈਕਸ ਮਸ਼ੀਨਾਂ, ਕੈਮਰੇ ਅਤੇ ਵਧੀਆ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਤਿੰਨ ਜ਼ਿਲਿਆਂ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਏ. ਸੀ. ਬਲੇਰੋ ਗੱਡੀਆਂ ਦਿੱਤੀਆਂ ਗਈਆਂ ਹਨ ਅਤੇ ਹੁਸ਼ਿਆਰਪੁਰ ਸਮੇਤ ਇਨ੍ਹਾਂ ਤਿੰਨ ਜ਼ਿਲਿਆਂ ਨੂੰ ਵੀ ਜਲਦੀ ਹੀ ਨਵੀਆਂ ਗੱਡੀਆਂ ਮੁਹੱਈਆ ਕਰ ਦਿੱਤੀਆਂ ਜਾਣਗੀਆਂ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ: ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਕਰਾਡੀਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਪੰਜਾਬ ਦੀਆਂ ਸਮੂਹ ਅਖ਼ਬਾਰਾਂ ਦੇ ਚੀਫ ਬਿਓਰੋ, ਛੋਟੀਆਂ ਅਖਬਾਰਾਂ ਦੇ ਨੁਮਾਇੰਦੇ, ਪ੍ਰੈਸ ਫੋਟੋਗ੍ਰਾਫਰਾਂ, ਬਿਜਲੇਈ ਮੀਡੀਆ ਅਤੇ ਪੱਤਰਕਾਰਾਂ ਦੀਆਂ ਤਿੰਨ ਪ੍ਰਮੁੱਖ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੀਡੀਆ ਪਾਲਿਸੀ ਦਾ ਵੀ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਪਨ ਮੀਡੀਆ ਪਾਲਿਸੀ ਵੀ ਬਣਾਈ ਜਾ ਰਹੀ ਹੈ ਜੋ ਕਿ ਲੋਕ ਸੰਪਰਕ ਵਿਭਾਗ ਨਾਲ ਮਿਲ ਕੇ ਕੰਮ ਕਰੇਗੀ।
ਉਹਨਾਂ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨਾਲ ਵਿਤਕਰਾ ਕਰਦੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਜਿਣਸਾਂ ਦੇ ਸਹੀ ਮੁੱਲ ਨਹੀਂ ਦੇ ਰਹੀ ਹੈ। ਉਹਨਾਂ ਕਿਹਾ ਕਿ ਰਿਪੇਰੀਅਨ ਐਕਟ ਅਨੁਸਾਰ ਪੰਜਾਬ ਨੂੰ ਦਰਿਆਈ ਪਾਣੀਆਂ ਦੀ ਰਾਇਲਟੀ ਮਿਲਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਹੈ। ਉਹਨਾਂ ਦਾਅਵਾ ਕੀਤਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੇ ਬੇ-ਮਿਸਾਲ ਵਿਕਾਸ ਕਾਰਜਾਂ ਦੇ ਆਧਾਰ ਤੇ ਅਕਾਲੀ-ਭਾਜਪਾ ਚੋਣਾਂ ਲੜੇਗੀ ਅਤੇ ਅਗਲੀ ਸਰਕਾਰ ਵੀ ਅਕਾਲੀ-ਭਾਜਪਾ ਦੀ ਬਣੇਗੀ। ਇਸ ਮੌਕੇ ਤੇ ਸ੍ਰ: ਸੇਖਵਾਂ ਨੇ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਇੱਕ ਪੌਦਾ ਲਗਾ ਕੇ ਵਣਮਹਾਂਉਤਸਵ ਦਾ ਆਰੰਭ ਵੀ ਕੀਤਾ ਅਤੇ ਸਕੂਲ ਦੇ ਵਿਕਾਸ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਤੇ ਸ੍ਰ: ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦੀ ਉਸਾਰੀ ਤੇ 6 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 4 ਕਰੋੜ ਰੁਪਏ ਹੋਰ ਖਰਚ ਕਰਕੇ ਇਸ ਇਮਾਰਤ ਨੂੰ ਨਵੇਂ ਵਿਦਿਅਕ ਸੈਸ਼ਨ ਤੋਂ ਪਹਿਲਾਂ - ਪਹਿਲਾਂ ਮੁਕੰਮਲ ਕਰਕੇ ਕਾਲਜ ਦੀ ਸਿਲਵਰ ਜੁਬਲੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਮੌਜੂਦਗੀ ਵਿੱਚ ਮਨਾਈ ਜਾਵੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ: ਸਤਨਾਮ ਸਿੰਘ ਧਨੋਆ, ਸਰਬਜੋਤ ਸਿੰਘ ਸਾਬੀ, ਸਰਦਾਰਾ ਸਿੰਘ ਹਾਜੀਪੁਰ, ਗੁਰਚਰਨ ਸਿੰਘ ਜੌਹਰ ਪ੍ਰਧਾਨ ਗੁਰਦੁਆਰਾ ਕਮੇਟੀ ਤਲਵਾੜਾ, ਅਮਰ ਪਾਲ ਜੌਹਰ, ਜਸਵਿੰਦਰ ਸਿੰਘ ਬਿਟੂ ਮੈਂਬਰ ਜਨਰਲ ਕੌਂਸਲ ਅਕਾਲੀ ਦਲ, ਈਸ਼ਰ ਸਿੰਘ ਮੰਝਪੁਰ, ਕ੍ਰਿਪਾਲ ਸਿੰਘ, ਏ. ਪੀ. ਐ¤ਸ. ਊਭੀ, ਪ੍ਰਿੰ. ਅਜੀਤ ਸਿੰਘ, ਉਮਰਾਓ ਸਿੰਘ, ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਯੂਥ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ, ਦਵਿੰਦਰ ਸਿੰਘ ਸੇਠੀ, ਰਮਨ ਗੋਲਡੀ, ਰਾਜ ਕੁਮਾਰ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:
Post a Comment