ਭਟੋਲੀ (ਤਲਵਾੜਾ), 9 ਅਪ੍ਰੈਲ: ਕੰਢੀ ਖੇਤਰ ਜੋ ਕਿ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ ਸੂਬੇ ਦਾ ਆਰਥਿਕ ਤੌਰ ਤੇ ਸਭ ਤੋਂ ਪਛੜਿਆ ਇਲਾਕਾ ਹੈ ।ਇਲਾਕੇ ਦੇ ਕਿਸਾਨ ਸਿੰਚਾਈ ਦੀਆਂ ਮਾੜੀਆਂ ਸਹੂਲਤਾਂ , ਘੱਟ ਤੇ ਖਿੰਡਵੀਂ ਵਰਖਾ, ਥੋੜੀ ਜ਼ਮੀਨ, ਜ਼ਮੀਨ ਦੀ ਘੱਟ ਰਹੀ ਉਤਪਾਦਕਤਾ, ਚਾਰੇ ,ਬਾਲਣ ਅਤੇ ਆਹਾਰ ਦੀ ਘਾਟ ਨਾਲ ਜੂਝ ਰਹੇ ਹਨ ।ਇਹਨਾਂ ਸਮੱਸਿਆਵਾਂ ਕਰਕੇ ਫਸਲਾਂ ਦੀ ਉਤਪਾਦਾਕਤਾ ਵਧਾ ਕੇ ਕਿਸਾਨਾਂ ਦੀ ਜੀਵਿਕਾ ਨੂੰ ਬਿਹਤਰ ਨਹੀ ਕੀਤਾ ਜਾ ਸਕਦਾ ।ਜਦਕਿ ਪਸ਼ੂ ਪਾਲਣ ਧੰਦੇ ,ਬਿਹਤਰ ਤਕਨੀਕਾਂ ਨਾਲ ਅਪਣਾਕੇ ਇਲਾਕੇ ਦੀ ਆਰਥਿਕਤਾ ਨੂੰ ਨਵਾਂ ਵਿਕਾਸ ਦਿੱਤਾ ਜਾ ਸਕਦਾ ਹੈ ਅਤੇ ਆਮਦਨ ਦਾ ਦੂਸਰਾ ਸਾਧਨ ਬਣਾਇਆ ਜਾ ਸਕਦਾ ਹੈ ਇਹ ਵਿਚਾਰ ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਨੇ ਭਟੋਲੀ (ਤਲਵਾੜਾ) ਵਿੱਚ ਯੂਨੀਵਰਸਿਟੀ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਵਿਖੇ ਪਹਿਲੇ ਪਸ਼ੂ ਪਾਲਣ /ਖੇਤੀ ਮੇਲੇ ਦਾ ਉਦਘਾਟਨ ਕਰਦਿਆਂ ਕਹੇ ।ਉਹਨਾਂ ਆਸ ਪ੍ਰਗਟਾਈ ਕਿ ਇਸ ਇਲਾਕੇ ਤੇ ਆਧਾਰਿਤ ਤਕਨੀਕਾਂ ਦੇ ਵਿਕਾਸ ਅਤੇ ਵਿਸਥਾਰ ਨਾਲ ਇਹ ਖੇਤਰ ਪਸ਼ੂ ਪਾਲਣ ਕਿੱਤਿਆਂ ਵਿੱਚ ਨਵੀਂਆਂ ਪੁਲਾਂਘਾਂ ਪੁਟੇਗਾ । ਇਹ ਖੇਤਰੀ ਖੋਜ ਕੇਂਦਰ ਪੰਜਾਬ ਦੇ ਕਿਸਾਨਾਂ ਲਈ ਤਾਂ ਫਾਇਦੇਮੰਦ ਹੋਵੇਗਾ ਹੀ ਬਲਕਿ ਹਿਮਾਚਲ ਪ੍ਰਦੇਸ਼ ਦੇ ਕਿਸਾਨ ਵੀ ਇਸ ਤੋਂ ਪੂਰਾ ਲਾਹਾ ਲੈਣਗੇ ।
ਡਾ. ਉਂਕਾਰ ਸਿੰਘ ਪਰਮਾਰ ਨਿਰਦੇਸਕ ਪਸਾਰ ਸਿੱਖਿਆ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਇਸ ਖੇਤਰੀ ਖੋਜ ਕੇਂਦਰ ਦੇ ਮਾਧਿਅਮ ਰਾਹੀਂ ਕਿਸਾਨਾਂ ਦੀ ਭਲਾਈ ਹਿੱਤ ਕਈ ਨਵੀਆਂ ਯੋਜਨਾਵਾਂ ਚਲਾਈਆਂ ਜਾਣਗੀਆਂ । ਉਹਨਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਨੀਲੀ ਰਾਵੀ ਮੱਝਾਂ ,ਜਰਸੀ ਗਾਵਾਂ ,ਬੀਟਲ ਬਕਰੀਆਂ, ਮੱਛੀਆਂ ਅਤੇ ਮੁਰਗੀਆਂ ਦੀ ਵਧੀਆ ਨਸਲ ਪੈਦਾ ਕਰਨ ਵਾਸਤੇ ਸਹਾਇਤਾ ਦਿੱਤੀ ਜਾਵੇਗੀ । ਯੂਨੀਵਰਸਿਟੀ ਇਲਾਕੇ ਦੇ ਨੌਜਵਾਨ ਉਦਮੀਆਂ ਵਾਸਤੇ ਪਸ਼ੂ ਪਾਲਣ ਦੇ ਸਿਖਲਾਈ ਪ੍ਰੋਗ੍ਰਾਮਾਂ ਵਿੱਚ ਖੋਜ, ਪ੍ਰਦਰਸਨੀ ਅਤੇ ਸਿਖਲਾਈ ਦੇ ਕਾਰਜਾਂ ਨੂੰ ਬਿਹਤਰ ਢੰਗ ਨਾਲ ਚਲਾਏਗੀ। ਇਲਾਕੇ ਦੇ ਕਮਜੋਰ ਵਰਗਾਂ ਅਤੇ ਕਿਸਾਨ ਬੀਬੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਡਾ: ਪਰਮਾਰ ਨੇ ਕਿਹਾ ਕਿ ਇਸ ਕੇਂਦਰ ਦੇ ਤਹਿਤ ਕਿਸਾਨਾਂ ਨੂੰ ਪਸ਼ੂਆਂ ਦਾ ਵਧੀਆ ਕਿਸਮ ਦਾ ਵੀਰਜ , ਵਧੀਆ ਚਾਰੇ ਦਾ ਉਤਪਾਦਨ ਤੇ ਸੰਭਾਲ , ਪਸ਼ੂਆਂ ਦੀ ਚੰਗੀ ਸਿਹਤ ਸੰਭਾਲ ਅਤੇ ਬਿਹਤਰ ਖੁਰਾਕ ਪ੍ਰਬੰਧ ,ਫਸਲਾਂ ਦੀਆਂ ਸੁਧਰੀਆਂ ਕਿਸਮਾਂ , ਵਣ-ਖੇਤੀ , ਵਣ-ਬਾਗਬਾਨੀ, ਦਵਾਈਆਂ ਤੇ ਸੁਗੰਧ ਵਾਲੇ ਪੋਦੇ ਅਤੇ ਅਤੇ ਪਾਣੀ ਦਾ ਬਿਹਤਰ ਪ੍ਰਬੰਧਨ ਕਰਨ ਵਾਸਤੇ ਸਿਖਿਅਤ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਮੁੱਖ ਅਦਾਰੇ ਦੇ ਨਾਤੇ ਵਿਸ਼ਵ ਬੈਕ ਦੀ ਸਹਾਇਤਾ ਰਾਸ਼ੀ ਪ੍ਰਾਪਤ (ਰਾਸਟਰੀ ਖੇਤੀ ਨਵੀਨਕਾਰੀ ਯੋਜਨਾ ਦੇ ਤਹਿਤ) “ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿੱਚ ਸੁਰੱਖਿਅਤ ਜੀਵਿਕਾ ਲਈ ਸਥਿਰ ਪਸ਼ੂਧਨ ਆਧਾਰਿਤ ਖੇਤੀ ਪ੍ਰਣਾਲੀ “ ਪ੍ਰੋਜੈਕਟ ਚਲਾ ਰਹੀ ਹੈ । ਇਸ ਚਾਰ ਸਾਲ ਦੀ ਸਕੀਮ ਨਾਲ (2008 ਤੋਂ 2012 )ਤੱਕ ਚਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਸ ਯੋਜਨਾ ਦੇ ਅੰਤਰਗਤ ਹੁਸ਼ਿਆਰਪੁਰ ਜ਼ਿਲੇ ਦੇ ਚਾਰ ਬਲਾਕਾਂ ਭੂੰਗਾ ,ਦਸ਼ੂਹਾ ,ਹਾਜੀਪੁਰ ਅਤੇ ਤਲਵਾੜਾ ਦੇ 8 ਤੋਂ 10 ਪਿੰਡ ਪ੍ਰਤੀ ਬਲਾਕ ਲੈ ਕੇ ਹਰੇਕ ਪਿੰਡ ਦੇ 20-25 ਪਰਿਵਾਰਾਂ ਦਾ ਅਤੇ ਕੁੱਲ 800 ਪਰਿਵਾਰਾਂ ਦਾ ਸਰਵਮੁਖੀ ਵਿਕਾਸ ਕਰਨਾ ਹੈ ।ਇਸ ਸਕੀਮ ਵਿੱਚ ਤਿੰਨ ਹੋਰ ਭਾਈਵਾਲ ਅਦਾਰੇ ਹਨ ਜੋ ਕਿ ਕੰਢੀ ਖੇਤਰ ਲਈ ਖੇਤਰੀ ਖੋਜ ਕੇਂਦਰ , ਬੱਲੋਵਾਲ ਸੋਖੜੀ (ਪੀ . ਏ . ਯੂ .ਲੁਧਿਆਣਾ) ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਉਨੱਤੀ ਸਹਿਕਾਰੀ ਮਾਰਕੀਟਿੰਗ ਅਤੇ ਕੋ-ਓਪਰੇਟਿਵ ਸੋਸਾਇਟੀ ਤਲਵਾੜਾ ਹਨ ।ਇਸ ਸਕੀਮ ਨਾਲ ਇਸ ਵਿੱਚ ਜੁੜੇ ਲੋਕਾਂ ਨੂੰ ਆਰਥਿਕ ਪੱਧਰ ਤੇ ਚੰਗਾ ਫਾਇਦਾ ਮਿਲੇਗਾ ।
ਇਸ ਪ੍ਰੋਜੈਕਟ ਦੇ ਮੁਖ ਨਿਰੀਖਕ ਡਾ. ਅਮ੍ਰਿਤ ਸੈਣੀ ਨੇ ਕਿਹਾ ਕਿ ਹੁਣ ਤੱਕ 19 ਪਸ਼ੂ ਭਲਾਈ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਸੈਂਕੜੇ ਪਸ਼ੂਆਂ ਦਾ ਇਲਾਜ ਕੀਤਾ ਗਿਆ ,ਪਸ਼ੂ ਪਾਲਕਾਂ ਨੂੰ ਧਾਤਾਂ ਦਾ ਮਿਸ਼ਰਣ ,ਪਸ਼ੂ ਚਾਟ ,ਮਲੱਪ ਮਾਰਨ ਦੀ ਦਵਾਈ ,ਹਰੇ ਚਾਰਿਆਂ ਦੇ ਬੀਜ, ਆਮ ਫਸਲਾਂ ਦੇ ਸੁਧਰੇ ਬੀਜ ਅਤੇ ਸਬਜੀਆਂ ਦੇ ਬੀਜ ਦਿੱਤੇ ਗਏ ।ਪ੍ਰੋਜੈਕਟ ਨਾਲ ਜੁੜੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਲਾਏ ਜਾਂਦੇ ਕਿਸਾਨ ਮੇਲੇ ,ਪਸ਼ੂ ਪਾਲਣ ਮੇਲੇ ਅਤੇ ਡੇਅਰੀ ਪ੍ਰਦਰਸਨੀਆਂ ਦਾ ਦੋਰਾ ਵੀ ਕਰਵਾਇਆ ਗਿਆ ।ਡਾ: ਸੈਣੀ ਨੇ ਕਿਹਾ ਕਿ ਇਹਨਾਂ ਯਤਨਾਂ ਨਾਲ ਕਿਸਾਨਾਂ ਦੇ ਰੁੱਖ ਵਿੱਚ ਵੱਡੀ ਤਬਦੀਲੀ ਆ ਰਹੀ ਹੈ ਅਤੇ ਉਹ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਬੰਧਿਤ ਨਵੀਆਂ ਜਾਣਕਾਰੀਆਂ ਅਤੇ ਤਕਨੀਕਾਂ ਪ੍ਰਾਪਤ ਕਰਨ ਲਈ ਅੱਗੇ ਆ ਰਹੇ ਹਨ । ਸਕੀਮ ਨਾਲ ਜੁੜੇ ਕਿਸਾਨਾਂ ਨੂੰ ਵੀ ਸਮਾਜਿਕ ਆਰਥਿਕ ਪੱਧਰ ਤੇ ਵਾਧਾ ਮਿਲ ਰਿਹਾ ਹੈ । ਕੰਢੀ ਖੇਤਰ ਵਿੱਚ ਲਗਾਏ ਗਏ ਇਸ ਪਹਿਲੇ ਖੇਤਰੀ ਪਸ਼ੂ ਪਾਲਣ /ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਵੈਟਨਰੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਵੀ ਕੀਤਾ । ਗੁਰੂ ਨਾਨਕ ਸੋਸਾਇਟੀ ਤਲਵਾੜਾ ਨੇ ਮਨੁੱਖੀ ਸਿਹਤ ਦੀ ਜਾਂਚ ਲਈ ਜਾਂਚ ਕੈਂਪ ਵੀ ਲਗਾਇਆ ।
ਲੀਡਰ ਗੈਰਹਾਜਰ
ਅੱਜ ਦੇ ਇਸ ਪਸ਼ੂ ਪਾਲਣ ਮੇਲੇ ਵਿਚ ਇਲਾਕੇ ਦੀ ਨੁਮਾਇੰਦਗੀ ਕਰਦੇ ਕਰੀਬ ਸਾਰੇ ਹੀ ਪ੍ਰਮੁੱਖ ਆਗੂਆਂ ਦੀ ਗੈਰਹਾਜ਼ਰੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਮ ਤੌਰ ਆਪਣੀਆਂ ਰਾਜਸੀ ਰੈਲੀਆਂ ਤੇ ਸ਼ਕਤੀ ਪ੍ਰਦਰਸ਼ਨਾਂ ਮੌਕੇ ਬੰਦੇ ਇਕੱਠੇ ਕਰਨ ਲਈ ਪੂਰਾ ਟਿੱਲ ਲਾਉਣ ਵਾਲੇ ਆਗੂਆਂ ਲਈ ਸ਼ਾਇਦ ਕੰਢੀ ਖੇਤਰ ਵਿਚ ਹੋ ਰਹੀ ਵਿਕਾਸਵਾਦੀ ਸਰਗਰਮੀ ਬਹੁਤੀ ਦਿਲਚਸਪੀ ਦਾ ਕਾਰਨ ਨਾ ਬਣੀ ਹੋਵੇ, ਜਾਂ ਯੂਨੀਵਰਿਸਟੀ ਵੱਲੋਂ ਆਗੂਆਂ ਨੂੰ ਸੱਦਾ ਪੱਤਰ ਨਾ ਦਿੱਤੇ ਹੋਣ, ਫਿਰ ਵੀ ਸੱਤਾਧਾਰੀ ਤੇ ਵਿਰੋਧੀ ਪਾਰਟੀ ਦੇ ਆਗੂਆਂ ਦੀ ਸ਼ਿਰਕਤ ਨਾਲ ਲੋਕਾਂ ਵਿਚ ਵਧੇਰੇ ਉਤਸ਼ਾਹ ਪੈਦਾ ਕੀਤਾ ਜਾ ਸਕਦਾ ਸੀ।
No comments:
Post a Comment