ਤਲਵਾੜਾ, 28 ਅਪ੍ਰੈਲ: ਕੇਂਦਰ ਵਿਚ ਡਾ. ਮਨਮੋਹਨ ਸਿੰਘ ਦੀ
ਅਗਵਾਈ ਵਾਲੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਕਮਜ਼ੋਰ ਸਰਕਾਰ ਸਾਬਿਤ ਹੋਈ ਹੈ ਜਿਸ ਨੇ ਦੇਸ਼ ਦਾ ਹਰ ਪੱਧਰ ਤੇ ਘਾਣ ਕੀਤਾ। ਇਹ ਵਿਚਾਰ ਅੱਜ ਇਥੇ ਪ੍ਰੋ. ਪ੍ਰੇਮ ਕੁਮਾਰ ਧੂਮਲ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨੇ ਬਲਾਕ ਤਲਵਾੜਾ ਦੇ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਚ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ ਵਿਚ ਹੋਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਹ ਦਿਸ਼ਾਹੀਣਤਾ ਅਤੇ ਕਾਇਰਤਾ ਦਾ ਸਿਖਰ ਹੈ ਕਿ ਦੇਸ਼ ਵਿਚ ਦਸ ਆਤੰਕਵਾਦੀ ਬੰਬਈ ਵਰਗੇ ਮਹਾਂਨਗਰ ਵਿਚ ਘੁਸਪੈਠ ਕਰਕੇ ਸਿੱਧਾ ਹਮਲਾ ਕਰਕੇ ਕਈ ਦਿਨ ਦੇਸ਼ ਨੂੰ ਬੰਧਕ ਬਣਾਈ ਰੱਖਣ ਦੀ ਜੁਅਰਤ ਕਰ ਗਏ ਜਦਕਿ ਦੂਜੇ ਪਾਸੇ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵੇਲੇ ਕਾਰਗਿਲ ਵਿਚ ਪਾਕਿਸਤਾਨੀ ਹਮਲੇ ਦਾ ਮੂੰਹਤੋੜ ਜਵਾਬ ਕੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ। ਸ਼੍ਰੀ ਧੂਮਲ ਨੇ ਕਾਂਗਰਸ ਤੇ ਵਿਅੰਗ ਕੱਸਦਿਆਂ ਕਿਹਾ ਕਿ ਕਾਂਗਰਸ ਅਤੇ ਮਹਿੰਗਾਈ ਦੋਵੇਂ ਸਕੀਆਂ ਭੈਣਾਂ ਹਨ ਜੋ ਕਦੇ ਇਕ ਦੂਜੀ ਦਾ ਸਾਥ ਨਹੀਂ ਛੱਡਦੀਆਂ ਅਤੇ ਹੁਣ ਇਹਨਾਂ ਤੋਂ ਛੁਟਕਾਰਾ ਪਾਉਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਕੇਂਦਰ ਵਿਚ ਮਜਬੂਤ ਸਰਕਾਰ ਬਣਾਉਣ ਲਈ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਡੱਟ ਕੇ ਵੋਟਾਂ ਪਾਈਆਂ ਜਾਣ ਅਤੇ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਇਸ ਪੜ੍ਹੇ ਲਿਖੇ ਹਲਕੇ ਦੇ ਲੋਕਾਂ ਲਈ ਆਦਰਸ਼ ਉਮੀਦਵਾਰ ਹਨ।ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪਾਰਲੀਮੈਂਟ ਨੇ ਆਪਣੇ ਦਮਦਾਰ ਅੰਦਾਜ਼ ਵਿਚ ਕਿਹਾ ਇਸ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਸ ਭਾਵਨਾ ਨਾਲ ਭਰਪੂਰ ਵੋਟਾਂ ਪਾ ਕੇ
ਸੰਸਦ ਵਿਚ ਭੇਜਿਆ, ਉਹ ਉਹਨਾਂ ਲੋਕਾਂ ਦੀਆਂ ਆਸਾਂ ਦੇ ਪੂਰਾ ਉਤਰਨ ਲਈ ਹਮੇਸ਼ਾ ਖੇਤਰ ਵਿਚ ਸਰਗਰਮ ਰਹੇ ਹਨ ਅਤੇ ਹੁਣ ਸ਼੍ਰੀ ਸੋਮ ਪ੍ਰਕਾਸ਼ ਨੂੰ ਵੀ ਉਸੇ ਤਰਾਂ ਜੋਸ਼ ਤੇ ਉਤਸ਼ਾਹ ਨਾਲ ਜਿਤਾ ਕੇ ਆਪਣੀ ਆਵਾਜ਼ ਦੇ ਰੂਪ ਵਿਚ ਸੰਸਦ ਵਿਚ ਭੇਜਣ ਲਈ ਡੱਟ ਕੇ ਵੋਟਾਂ ਪਾਉਣ ਲਈ ਕਮਰਕਸੇ ਕਰ ਲੈਣੇ ਚਾਹੀਦੇ ਹਨ।ਇਸ ਮੌਕੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਹਲਕਾ ਦਸੂਹਾ ਵਿਚ ਆਪਣੇ ਗਲ ਵਿਚੋਂ ਕਾਂਗਰਸ ਦੀ ਦਹਿਸ਼ਤ ਦਾ ਫ਼ਾਹਾ ਲਾਹ ਕੇ ਭਾਜਪਾ ਦਾ ਸਾਥ ਦੇ ਕੇ ਅਮਨ ਚੈਨ ਕਾਇਮ ਕੀਤਾ ਹੈ ਅਤੇ ਵਿਕਾਸ ਦੀ ਗੱਲ ਤੋਰੀ ਹੈ ਉਸੇ ਦਲੇਰੀ ਅਤੇ ਸੂਝਬੂਝ ਨਾਲ ਸ਼੍ਰੀ ਸੋਮ ਪ੍ਰਕਾਸ਼ ਨੂੰ ਵੀ ਭਾਰੀ ਬਹੁਮਤ ਨਾਲ ਆਪਣੇ ਵੋਟ ਦੇਕੇ ਕਾਮਯਾਬ ਕਰਨ ਲਈ ਪੂਰਾ ਜੋਰ ਲਗਾ ਦੇਣ ਲਈ ਚੋਣ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ।ਸ. ਸੰਪੂਰਨ ਸਿੰਘ ਚੀਮਾ ਮੈਂਬਰ ਪੀ. ਏ. ਸੀ. ਨੇ ਵੀ ਇਸ ਮੌਕੇ ਕੰਢੀ ਨਿਵਾਸੀਆਂ ਨੂੰ ਆਪਣੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਥਾਈ ਹੱਲ ਲਈ ਸ੍ਰੀ ਸੋਮ ਪ੍ਰਕਾਸ਼ ਨੂੰ ਡਟਵੀਂ ਹਮਾਇਤ ਕਰਨੀ ਚਾਹੀਦੀ ਹੈ।ਜਵਾਹਰ ਖੁਰਾਣਾ, ਰਘੁਨਾਥ ਰਾਣਾ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਕਮਲ ਸ਼ਰਮਾ, ਹਰਵਿੰਦਰ ਪਾਲ ਵਿਰਕ, ਡਾ. ਸੁਭਾਸ਼, ਰਮਨ ਗੋਲਡੀ, ਹਰਵਿੰਦਰ ਸਿੰਘ ਕਲਸੀ, ਕੁਲਜੀਤ ਸਿੰਘ ਸਾਹੀ, ਦਵਿੰਦਰ ਸਿੰਘ ਸੇਠੀ, ਤਾਰਾ ਸਿੰਘ ਬੰਸੀਆ, ਦਲਜੀਤ ਸਿੰਘ ਜੀਤੂ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜਰ ਸਨ।


No comments:
Post a Comment