ਰਿਸ਼ਵਤ ਦੀ ਮੰਗ ਕਰਨ 'ਤੇ ਵਿਜੀਲੈਂਸ ਵਿਭਾਗ ਨਾਲ ਕੀਤਾ ਜਾਵੇ ਸੰਪਰਕ: ਡੀ.ਐਸ.ਪੀ.


  • ਵਿਜੀਲੈਂਸ ਵਿਭਾਗ ਨੇ ਸੈਮੀਨਾਰ ਲਗਾ ਕੀਤਾ ਜਾਗਰੂਕ

ਹੁਸ਼ਿਆਰਪੁਰ, 15 ਫਰਵਰੀ:ਸੀਨੀਅਰ ਪੁਲਿਸ ਕਪਤਾਨ ਵਿਜੀਲੈਂਸ ਬਿਓਰੋ ਜਲੰਧਰ ਰੇਂਜ਼ ਸ੍ਰੀ ਦਿਲਜਿੰਦਰ ਸਿੰਘ ਢਿਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਬਿਓਰੋ ਯੂਨਿਟ ਵਲੋਂ ਵਿਜੀਲੈਂਸ
ਜਾਗਰੂਕਤਾ ਸੈਮੀਨਾਰ ਪਿੰਡ ਬਸੀ ਜੌੜਾ ਦੇ ਕਮਿਊਨਟੀ ਸੈਂਟਰ ਹਲਕਾ ਚੱਬੇਵਾਲ ਵਿਖੇ ਕਰਵਾਇਆ ਗਿਆ। ਸੈਮੀਨਾਰ ਦੌਰਾਨ ਡੀ.ਐਸ.ਪੀ. ਸ੍ਰੀ ਮਨੋਜ ਕੁਮਾਰ ਨੇ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਕੰਮ ਕਰਵਾਉਣ ਬਦਲੇ ਰਿਸ਼ਵਤ ਜਾਂ ਕਿਸੇ ਚੀਜ਼ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਵਿਜੀਲੈਂਸ ਵਿਭਾਗ ਦੇ ਟੈਲੀਫੋਨ, ਟੋਲਫਰੀ ਅਤੇ ਵਿਜੀਲੈਂਸ ਵਿਭਾਗ ਦੀ ਵੈਬਸਾਈਟ ਸਬੰਧੀ ਵੀ ਵਿਸ਼ਥਾਰ ਨਾਲ ਜਾਣਕਾਰੀ ਦਿੱਤੀ । ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ, ਪੰਚ ਅਤੇ ਮੋਹਤਵਰ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਜੀਲੈਂਸ ਜਾਗਰੂਕਤਾ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ।


ਇਸ ਮੌਕੇ  ਸਰਪੰਚ ਰੀਨਾ ਰਾਣੀ ਪਿੰਡ ਬਸੀ ਜੌੜਾ, ਸਰਪੰਚ ਪਰਮਜੀਤ ਕੌਰ ਪਿੰਡ ਮੈਨ੍ਹਾ, ਸੁਨੀਤਾ ਲਵਲੀ ਪਿੰਡ ਜੱਟਪੁਰ ਅਤੇ ਪਿੰਡ ਹਰੀਪੁਰ ਦੇ ਗੁਰਪ੍ਰੀਤ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਮੌਜੂਦ ਸਨ।

'ਸਾਂਝੀ ਰਸੋਈ ਵਿੱਚ 93 ਹਜ਼ਾਰ ਤੋਂ ਵੱਧ ਵਿਅਕਤੀਆਂ ਨੇ ਖਾਧਾ ਖਾਣਾ : ਡਿਪਟੀ ਕਮਿਸ਼ਨਰ



  • ਹੁਣ ਤੱਕ 273 ਦਾਨੀ ਸੱਜਣਾਂ ਨੇ ਕਰੀਬ 26 ਲੱਖ ਰੁਪਏ ਦਾ ਪਾਇਆ ਯੋਗਦਾਨ

  • 203 ਦਾਨੀ ਸੱਜਣਾਂ ਨੇ ਬੁੱਕ ਕਰਕੇ 'ਸਾਂਝੀ ਰਸੋਈ' ਵਿੱਚ ਮਨਾਏ ਵਿਸ਼ੇਸ਼ ਦਿਨ

 ਹੁਸ਼ਿਆਰਪੁਰ, 15 ਫਰਵਰੀ: ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਚਲਾਇਆ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ 'ਚ ਖੋਲ੍ਹੀ ਗਈ 'ਸਾਂਝੀ ਰਸੋਈ'  ਵਿੱਚ 93 ਹਜ਼ਾਰ ਤੋਂ ਵੱਧ ਲੋੜਵੰਦ ਵਿਅਕਤੀਆਂ ਨੂੰ ਮਹਿਜ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਖਾਣਾ ਖੁਆਇਆ ਗਿਆ ਹੈ, ਜਿਥੇ ਬੇਘਰੇ, ਬੇਸਹਾਰਾ ਅਤੇ ਗਰੀਬ ਵਿਅਕਤੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ 'ਸਾਂਝੀ ਰਸੋਈ' ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਉਥੇ ਵੱਧ ਤੋਂ ਵੱਧ ਦਾਨੀ ਸੱਜਣ ਇਸ ਵਿਸ਼ੇਸ਼ ਮੁਹਿੰਮ ਨਾਲ ਜੁੜਦੇ ਜਾ ਰਹੇ ਹਨ।

             ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਖਾਣੇ ਦੀ ਕੁਆਲਟੀ ਦਾ
ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਖਾਣੇ ਦੀ ਚੈਕਿੰਗ ਵੀ ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 'ਸਾਂਝੀ ਰਸੋਈ' ਨੂੰ ਸਫ਼ਲ ਬਣਾਉਣ ਲਈ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਹੁਣ ਤੱਕ 273 ਦਾਨੀ ਸੱਜਣ ਸਾਹਮਣੇ ਆਏ ਹਨ, ਜਿਨ੍ਹਾਂ ਵਲੋਂ ਕਰੀਬ 26 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ 203 ਦਾਨੀ ਸੱਜਣਾਂ ਵਲੋਂ ਆਪਣੇ ਵਿਸ਼ੇਸ਼ ਦਿਨ ਵੀ ਬੁੱਕ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 93 ਹਜ਼ਾਰ ਤੋਂ ਵੱਧ ਵਿਅਕਤੀ 'ਸਾਂਝੀ ਰਸੋਈ' ਵਿੱਚ ਆ ਕੇ ਖਾਣਾ ਖਾ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਅਜਿਹੇ ਲੋੜਵੰਦ ਵਿਅਕਤੀ ਹਨ, ਜੋ ਹਰ ਰੋਜ਼ ਇਸ ਸਹੂਲਤ ਦਾ ਲਾਹਾ ਲੈ ਰਹੇ ਹਨ। 


              ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਵਲੋਂ ਪਾਏ ਗਏ ਯੋਗਦਾਨ ਸਦਕਾ ਜਿਥੇ ਧੰਨਵਾਦ ਪ੍ਰਗਟ ਕੀਤਾ ਹੈ, ਉਥੇ  ਬਾਕੀ ਦਾਨੀ ਸੱਜਣਾਂ ਨੂੰ ਅਪੀਲ ਵੀ ਕੀਤੀ ਹੈ ਕਿ 'ਸਾਂਝੀ ਰਸੋਈ'  ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਅਤੇ ਆਪਣੇ ਤੇ ਸਕੇ ਸਨੇਹੀਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਆਦਿ ਵਿਸ਼ੇਸ਼ ਦਿਨ 'ਇਕ ਦਿਨ ਸਾਂਝੀ ਰਸੋਈ ਦੇ ਨਾਲ' ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਦਿਨ ਇਥੇ ਮਨਾਉਣ ਨਾਲ ਦਾਨੀ ਸੱਜਣਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ ਹੈ।

                       ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ 'ਸਾਂਝੀ ਰਸੋਈ' ਲਈ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।

ਬਾਗਬਾਨੀ ਫ਼ਸਲਾਂ ਸਬੰਧੀ ਜਾਗਰੂਕਤਾ ਸੈਮੀਨਾਰ 16 ਨੂੰ



ਹੁਸ਼ਿਆਰਪੁਰ, 13 ਫਰਵਰੀ: ਪੰਜਾਬ ਖੇਤੀਬਾਡੀ ਯੂਨੀਵਰਸਿਟੀ ਲੁਧਿਆਣਾ ਵਲੋਂ ਐਮ.ਐਸ. ਰੰਧਾਵਾ ਫਲ ਖੋਜ ਕੇਂਦਰ, ਗੰਗੀਆਂ, ਦਸੂਹਾ ਵਿਖੇ 16 ਫਰਵਰੀ ਨੂੰ ਸਵੇਰੇ 10 ਵਜੇਂ ਬਾਗਬਾਨੀ ਫ਼ਸਲਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਸੈਮੀਨਾਰ ਦਾ ਮੁੱਖ ਉਦੇਸ਼ ਇਲਾਕੇ ਦੇ ਬਾਗਬਾਨਾਂ ਨੂੰ ਯੂਨੀਵਰਸਿਟੀ ਦੀਆਂ ਬਾਗਬਾਨੀ ਪ੍ਰਤੀ ਨਵੀਆਂ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਹੈ।

             ਉਨ੍ਹਾਂ ਦੱਸਿਆ ਕਿ ਇਸ ਮੌਕੇ ਉਘੇ ਬਾਗਬਾਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਕੁਲਵੰਤ ਸਿੰਘ ਆਹਲੂਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਯੂਨੀਵਰਸਿਟੀ ਦੇ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਪ੍ਰਧਾਨਗੀ ਕਰਨਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਬਾਗਬਾਨੀ ਫ਼ਸਲਾਂ ਦੇ ਨਰਸਰੀ ਉਤਪਾਦਨ, ਦੇਖ-ਰੇਖ, ਪੌਦ ਸੁਰੱਖਿਆ ਅਤੇ ਤੁੜਾਈ ਉਪਰੰਤ ਸਾਂਭ-ਸੰਭਾਲ ਬਾਰੇ ਤਕਨੀਕੀ ਲੈਕਚਰਾਂ ਤੋਂ ਇਲਾਵਾ ਬਾਗਬਾਨੀ ਅਤੇ ਖੇਤੀਬਾੜੀ ਸਬੰਧੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਵੈ-ਸਹਾਇਤਾ ਸਮੂਹਾਂ ਵਲੋਂ ਆਪਣੇ ਪਦਾਰਥਾਂ ਦੀ ਵਿਕਰੀ ਵੀ ਕੀਤੀ ਜਾਵੇਗੀ।

            ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਝੋਨਾ(ਪੀ.ਆਰ-121,126), ਬਾਸਮਤੀ (ਪੂਸਾ ਬਾਸਮਤੀ 1121),  ਮੱਕੀ (ਪੀ.ਐਮ.ਐਚ-1), ਚਾਰੇ ਲਈ ਮੱਕੀ (ਜੇ-1006), ਸੱਠੀ ਮੂੰਗੀ (ਐਸ.ਐਮ.ਐਲ. 668) ਦੇ ਬੀਜ, ਫਲਦਾਰ ਬੂਟੇ, ਗਰਮੀਆਂ ਦੀਆਂ ਸਬਜ਼ੀਆਂ ਦੀ ਕਿੱਟਾਂ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਵੀ ਵਿਕਰੀ ਲਈ ਉਪਲਬੱਧ ਕਰਵਾਏ ਜਾਣਗੇ।

ਸ਼ਹੀਦ ਹੋਏ ਸੈਨਿਕਾਂ ਦੀਆਂ ਤਸਵੀਰਾਂ ਸਕੂਲਾਂ 'ਚ ਲਗਾਉਣ ਦਾ ਉਪਰਾਲਾ



  • ਡਿਪਟੀ ਕਮਿਸ਼ਨਰ ਵਲੋਂ ਸ਼ਹੀਦ ਹੋਏ ਸੈਨਿਕਾਂ ਦੀਆਂ ਤਸਵੀਰਾਂ ਜਮ੍ਹਾਂ ਕਰਵਾਉਣ ਦੀ ਅਪੀਲ

ਹੁਸ਼ਿਆਰਪੁਰ, 13 ਫਰਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਜ਼ਿਲ੍ਹੇ ਦੇ ਉਸ ਪਿੰਡ ਦੇ ਸਕੂਲ ਵਿੱਚ ਸ਼ਹੀਦ ਦੀ ਤਸਵੀਰ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਸਕੂਲ ਤੋਂ ਸਬੰਧਤ ਸ਼ਹੀਦ ਹੋਏ ਸੈਨਿਕ ਨੇ ਸਿੱਖਿਆ ਪ੍ਰਾਪਤ ਕੀਤੀ ਹੈ। ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਸ਼ਹੀਦ ਹੋਏ ਸੈਨਿਕ ਦੇ ਸਕੂਲ ਦੇ ਵਿਦਿਆਰਥੀ ਸ਼ਹੀਦ ਦੀ ਕੁਰਬਾਨੀ ਨੂੰ ਜਾਣ ਸਕਣ। ਇਹ ਤਸਵੀਰਾਂ ਲਗਾਉਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਸ਼ਹੀਦ ਹੋਏ ਸੈਨਿਕਾਂ ਦੀਆਂ 2-2 ਤਸਵੀਰਾਂ ਜਮ੍ਹਾਂ ਕਰਵਾਉਣ ਲਈ ਅਪੀਲ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉੁਜਵਲ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੀਆਂ ਤਸਵੀਰਾਂ ਸ਼ਹੀਦ ਦੇ ਪਿੰਡ ਦੇ ਸਕੂਲ ਵਿੱਚ ਲਗਾਈਆਂ ਜਾਣਗੀਆਂ, ਜਿਥੋਂ ਉਸਨੇ ਸਿੱਖਿਆ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਤਸਵੀਰ ਹੇਠ ਉਸ ਬਾਰੇ ਵਿਸ਼ੇਸ਼ ਜਾਣਕਾਰੀ ਵੀ ਲਿਖੀ ਜਾਵੇਗੀ, ਤਾਂ ਜੋ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਹੀਦਾਂ ਵਲੋਂ ਕੀਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ।

           ਸ੍ਰੀ ਵਿਪੁਲ ਉਜਵਲ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਸਾਰ ਯੁੱਧ ਤੋਂ ਲੈ ਕੇ 1962, 1965, 1971 ਦੀਆਂ ਜੰਗਾਂ ਅਤੇ ਵੱਖ-ਵੱਖ ਓਪ੍ਰੇਸ਼ਨਾਂ ਵਿੱਚ ਹੁਣ ਤੱਕ ਸ਼ਹੀਦ ਹੋਏ ਸੈਨਿਕਾਂ ਦੀਆਂ 2-2 ਤਸਵੀਰਾਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਜਾਂ ਦਫ਼ਤਰ ਦੇ ਸੈਨਿਕ ਭਲਾਈ ਪ੍ਰਬੰਧਕਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀਆਂ ਤਸਵੀਰਾਂ ਪਿਛੇ ਉਸਦੇ ਪਿੰਡ ਦਾ ਪਤਾ, ਓਪ੍ਰੇਸ਼ਨ ਦਾ ਨਾਮ, ਸ਼ਹੀਦ ਹੋਣ ਦੀ ਮਿਤੀ, ਸਕੂਲ ਦਾ ਨਾਮ, ਮੋਬਾਇਲ ਨੰਬਰ, ਜੇਕਰ ਸ਼ਹੀਦ ਪੁਰਸਕਾਰ ਵਿਜੇਤਾ ਹੈ ਤਾਂ ਉਸਦਾ ਵੇਰਵਾ ਵੀ ਫੋਟੋ ਦੇ ਪਿਛੇ ਦਿੱਤਾ ਜਾਵੇ। ਇਸ ਤੋਂ ਇਲਾਵਾ ਸਰਵਿਸ ਪਰਟੀਕੂਲਰ ਦੀ ਕਾਪੀ ਵੀ ਮੁਹੱਈਆ ਕਰਵਾਈ ਜਾਵੇ।

18 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਭੱਠਿਆਂ 'ਤੇ ਮਜ਼ਦੂਰੀ ਨਾ ਕਰਵਾਈ ਜਾਵੇ : ਐਸ.ਡੀ.ਐਮ.



  • ਐਸ.ਡੀ.ਐਮ. ਨੇ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੂੰ ਕੀਤੀਆਂ ਹਦਾਇਤਾਂ

ਹੁਸ਼ਿਆਰਪੁਰ, 13 ਫਰਵਰੀ: ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਐਕਟ ਤਹਿਤ ਨਿਯਮਤ ਕੀਤੀ ਗਈ ਮਜ਼ਦੂਰੀ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਭੱਠਾ ਮਾਲਕਾਂ ਦੇ ਨਾਲ ਆਯੋਜਿਤ ਕੀਤੀ ਗਈ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਜਿਤੇਂਦਰ ਜੋਰਵਾਲ ਨੇ ਭੱਠਾ ਮਾਲਕਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤ ਸਾਰੇ ਭੱਠਿਆਂ 'ਤੇ ਨਿਯਮਾਂ ਅਨੁਸਾਰ ਮਜ਼ਦੂਰੀ ਦੇਣ ਅਤੇ ਭੱਠੇ 'ਤੇ ਲੈਣ-ਦੇਣ ਸਬੰਧੀ ਸਾਰਾ ਰਿਕਾਰਡ ਮੇਨਟੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭੱਠੇ ਦਾ ਖੇਤਰਫ਼ਲ ਨਿਰਧਾਰਤ ਕੀਤੇ ਗਏ ਮਾਪਦੰਡਾਂ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਭੱਠਿਆਂ ਵਿੱਚ ਮਜ਼ਦੂਰਾਂ ਲਈ ਪੀਣ ਵਾਲੇ ਸਾਫ ਪਾਣੀ ਤੋਂ ਲੈ ਕੇ ਸਾਫ਼ ਸੁਥਰੇ ਪਖਾਨੇ ਬਣੇ ਹੋਣੇ ਚਾਹੀਦੇ ਹਨ।

                       ਐਸ.ਡੀ.ਐਮ. ਨੇ ਕਿਹਾ ਕਿ ਜੇ ਕਿਸੇ ਭੱਠੇ 'ਤੇ ਦੂਜੇ ਰਾਜਾਂ ਤੋਂ ਮਜ਼ਦੂਰ ਕੰਮ ਕਰਨ ਲਈ ਲਿਆਏ ਜਾਂਦੇ ਹਨ, ਤਾਂ ਇਸ ਸਬੰਧੀ ਮਾਈਗਰੇਟ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਭੱਠਿਆਂ 'ਤੇ ਮਜ਼ਦੂਰੀ ਨਾ ਕਰਵਾਈ ਜਾਵੇ ਅਤੇ ਇਸ ਸਬੰਧੀ
ਵਿਸ਼ੇਸ਼ ਤੌਰ 'ਤੇ ਭੱਠਿਆਂ ਦੇ ਬਾਹਰ ਤਿੰਨੇ ਭਾਸ਼ਾਵਾਂ ਵਿੱਚ ਇਹ ਸਪੱਸ਼ਟ ਤੌਰ 'ਤੇ  ਲਿਖਿਆ ਜਾਵੇ ਕਿ ਇਸ ਭੱਠੇ 'ਤੇ ਕਿਸੇ ਤਰ੍ਹਾਂ ਦੀ ਕੋਈ ਬਾਲ ਮਜ਼ਦੂਰੀ ਨਹੀਂ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਭੱਠਾ ਲਗਾਉਣ ਲਈ ਸਬੰਧਤ ਵਿਭਾਗ ਤੋਂ ਪ੍ਰਦੂਸ਼ਣ ਕੰਟਰੋਲ ਸਬੰਧੀ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭੱਠਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋਣੀ ਚਾਹੀਦੀ। ਉਨ੍ਹਾਂ ਭੱਠੇ 'ਤੇ ਕੰਮ ਕਰਦੇ ਮਜ਼ਦੂਰਾਂ ਦੇ ਨਾਲ ਸਹਿਜ ਅਤੇ ਨਰਮ ਵਿਵਹਾਰ ਕਰਨ ਸਬੰਧੀ ਹਦਾਇਤਾਂ ਵੀ ਜ਼ਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਭੱਠਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਵੀ ਜ਼ਰੂਰੀ ਲਗਵਾਏ ਜਾਣ। ਇਸ ਤੋਂ ਇਲਾਵਾ ਭੱਠੇ 'ਤੇ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਦੇ ਆਧਾਰ, ਰਾਸ਼ਨ ਕਾਰਡ, ਵੋਟਰ ਕਾਰਡ, ਮਗਨਰੇਗਾ ਕਾਰਡ ਤੋਂ ਇਲਾਵਾ ਬੀਮਾ ਸਹੂਲਤ ਮੁਹੱਈਆ ਕਰਵਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ।


                       ਉਨ੍ਹਾਂ ਕਿਹਾ ਕਿ ਭੱਠਾ ਮਾਲਕ ਆਪਣੇ ਭੱਠਿਆਂ ਦੇ ਬਾਹਰ ਤਿੰਨੋਂ ਭਾਸ਼ਾਵਾਂ ਵਿੱਚ ਵਿਸ਼ੇਸ਼ ਬੋਰਡ ਲਗਾ ਕੇ ਡਿਪਟੀ ਕਮਿਸ਼ਨਰ ਦਫ਼ਤਰ ਸਮੇਤ ਸਬੰਧਤ ਐਸ.ਡੀ.ਐਮ., ਤਹਿਸੀਲ, ਡੀ.ਐਸ.ਪੀ., ਐਸ.ਐਚ.ਓ. ਅਤੇ ਲੇਬਰ ਵਿਭਾਗ ਦੇ ਫੋਨ ਨੰਬਰ ਲਿਖਣੇ ਲਾਜ਼ਮੀ ਬਣਾਏ ਜਾਣ, ਤਾਂ ਜੋ ਜ਼ਰੂਰਤ ਪੈਣ 'ਤੇ ਫੌਰੀ ਤੌਰ 'ਤੇ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਭੱਠਿਆਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਊਣਤਾਈਆਂ ਸਾਹਮਣੇ ਆਉਣ 'ਤੇ ਸਖਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਆਈ.ਪੀ.ਐਸ. (ਅੰਡਰ ਟਰੇਨਿੰਗ) ਸ੍ਰੀ ਅੰਕੁਰ ਗੁਪਤਾ, ਡੀ.ਐਸ.ਪੀ. ਸ੍ਰੀ ਸੁਖਵਿੰਦਰ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਵਰਮਾ, ਨਾਇਬ ਤਹਿਸੀਲਦਾਰ ਸ੍ਰੀ ਜਸਕਰਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹੇ ਨਾਲ ਸਬੰਧਤ ਭੱਠਾ ਮਾਲਕ ਮੌਜੂਦ ਸਨ।

ਸਮਰਪਣ ਲੋਕ ਚੇਤਨਾ ਜ਼ਰੀਏ 'ਸਮਰਪਣ' ਨਾਲ ਜੁੜ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ



  • ਹਲਕਾ ਵਿਧਾਇਕ ਅਰੁਣ ਡੋਗਰਾ ਬਣੇ 'ਸਮਰਪਣ' ਦੇ ਮੈਂਬਰ  

ਹੁਸ਼ਿਆਰਪੁਰ, 13 ਫਰਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਥੇ ਭਾਰੀ ਗਿਣਤੀ 'ਚ ਦਾਨੀ ਸੱਜਣ 'ਸਮਰਪਣ' ਦੇ ਮੈਂਬਰ ਬਣ ਰਹੇ ਹਨ, ਉਥੇ ਸਮਰਪਣ ਲੋਕ ਚੇਤਨਾ ਜ਼ਰੀਏ ਪਿੰਡਾਂ ਦੀਆਂ ਪੰਚਾਇਤਾਂ ਵੀ ਅੱਗੇ ਆ ਰਹੀਆਂ ਹਨ। ਜ਼ਿਲ੍ਹੇ ਦੇ ਸਿੱਖਿਆ
ਵਿਭਾਗ ਵਲੋਂ ਸਮਰਪਣ ਲੋਕ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਜ਼ਰੀਏ ਪਿੰਡਾਂ ਵਿੱਚ ਜਾ ਕੇ 'ਸਮਰਪਣ' ਲਈ ਸਮਰਪਿਤ ਅਧਿਆਪਕਾਂ ਵਲੋਂ 'ਸਮਰਪਣ' ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਖੁਰਦ ਦੇ ਲੈਕਚਰਾਰ ਸ੍ਰੀ ਵਿਜੇ ਭੱਟੀ ਵਲੋਂ ਸਕੂਲੀ ਸਮੇਂ ਤੋਂ ਬਾਅਦ ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਨਾਲ 'ਸਮਰਪਣ' ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੀ ਬਦੌਲਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ 'ਸਮਰਪਣ' ਦੇ ਮੈਂਬਰ ਬਣ ਰਹੇ ਹਨ। ਇਸ ਤੋਂ ਇਲਾਵਾ ਹਲਕਾ ਵਿਧਾਇਕ, ਐਨ.ਆਰ.ਆਈਜ਼, ਉਚ ਅਧਿਕਾਰੀ, ਪੱਤਰਕਾਰ ਭਾਈਚਾਰਾ, ਉਦਯੋਗਪਤੀਆਂ ਤੋਂ ਇਲਾਵਾ ਸਮਾਜ ਦਾ ਹਰੇਕ ਵਰਗ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨਾਲ ਜੁੜ ਰਿਹਾ ਹੈ।


                       'ਸਮਰਪਣ' ਦਾ ਮੈਂਬਰ ਬਣੇ ਹਲਕਾ ਵਿਧਾਇਕ ਦਸੂਹਾ ਸ੍ਰੀ ਅਰੁਣ ਡੋਗਰਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਦਾਨੀ ਸੱਜਣਾਂ ਨੂੰ 'ਸਮਰਪਣ' ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤਾ ਇਹ ਪ੍ਰੋਜੈਕਟ ਇਕ ਨਿਵੇਕਲੀ ਪਹਿਲ ਹੈ।

                       ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ 'ਸਮਰਪਣ' ਪ੍ਰੋਜੈਕਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਭਾਰੀ ਗਿਣਤੀ ਵਿੱਚ 'ਸਮਰਪਣ' ਨਾਲ ਦਾਨੀ ਸੱਜਣਾਂ ਦਾ ਜੁੜਨਾ ਇਸ
ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 12 ਹਜ਼ਾਰ ਤੋਂ ਵੱਧ ਦਾਨੀ-ਸੱਜਣ ਸਮਰਪਣ ਦੇ ਮੈਂਬਰ ਬਣ ਚੁੱਕੇ ਹਨ ਅਤੇ ਇਨ੍ਹਾਂ ਦੇ ਯੋਗਦਾਨ ਸਦਕਾ ਲੱਖਾਂ ਰੁਪਏ ਦਾ ਫੰਡ ਵੀ ਇਕੱਤਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਅਤੇ ਅਧਿਆਪਕਾਂ ਦੀ ਸਮਰਪਣ ਭਾਵਨਾ ਸਦਕਾ ਭਾਰੀ ਗਿਣਤੀ ਵਿੱਚ ਦਾਨੀ ਸੱਜਣ 'ਸਮਰਪਣ' ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਕੱਤਰ ਸਿੱਖਿਆ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।


            ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ।

ਬਿਨ੍ਹਾਂ ਲਾਇਸੰਸ ਡਰਾਈਵਰ ਰੱਖਣ ਵਾਲੀਆਂ ਸਿੱਖਿਆ ਸੰਸਥਾਵਾਂ ਦੀਆਂ ਬੱਸਾਂ ਨੂੰ ਕੀਤਾ ਜਾਵੇ ਜ਼ਬਤ : ਡਿਪਟੀ ਕਮਿਸ਼ਨਰ


  • ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਕੀਤੀਆਂ ਹਦਾਇਤਾਂ

ਹੁਸ਼ਿਆਰਪੁਰ, 12 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਬਿਨ੍ਹਾਂ ਲਾਇਸੰਸ ਤੋਂ ਡਰਾਈਵਰ ਰੱਖਣ ਵਾਲੀਆਂ ਸਿੱਖਿਆ ਸੰਸਥਾਵਾਂ ਦੀਆਂ ਬੱਸਾਂ ਨੂੰ ਜ਼ਬਤ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਲਾਇਸੰਸ ਬੱਸ ਅਤੇ ਹੋਰ ਵਾਹਨ ਚਲਾਉਣਾ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ। ਜੋ ਚਾਰ ਪਹੀਆ ਵਾਹਨ ਚਾਲਕ ਬਿਨ੍ਹਾਂ ਲਾਇਸੰਸ ਦੇ ਬੱਸ ਚਲਾਉਂਦੇ ਹਨ, ਉਨ੍ਹਾਂ ਦਾ ਮਹਿਜ਼  ਚਲਾਨ ਕਰਕੇ ਖਾਨਾ ਪੂਰਤੀ ਨਾ ਕੀਤੀ ਜਾਵੇ, ਬਲਕਿ ਸਖਤੀ ਨਾਲ ਕਦਮ ਚੁੱਕਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਦੇ ਮਾਲਕ ਬਿਨ੍ਹਾਂ ਲਾਇਸੰਸ ਦੇ ਬੱਸ ਚਾਲਕਾਂ ਨੂੰ ਰੱਖਦੇ ਹਨ, ਉਨ੍ਹਾਂ ਦੇ ਖਿਲਾਫ਼ ਵੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

                       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਫ਼ ਸਕੂਲ ਵਾਹਨ ਸਕੀਮ ਤਹਿਤ ਸਕੂਲਾਂ ਵਿੱਚ ਸੇਫ਼ ਵਾਹਨ ਪਾਲਿਸੀ ਮੈਨੇਜਮੈਟ ਕਮੇਟੀ ਨੂੰ ਬਣਾਉਣਾ ਵੀ ਯਕੀਨੀ ਬਣਾਇਆ ਜਾਵੇ ਅਤੇ ਪੁਲਿਸ ਵਿਭਾਗ ਵਲੋਂ ਰੂਟੀਨ ਵਿੱਚ ਸਕੂਲਾਂ ਦੀ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਬੱਸ ਚਾਲਕ ਪਹਿਲਾਂ ਤੋਂ ਨਿਸ਼ਚਿਤ ਕੀਤੇ ਗਏ ਬੱਸ ਸਟਾਪ 'ਤੇ ਹੀ ਯਾਤਰੀਆਂ ਨੂੰ ਉਤਾਰਨ ਅਤੇ ਚੜ੍ਹਾਉਣ। ਉਨ੍ਹਾਂ
ਕਿਹਾ ਕਿ ਜਦੋਂ ਬੱਸ ਚਾਲਕ ਬੱਸ ਸਟਾਪ 'ਤੇ ਬੱਸਾਂ ਨਾ ਖੜ੍ਹੀਆਂ ਕਰਕੇ ਅਣਅਧਿਕਾਰਤ ਜਗ੍ਹਾ 'ਤੇ ਯਾਤਰੀਆਂ ਨੂੰ ਬੱਸਾਂ ਵਿੱਚ ਚੜ੍ਹਾਉਂਦੇ ਹਨ, ਤਾਂ ਟਰੈਫਿਕ ਦੀ ਗੰਭੀਰ ਸਮੱਸਿਆ ਪੈਦਾ ਹੋ ਜਾਂਦੀ ਹੈ। ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਅਤੇ ਸਬ-ਡਵੀਜ਼ਨ ਪੱਧਰ 'ਤੇ ਸੜਕਾਂ ਵਿਚਕਾਰ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਵਲੋਂ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਰੋਕਣ ਲਈ ਹਫ਼ਤੇ ਵਿੱਚ ਦੋ ਵਾਰ ਚੈਕਿੰਗ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਸਬੰਧਤ ਐਸ.ਡੀ.ਐਮਜ਼ ਅਤੇ ਪੁਲਿਸ ਵਿਭਾਗ ਮਿਲ ਕੇ ਆਪਣੇ-ਆਪਣੇ ਖੇਤਰਾਂ ਵਿੱਚ ਪੈਂਦੀਆਂ ਮਾਰਕੀਟ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਕੇ ਸੜਕਾਂ ਉਤੇ ਨਜਾਇਜ਼ ਕਬਜ਼ੇ ਨਾ ਕਰਨ ਸਬੰਧੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ 18 ਸਾਲ ਦੀ ਉਮਰ ਪੂਰੀ ਨਹੀ ਕਰਦੇ ਉਨ੍ਹਾਂ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਿਆ ਜਾਵੇ ਅਤੇ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ।


           ਇਸ ਦੌਰਾਨ ਜ਼ਿਲ੍ਹਾ ਟਰੈਫਿਕ ਪੁਲਿਸ ਅਤੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਸੀਟ ਬੈਲਟ, ਓਵਰ ਲੋਡ, ਹੈਲਮਟ, ਨਜਾਇਜ਼ ਪਾਰਕਿੰਗ, ਪ੍ਰੈਸ਼ਰ ਹਾਰਨ ਸਮੇਤ ਟਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ 3595 ਤੋਂ ਵੱਧ ਚਲਾਨ ਕੱਟ ਕੇ ਜ਼ੁਰਮਾਨੇ ਕੀਤੇ ਗਏ ਹਨ। ਜਦਕਿ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

                       ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ  ਧਾਲੀਵਾਲ, ਆਈ.ਪੀ.ਐਸ. (ਅੰਡਰ ਟਰੇਨਿੰਗ) ਸ੍ਰੀ ਅੰਕੁਰ ਗੁਪਤਾ, ਡੀ.ਐਸ.ਪੀ.(ਐਚ) ਸ੍ਰੀ ਜੰਗ ਬਹਾਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਪੀ.ਸੀ.ਐਸ. (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ, ਸਹਾਇਕ ਟਰਾਂਸਪੋਰਟ ਅਫ਼ਸਰ ਸ੍ਰੀ ਮਨਜੀਤ ਸਿੰਘ ਤੋਂ ਇਲਾਵਾ ਹੋਰ ਵੀ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)